ਕੁੰਭ ਮੇਲੇ 'ਚ ਵੀ ਮੰਦਰ-ਮਸਜਿਦ ਦਾ ਰੌਲਾ
ਭਗਵੀਆਂ ਤਾਕਤਾਂ ਮਸਜਿਦਾਂ ਉਪਰ ਕਬਜ਼ੇ ਲਈ ਹਿੰਦੂ ਭਾਈਚਾਰੇ ਨੂੰ ਭੜਕਾਉਣ ਲੱਗੀਆਂ
ਪ੍ਰਯਾਗਰਾਜ ਵਿੱਚ ਚੱਲ ਰਹੇ ਕੁੰਭ ਮੇਲੇ ਵਿਚ ਗਿਆਨਵਾਪੀ ਮਸਜਿਦ ਨੂੰ ਮੰਦਰ ਵਜੋਂ ਦਰਸਾਉਦੇ ਮਾਡਲ ਦੀ ਨੁਮਾਇਸ਼ ਵੀ ਲਾਈ ਗਈ ਹੈ। ਇਸ ਤਰ੍ਹਾਂ ਹਿੰਦੂਤਵੀ ਤਾਕਤਾਂ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਕੁੰਭ ਮੇਲੇ ਨੂੰ ਵੀ ਵਰਤ ਰਹੀਆਂ ਹਨ। ਗਿਆਨਵਾਪੀ, ਜਿਸ ਦੀ ਵਾਰਾਨਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਨਾਲ ਕੰਧ ਸਾਂਝੀ ਹੈ, ਦਰਜਨਾਂ ਇਸਲਾਮੀ ਢਾਂਚਿਆਂ ਵਿੱਚ ਸ਼ੁਮਾਰ ਹੈ, ਜਿਨ੍ਹਾਂ ਬਾਰੇ ਅਦਾਲਤਾਂ ਵਿਚ ਇਸ ਦਾਅਵੇ ਨਾਲ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ ਕਿ ਇਹ ਮੰਦਰ ਢਾਹ ਕੇ ਉਸਾਰੇ ਗਏ। ਵਾਰਾਨਸੀ ਦੇ ਸੁਮੇਰੂ ਮੱਠ ਦੇ ਮਹੰਤ ਸਵਾਮੀ ਨਰਿੰਦਰਾਨੰਦ ਸਰਸਵਸਤੀ ਨੇ ਬੀਤੇ ਦਿਨੀਂ ਨੁਮਾਇਸ਼ ਦਾ ਉਦਘਾਟਨ ਕੀਤਾ, ਜਿਸ ਵਿਚ ਗਿਆਨਵਾਪੀ ਦਾ ਮਾਡਲ ਦਿਖਾਇਆ ਗਿਆ ਹੈ, ਜਿਸ ਦਾ ਉੱਪਰਲਾ ਅੱਧ ਮੰਦਰ ਵਜੋਂ ਡਿਜ਼ਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨੁਮਾਇਸ਼ ਵਿੱਚ 120 ਤਸਵੀਰਾਂ ਵੀ ਪ੍ਰਦਰਸ਼ਤ ਕੀਤੀਆਂ ਗਈਆਂ ਹਨ, ਜਿਹੜੀਆਂ ਮਸਜਿਦ ਦੇ ਹਿੱਸੇ ਵਿਚ ਹਿੰਦੂ ਪ੍ਰਤੀਕਾਂ ਨੂੰ ਦਰਸਾਉਦੀਆਂ ਹਨ।

ਸਥਾਨਕ ਅਦਾਲਤ ਦੇ ਹੁਕਮ ’ਤੇ 2023 ਵਿੱਚ ਗਿਆਨਵਾਪੀ ਦਾ ਸਰਵੇ ਕੀਤਾ ਗਿਆ ਸੀ ਤੇ ਉਸ ਦੀ ਰਿਪੋਰਟ ਅਦਾਲਤ ਨੂੰ ਸੀਲਬੰਦ ਲਿਫਾਫੇ ਵਿਚ ਪੇਸ਼ ਕੀਤੀ ਗਈ ਸੀ, ਫਿਰ ਵੀ ਸਰਵੇਖਣ ਦੌਰਾਨ ਲਈਆਂ ਤਸਵੀਰਾਂ ਜੱਗ-ਜ਼ਾਹਰ ਹੋ ਗਈਆਂ ਹਨ। ਨੁਮਾਇਸ਼ ਦੇ ਜਥੇਬੰਦਕਾਂ ਦਾ ਕਹਿਣਾ ਹੈ ਕਿ ਇਹ ਤਸਵੀਰਾਂ ਉਤਸ਼ਾਹੀ ਫੋਟੋਗ੍ਰਾਫਰਾਂ ਨੇ ਲਈਆਂ ਸਨ ਤੇ ਇਹ ਅਦਾਲਤੀ ਕਾਰਵਾਈ ਦਾ ਹਿੱਸਾ ਨਹੀਂ ਹਨ। ਮਹੰਤ ਨੇ ਨੁਮਾਇਸ਼ ਦੇ ਉਦਘਾਟਨ ਵੇਲੇ ਕਿਹਾ ਸੀ ਕਿ ਉਹ ਗਿਆਨਵਾਪੀ ਨੂੰ ਸੰਵਿਧਾਨਕ ਢੰਗ-ਤਰੀਕੇ ਨਾਲ ਮੁਕਤ ਕਰਾਉਣਾ ਚਾਹੁੰਦੇ ਹਨ ਤੇ ਸਾਰੇ ਸਨਾਤਨੀ ਲੋਕਾਂ ਨੂੰ ਇਸ ਮਿਸ਼ਨ ਦੀ ਪ੍ਰਾਪਤੀ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਨੁਮਾਇਸ਼ ਵਾਰਾਨਸੀ ਦੀ ਜਥੇਬੰਦੀ ਸ੍ਰੀ ਆਦਿ ਮਹਾਂਦੇਵ ਕਾਸ਼ੀ ਧਰਮਾਲਿਆ ਮੁਕਤੀ ਨਿਆਸ ਨੇ ਲਾਈ ਹੈ, ਜਿਹੜੀ ਗੈਰ-ਹਿੰਦੂਆਂ ਦੇ ਕਥਿਤ ਕਬਜ਼ੇ ਵਾਲੇ ਸਾਰੇ ਮੰਦਰ ਮੁਕਤ ਕਰਾਉਣ ਲਈ ਪ੍ਰਣਾਈ ਹੋਈ ਹੈ।
ਗਿਆਨਵਾਪੀ ਕੇਸ ਦੀ ਸੁਣਵਾਈ ਹੇਠਲੀ ਅਦਾਲਤ ਦੇ ਨਾਲ-ਨਾਲ ਅਲਾਹਾਬਾਦ ਹਾਈ ਕੋਰਟ ਵਿੱਚ ਵੀ ਚੱਲ ਰਹੀ ਹੈ। ਹਿੰਦੂ ਪਟੀਸ਼ਨਰਾਂ ਦਾ ਦਾਅਵਾ ਹੈ ਕਿ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਅਸਲੀ ਕਾਸ਼ੀ ਵਿਸ਼ਵਨਾਥ ਮੰਦਰ ਦਾ ਇੱਕ ਹਿੱਸਾ ਢਾਹ ਕੇ ਉੱਥੇ ਗਿਆਨਵਾਪੀ ਮਸਜਿਦ ਬਣਵਾਈ ਸੀ। 2023 ਦੇ ਸਰਵੇ ਦੇ ਬਾਅਦ ਵਾਰਾਨਸੀ ਦੀ ਅਦਾਲਤ ਨੇ ਪਿਛਲੇ ਸਾਲ ਮਸਜਿਦ ਦੀ ਬੇਸਮੈਂਟ ਹਿੰਦੂਆਂ ਨੂੰ ਮੂਰਤੀਆਂ ਦੀ ਪੂਜਾ ਕਰਨ ਲਈ ਦੇ ਦਿੱਤੀ ਸੀ, ਜਿਹੜੀ ਕਿ ਕਥਿਤ ਤੌਰ ’ਤੇ ਕਈ ਵਰ੍ਹਿਆਂ ਤੋਂ ਤਾਲਾਬੰਦ ਸੀ। ਮੁਸਲਮ ਅਜੇ ਵੀ ਗਰਾਊਂਡ ਫਲੋਰ ’ਤੇ ਨਮਾਜ਼ ਪੜ੍ਹਦੇ ਹਨ। ਮਸਜਿਦ ਕਮੇਟੀ ਨੇ ਵਾਰਾਨਸੀ ਅਦਾਲਤ ਦੇ ਫੈਸਲੇ ਖਿਲਾਫ ਇਸ ਦਲੀਲ ਨਾਲ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਈ ਹੋਈ ਹੈ ਕਿ ਸੰਸਦ 1991 ਵਿਚ ਕਾਨੂੰਨ ਪਾਸ ਕਰ ਚੁੱਕੀ ਹੈ ਕਿ ਰਾਮ ਜਨਮ ਭੂਮੀ-ਬਾਬਰੀ ਮਸਜਿਦ ਨੂੰ ਛੱਡ ਕੇ ਕਿਸੇ ਧਾਰਮਿਕ ਢਾਂਚੇ ਨੂੰ ਕਿਸੇ ਹੋਰ ਧਰਮ ਦੇ ਢਾਂਚੇ ਵਿੱਚ ਨਹੀਂ ਬਦਲਿਆ ਜਾ ਸਕਦਾ। ਸੁਪਰੀਮ ਕੋਰਟ ਇਸ ਵੇਲੇ 1991 ਦੇ ਪੂਜਾ ਸਥਲ (ਵਿਸ਼ੇਸ਼ ਵਿਵਸਥਾ) ਕਾਨੂੰਨ ਦੀ ਸੰਵਿਧਾਨਕ ਹੋਂਦ ਨੂੰ ਚੈਲਿੰਜ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਹੈ। ਹਿੰਦੂਤਵੀ ਤਾਕਤਾਂ ਇਸ ਕਾਨੂੰਨ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਰਾਮ ਜਨਮ ਭੂਮੀ ਨੂੰ ਛੱਡ ਕੇ 1947 ਤੋਂ ਪਹਿਲਾਂ ਉਸਰੇ ਧਾਰਮਕ ਢਾਂਚੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਹੋ ਸਕਦੀ। ਇਹ ਭਗਵੀਆਂ ਤਾਕਤਾਂ ਆਏ ਦਿਨ ਮਸਜਿਦਾਂ ਹੇਠੋਂ ਮੰਦਰ ਲੱਭ ਰਹੀਆਂ ਹਨ ਤੇ ਇਨ੍ਹਾਂ ’ਤੇ ਕਬਜ਼ੇ ਲਈ ਹਿੰਦੂਆਂ ਦੇ ਜਜ਼ਬਾਤ ਭੜਕਾ ਰਹੀਆਂ ਹਨ। ਕੁੰਭ, ਜਿੱਥੇ ਕਰੋੜਾਂ ਲੋਕ ਇਸ਼ਨਾਨ ਕਰਨ ਪੁੱਜ ਰਹੇ ਹਨ, ਦੀ ਨੁਮਾਇਸ਼ ਵੀ ਇਸੇ ਵੱਡੇ ਹਿੰਦੂਤਵੀ ਏਜੰਡੇ ਦਾ ਹਿੱਸਾ ਹੈ।












Comments (0)