ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਾਹੌਰ ਦੇ ਸ਼ਾਹੀ ਕਿਲ੍ਹੇ  ਨੂੰ ਦੇਖਿਆ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲਾਹੌਰ ਦੇ ਸ਼ਾਹੀ ਕਿਲ੍ਹੇ  ਨੂੰ ਦੇਖਿਆ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ : ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੀ ਯਾਤਰਾ ਲਈ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ 9 ਮੈਂਬਰੀ ਜਥੇ ਨਾਲ ਲਾਹੌਰ ਪੁੱਜੇ। ਇਸ ਮੌਕੇ ਜਥੇਦਾਰ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਪੁੱਜੇ, ਜਿੱਥੇ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਮੀਰ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਸਾਬਕਾ ਪ੍ਰਧਾਨ ਸਤਵੰਤ ਸਿੰਘ, ਗੁਰਦੁਆਰੇ ਦੇ ਕੇਅਰਟੇਕਰ ਜਨਾਬ ਅਜ਼ਹਰ ਅੱਬਾਸ ਨੇ ਸਵਾਗਤ ਕੀਤਾ।ਇਸ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਅਤੇ ਪਰਿਵਾਰ ਸਮੇਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਸਥਿਤ ਵੱਡੀ ਨਿਸ਼ਾਨੀ ਸ਼ਾਹੀ ਕਿਲ੍ਹਾ ਨੂੰ ਦੇਖਿਆ ਤੇ ਸ਼ਾਹੀ ਕਿਲ੍ਹੇ ਵਿਚ ਪਈਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਪੁਰਾਤਨ ਇਤਿਹਾਸਕ ਨਿਸ਼ਾਨੀਆਂ ਨੂੰ ਬਰੀਕੀ ਨਾਲ ਦੇਖਿਆ। ਇਸ ਪਿੱਛੋਂ ਉਨ੍ਹਾਂ ਨੇ ਸਾਥੀਆਂ ਸਮੇਤ ਪਾਕਿਸਤਾਨ ਯਾਤਰਾ ਦੇ ਆਖ਼ਰੀ ਦਿਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਚੂਨਾ ਮੰਡੀ ਲਾਹੌਰ, ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਲਾਹੌਰ, ਗੁਰਦੁਆਰਾ ਛੇਵੀਂ ਪਾਤਸ਼ਾਹੀ ਮੁਜੰਗ ਰੋਡ ਲਾਹੌਰ ਸਮੇਤ ਹੋਰ ਨੇੜਲੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕੀਤੇ।ਇਸ ਮੌਕੇ ਜਥੇਦਾਰ ਨੇ ਲਾਹੌਰ ਸਥਿਤ ਸਿੱਖ ਧਰਮ ਨਾਲ ਸਬੰਧਤ ਲਾਇਬ੍ਰੇਰੀਆਂ ਅਤੇ ਯੂਨੀਵਰਸਿਟੀ, ਕਾਲਜਾਂ ਵਿਚ ਜਾ ਕੇ ਉੱਥੋਂ ਦੇ ਪ੍ਰਬੰਧਕਾਂ ਮੁਖੀਆਂ ਨਾਲ ਵਿਚਾਰ ਸਾਂਝੇ ਕੀਤੇ ਤੇ ਉਨ੍ਹਾਂ ਕੋਲੋਂ ਸਿੱਖ ਇਤਿਹਾਸ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ।