ਅਮਰੀਕਾ ਦੇ ਕੈਨਸਾਸ ਰਾਜ ਵਿਚ ਇਕ ਸਥਾਨਕ ਅਖ਼ਬਾਰ ਦੇ ਦਫਤਰ ਵਿਚ ਪੁਲਿਸ ਨੇ ਮਾਰਿਆ ਛਾਪਾ

ਅਮਰੀਕਾ ਦੇ ਕੈਨਸਾਸ ਰਾਜ ਵਿਚ ਇਕ ਸਥਾਨਕ ਅਖ਼ਬਾਰ ਦੇ ਦਫਤਰ ਵਿਚ ਪੁਲਿਸ ਨੇ ਮਾਰਿਆ ਛਾਪਾ
ਕੈਪਸ਼ਨ 'ਮੈਰੀਆਨ ਕਾਊਂਟੀ ਰਿਕਾਰਡ' ਦੇ ਮਾਲਕ ਤੇ ਪ੍ਰਕਾਸ਼ਕ ਏਰਿਕ ਮੇਅਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਪੁਲਿਸ ਵੱਲੋਂ ਕੇਂਦਰੀ ਕੈਨਸਾਸ ਵਿਚ ਇਕ ਸਥਾਨਕ ਅਖ਼ਬਾਰ ਦੇ ਦਫਤਰ ਵਿਚ ਛਾਪਾ ਮਾਰਨ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਖ਼ਬਾਰੀ ਅਦਾਰੇ ਦੇ ਕੰਪਿਊਟਰ ਤੇ ਮੁਲਾਜ਼ਮਾਂ ਦੇ ਨਿੱਜੀ ਸੈਲਫੋਨ ਜ਼ਬਤ ਕਰ ਲਏ ਗਏ ਹਨ। 'ਮੈਰੀਆਨ ਕਾਊਂਟੀ ਰਿਕਾਰਡ' ਦੇ ਮਾਲਕ ਤੇ ਪ੍ਰਕਾਸ਼ਕ ਏਰਿਕ ਮੇਅਰ ਨੇ ਕਿਹਾ ਹੈ ਕਿ ਪੁਲਿਸ ਤੇ ਦੋ ਸ਼ੈਰਿਫ ਡਿਪਟੀ ਉਨਾਂ ਕੋਲ ਮੌਜੂਦ ਹਰ ਚੀਜ ਲੈ ਗਏ ਹਨ। ਮੇਅਰ ਜਿਸ ਨੇ 20 ਸਾਲ ਮਿਲਵਾਊਕੀ ਰਸਾਲੇ ਵਿਚ ਕੰਮ ਕੀਤਾ ਹੈ ਤੇ ਯੁਨੀਵਰਸਿਟੀ ਆਫ ਇਲੀਨੋਇਸ ਵਿਚ ਪੱਤਰਕਾਰੀ ਬਾਰੇ ਪੜਾਇਆ ਹੈ ਨੇ ਕਿਹਾ ਕਿ ਉਸ ਨੇ ਅੱਜ ਤੱਕ ਪੁਲਿਸ ਦੁਆਰਾ ਅਖਬਾਰੀ ਅਦਾਰੇ 'ਤੇ ਛਾਪਾ ਮਾਰਨ ਬਾਰੇ ਨਹੀਂ ਸੁਣਿਆ। ਪੁਲਿਸ ਦੀ ਇਸ ਕਾਰਵਾਈ ਨੂੰ ਮੀਡੀਆ ਹਲਕਿਆਂ ਨੇ ਸੰਘੀ ਨਿਯਮਾਂ ਦੀ  ਉਲੰਘਣਾ ਕਰਾਰ ਦਿੱਤਾ ਹੈ। ਨਿਊਜ਼ ਸਾਈਟ ਕੈਨਸਾਸ ਰਿਫਲੈਕਟਰ ਵੱਲੋਂ ਪੋਸਟ ਕੀਤੇ ਸਰਚ ਵਾਰੰਟਾਂ ਉਪਰ ਮੈਰੀਆਨ ਕਾਊਂਟੀ ਡਿਸਟ੍ਰਿਕਟ ਕੋਰਟ  ਜੱਜ ਲੌਰਾ ਵਿਆਰ ਦੇ ਦਸਤਖਤ ਹਨ। ਕੰਸਾਸ ਰਿਫਲੈਕਟਰ ਅਨੁਸਾਰ ਲੱਗਦਾ ਹੈ ਕਿ ਜੱਜ ਨੇ ਸੰਘੀ ਨਿਯਮਾਂ ਦੀ ਉਲੰਘਣਾ ਕੀਤੀ ਹੈ ਜੋ ਨਿਯਮ ਤਲਾਸ਼ੀ ਤੇ ਸਮਗਰੀ ਜ਼ਬਤ ਕਰਨ ਦੇ ਮਾਮਲੇ ਵਿਚ ਪੱਤਰਕਾਰਾਂ ਦੀ ਰਾਖੀ ਕਰਦੇ ਹਨ।