ਕਿਸਾਨਾਂ ਦੀ ਸ਼ੁੱਧ ਆਮਦਨ ਵਧਾਉਣ ਲਈ ਨਵੀਂ ਤਕਨੀਕ ਦੀ ਲੋੜੀਂਦਾ

ਕਿਸਾਨਾਂ ਦੀ ਸ਼ੁੱਧ ਆਮਦਨ ਵਧਾਉਣ ਲਈ ਨਵੀਂ ਤਕਨੀਕ ਦੀ ਲੋੜੀਂਦਾ

ਭਾਰਤ ਦੀ ਜੀ.ਡੀ.ਪੀ. ਵਿਕਾਸ ਦਰ ਸਾਲ 2023 24 ਦੌਰਾਨ 7.3 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਹੈ। ਇਹ ਵਿਕਾਸ ਦਰ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਉੱਚੀ ਤਸੱਵਰ ਕੀਤੀ ਜਾ ਰਹੀ ਹੈ।

ਸੂਚਕ ਅੰਕ (ਸੈਂਸੈਕਸ) ਵੀ ਇਸ ਵੇਲੇ ਬੜਾ ਸਿਖ਼ਰ 'ਤੇ ਹੈ, ਜੋ ਪਹਿਲੀ ਵਾਰ 72000 ਨੂੰ ਪਾਰ ਕਰ ਗਿਆ ਹੈ। ਵਿਦੇਸ਼ੀ ਮੁਦਰਾ ਦਾ ਜ਼ਖੀਰਾ ਪਿਛਲੇ ਮਹੀਨੇ 620 ਬਿਲੀਅਨ ਡਾਲਰ 'ਤੇ ਸੀ। ਇਸ ਦੇ ਬਾਵਜੂਦ ਅਤਿ ਗ਼ਰੀਬਾਂ ਦੀ ਗਿਣਤੀ 16 ਕਰੋੜ ਹੈ। ਗ਼ਰੀਬੀ ਬੜੀ ਹੌਲੀ-ਹੌਲੀ ਘਟ ਰਹੀ ਹੈ। ਇਸ ਦੇ ਘਟਣ ਦੀ ਦਰ ਸਾਲ 2023 24 'ਚ 0.3 ਪ੍ਰਤੀਸ਼ਤ ਸਾਲਾਨਾ ਰਹੀ। ਕਿਸਾਨਾਂ ਦੀ ਸ਼ੁੱਧ ਆਮਦਨ ਵਿਚ ਵੀ ਕੋਈ ਵਿਸ਼ੇਸ਼ ਵਾਧਾ ਨਹੀਂ ਹੋ ਰਿਹਾ, ਜਦੋਂ ਕਿ ਉਤਪਾਦਕਤਾ ਤੇ ਉਤਪਾਦਨ ਵਧ ਰਹੇ ਹਨ। ਖੇਤੀ ਦੀ ਵਿਕਾਸ ਦਰ 3.7 ਪ੍ਰਤੀਸ਼ਤ ਹੈ। ਡਾ. ਮਨਮੋਹਨ ਸਿੰਘ ਦੀ ਯੂ.ਪੀ.ਏ. ਸਰਕਾਰ ਦੇ ਸਮੇਂ ਇਹ 3.5 ਪ੍ਰਤੀਸ਼ਤ ਸੀ। ਖੇਤੀ ਦਾ ਵਿਕਾਸ ਆਮ ਲੋਕਾਂ ਦੀ ਖੁਸ਼ਹਾਲੀ ਲਈ ਬੜਾ ਮਹੱਤਵਪੂਰਨ ਹੈ। ਭਾਰਤ ਦੀ 45 ਪ੍ਰਤੀਸ਼ਤ ਵਸੋਂ ਖੇਤੀਬਾੜੀ ਦੇ ਧੰਦੇ 'ਚ ਲੱਗੀ ਹੋਈ ਹੈ, ਜਦੋਂ ਕਿ ਪੰਜਾਬ 'ਚ 55-60 ਪ੍ਰਤੀਸ਼ਤ ਦੇ ਕਰੀਬ ਲੋਕ ਖੇਤੀ 'ਚ ਲੱਗੇ ਹੋਏ ਹਨ। ਖੇਤੀ ਦੀ ਸ਼ੁੱਧ ਅਮਾਦਨੀ ਪਿਛਲੇ 10 ਸਾਲਾਂ 'ਚ ਕੇਵਲ 1.3 ਪ੍ਰਤੀਸ਼ਤ ਦੀ ਦਰ ਨਾਲ ਵਧੀ ਹੈ। ਭਾਰਤ ਖੇਤੀ ਪ੍ਰਧਾਨ ਮੁਲਕ ਹੈ ਅਤੇ ਪੰਜਾਬ ਖੇਤੀ ਆਧਾਰਿਤ ਸੂਬਾ ਹੈ। ਪੇਂਡੂ ਆਰਥਿਕਤਾ ਦੇ ਵਿਕਾਸ ਲਈ ਹੰਢਣਸਾਰ ਖੇਤੀ ਦਾ ਵਿਕਾਸ ਜ਼ਰੂਰੀ ਹੈ। ਇਸ ਨਾਲ ਹੀ ਕਿਸਾਨਾਂ ਦੀ ਸ਼ੁੱਧ ਆਮਦਨ ਵਧ ਸਕਦੀ ਹੈ। ਇਸ ਵੇਲੇ ਭਾਵੇਂ ਅਨਾਜ ਦੀ ਪੈਦਾਵਾਰ ਸਿਖ਼ਰ 'ਤੇ ਹੈ ਪ੍ਰੰਤੂ ਕਿਸਾਨਾਂ ਦੀ ਆਮਦਨ 'ਚ ਵਾਧਾ ਨਹੀਂ ਹੋ ਰਿਹਾ। ਖੇਤੀ ਜਿਣਸਾਂ ਦੀ ਐਮ.ਐਸ.ਪੀ. ਡਾ. ਸਵਾਮੀਨਾਥਨ ਕਮਿਸ਼ਨ ਵਲੋਂ ਕੀਤੀਆਂ ਗਈਆਂ ਸਿਫਾਰਸ਼ਾਂ ਅਨੁਸਾਰ ਨਹੀਂ ਵਧੀ। ਸਰਕਾਰ ਦੀ ਨੀਤੀ ਖਪਤਕਾਰ ਪੱਖੀ ਹੈ, ਜਦੋਂ ਕਿ ਹੁਣ ਮਹਿੰਗਾਈ 'ਤੇ ਵੀ ਕੁਝ ਨਕੇਲ ਪਾ ਲਈ ਗਈ ਜਾਪਦੀ ਹੈ। ਖੇਤਾਂ ਦੇ ਆਕਾਰ ਦਾ ਘਟਣਾ, ਛੋਟੇ ਤੇ ਕੰਢੀ ਦੇ ਕਿਸਾਨਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋਣਾ, ਕੁਦਰਤੀ ਸੋਮਿਆਂ ਦਾ ਘਟਣਾ ਅਤੇ ਵਾਤਾਵਰਨ ਤਬਦੀਲੀ ਵੀ ਕਿਸਾਨਾਂ ਦੀ ਸ਼ੁੱਧ ਆਮਦਨ ਨਾ ਵਧਣ ਲਈ ਜ਼ਿੰਮੇਵਾਰ ਹੈ। ਇਸ ਤੋਂ ਇਲਾਵਾ ਉਤਪਾਦਨ ਖਰਚਿਆਂ ਦਾ ਵਧਣਾ ਅਤੇ ਮੰਡੀ 'ਚ ਜਿਣਸਾਂ ਦੀਆਂ ਕੀਮਤਾਂ 'ਚ ਉਤਰਾਅ ਚੜ੍ਹਾਅ ਵੀ ਆਪਣਾ ਪ੍ਰਭਾਵ ਪਾਉਂਦੇ ਹਨ। ਜੋ ਅੱਜਕਲ੍ਹ, ਨੌਜਵਾਨਾਂ 'ਚ ਖੇਤੀ ਤੋਂ ਪਰ੍ਹੇ ਭੱਜਣ ਦੀ ਅਤੇ ਪੰਜਾਬ ਛੱਡ ਕੇ ਵਿਦੇਸ਼ ਜਾਣ ਦੀ ਰੁਚੀ ਵਧ ਰਹੀ ਹੈ, ਉਸ ਨਾਲ ਵੀ ਕਿਸਾਨਾਂ ਦੀ ਖੇਤੀ ਤੋਂ ਆਮਦਨ ਪ੍ਰਭਾਵਿਤ ਹੁੰਦੀ ਹੈ।

ਪੰਜਾਬੀ ਨੌਜਵਾਨਾਂ ਦੇ ਖੇਤੀ ਤੋਂ ਅਲਹਿਦਾ ਹੋਣ ਕਾਰਨ ਖੇਤੀ ਪ੍ਰਵਾਸੀ ਖੇਤ ਮਜ਼ਦੂਰਾਂ 'ਤੇ ਹੀ ਨਿਰਭਰ ਹੋ ਗਈ ਹੈ। ਖੇਤੀ ਖਰਚੇ ਜਿਨ੍ਹਾਂ 'ਚ ਬੀਜ, ਖਾਦ, ਕੀੜੇਮਾਰ ਦਵਾਈਆਂ, ਖੇਤ ਮਜ਼ਦੂਰਾਂ ਦੀ ਦਿਹਾੜੀ, ਮਸ਼ੀਨਰੀ ਤੇ ਸੰਦਾਂ ਦੇ ਖਰਚੇ ਸ਼ਾਮਿਲ ਹਨ, ਵਧ ਕੇ ਬਹੁਤ ਉੱਪਰ ਚਲੇ ਗਏ। ਖੇਤੀ ਸਮੱਗਰੀ ਦੀ ਸਹੀ ਤੌਰ 'ਤੇ ਵਰਤੋਂ ਨਹੀਂ ਹੋ ਰਹੀ। ਕਣਕ ਤੇ ਝੋਨਾ, ਜੋ ਪੰਜਾਬ ਦੀਆਂ ਮੁੱਖ ਹਾੜੀ ਤੇ ਸਾਉਣੀ ਦੀਆਂ ਫ਼ਸਲਾਂ ਹਨ, ਉਨ੍ਹਾਂ 'ਚ ਮਾਹਿਰਾਂ ਵਲੋਂ ਸਿਫਾਰਸ਼ ਕੀਤੀ ਗਈ ਮਿਕਦਾਰ ਤੋਂ ਵੱਧ ਕਿਸਾਨ ਕੀਮਿਆਈ ਖਾਦ ਆਦਿ ਸਮੱਗਰੀ ਪਾਈ ਜਾ ਰਹੇ ਹਨ। ਫ਼ਸਲੀ ਬਿਮਾਰੀਆਂ ਦੀ ਭਰਮਾਰ ਹੈ ਅਤੇ ਕਿਸਾਨ ਕੀਟਨਾਸ਼ਕਾਂ 'ਤੇ ਲੋੜ ਨਾਲੋਂ ਵੱਧ ਖਰਚਾ ਕਰੀ ਜਾ ਰਹੇ ਹਨ।

ਕਿਸਾਨਾਂ ਦੀ ਆਮਦਨ ਅਤੇ ਉਤਪਾਦਕਤਾ ਵਧਾਉਣ ਲਈ ਬੀਜ ਤਕਨਾਲੋਜੀ ਦੀ ਵਿਸ਼ੇਸ਼ ਮਹੱਤਤਾ ਹੈ। ਗੁਣਵੱਤਾ ਵਾਲੇ ਬੀਜ ਦਾ ਵਰਤਣਾ, ਫਿਰ ਉਸ ਨੂੰ ਸੋਧ ਕੇ ਵਰਤਣਾ ਬਹੁਤ ਜ਼ਰੂਰੀ ਹੈ। ਜੇ ਬੀਜ ਚੰਗਾ ਹੋਵੇਗਾ ਤਾਂ ਹੀ ਦੂਜੀ ਸਮੱਗਰੀ ਆਪਣਾ ਅਸਰ ਦਿਖਾਏਗੀ। ਮਾਹਿਰਾਂ ਅਨੁਸਾਰ ਗੁਣਵੱਤਾ ਵਾਲੇ ਬੀਜ 25 ਪ੍ਰਤੀਸ਼ਤ ਤੱਕ ਝਾੜ ਵਧਾਉਂਦੇ ਹਨ। ਇਸੇ ਤਰ੍ਹਾਂ ਜੇ ਸਮੇਂ ਸਿਰ ਬਿਜਾਈ ਕੀਤੀ ਜਾਵੇ ਤਾਂ ਝਾੜ ਵੱਧ ਨਿਕਲਦਾ ਹੈ। ਜੋ ਤਿੰਨ-ਫ਼ਸਲੀ ਚੱਕਰ ਕਿਸਾਨਾਂ ਵਲੋਂ ਅਪਣਾਇਆ ਜਾਣਾ ਸ਼ੁਰੂ ਹੋ ਗਿਆ, ਉਨ੍ਹਾਂ 'ਚ ਇਕ ਫ਼ਸਲ ਫਲੀਦਾਰ ਹੋਣੀ ਚਾਹੀਦੀ ਹੈ, ਜਿਸ ਨਾਲ ਨਾਈਟ੍ਰੋਜਨ ਦੀ ਲੋੜ ਘਟੇਗੀ ਅਤੇ ਖਰਚਿਆਂ 'ਚ ਬੱਚਤ ਹੋਵੇਗੀ। ਜ਼ੀਰੋ ਟਿਲੇਜ, ਘੱਟੋ-ਘੱਟ ਵਾਹੀ, ਵੱਟਾਂ 'ਤੇ ਬਿਜਾਈ, ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰ ਕਰਵਾਉਣਾ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਯੋਗ ਪ੍ਰਬੰਧਨ ਵੀ ਉਤਪਾਦਕਤਾ ਤੇ ਵੱਟਤ 'ਚ ਵਾਧਾ ਕਰਕੇ ਪਾਣੀ ਤੇ ਤੱਤਾਂ ਦੀ ਵਰਤੋਂ ਘਟਾਉਂਦੇ ਹਨ। ਇਸ ਨਾਲ ਫ਼ਸਲੀ ਵਿਭਿੰਨਤਾ ਵੀ ਆਉਂਦੀ ਹੈ। ਵਾਤਾਵਰਨ 'ਚ ਸ਼ੁੱਧਤਾ ਆਉਂਦੀ ਹੈ। ਖੇਤੀ ਸਮੱਗਰੀ ਦੀ ਵਰਤੋਂ 'ਚ ਸੰਤੁਲਨ ਲਿਆ ਕੇ ਵੀ ਖਰਚਾ ਘਟਾਇਆ ਜਾ ਸਕਦਾ ਹੈ ਅਤੇ ਉਤਪਾਦਕਤਾ ਵਧਾਈ ਜਾ ਸਕਦੀ ਹੈ। ਭੂਮੀ ਸਿਹਤ ਕਾਰਡ ਫ਼ਸਲਾਂ ਦੇ ਉਤਪਾਦਨ ਲਈ ਖਾਦ ਤੇ ਹੋਰ ਸਮੱਗਰੀ ਖੇਤੀ ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਵਰਤਣ 'ਚ ਮਦਦ ਕਰਦਾ ਹੈ। ਨੀਮ-ਕੋਟਿਡ ਯੂਰੀਆ ਵੀ ਝਾੜ ਵਧਾਉਣ ਅਤੇ ਬਿਮਾਰੀਆਂ ਦਾ ਹਮਲਾ ਘਟਾਉਣ 'ਚ ਸਹਾਈ ਹੁੰਦਾ ਹੈ। ਜ਼ਮੀਨ ਥੱਲੇ ਪਾਣੀ ਦਾ ਪੱਧਰ ਹਰ ਸਾਲ ਤੇਜ਼ੀ ਨਾਲ ਡਿਗ ਰਿਹਾ ਹੈ। ਪਾਣੀ ਬਚਾਉਣ ਦੀਆਂ ਸਕੀਮਾਂ ਜਿਵੇਂ ਤੁਪਕਾ ਸਿੰਚਾਈ ਤੇ ਛਿੜਕਾਅ ਨਾਲ ਸਿਚਾਈ ਆਦਿ ਵਿਧੀਆਂ ਵਰਤੋਂ ਵਿਚ ਲਿਆਂਦੀਆਂ ਜਾਣ। ਇਸ ਨਾਲ ਪਾਣੀ ਦੀ ਬੱਚਤ ਹੋਵੇਗੀ ਅਤੇ ਬਿਜਲੀ ਦੀ ਘੱਟ ਵਰਤੋਂ ਕਰਨੀ ਪਵੇਗੀ। ਭਾਰਤ ਸਰਕਾਰ ਦੀ 'ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ' ਨੂੰ ਅਮਲੀ ਜਾਮਾ ਪਹਿਨਾ ਕੇ ਘੱਟ ਪਾਣੀ ਵਰਤ ਕੇ ਵਧੇਰੇ ਉਤਪਾਦਨ ਲਿਆ ਜਾ ਸਕਦਾ ਹੈ।

ਜੈਵਿਕ ਖਾਦਾਂ ਦੀ ਵਰਤੋਂ ਵੀ ਖਰਚਿਆਂ ਨੂੰ ਘਟਾਉਣ 'ਚ ਸਹਾਈ ਹੋ ਸਕਦੀ ਹੈ। ਜੈਵਿਕ ਖਾਦ ਪਸ਼ੂਆਂ ਅਤੇ ਕੀੜਿਆਂ ਤੋਂ ਬਣਾਏ ਵਰਮੀ ਕੰਪੋਸਟ ਰਾਹੀਂ ਤਿਆਰ ਕੀਤੀ ਜਾਂਦੀ ਹੈ। ਖੇਤੀ ਉਦਯੋਗ ਦੇ ਬਾਈਪ੍ਰੋਡਕਟ ਜਿਵੇਂ ਫ਼ਲ, ਸਬਜ਼ੀਆਂ ਅਤੇ ਗਲੇ-ਸੜੇ ਪਦਾਰਥਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਫ਼ਸਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਕਰਕੇ ਵੀ ਜ਼ਮੀਨ ਦੀ ਉਤਪਾਦਨ ਸ਼ਕਤੀ ਵਧਾਈ ਜਾ ਸਕਦੀ ਹੈ। ਆਈ.ਪੀ.ਐਮ. (ਇੰਟੈਗ੍ਰੈਟੀਡ ਪੈੱਸਟ ਮੈਨੇਜਮੈਂਟ) ਵੀ ਕੀੜਿਆਂ ਮਕੌੜਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਕਾਰਗਰ ਹੋ ਸਕਦਾ ਹੈ। ਮਸ਼ੀਨੀਕਰਨ ਉਤਪਾਦਕਤਾ 'ਚ ਵਾਧਾ ਤਾਂ ਕਰਦਾ ਹੈ, ਪਰ ਪੰਜਾਬ 'ਚ ਮਸ਼ੀਨੀਕਰਨ ਸਿਖ਼ਰ 'ਤੇ ਹੋਣ ਕਰਕੇ ਕਿਸਾਨਾਂ ਦਾ ਇਸ 'ਤੇ ਲੋੜ ਨਾਲੋਂ ਵੱਧ ਖਰਚਾ ਹੋ ਰਿਹਾ ਹੈ। ਛੋਟੇ ਤੇ ਕੰਢੀ ਦੇ ਕਿਸਾਨਾਂ ਦੀ ਮਸ਼ੀਨਾਂ ਖਰੀਦਣ ਦੀ ਸ਼ਕਤੀ ਨਹੀਂ। ਵੱਧ ਤੋਂ ਵੱਧ ਕਿਸਾਨਾਂ ਨੂੰ 'ਕਸਟਮ-ਹਾਇਰ' ਕੇਂਦਰਾਂ ਤੋਂ ਮਸ਼ੀਨਾਂ ਕਿਰਾਏ 'ਤੇ ਲੈ ਕੇ ਕੰਮ ਚਲਾਉਣਾ ਚਾਹੀਦਾ ਹੈ। ਇਹ ਕੇਂਦਰ ਖੋਲ੍ਹਣ ਲਈ ਸਰਕਾਰ ਖੁੱਲ੍ਹੀ ਸਬਸਿਡੀ ਦੇ ਰਹੀ ਹੈ। ਪੜ੍ਹੇ-ਲਿਖੇ ਨੌਜਵਾਨ ਇਨ੍ਹਾਂ ਕੇਂਦਰਾਂ 'ਚ ਰੁਜ਼ਗ਼ਾਰ 'ਤੇ ਲੱਗ ਸਕਦੇ ਹਨ। ਬਿਜਲੀ ਦੀ ਖਪਤ ਘਟਾਉਣ ਲਈ ਸੋਲਰ ਊਰਜਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਮਦਨ ਵਧਾਉਣ ਲਈ ਫ਼ਸਲਾਂ ਦੇ ਨਾਲ ਸਹਾਇਕ ਧੰਦੇ ਜਿਵੇਂ ਪਸ਼ੂ ਪਾਲਣ, ਮੁਰਗੀ ਪਾਲਣ, ਬੱਕਰੀਆਂ ਜਾਂ ਭੇਡਾਂ ਪਾਲਣ ਆਦਿ ਸ਼ਾਮਿਲ ਕੀਤੇ ਜਾ ਸਕਦੇ ਹਨ। ਅਜਿਹਾ ਕਰਨ ਨਾਲ ਕਿਸਾਨਾਂ ਦੀ ਆਮਦਨ ਵਧੇਗੀ। ਖੇਤੀ ਨਾਲ ਸੰਬੰਧਿਤ ਕਿੱਤਿਆਂ ਤੋਂ ਬਾਈਪ੍ਰੋਡਕਟ ਮਿਲਦੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਖੇਤੀ ਖਰਚੇ ਘਟਣਗੇ ਅਤੇ ਆਮਦਨ ਵਧੇਗੀ। ਸਬਜ਼ੀਆਂ, ਫ਼ਲਾਂ ਤੇ ਬਾਗਬਾਨੀ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣਾ ਆਦਿ ਵੀ ਸਹਾਇਕ ਧੰਦੇ ਹਨ, ਜਿਨ੍ਹਾਂ ਨੂੰ ਕਿਸਾਨ ਆਮਦਨ ਵਧਾਉਣ ਲਈ ਅਪਣਾ ਸਕਦੇ ਹਨ।

 

ਭਗਵਾਨ ਦਾਸ