ਨੇਪਾਲ ਰਾਜਨੀਤਕ ਸੰਕਟ ਵਿਚ, ਹਿੰਸਕ ਪ੍ਰਦਰਸ਼ਨ ਕਾਰਣ ਸਥਿਤੀ ਬੇਕਾਬੂ

*ਸੰਸਦ ਤੇ ਰਾਸ਼ਟਰਪਤੀ ਭਵਨ ਸਾੜੇ, ਪ੍ਰਧਾਨ ਮੰਤਰੀ ਓਲੀ ਤੇ ਰਾਸ਼ਟਰਪਤੀ ਪੌਡੇਲ ਦਾ ਅਸਤੀਫ਼ਾ

*ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 350 ਤੋਂ ਵੱਧ ਜ਼ਖਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਾਠਮੰਡੂ: ਨੇਪਾਲ ਇਸ ਵੇਲੇ ਗੰਭੀਰ ਰਾਜਨੀਤਕ ਸੰਕਟ ਵਿਚ ਫਸਿਆ ਹੋਇਆ ਹੈ। ਦੇਸ਼ ਵਿਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਨੇ ਸਥਿਤੀ ਨੂੰ ਬੇਕਾਬੂ ਕਰ ਦਿੱਤਾ ਹੈ, ਜਿਸ ਕਾਰਨ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਤੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੂੰ ਅਸਤੀਫ਼ਾ ਦੇਣਾ ਪਿਆ। ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ, ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਸਮੇਤ ਕਈ ਵੱਡੇ ਨੇਤਾਵਾਂ ਦੇ ਘਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਹਿੰਸਕ ਘਟਨਾਵਾਂ ਵਿਚ ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 350 ਤੋਂ ਵੱਧ ਜ਼ਖਮੀ ਹੋਏ ਹਨ।

ਹਿੰਸਾ ਦੀ ਸ਼ੁਰੂਆਤ ਕਿਵੇਂ ਹੋਈ?

ਇਹ ਸਾਰਾ ਵਿਵਾਦ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਾਈ ਪਾਬੰਦੀ ਨਾਲ ਸ਼ੁਰੂ ਹੋਇਆ। ਸਰਕਾਰ ਨੇ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ, ਐਕਸ, ਯੂਟਿਊਬ ਸਮੇਤ 26 ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਾਈ ਸੀ, ਕਿਉਂਕਿ ਇਹ ਪਲੇਟਫਾਰਮ ਸਥਾਨਕ ਨਿਯਮਾਂ ਅਧੀਨ ਰਜਿਸਟਰਡ ਨਹੀਂ ਸਨ। ਇਸ ਫੈਸਲੇ ਨੇ ਮੁੱਖ ਤੌਰ 'ਤੇ ਨੌਜਵਾਨਾਂ, ਖਾਸ ਕਰਕੇ Gen-Z, ਵਿਚ ਭਾਰੀ ਰੋਸ ਪੈਦਾ ਕੀਤਾ। ਨੌਜਵਾਨਾਂ ਨੇ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਮਲਾ ਦੱਸਿਆ। ਪਰ ਇਹ ਪ੍ਰਦਰਸ਼ਨ ਸਿਰਫ ਸੋਸ਼ਲ ਮੀਡੀਆ ਪਾਬੰਦੀ ਤੱਕ ਸੀਮਤ ਨਹੀਂ ਰਹੇ। ਨੌਜਵਾਨ ਸਰਕਾਰ ਦੇ ਭ੍ਰਿਸ਼ਟਾਚਾਰ ਅਤੇ ਨੇਤਾਵਾਂ ਦੀ ਆਲੀਸ਼ਾਨ ਜੀਵਨ ਸ਼ੈਲੀ ਖਿਲਾਫ ਵੀ ਸੜਕਾਂ 'ਤੇ ਉਤਰ ਆਏ। ਵਿਸ਼ਵ ਬੈਂਕ ਅਨੁਸਾਰ, ਨੇਪਾਲ 'ਚ ਨੌਜਵਾਨਾਂ ਦੀ ਬੇਰੁਜ਼ਗਾਰੀ ਦੀ ਦਰ 20% ਹੈ, ਜਿਸ ਕਾਰਨ ਹਰ ਰੋਜ਼ 2000 ਤੋਂ ਵੱਧ ਨੌਜਵਾਨ ਵਿਦੇਸ਼ਾਂ ਵਿਚ ਕੰਮ ਦੀ ਭਾਲ 'ਵਿਚ ਦੇਸ਼ ਛੱਡ ਰਹੇ ਹਨ।

ਹਿੰਸਕ ਪ੍ਰਦਰਸ਼ਨਾਂ ਦਾ ਵਿਸਤਾਰ

ਬੀਤੇ ਸੋਮਵਾਰ ਨੂੰ ਕਾਠਮੰਡੂ ਦੇ ਮੈਤੀਘਰ ਖੇਤਰ 'ਚ ਸ਼ੁਰੂ ਹੋਏ ਪ੍ਰਦਰਸ਼ਨ ਬੀਤੇ ਮੰਗਲਵਾਰ ਨੂੰ ਪੂਰੇ ਦੇਸ਼ 'ਚ ਫੈਲ ਗਏ। ਪ੍ਰਦਰਸ਼ਨਕਾਰੀਆਂ ਨੇ 'ਸੋਸ਼ਲ ਮੀਡੀਆ ਨਹੀਂ, ਭ੍ਰਿਸ਼ਟਾਚਾਰ ਬੰਦ ਕਰੋ' ਅਤੇ 'ਭ੍ਰਿਸ਼ਟਾਚਾਰ ਵਿਰੁੱਧ ਨੌਜਵਾਨ' ਵਰਗੇ ਨਾਅਰੇ ਲਿਖੇ ਬੈਨਰ ਚੁੱਕੇ। ਜਦੋਂ ਪ੍ਰਦਰਸ਼ਨਕਾਰੀ ਸੰਸਦ ਭਵਨ ਦੇ ਨੇੜੇ ਪਾਬੰਦੀਸ਼ੁਦਾ ਖੇਤਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਲੱਗੇ, ਤਾਂ ਪੁਲਿਸ ਨੇ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਇਸ ਦੌਰਾਨ ਹਿੰਸਾ ਭੜਕ ਗਈ, ਜਿਸ 'ਚ 19 ਲੋਕ ਮਾਰੇ ਗਏ ਅਤੇ 50 ਤੋਂ ਵੱਧ ਜ਼ਖਮੀ ਹੋਏ। ਪ੍ਰਦਰਸ਼ਨਕਾਰੀਆਂ ਨੇ ਸੰਸਦ ਭਵਨ, ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਅਤੇ ਕਈ ਨੇਤਾਵਾਂ ਦੇ ਘਰਾਂ 'ਤੇ ਹਮਲੇ ਕੀਤੇ। ਸਾਬਕਾ ਪ੍ਰਧਾਨ ਮੰਤਰੀ ਝਲਾਨਾਥ ਖਨਾਲ ਦੀ ਪਤਨੀ ਰਾਜਲਕਸ਼ਮੀ ਦੀ ਅੱਗ 'ਚ ਸੜ ਕੇ ਮੌਤ ਹੋ ਗਈ, ਜਦਕਿ ਵਿੱਤ ਮੰਤਰੀ ਵਿਸ਼ਨੂੰ ਪੌਡੇਲ ਨੂੰ ਪ੍ਰਦਰਸ਼ਨਕਾਰੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਸਾਬਕਾ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ 'ਤੇ ਵੀ ਹਮਲਾ ਹੋਇਆ।

ਸਰਕਾਰ ਦਾ ਪਤਨ

ਹਿੰਸਕ ਪ੍ਰਦਰਸ਼ਨਾਂ ਦੇ ਦਬਾਅ ਹੇਠ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ  ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਲਿਖੇ ਪੱਤਰ 'ਚ ਕਿਹਾ ਕਿ ਸਥਿਤੀ ਨੂੰ ਸੰਭਾਲਣ ਲਈ ਉਹ ਅਸਤੀਫ਼ਾ ਦੇ ਰਹੇ ਹਨ। ਇਸ ਤੋਂ ਬਾਅਦ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਵੀ ਅਸਤੀਫ਼ਾ ਦੇ ਦਿੱਤਾ, ਜਿਸ ਨਾਲ ਨੇਪਾਲ ਦੀ ਸਰਕਾਰ ਪੂਰੀ ਤਰ੍ਹਾਂ ਡਿੱਗ ਗਈ। ਕਈ ਮੰਤਰੀਆਂ, ਜਿਨ੍ਹਾਂ 'ਚ ਗ੍ਰਹਿ ਮੰਤਰੀ ਰਮੇਸ਼ ਲੇਖਕ, ਵਿਦੇਸ਼ ਮੰਤਰੀ ਆਰਜੂ ਰਾਣਾ ਦੇਉਬਾ, ਸਿਹਤ ਮੰਤਰੀ ਪ੍ਰਦੀਪ ਪੌਡੇਲ ਅਤੇ ਖੇਤੀਬਾੜੀ ਮੰਤਰੀ ਰਾਮਨਾਥ ਅਧਿਕਾਰੀ ਸ਼ਾਮਲ ਹਨ, ਨੇ ਵੀ ਅਸਤੀਫ਼ੇ ਦੇ ਦਿੱਤੇ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪਾਬੰਦੀ ਹਟਾਉਣ ਦਾ ਐਲਾਨ ਕੀਤਾ, ਪਰ ਪ੍ਰਦਰਸ਼ਨਕਾਰੀ ਸ਼ਾਂਤ ਨਹੀਂ ਹੋਏ।

ਹਾਲਾਤ ਅਤੇ ਸੁਰੱਖਿਆ ਬਲਾਂ ਦੀ ਅਪੀਲ

ਕਾਠਮੰਡੂ 'ਚ ਹਵਾਈ ਅੱਡਾ ਅੰਸ਼ਕ ਤੌਰ 'ਤੇ ਬੰਦ ਕਰ ਦਿੱਤਾ ਗਿਆ ਅਤੇ ਫੌਜ ਨੇ ਕੰਟਰੋਲ ਸੰਭਾਲ ਲਿਆ। ਸੁਰੱਖਿਆ ਬਲਾਂ ਨੂੰ ਪ੍ਰਦਰਸ਼ਨਕਾਰੀਆਂ ਨੂੰ ਰੋਕਣ 'ਚ ਨਾਕਾਮੀ ਮਿਲੀ। ਨੇਪਾਲੀ ਫੌਜ ਦੇ ਮੁਖੀ ਅਸ਼ੋਕ ਰਾਜ ਸਿਗਡੇਲ ਸਮੇਤ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਸਾਂਝੀ ਅਪੀਲ ਜਾਰੀ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਸੰਜਮ ਵਰਤਣ ਅਤੇ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ।