ਖੇਤੀ ਦੀ ਸਿੱਖਿਆ ਵਿਚ ਸੁਧਾਰ ਦੀ ਜ਼ਰੂਰਤ
ਕਦੇ-ਕਦੇ ਮੈਨੂੰ ਹੈਰਾਨੀ ਹੁੰਦੀ ਹੈ ।ਅਜਿਹਾ ਕਿਉਂ ਹੈ ਕਿ ਜਦੋਂ ਖੇਤੀ ਗਹਿਰੇ ਸੰਕਟ ਵਿਚ ਹੈ ਪਰ ਖੇਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪਾਠਕ੍ਰਮ ਵਿਚ ਗਹਿਰੇ ਖੇਤੀ ਸੰਕਟ ਦਾ ਕੋਈ ਵਰਨਣ ਹੀ ਨਹੀਂ ਹੈ ।
ਅਜਿਹਾ ਲਗਦਾ ਹੈ ਕਿ ਖੇਤੀ ਦੇ ਮੋਰਚੇ 'ਤੇ ਸਭ ਕੁਝ ਠੀਕ-ਠਾਕ ਹੈ ਅਤੇ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਮੁੱਖ ਭੂਮਿਕਾ ਉਨ੍ਹਾਂ ਤਕਨੀਕਾਂ ਅਤੇ ਖੇਤੀ ਉਪਕਰਨਾਂ ਦਾ ਪ੍ਰਯੋਗ ਕਰਨਾ ਹੈ, ਜਿਨ੍ਹਾਂ ਰਾਹੀਂ ਉਤਪਾਦਨ ਵਧਾਉਣ ਲਈ ਉਨ੍ਹਾਂ ਨੇ ਅਧਿਐਨ ਕੀਤਾ ਹੈ, ਤਾਂ ਕਿ ਖੁਰਾਕ ਅਤੇ ਸਿਹਤਮੰਦ ਭੋਜਨ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ ।
ਇਸ ਸੰਬੰਧ ਵਿਚ ਹੀ ਮੇਰਾ ਧਿਆਨ ਅਰਥ-ਸ਼ਾਸਤਰੀ ਅਤੇ ਲੇਖਕ ਕ੍ਰਿਸਟੋਫਰ ਬਲਾਟਮੈਨ ਦੁਆਰਾ ਸ਼ਿਕਾਗੋ ਯੂਨੀਵਰਸਿਟੀ ਵਿਚ ਪਬਲਿਕ ਪਾਲਿਸੀ 'ਚ ਮਾਸਟਰ ਡਿਗਰੀ ਲਈ ਪ੍ਰਸਤਾਵਿਤ ਸਮਾਜ ਸ਼ਾਸਤਰ ਦੇ ਪਾਠਕ੍ਰਮ ਸੰਬੰਧੀ ਕੀਤੇ ਗਏ ਇਸ ਐਲਾਨ ਵੱਲ ਗਿਆ, 'ਅੰਤਰਰਾਸ਼ਟਰੀ ਵਿਕਾਸ ਵਿਚ ਨੀਤੀ ਨਿਰਮਾਣ ਦਾ ਸਮਾਜਿਕ ਵਿਗਿਆਨ-ਵਿਸ਼ਵ ਨੂੰ ਕਿਸ ਤਰ੍ਹਾਂ ਬਦਲਿਆ ਜਾਵੇ ।' ਇਸ ਤੋਂ ਪਹਿਲਾਂ ਕਿ ਤੁਸੀਂ ਇਹ ਕਹੋ ਕਿ ਇਸ ਵਿਚ ਨਵਾਂ ਕੀ ਹੈ, ਇਸ ਪਾਠਕ੍ਰਮ ਦਾ ਵੇਰਵਾ ਦੇਖੋ, 'ਤੁਸੀਂ ਦੁਨੀਆ ਨੂੰ ਇਕ ਬਿਹਤਰ ਥਾਂ ਬਣਾਉਣਾ ਚਾਹੁੰਦੇ ਹੋ, ਪਰ ਕਿਸ ਤਰ੍ਹਾਂ? ਬਹੁਤ ਸਾਰੀਆਂ ਨੀਤੀਆਂ ਅਸਫਲ ਹੋ ਜਾਂਦੀਆਂ ਹਨ, ਬਹੁਤ ਸਾਰੇ ਚੰਗੇ ਇਰਾਦੇ ਗ਼ਲਤ ਹੋ ਜਾਂਦੇ ਹਨ, ਅਜਿਹਾ ਕਿਉਂ?' ਕਿਹੜੀ ਚੀਜ਼ ਕਿਸੇ ਨੀਤੀ ਨੂੰ ਚੰਗਾ ਬਣਾਉਂਦੀ ਹੈ? ਕਿਹੜੀ ਚੀਜ਼ ਇਸ ਨੂੰ ਖ਼ਰਾਬ ਬਣਾਉਂਦੀ ਹੈ? ਇਹ ਪਾਠਕ੍ਰਮ ਨੀਤੀ ਨਿਰਮਾਣ ਦੇ ਸਮਾਜਿਕ ਵਿਗਿਆਨ ਸੰਬੰਧੀ ਇਕ ਕਲਾਸ ਲਈ ਹੈ, ਜਿਸ ਵਿਚ ਅਰਥ-ਸ਼ਾਸਤਰ, ਰਾਜਨੀਤਕ ਵਿਗਿਆਨ, ਸਮਾਜ ਸ਼ਾਸਤਰ ਅਤੇ ਨਵ-ਵਿਗਿਆਨ ਆਦਿ ਵਿਸ਼ੇ ਵੀ ਅਧਿਐਨ ਦਾ ਹਿੱਸਾ ਹੋਣਗੇ ਅਤੇ ਇਸ ਤੋਂ ਇਲਾਵਾ ਖੋਜਾਰਥੀਆਂ ਦੇ ਨਿੱਜੀ ਅਨੁਭਵਾਂ ਨੂੰ ਵੀ ਇਸ ਕਲਾਸ ਦੇ ਅਧਿਐਨ ਕਾਰਜ ਦਾ ਹਿੱਸਾ ਬਣਾਇਆ ਜਾਵੇਗਾ । ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਠਕ੍ਰਮ ਵਿਸ਼ਵ ਸੰਦਰਭ ਵਿਚ ਨੀਤੀ ਨਿਰਮਾਣ, ਖ਼ਾਸ ਕਰਕੇ ਅੰਤਰਰਾਸ਼ਟਰੀ ਨੀਤੀ ਅਤੇ ਵਿਕਾਸ ਵੱਲ ਧਿਆਨ ਕੇਂਦਰਿਤ ਕਰੇਗਾ ।

ਮੇਰੇ ਦਿਮਾਗ਼ ਵਿਚ ਤੁਰੰਤ ਇਹ ਵਿਚਾਰ ਆਇਆ ਕਿ ਮੈਂ ਵੀ ਇਹ ਕੋਰਸ ਕਰਨਾ ਚਾਹਾਂਗਾ ।ਨੌਜਵਾਨ ਵਿਦਿਆਰਥੀਆਂ ਨੂੰ ਮੌਜੂਦਾ ਜ਼ਮੀਨੀ ਹਕੀਕਤਾਂ ਦੇ ਆਧਾਰ 'ਤੇ ਨੀਤੀਆਂ ਬਣਾਉਣ ਲਈ ਤਿਆਰ ਕਰਨਾ ਨਿਸਚਿਤ ਰੂਪ ਵਿਚ ਇਕ ਵੱਡੀ ਚੁਣੌਤੀ ਹੋਵੇਗੀ । ਜੇਕਰ ਮੈਂ ਇਸ ਨੂੰ ਹੋਰ ਅੱਗੇ ਲੈ ਕੇ ਜਾਵਾਂ ਤਾਂ ਭਾਰਤੀ ਰਾਜਨੀਤਕ ਅਰਥ-ਸ਼ਾਸਤਰੀ, ਸਮਾਜ ਸ਼ਾਸਤਰੀ ਅਤੇ ਮਾਨਵ ਵਿਗਿਆਨੀਆਂ ਅਤੇ ਇਥੋਂ ਤੱਕ ਖੇਤੀ ਵਿਗਿਆਨਕਾਂ ਤੋਂ ਲੈ ਕੇ ਬਨਸਪਤੀ ਵਿਗਿਆਨਕਾਂ ਦੁਆਰਾ ਇਸ ਤਰ੍ਹਾਂ ਦੇ ਡਿਜ਼ਾਈਨ ਕੀਤੇ ਗਏ ਪਾਠਕ੍ਰਮ ਨੌਜਵਾਨ ਵਿਗਿਆਨਕਾਂ ਦੀ ਇਕ ਬਹੁਤ ਹੀ ਵਿਚਾਰ ਉਤੇਜਿਕ ਅਤੇ ਵਧੇਰੇ ਜ਼ਮੀਨ ਨਾਲ ਜੁੜੀ ਹੋਈ ਪੀੜ੍ਹੀ ਨੂੰ ਜਨਮ ਦੇ ਸਕਦੇ ਹਨ । ਨੌਜਵਾਨ ਵਿਗਿਆਨਕਾਂ ਦੇ ਦਿਮਾਗ਼ ਵਿਚ ਤਬਦੀਲੀ ਦੇ ਬੀਜ ਬੀਜਣ ਨਾਲ ਇਕ ਟਿਕਾਊ ਅਤੇ ਲਾਭਦਾਇਕ ਖੇਤੀ ਭਵਿੱਖ ਦਾ ਨਿਰਮਾਣ ਕਰਨ ਵਿਚ ਮਦਦ ਮਿਲੇਗੀ | ਇਹ ਨੌਜਵਾਨ ਦਿਮਾਗ਼ ਨਾ ਕੇਵਲ ਖੇਤੀ ਦੇ ਪੱਖ ਵਿਚ ਇਕ ਆਰਥਿਕ ਡਿਜ਼ਾਈਨ 'ਤੇ ਮੁੜ ਵਿਚਾਰ ਕਰਨਗੇ, ਸਗੋਂ ਇਹ ਸੁਨਿਸ਼ਚਿਤ ਕਰਨ ਲਈ ਇਕ ਨੀਤੀਗਤ ਢਾਂਚੇ ਨੂੰ ਵੀ ਅੱਗੇ ਵਧਾਉਣਗੇ ਕਿ ਕੋਈ ਵੀ ਕਿਸਾਨ ਪਿਛੇ ਨਾ ਰਹਿ ਜਾਵੇ ।ਸਭ ਤੋਂ ਪਹਿਲਾਂ ਮੈਨੂੰ ਅਜਿਹਾ ਕੋਈ ਕਾਰਨ ਨਹੀਂ ਦਿੱਸਦਾ ਕਿ ਪੰਜਾਬ ਦੇ ਕਈ ਖ਼ੁਦਮੁਖਤਿਆਰ ਕਾਲਜ ਇਸ ਤਰ੍ਹਾਂ ਦੇ ਸਾਰਥਿਕ ਪਾਠਕ੍ਰਮ ਨੂੰ ਕਿਉਂ ਨਹੀਂ ਸ਼ੁਰੂ ਕਰ ਸਕਦੇ ।
ਕੀ ਖੇਤੀ ਸੰਕਟ ਵਿਚ ਹੈ? ਕੀ ਖੇਤੀ ਦਾ ਇਹ ਸੰਕਟ ਘੱਟ ਉਤਪਾਦਨ ਦੇ ਕਾਰਨ ਹੈ? ਜਾਂ ਉਸ ਦੇ ਕੰਟਰੋਲ ਤੋਂ ਬਾਹਰਲੇ ਕਾਰਨਾਂ ਕਰਕੇ? ਕੀ ਇਹ ਉੱਨਤ ਤਕਨੀਕ ਦੀ ਗ਼ੈਰ-ਮੌਜੂਦਗੀ ਜਾਂ ਉਸ ਦੀ ਘੱਟ ਵਰਤੋਂ ਕਰਕੇ ਹੈ, ਜੋ ਕਿ ਕਿਸਾਨਾਂ ਨੂੰ ਮਾਰ ਰਹੀ ਹੈ? ਜਾਂ ਉਨ੍ਹਾਂ ਆਰਥਿਕ ਨੀਤੀਆਂ ਕਾਰਨ ਹੈ ਜੋ ਕਿਸਾਨਾਂ ਦੇ ਕੰਟਰੋਲ ਤੋਂ ਬਾਹਰ ਹਨ? ਇਹ ਕੁਝ ਅਜਿਹੇ ਪ੍ਰਸ਼ਨ ਹਨ ਜੋ ਨੌਜਵਾਨ ਦਿਮਾਗ਼ਾਂ ਨੂੰ ਸੋਚਣ ਲਈ ਮਜਬੂਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਸਪੱਸ਼ਟੀਕਰਨ ਦੇ ਸਕਦੇ ਹਨ ਜੋ ਸਹੀ ਨੀਤੀਆਂ ਤਿਆਰ ਕਰਨ ਵਿਚ ਉਨ੍ਹਾਂ ਦੀ ਮਦਦ ਕਰਨ । 1995 ਤੋਂ ਲੈ ਕੇ ਹੁਣ ਤੱਕ ਲਗਭਗ 4 ਲੱਖ ਕਿਸਾਨ ਕਰਜ਼ੇ ਤੋਂ ਬਚਣ ਲਈ ਆਪਣੀਆਂ ਜਾਨਾਂ ਦੇ ਚੁੱਕੇ ਹਨ ਅਤੇ ਸ਼ਾਇਦ ਹੀ ਹੁਣ ਵੀ ਕੋਈ ਅਜਿਹਾ ਦਿਨ ਹੋਵੇ ਜਿਸ ਦਿਨ ਕਿ ਅਖ਼ਬਾਰਾਂ ਵਿਚ ਕਿਸਾਨਾਂ ਦੀ ਆਤਮ-ਹੱਤਿਆ ਦੀਆਂ ਖ਼ਬਰਾਂ ਨਾ ਛਪੀਆਂ ਹੋਣ ।ਇਹ ਖ਼ਬਰਾਂ ਖੇਤੀ ਸੰਬੰਧੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀਆਂ ਕਲਾਸਾਂ ਵਿਚ ਇਕ ਖ਼ਾਮੋਸ਼ੀ ਅਤੇ ਖਾਲੀਪਨ ਛੱਡ ਜਾਂਦੀਆਂ ਹਨ ।ਇਹ ਖ਼ਾਮੋਸ਼ੀ ਖੋਜ ਵਿਕਾਸ ਅਤੇ ਇਥੋਂ ਤੱਕ ਕਿ ਨੀਤੀ ਨਿਰਮਾਣ ਦੀ ਪੱਧਰ 'ਤੇ ਵੀ ਸਪੱਸ਼ਟ ਰੂਪ ਵਿਚ ਦਿਖਾਈ ਦਿੰਦੀ ਹੈ। ਇਹ ਅਜਿਹੇ ਮੁੱਦੇ ਹਨ, ਜਿਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਾ ਚਾਹੀਦਾ ਹੈ | ਇਹ ਹੈਰਾਨੀਜਨਕ ਹੈ ਕਿ, ਕੀ ਕਿਸੇ ਖੇਤੀ ਯੂਨੀਵਰਸਿਟੀ ਵਿਚ ਸਮਾਜ ਸ਼ਾਸਤਰ ਅਤੇ ਰਾਜਨੀਤਕ ਅਰਥ-ਵਿਵਸਥਾ ਦੀਆਂ ਕੋਈ ਅਜਿਹੀਆਂ ਕਲਾਸਾਂ ਹਨ, ਜੋ ਵਿਦਿਆਰਥੀਆਂ ਨੂੰ ਛੋਟੇ ਕਿਸਾਨਾਂ ਨੂੰ ਪੇਸ਼ ਆਉਣ ਵਾਲੀਆਂ ਜਟਲਤਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਸੁਲਝਾਉਣ ਲਈ ਡਿਜ਼ਾਈਨ ਕੀਤੀਆਂ ਗਈਆਂ ਹੋਣ ।ਇਹ ਅਜਿਹਾ ਕੰਮ ਨਹੀਂ ਹੈ, ਜਿਸ ਨੂੰ ਇਕੱਲੇ ਨੀਤੀ ਨਿਰਮਾਣ ਕਰਨ ਵਾਲਿਆਂ 'ਤੇ ਛੱਡਿਆ ਜਾ ਸਕੇ । ਖੇਤੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਇਸ ਜਟਿਲ ਸੰਕਟ ਸੰਬੰਧੀ ਨਿਰਣੇ ਲੈਣ ਲਈ ਪੂਰੀ ਤਰ੍ਹਾਂ ਯੋਗ ਹਨ।ਅੰਤਿਮ ਰੂਪ ਵਿਚ ਜਿਹੜੀ ਕਲਾਸ ਗਰੈਜੂਏਸ਼ਨ ਪੱਧਰ ਦੀ ਸਿੱਖਿਆ ਹਾਸਲ ਕਰੇਗੀ, ਉਸ ਕੋਲ ਇਸ ਸੰੰਬੰਧੀ ਵਧੇਰੇ ਜਾਣਕਾਰੀ ਹੋਵੇਗੀ ।
ਦੇਸ਼ ਨੂੰ ਖੇਤੀ ਵਿਗਿਆਨਕਾਂ ਅਤੇ ਅਰਥ-ਸ਼ਾਸਤਰੀਆਂ ਦੀ ਅਗਲੀ ਪੀੜ੍ਹੀ ਦੀ ਜ਼ਰੂਰਤ ਹੈ, ਜੋ ਨਾ ਕੇਵਲ ਚੰਗੀ ਤਰ੍ਹਾਂ ਗਿਆਨਵਾਨ ਹੋਵੇ ਸਗੋਂ ਸਥਾਨਿਕ ਹਕੀਕਤਾਂ ਦੇ ਸੰਦਰਭ ਵਿਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਨੀਤੀਆਂ ਦਾ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਵੀ ਰੱਖਦੀ ਹੋਵੇ।ਇਸ ਨਾਲ ਉਨ੍ਹਾਂ ਸੰਸਥਾਵਾਂ ਨੂੰ ਮਦਦ ਮਿਲਦੀ ਹੈ, ਜਿਥੇ ਇਨ੍ਹਾਂ ਵਿਦਿਆਰਥੀਆਂ ਨੂੰ ਬਾਅਦ ਵਿਚ ਕੰਮ 'ਤੇ ਰੱਖਿਆ ਜਾਂਦਾ ਹੈ, ਤਾਂ ਕਿ ਉਹ ਦਿ੍ਸ਼ਟੀਕੋਣ ਅਤੇ ਰਣਨੀਤੀਆਂ ਦੇ ਨਾਂਅ 'ਤੇ ਕੀਤੀ ਜਾਣ ਵਾਲੀ ਬਿਆਨਬਾਜ਼ੀ ਤੋਂ ਬਚ ਕੇ ਸਹੀ ਅਤੇ ਸਾਧਾਰਤਮਿਕ ਕਦਮ ਉਠਾ ਸਕਣ ।ਪੁਰਾਣੀਆਂ ਤੇ ਗ਼ੈਰ-ਪ੍ਰਭਾਵੀ ਹੋਣ ਦੇ ਕਾਰਨ ਪਹਿਲੀਆਂ ਰਣਨੀਤੀਆਂ ਵਿਚੋਂ ਕਈਆਂ ਵਿਚ ਸੁਧਾਰ ਦੀ ਜ਼ਰੂਰਤ ਹੈ ।ਅਸਲ ਵਿਚ ਕਈ ਨੀਤੀਆਂ ਪੁਰਾਣੀਆਂ ਹੋ ਚੁੱਕੀਆਂ ਹਨ | ਕੇਵਲ ਉਹ ਵਿਦਿਆਰਥੀ ਜਿਨ੍ਹਾਂ ਨੂੰ ਪਾਠ-ਪੁਸਤਕਾਂ ਤੋਂ ਪਰ੍ਹੇ ਦੇਖਣ ਦਾ ਅਵਸਰ ਮਿਲਿਆ ਹੈ, ਉਹ ਕਈ ਰਣਨੀਤੀਆਂ, ਨਵੇਂ ਦਿ੍ਸ਼ਟੀਕੋਣਾਂ ਤੋਂ ਨੀਤੀਆਂ 'ਤੇ ਪੁਨਰ ਵਿਚਾਰ ਕਰ ਸਕਦੇ ਹਨ, ਜਿਨ੍ਹਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ ।
ਖੇਤੀ ਦਾ ਮਤਲਬ ਸਿਰਫ਼ ਨਵੀਆਂ ਫ਼ਸਲਾਂ ਦੀਆਂ ਕਿਸਮਾਂ ਜਾਂ ਕੀੜੇ-ਮਕੌੜਿਆਂ ਅਤੇ ਫ਼ਸਲਾਂ ਦੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਬਿਹਤਰ ਢੰਗ-ਤਰੀਕੇ ਹੀ ਨਹੀਂ ਹਨ, ਇਹ ਉਨ੍ਹਾਂ ਸਮਾਜਿਕ ਆਰਥਿਕ ਨੀਤੀਆਂ ਨਾਲ ਵੀ ਜੁੜੀ ਹੋਈ ਹੈ, ਜਿਨ੍ਹਾਂ ਦਾ ਖੇਤੀ ਕਰਨ ਵਾਲੀ ਆਬਾਦੀ 'ਤੇ ਵਿਆਪਕ ਪ੍ਰਭਾਵ ਪੈਂਦਾ ਹੈ । ਦਰਅਸਲ, ਖੇਤੀ ਸੰਬੰਧੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਜ਼ਿਆਦਾਤਰ ਸਮੱਸਿਆਵਾਂ ਫ਼ਸਲਾਂ ਦੇ ਉਤਪਾਦਨ ਦੇ ਖੇਤਰ ਵਿਚ ਤਕਨੀਕੀ ਖਾਮੀਆਂ ਦੀ ਵਜ੍ਹਾ ਕਾਰਨ ਹੀ ਨਹੀਂ ਹਨ । ਕਿਸਾਨਾਂ 'ਤੇ ਕਰਜ਼ੇ ਉਦੋਂ ਵਧਦੇ ਹਨ ਜਦੋਂ ਉਤਪਾਦਨ ਦੀ ਲਾਗਤ ਵਧ ਜਾਂਦੀ ਹੈ ਅਤੇ ਉਤਪਾਦਨ ਦੀਆਂ ਕੀਮਤਾਂ ਕਿਸਾਨਾਂ ਨੂੰ ਵਾਜ੍ਹਬ ਢੰਗ ਨਾਲ ਮੁਆਵਜ਼ਾ ਜਾਂ ਉਚਿਤ ਮੁਨਾਫ਼ਾ ਦੇਣ ਵਿਚ ਅਸਫਲ ਰਹਿੰਦੀਆਂ ਹਨ ।ਦੂਜੇ ਅਰਥਾਂ ਵਿਚ ਜਦੋਂ ਖੇਤੀ ਉਤਪਾਦਨ ਦੀਆਂ ਕੀਮਤਾਂ ਉਨ੍ਹਾਂ ਦੇ ਕੰਟਰੋਲ ਵਿਚ ਨਹੀਂ ਹੁੰਦੀਆਂ ਤਾਂ ਖੇਤੀ ਸੰਕਟ ਦਾ ਜ਼ਿਆਦਾ ਹਿੱਸਾ ਵੀ ਉਨ੍ਹਾਂ ਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ।ਭਾਰਤੀ ਕਿਸਾਨਾਂ ਦੀਆਂ ਖ਼ੁਦਕਸ਼ੀਆਂ ਦਾ ਹੜ੍ਹ ਖੇਤੀ ਸੰਕਟ ਦੇ ਕਾਰਨ ਹੀ ਆਉਂਦਾ ਹੈ, ਜਿਨ੍ਹਾਂ ਵਿਚ ਮੌਸਮ ਦੀ ਗੈਰ ਅਨੁਕੂਲਤਾ, ਕੀਟਾਂ ਅਤੇ ਫ਼ਸਲਾਂ 'ਤੇ ਬਿਮਾਰੀਆਂ ਦੇ ਹਮਲੇ ਵੀ ਸ਼ਾਮਿਲ ਹੋ ਸਕਦੇ ਹਨ ।ਪਰ ਜ਼ਿਆਦਾਤਰ ਮੌਜੂਦਾ ਆਰਥਿਕ ਡਿਜ਼ਾਈਨ ਦੀ ਵਜ੍ਹਾ ਨਾਲ ਹੀ ਖ਼ੁਦਕੁਸ਼ੀਆਂ ਹੁੰਦੀਆਂ ਹਨ ।ਇਸ ਪੜ੍ਹਾਅ 'ਤੇ ਅੰਤਰਰਾਸ਼ਟਰੀ ਨੀਤੀਆਂ ਸਪਲਾਈ ਲੜੀਆਂ ਅਤੇ ਖੇਤੀ ਦੇ ਕਿੱਤੇ ਦੀ ਭੂਮਿਕਾ ਦਾ ਵਿਸ਼ਲੇਸ਼ਣ ਸਾਹਮਣੇ ਆਉਂਦਾ ਹੈ ।
ਖੇਤੀ ਦੇ ਖੇਤਰ ਵਿਚ ਹੋ ਰਹੀਆਂ ਖ਼ੁਦਕੁਸ਼ੀਆਂ ਦੇ ਬਾਰੇ ਵਿਚ ਹੀ ਨਹੀਂ ਸਗੋਂ ਖੇਤੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਘਰੇਲੂ ਖੇਤੀ ਅਤੇ ਖੇਤੀ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਨਵੇਂ ਅੰਤਰਰਾਸ਼ਟਰੀ ਘਟਨਾਕ੍ਰਮਾਂ ਬਾਰੇ ਵੀ ਜਾਣਕਾਰੀ ਨਹੀਂ ਹੁੰਦੀ । ਉਦਾਹਰਣ ਲਈ ਯੂਨੀਵਰਸਿਟੀਆਂ ਦੀਆਂ ਕੁਝ ਆਪਣੀਆਂ ਫੇਰੀਆਂ ਦੌਰਾਨ ਮੈਂ ਸੰਯੁਕਤ ਰਾਸ਼ਟਰ ਅਤੇ ਵਿਸ਼ਵ ਬੈਂਕ ਦੇ ਵਿਚਕਾਰ ਵਿਸ਼ਵ ਵਿਆਪੀ ਸਹਿਯੋਗ ਦੇ ਯਤਨਾਂ ਬਾਰੇ ਗੱਲਬਾਤ ਕੀਤੀ ਸੀ, ਜਿਸ ਦੇ ਸਿੱਟੇ ਵਜੋਂ ਵਿਕਾਸ ਲਈ ਖੇਤੀ ਅਭਿਆਨ, ਵਿਗਿਆਨ ਅਤੇ ਤਕਨਾਲੋਜੀ ਦਾ ਅੰਤਰਰਾਸ਼ਟਰੀ ਮੁੱਲਾਂਕਣ (911ST4) ਹੋਇਆ ਹੈ ।ਹਾਲਾਂਕਿ ਭਾਰਤ ਨੇ ਇਸ ਸੰਧੀ 'ਤੇ ਦਸਤਖ਼ਤ ਕੀਤੇ ਹੋਏ ਹਨ ਪਰ ਜਾਗਰੂਕਤਾ ਦੀ ਕਮੀ ਸਪੱਸ਼ਟ ਰੂਪ ਵਿਚ ਦਿਖਾਈ ਦਿੰਦੀ ਹੈ ।ਕਈ ਹੋਰ ਵੀ ਅੰਤਰਰਾਸ਼ਟਰੀ ਘਨਟਾਕ੍ਰਮ ਹਨ, ਜਿਨ੍ਹਾਂ ਦਾ ਘਰੇਲੂ ਖੇਤੀ ਨੀਤੀਆਂ 'ਤੇ ਲੰਮੇ ਸਮੇਂ ਲਈ ਪ੍ਰਭਾਵ ਪੈਂਦਾ ਹੈ ।ਪਰ ਖੇਤੀ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਕਲਾਸਾਂ ਵਿਚ ਸ਼ਾਇਦ ਹੀ ਕਦੇ ਇਨ੍ਹਾਂ ਬਾਰੇ ਚਰਚਾ ਕੀਤੀ ਜਾਂਦੀ ਹੈ ।ਅਜਿਹਾ ਇਸ ਲਈ ਹੋ ਸਕਦਾ ਹੈ ਕਿਉਂਕਿ ਸਿੱਖਿਆ ਪ੍ਰਣਾਲੀ ਇਕ ਸਖ਼ਤ ਪਾਠਕ੍ਰਮ ਦੇ ਅਨੁਸਾਰ ਹੈ । ਸ਼ਾਇਦ ਅਸੀਂ ਵੀ ਸ਼ਿਕਾਗੋ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਿੱਖਣ, ਮੁੱਲਾਂਕਣ ਕਰਨ ਅਤੇ ਫਿਰ ਉਚਿਤ ਨਿਰਣੇ ਲੈਣ ਦੇ ਸਮਰੱਥ ਬਣਾਉਣ ਦੀਆਂ ਕੋਸ਼ਿਸ਼ਾਂ ਤੋਂ ਸਿਖ ਸਕਦੇ ਹਾਂ | ਇਕ ਮਜ਼ਬੂਤ ਨੀਂਹ ਬਹੁਤ ਅੱਗੇ ਤੱਕ ਜਾਂਦੀ ਹੈ ।ਇਸ ਲਈ ਇਕ ਨਵੀਂ ਵਿਵਸਥਾ ਦੀ ਜ਼ਰੂਰਤ ਹੈ, ਜਿਸ ਨੂੰ ਖੇਤੀ ਯੂਨੀਵਰਸਿਟੀਆਂ ਦੁਆਰਾ ਕ੍ਰਾਸ ਡਿਸਪਿਲਨ ਖੋਜ ਤੇ ਵਿਸ਼ਲੇਸ਼ਣ ਲਈ ਅਪਣਾਇਆ ਜਾਣਾ ਚਾਹੀਦਾ ਹੈ ।ਬਿਨਾਂ ਸ਼ੱਕ ਖੇਤੀ ਦੀ ਸਿੱਖਿਆ ਵਿਚ ਸੁਧਾਰ ਦੀ ਜ਼ਰੂਰਤ ਹੈ।
ਦਵਿੰਦਰ ਸ਼ਰਮਾ












Comments (0)