ਮੁੱਤਕੀ ਦੀ ਭਾਰਤ ਯਾਤਰਾ: ਅਟਾਰੀ-ਵਾਘਾ ਬਾਰਡਰ ਖੋਲ੍ਹਣ ਦੀ ਮੰਗ: ਪੰਜਾਬ ਲਈ ਵਪਾਰ ਦਾ ਸੁਨਹਿਰੀ ਮੌਕਾ?

ਮੁੱਤਕੀ ਦੀ ਭਾਰਤ ਯਾਤਰਾ: ਅਟਾਰੀ-ਵਾਘਾ ਬਾਰਡਰ ਖੋਲ੍ਹਣ ਦੀ ਮੰਗ: ਪੰਜਾਬ ਲਈ ਵਪਾਰ ਦਾ ਸੁਨਹਿਰੀ ਮੌਕਾ?

*ਤਾਲਿਬਾਨ ਦੇ ‘ਕਾਇਦੇ’ ਨਵੀਂ ਦਿੱਲੀ ਵਿਚ, ਔਰਤ ਪੱਤਰਕਾਰ ਬਾਹਰ!

*ਪਾਕਿਸਤਾਨ-ਤਾਲਿਬਾਨ ਝੜਪਾਂ:  ਸਰਹੱਦ 'ਤੇ ਖੂਨੀ ਖੇਡ

*ਅਫਗਾਨ ਨੇੜਤਾ  ਕਾਰਣ ਇਸਲਾਮਾਬਾਦ ਨੂੰ ਕਿਉਂ ਤਿਲਮਿਲਾਇਆ?

 ਅਫਗਾਨਿਸਤਾਨ ਦੇ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਕੀ ਦੀ ਭਾਰਤ ਯਾਤਰਾ ਨੇ ਖੇਤਰੀ ਰਾਜਨੀਤੀ ਵਿੱਚ ਇੱਕ ਨਵਾਂ ਰੰਗ ਭਰ ਦਿੱਤਾ ਹੈ।  ਤਾਲਿਬਾਨ ਦੇ ਕਬਜ਼ੇ ਬਾਅਦ ਪਹਿਲੀ ਵਾਰ ਕਿਸੇ ਵੱਡੇ ਅਫਗਾਨ ਨੇਤਾ ਵੱਲੋਂ ਭਾਰਤ ਦਾ ਦੌਰਾ ਹੈ।ਹੁਣ ਇਸ ਯਾਤਰਾ ਕਾਰਣ ਭਾਰਤ ਨੇ ਕਾਬੁਲ ਵਿੱਚ ਆਪਣਾ ਦੂਤਘਰ ਫਿਰ ਖੋਲ੍ਹਣ ਦਾ ਐਲਾਨ ਕੀਤਾ ਹੈ। ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਕੀ ਦੀ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੀਟਿੰਗ ਵਿੱਚ ਚਾਬਹਾਰ ਬੰਦਰਗਾਹ ਦੇ ਵਿਕਾਸ, ਵਪਾਰ ਅਤੇ ਅੱਤਵਾਦੀ ਹਿੰਸਾ ਸਬੰਧੀ ਤਾਲਮੇਲ 'ਤੇ ਚਰਚਾ ਹੋਈ। ਭਾਰਤ ਨੇ ਅਫਗਾਨਿਸਤਾਨ ਨੂੰ ਮਾਨਵੀ ਸਹਾਇਤਾ ਅਤੇ ਵਿਕਾਸ ਪ੍ਰੋਜੈਕਟਾਂ ਲਈ ਵਧੇਰੇ ਸਹਿਯੋਗ ਦਾ ਵਾਅਦਾ ਕੀਤਾ।

 10 ਅਕਤੂਬਰ ਨੂੰ ਅਫਗਾਨ ਦੂਤਘਰ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਔਰਤ ਪੱਤਰਕਾਰਾਂ ਨੂੰ ਨਾ ਬੁਲਾਉਣ 'ਤੇ ਵਿਰੋਧੀ ਧਿਰਾਂ ਅਤੇ ਮੀਡੀਆ ਨੇ ਨਾਰਾਜ਼ਗੀ ਜ਼ਾਹਰ ਕੀਤੀ। ਮੁੱਤਕੀ ਨੇ 12 ਅਕਤੂਬਰ ਨੂੰ ਦੂਜੀ ਕਾਨਫਰੰਸ ਵਿੱਚ ਕਿਹਾ, "ਇਹ ਗਲਤੀ ਨਹੀਂ ਸੀ, ਸਮੇਂ ਦੀ ਘਾਟ ਕਾਰਨ ਹੋਇਆ। ਅਸੀਂ ਔਰਤਾਂ ਨੂੰ ਹਮੇਸ਼ਾ ਸ਼ਾਮਲ ਕਰਦੇ ਹਾਂ।" ਇਸ ਨਾਲ ਵਿਵਾਦ ਥੋੜ੍ਹਾ ਘੱਟਿਆ। ਮੁੱਤਕੀ ਨੇ ਦੇਵਬੰਦ ਵੀ ਜਾਣਾ ਸੀ, ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋਏ, ਜੋ ਉਨ੍ਹਾਂ ਨੂੰ "ਦੁਨੀਆਂ ਦੀਆਂ ਮਹਾਸ਼ਕਤੀਆਂ ਨੂੰ ਅਮਰੀਕਾ ਤੇ ਰੂਸ ਨੂੰ ਹਰਾਉਣ ਵਾਲੇ" ਵਜੋਂ ਵੇਖਦੇ ਸਨ।

ਮੁੱਤਕੀ ਨੇ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਅਟਾਰੀ-ਵਾਘਾ ਬਾਰਡਰ ਨੂੰ ਰਾਜਨੀਤਿਕ ਨਹੀਂ, ਆਰਥਿਕ ਨਜ਼ਰੀਏ ਨਾਲ ਵੇਖੋ ਅਤੇ ਖੋਲ੍ਹ ਦੋ। ਇਹ ਭਾਰਤ-ਅਫਗਾਨ ਵਿਚਕਾਰ ਵਪਾਰ ਦਾ ਸਭ ਤੋਂ ਛੋਟਾ ਰਾਹ ਹੈ।" ਉਨ੍ਹਾਂ ਨੇ ਚਾਬਹਾਰ ਬੰਦਰਗਾਹ ਨੂੰ ਵੀ ਮਜ਼ਬੂਤ ਕਰਨ ਦੀ ਗੱਲ ਕੀਤੀ, ਜਿਸ ਲਈ ਭਾਰਤ ਅਤੇ ਅਫਗਾਨਿਸਤਾਨ ਨੂੰ ਅਮਰੀਕਾ-ਈਰਾਨ ਨਾਲ ਗੱਲ ਕਰਨੀ ਚਾਹੀਦੀ।

 ਅਟਾਰੀ ਵਾਲਾ ਵਾਲਾ ਬਾਰਡਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ, ਜਿੱਥੇ ਵਪਾਰ ਨਾਲ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ। ਅਫਗਾਨ ਫਲਾਂ-ਸਬਜ਼ੀਆਂ, ਸੁੱਕੇ ਮੇਵੇ ਅਤੇ ਹਸਤ ਸ਼ਿ਼ਲਪ ਕਲਾ ਵਸਤਾਂ ਸਿੱਧੇ ਆ ਸਕਣਗੀਆਂ, ਜਿਸ ਨਾਲ ਕੀਮਤਾਂ ਘਟਣਗੀਆਂ ਅਤੇ ਸਥਾਨਕ ਵਪਾਰੀਆਂ ਨੂੰ ਨਵੇਂ ਬਜ਼ਾਰ ਮਿਲਣਗੇ। ਪੰਜਾਬ ਦੀ ਆਰਥਿਕਤਾ ਨੂੰ ਹਲੂਣਾ ਮਿਲੇਗਾ। ਪਿਛਲੇ ਸਾਲਾਂ ਵਿੱਚ 162 ਅਫਗਾਨ ਟਰੱਕਾਂ ਨੂੰ ਵਿਸ਼ੇਸ਼ ਤੌਰ 'ਤੇ ਇਜਾਜ਼ਤ ਦਿੱਤੀ ਗਈ ਸੀ, ਜਿਸ ਨਾਲ ਲੱਖਾਂ ਰੁਪਏ ਦਾ ਵਪਾਰ ਹੋਇਆ। ਪੰਜਾਬ ਦੇ ਕਿਸਾਨਾਂ ਨੂੰ ਵੀ ਆਪਣੀਆਂ ਫਸਲਾਂ – ਜਿਵੇਂ ਗਲੋਬਲ ਬਾਜ਼ਾਰ ਵਿੱਚ ਭੇਜਣ ਦਾ ਰਾਹ ਮਿਲੇਗਾ।ਇਸ ਨਾਲ ਅਫਗਾਨਿਸਤਾਨ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ, ਜੋ ਅੱਤਵਾਦ ਨੂੰ ਰੋਕਣ ਵਿੱਚ ਵੀ ਮਦਦ ਕਰੇਗੀ। ਐਕਸਪਰਟ ਕਹਿੰਦੇ ਹਨ ਕਿ ਇਹ ਵਪਾਰ ਨਾਲ ਭਾਰਤ ਦੇ ਰਣਨੀਤਕ ਹਿੱਤ ਪੂਰੇ ਹੋਣਗੇ।

ਭਾਵੇਂ ਭਾਰਤ ਨੇ ਅਜੇ ਕੋਈ ਪੱਕਾ ਵਾਅਦਾ ਨਹੀਂ ਕੀਤਾ, ਪਰ ਜੈਸ਼ੰਕਰ ਨੇ ਕਿਹਾ ਕਿ "ਆਰਥਿਕ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਸਾਰੇ ਬਦਲ ਵਿਚਾਰੇ ਜਾਣਗੇ।" ਪਾਕਿਸਤਾਨ ਨਾਲ ਤਣਾਅ ਕਾਰਨ ਬਾਰਡਰ ਬੰਦ ਹੈ, ਪਰ ਅਫਗਾਨ ਵਪਾਰੀਆਂ ਲਈ ਵਿਸ਼ੇਸ਼ ਐਲਾਨ ਹੋ ਸਕਦਾ ਹੈ। ਐਕਸਪਰਟਾਂ ਅਨੁਸਾਰ, ਜੇਕਰ ਚਾਬਹਾਰ ਪੂਰਾ ਹੋ ਗਿਆ ਤਾਂ ਬਾਰਡਰ ਖੋਲ੍ਹਣ ਦੀ ਸੰਭਾਵਨਾ ਵਧੇਗੀ, ਕਿਉਂਕਿ ਇਹ ਪਾਕ ਨੂੰ ਬਾਈਪਾਸ ਕਰੇਗਾ। ਭਵਿੱਖ ਵਿੱਚ 2026 ਤੱਕ ਪੂਰਾ ਵਪਾਰ ਰੁਟ ਖੁੱਲ੍ਹ ਸਕਦਾ ਹੈ, ਜੇਕਰ ਰਾਜਨੀਤਿਕ ਸਥਿਤੀ ਸਥਿਰ ਰਹੀ।

ਹਾਲ ਦੀ ਘੜੀ ਅਫਗਾਨਿਸਤਾਨ ਦਾ ਪਾਕਿਸਤਾਨ ਨਾਲ ਤਣਾਅ ਛਿੜਿਆ ਹੋਇਆ ਹੈ।9 ਅਕਤੂਬਰ ਨੂੰ ਪਾਕਿਸਤਾਨ ਨੇ ਕਾਬੁਲ ਅਤੇ ਪੂਰਬੀ ਅਫਗਾਨ ਵਿੱਚ ਹਵਾਈ ਹਮਲੇ ਕੀਤੇ, ਜਿਸ ਨੂੰ ਤਾਲਿਬਾਨ ਨੇ ਟੀਟੀਪੀ (ਤਹਿਰੀਕ-ਏ-ਤਾਲਿਬਾਨ ਪਾਕਿਸਤਾਨ) ਦੇ ਠਿਕਾਣਿਆਂ 'ਤੇ ਹਮਲਾ ਕੀਤਾ। ਪਾਕਿਸਤਾਨ ਨੇ ਅਫਗਾਨ ਭੂਮੀ 'ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ। ਬਦਲੇ ਵਜੋਂ 11-12 ਅਕਤੂਬਰ ਨੂੰ ਅਫਗਾਨ ਤਾਲਿਬਾਨ ਨੇ ਡੂਰੰਡ ਲਾਈਨ (ਸਰਹੱਦ) 'ਤੇ ਪਾਕਿਸਤਾਨੀ ਚੌਕੀਆਂ 'ਤੇ ਹਮਲਾ ਕੀਤਾ। ਝੜਪਾਂ ਕੁਨਾਰ, ਨੰਗਰਹਾਰ, ਕੁਰਮ ਅਤੇ ਬਾਜ਼ੋਰ ਵਿੱਚ ਹੋਈਆਂ, ਜਿੱਥੇ ਭਾਰੀ ਹਥਿਆਰਾਂ ਅਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਹੋਈ।

 ਅਫਗਾਨਿਸਤਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ 58 ਪਾਕਿਸਤਾਨੀ ਸੈਨਿਕ ਮਾਰੇ ਅਤੇ 25 ਚੌਕੀਆਂ 'ਤੇ ਕਬਜ਼ਾ ਕੀਤਾ, ਜਦਕਿ ਉਹਨਾਂ ਦੇ 9 ਹੀ ਹਲਾਕ ਹੋਏ। ਪਾਕਿਸਤਾਨ ਨੇ ਕਿਹਾ ਕਿ ਉਨ੍ਹਾਂ ਨੇ 200 ਤਾਲਿਬਾਨ ਅਤੇ ਅੱਤਵਾਦੀਆਂ ਨੂੰ ਮਾਰਿਆ, ਪਰ ਉਹਨਾਂ ਦੇ 23 ਸੈਨਿਕ ਮਰੇ ਅਤੇ 29 ਜ਼ਖ਼ਮੀ ਹੋਏ। ਇਸ ਕਾਰਣ ਦੋਹਾਂ ਦੇਸਾਂ ਦੀ ਸਰਹੱਦ ਬੰਦ ਹੋ ਗਈ, ਜਿਸ ਨਾਲ ਵਪਾਰ ਰੁਕ ਗਿਆ ਅਤੇ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ।  ਤਾਲਿਬਾਨ ਦੀ ਗੋਰੀਲਾ ਰਣਨੀਤੀ (ਪਹਾੜੀ ਇਲਾਕਿਆਂ ਵਿੱਚ ਛਾਪੇਮਾਰੀ) ਨੇ ਪਾਕਿਸਤਾਨ ਨੂੰ ਡਰਾਇਆ ਹੋਇਆ ਹੈ। ਹਾਲਾਂਕਿ ਪਾਕਿ ਦੀ ਹਵਾਈ ਤਾਕਤ ਮਜਬੂਤ ਹੈ।

 ਕਤਰ ਅਤੇ ਸਊਦੀ ਅਰਬ ਦੀ ਵਿਚੋਲਗਿਰੀ ਕਾਰਣ ਅਫਗਾਨਿਸਤਾਨ ਨੇ 12 ਅਕਤੂਬਰ ਨੂੰ ਆਪ੍ਰੇਸ਼ਨ ਰੋਕ ਦਿੱਤਾ ਸੀ। ਮੁੱਤਕੀ ਨੇ ਕਿਹਾ, ਅਸੀਂ ਸ਼ਾਂਤੀ ਚਾਹੁੰਦੇ ਹਾਂ, ਪਰ ਜੇਕਰ ਨਹੀਂ ਤਾਂ ਹੋਰ ਬਦਲ ਸਾਡੇ ਕੋਲ ਹਨ।" 

ਪਾਕਿਸਤਾਨ  ਭਾਰਤ-ਅਫਗਾਨ ਦੇ ਗੱਠਜੋੜ ਤੋਂ ਔਖਾ ਹੈ ਜਿਸ ਵਿੱਚ ਜੰਮੂ-ਕਸ਼ਮੀਰ ਨੂੰ ਭਾਰਤ ਦਾ ਅਭਿੰਨ ਅੰਗ ਕਿਹਾ ਗਿਆ। ਇਸਲਾਮਾਬਾਦ ਨੇ ਅਫਗਾਨ ਰਾਜਦੂਤ ਨੂੰ ਤਲਬ ਕੀਤਾ ਅਤੇ ਕਿਹਾ, "ਇਹ ਯੂਐੱਨ ਰੈਜ਼ੋਲੂਸ਼ਨਾਂ ਦੀ ਉਲੰਘਣਾ ਹੈ।"  ਪਾਕਿ ਨੇ ਕਿਹਾ ਕਿ ਅਫਗਾਨ ਭੂਮੀ ਅੱਤਵਾਦੀਆਂ ਦਾ ਕੇਂਦਰ ਬਣ ਗਈ ਹੈ। ਇਹ ਸਭ ਮੁੱਤਕੀ ਦੀ ਯਾਤਰਾ ਨਾਲ ਜੁੜਿਆ ਹੈ, ਜੋ ਪਾਕਿ ਨੂੰ ਭਾਰਤ-ਅਫਗਾਨ ਨੇੜਤਾ ਤੋਂ ਡਰਾਉਂਦਾ ਹੈ।