ਅਕਾਲ ਤਖਤ ਸਾਹਿਬ ਪਿਛੇ ਉਸਰਨ ਲੱਗੀ ਬਹੁਮੰਜ਼ਿਲਾ ਇਮਾਰਤ
*ਅਕਾਲ ਤਖਤ ਸਾਹਿਬ ਦੀ 450 ਸਾਲਾ ਆਭਾ ਤੇ ਵਿਰਾਸਤ ਨੂੰ ਲੱਗੀ ਢਾਹ,ਸ੍ਰੋਮਣੀ ਕਮੇਟੀ ਨੇ ਨੋਟਿਸ ਨਾ ਲਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗਲਿਆਰੇ ਵਿਚ ਸਿੰਘ ਸਾਹਿਬਾਨ ਦੀ ਰਿਹਾਇਸ਼ ਲਈ ਉਸਾਰੀ ਅਧੀਨ ਬਹੁਮੰਜ਼ਿਲਾ ਇਮਾਰਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿਚੋਂ ਹੀ ਦਿਸਣ ਲੱਗ ਪਈ ਹੈ। ਜਦਕਿ ਇਸ ਇਮਾਰਤ ਉਪਰ ਹੋਰ ਵੀ ਮੰਜਿਲਾਂ ਅਜੇ ਬਣਨੀਆਂ ਹਨ। ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਇਸ ਇਮਾਰਤ ‘ਤੇ ਇਤਰਾਜ਼ ਕੀਤਾ ਗਿਆ ਹੈ। ਸਰਪ੍ਰਸਤ ਮਨਮੋਹਣ ਸਿੰਘ ਬਰਾੜ, ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਹਰਦੀਪ ਸਿੰਘ ਚਾਹਲ ਅਤੇ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ 450 ਸਾਲ ਪੁਰਾਣੀ ਵਿਰਾਸਤੀ ਮਹਿਮਾ ਅਤੇ ਆਭਾ ਨੂੰ ਇਹ ਇਮਾਰਤ ਢਾਹ ਲਗਾ ਰਹੀ ਹੈ ਜਿਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਹੈ। ਉਨ੍ਹਾਂ ਇਸ ਕੁਤਾਹੀ ਨੂੰ ਗੰਭੀਰਤਾ ਸਹਿਤ ਵਿਚਾਰਦੇ ਹੋਏ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਮੀਰੀ ਪੀਰੀ ਦੇ ਸਰਬਸ੍ਰੇਸ਼ਟ ਸੰਕਲਪ ਦੇ ਵਿਸ਼ਵੀ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗਲਿਆਰੇ ਵਿੱਚ ਸਿੰਘ ਸਾਹਿਬਾਨ ਦੀ ਰਹਾਇਸ਼ ਲਈ ਉਸਾਰੀ ਅਧੀਨ ਬਹੁਮੰਜ਼ਿਲਾ ਇਮਾਰਤ ਦੀ ਹੋਰ ਉਸਾਰੀ ਤੁਰੰਤ ਰੋਕ ਦਿੱਤੀ ਜਾਵੇ ਅਤੇ ਉਪਰਲੀਆਂ ਮੰਜ਼ਿਲਾਂ, ਜੋ ਘੰਟਾ ਘਰ ਦੇ ਪਰਿਵੇਸ਼ ਦੁਆਰ ਤੋਂ ਦ੍ਰਿਸ਼ਟੀਗੋਚਰ ਹਨ ਉਸ ਨੂੰ ਢਾਹ ਦਿੱਤਾ ਜਾਵੇ। ਸਮੇਂ ਦੀਆਂ ਵੱਧ ਰਹੀਆਂ ਜ਼ਰੂਰਤਾਂ ਮੁਤਾਬਿਕ ਨਵੀਆਂ ਇਮਾਰਤਾਂ ਦੀ ਉਸਾਰੀ ਤਾਂ ਜਾਇਜ਼ ਹੈ, ਪ੍ਰੰਤੂ ਧਾਰਮਿਕ ਮਹੱਤਤਾ ਵਾਲੇ ਹਰੇਕ ਪਵਿੱਤਰ ਧਾਮ ਦੇ ਨਜ਼ਦੀਕ ਅਤੇ ਆਲੇ ਦੁਆਲੇ ਉਸਾਰੀ ਜਾਣ ਵਾਲੀ ਨਵੀਂ ਇਮਾਰਤ ਦਾ ਨਕਸ਼ਾ ਅਤੇ ਉਸਾਰੀ ਵਿਰਾਸਤੀ ਮਾਹਿਰਾਂ ਅਤੇ ਹੁਨਰਮੰਦਾਂ ਦੀ ਦੇਖ ਰੇਖ ਹੇਠ ਕਰਵਾਈ ਜਾਣੀ ਲਾਜ਼ਮੀ ਹੈ। ਪ੍ਰੰਤੂ ਲਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਅਹੁਦੇਦਾਰ ਅਤੇ ਅਧਿਕਾਰੀ ਕਾਰ ਸੇਵਾ ਦੀ ਮਰਿਆਦਾ ਲਾਗੂ ਕਰਦਿਆ ਹੋਇਆ ਨਵੀਂ ਉਸਾਰੀ ਲਈ ਜ਼ਰੂਰੀ ਸ਼ਰਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।











Comments (0)