ਸਾਬਕਾ ਜਵਾਈ ਦੀ ਹੱਤਿਆ ਦੇ ਮਾਮਲੇ ਵਿੱਚ ਸੱਸ ਨੂੰ ਉਮਰ ਭਰ ਲਈ ਜੇਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਦੱਖਣੀ ਫਲੋਰਿਡਾ ਦੇ ਇਕ ਅਮੀਰ ਪਰਿਵਾਰ ਦੀ 75 ਸਾਲਾ ਬਜ਼ੁਰਗ ਮਾਤਾ ਡੋਨਾ ਐਡਲਸਨ ਨੂੰ ਆਪਣੇ ਸਾਬਕਾ ਜਵਾਈ ਡੈਨੀਏਲ ਮਾਰਕਲ ਦੀ ਭਾੜੇ ਦੇ ਕਾਤਲਾਂ ਤੋਂ ਹੱਤਿਆ ਕਰਵਾਉਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਘਟਨਾ 2014 ਦੀ ਹੈ। ਇਕ ਪ੍ਰਸਿੱਧ ਫਲੋਰਿਡਾ ਸਟੇਟ ਯੁਨੀਵਰਸਿਟੀ ਵਿੱਚ ਲਾਅ ਪ੍ਰੋਫੈਸਰ ਮਾਰਕਲ ਦੀ ਆਪਣੀ ਪਤਨੀ ਜੋ ਕਿ ਐਡਲਸਨ ਦੀ ਧੀ ਸੀ, ਨਾਲ ਅਣਬਣ ਹੋ ਗਈ ਸੀ। ਉਸ ਦੀ ਟਾਲਾਹਾਸੀ ਸਥਿੱਤ ਘਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਫਤਾ ਭਰ ਚਲੀ ਸੁਣਵਾਈ ਉਪਰੰਤ ਐਡਲਸਨ ਨੂੰ ਪਹਿਲਾ ਦਰਜਾ ਹੱਤਿਆ, ਸਾਜਿਸ਼ ਤੇ ਹੋਰ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ। ਅਦਾਲਤ ਨੇ ਉਸ ਨੂੰ ਉਮਰ ਭਰ ਲਈ ਜੇਲ ਦੀ ਸਜ਼ਾ ਤੋਂ ਇਲਾਵਾ 30 ਸਾਲ ਹੋਰ ਜੇਲ ਕੱਟਣ ਦੀ ਸਜ਼ਾ ਵੀ ਸੁਣਾਈ। ਐਡਲਸਨ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਤੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਵੇਗੀ। ਜੱਜ ਵੱਲੋਂ ਸਜ਼ਾ ਸੁਣਾਉਣ ਤੋਂ ਪਹਿਲਾਂ ਟਾਲਾਹਾਸੀ ਦੀ ਅਦਾਲਤ ਵਿੱਚ ਭਾਵੁਕ ਹੋਈ ਐਡਲਸਨ ਨੇ ਕਿਹਾ ਕਿ ਉਹ ਨਿਰਦੋਸ਼ ਹੈ ਤੇ ਨਾਕਾਰਤਮਿਕ ਮੀਡੀਆ ਪ੍ਰਚਾਰ ਦੀ ਸ਼ਿਕਾਰ ਹੋਈ ਹੈ। ਉਸ ਨੇ ਕਿਹਾ ਜੋ ਕੁਝ ਡੈਨੀਏਲ ਨਾਲ ਹੋਇਆ ਉਹ ਨਾ ਭੁੱਲਣਯੋਗ ਹੈ ਪਰੰਤੂ ਮੈਨੂੰ ਬਿਨਾਂ ਸਬੂਤਾਂ ਦੇ ਦੋਸ਼ੀ ਕਰਾਰ ਦਿੱਤਾ ਗਿਆ ਹੈ। ਸਰਕਟ ਜੱਜ ਸਟੀਫਨ ਏਵਰਟ ਨੇ ਐਡਲਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਸ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਆਪਣੇ ਕੀਤੇ ਉਪਰ ਰਤਾ ਭਰ ਵੀ ਪਛਤਾਵਾ ਨਹੀਂ ਹੈ।


Comments (0)