ਸਾਲਾਨਾ ਸਰੀ ਨਗਰ ਕੀਰਤਨ ਵਿੱਚ ਸਾਡੇ ਪੰਜ ਲੱਖ ਤੋਂ ਵੱਧ ਸੰਗਤਾਂ ਨੇ ਕੀਤੀ ਰਿਕਾਰਡ ਤੋੜ ਸ਼ਮੂਲੀਅਤ
ਸਰੀ ਵਿਸਾਖੀ ਨਗਰ ਕੀਰਤਨ 'ਚ ਸਿੱਖ ਜਥੇਬੰਦੀਆਂ ਵੱਲੋਂ ਜਸਟਿਨ ਟਰੂਡੋ ਦਾ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 21 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਸਰੀ ਨਗਰ ਕੀਰਤਨ ਦਾ ਸਿੱਖ ਕੈਲੰਡਰ ਵਿੱਚ ਇੱਕ ਮਹੱਤਵਪੂਰਨ ਸਥਾਨ ਹੈ ਜੋ ਕਿ ਵਿਸਾਖੀ ਦੇ ਸਭ ਤੋਂ ਵੱਡੇ ਅਯੋਜਨਾਂ ਵਿੱਚੋਂ ਇੱਕ ਹੈ, ਜਿੱਥੇ ਲੱਖਾਂ ਹੀ ਸ਼ਰਧਾਲੂ ਇਕੱਠੇ ਹੋ ਕੇ ਆਪਣੇ ਧਰਮ ਅਤੇ ਸਭਿਆਚਾਰ ਨੂੰ ਮਾਣਦੇ ਹਨ। ਇਹ ਨਗਰ ਕੀਰਤਨ ਰਾਜਨੀਤਿਕ ਪੱਖ ਤੋਂ ਵੀ ਬੜਾ ਮਹੱਤਵਪੂਰਨ ਰਹਿੰਦਾ ਹੈ ਕਿਉਂਕਿ ਕੈਨੇਡਾ ਦੀਆਂ ਸਾਰੀਆਂ ਹੀ ਵੱਡੀਆਂ ਰਾਜਨੀਤਿਕ ਹਸਤੀਆਂ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਦੀਆਂ ਹਨ ਅਤੇ ਲੋਕਾਂ ਦੇ ਅੰਗ ਸੰਗ ਹੋਣ ਦਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੀਆਂ ਹਨ। ਨਗਰ ਕੀਰਤਨ ਦੌਰਾਨ ਭਾਈ ਹਰਦੀਪ ਸਿੰਘ ਨਿੱਝਰ ਟੀਮ (ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਪ੍ਰਬੰਧਕ) ਵੱਲੋਂ ਖਾਲਿਸਤਾਨ ਦੀ ਸਟੇਜ ਲਗਾਈ ਗਈ ਸੀ ਜਿੱਥੇ ਸਾਰੀਆਂ ਜਥੇਬੰਦੀਆਂ ਦੇ ਬੁਲਾਰੇ ਨੇ ਆਣ ਕੇ ਸੰਗਤਾਂ ਨਾਲ ਆਪਣੇ ਵਿਚਾਰ ਰੱਖੇ ਸਨ । ਨਗਰ ਕੀਰਤਨ ਵਿੱਚ ਐੱਸ.ਐਫ.ਜੇ. ਦੀ ਸਾਰੀ ਟੀਮ ਪੁਹੰਚੀ ਹੋਈ ਸੀ ਜਿਸ ਵਿੱਚ ਅਵਤਾਰ ਸਿੰਘ ਪੰਨੂ, ਡਾ ਬਖਸ਼ੀਸ਼ ਸਿੰਘ ਸੰਧੂ ਅਤੇ ਹੋਰ ਕਈ ਸਰਗਰਮ ਖਾਲਿਸਤਾਨੀ ਆਗੂ ਪਹੁੰਚੇ ਹੋਏ ਸਨ। ਨਗਰ ਕੀਰਤਨ ਦੌਰਾਨ ਸੰਗਤਾਂ ਵਲੋਂ ਖਾਲਿਸਤਾਨ ਦੇ ਝੰਡੇ ਹਜ਼ਾਰਾਂ ਦੀ ਗਿਣਤੀ ਵਿਚ ਹੱਥਾਂ ਵਿਚ ਫੜੇ ਹੋਏ ਸਨ ਤੇ ਉਨ੍ਹਾਂ ਨੂੰ ਓਹ ਅੰਬਰਾਂ ਤੱਕ ਲਹਿਰਾ ਰਹੇ ਸਨ । ਨਗਰ ਕੀਰਤਨ ਦੌਰਾਨ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਤੇ ਐੱਸਐੱਫਜੇ ਦੀ ਟੀਮ ਵੱਲੋਂ ਫਲੋਟ ਤਿਆਰ ਕੀਤਾ ਗਿਆ ਜਿਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਲਜ਼ਮ ਬਣਾਕੇ ਪੇਸ਼ ਕੀਤਾ ਗਿਆ ਅਤੇ ਗਲ ਵਿਚ ਕੈਦੀਆਂ ਵਾਲੀ ਤਖ਼ਤੀ ਪਾਈ ਗਈ । ਇਸ ਵਾਰ ਸਰੀ ਨਗਰ ਕੀਰਤਨ ਵਿਚ ਇੱਕ ਵਿਲੱਖਣ ਘਟਨਾਕ੍ਰਮ ਹੋਇਆ ਜਦੋਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਿੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨ ਦਿੱਤਾ ਗਿਆ, ਜੋ ਜਸਟਿਨ ਟਰੂਡੋ ਦੀ ਗੈਰ ਮੌਜੂਦਗੀ ਵਿੱਚ ਲਿਬਰਲ ਐਮਪੀ ਸੁੱਖ ਧਾਲੀਵਾਲ ਨੇ ਪ੍ਰਾਪਤ ਕੀਤਾ। ਇਸ ਸਨਮਾਨ ਸਬੰਧੀ ਸਿੱਖ ਜਥੇਬੰਦੀਆਂ ਦਾ ਇਹ ਤਰਕ ਸੀ ਕਿ ਜਸਟਿਨ ਟਰੂਡੋ ਦਾ ਨਾਮ ਸਿੱਖ ਜਗਤ ਵਿੱਚ ਹਮੇਸ਼ਾ ਨਵਾਬ ਸ਼ੇਰ ਮੁਹੰਮਦ ਖਾਨ ਦੀ ਤਰ੍ਹਾਂ ਸਤਿਕਾਰ ਨਾਲ ਲਿਆ ਜਾਵੇਗਾ ਜਿਨ੍ਹਾਂ ਛੋਟੇ ਸਾਹਿਬਜ਼ਾਦਿਆਂ ਤੋਂ ਗੁਰੂ ਗੋਬਿੰਦ ਸਿੰਘ ਹੱਥੋਂ ਜੰਗ ਚ ਮਾਰੇ ਆਪਣੇ ਭਰਾਵਾਂ ਦਾ ਬਦਲਾ ਲੈਣ ਲਈ ਸੂਬਾ ਸਰਹੰਦ ਦੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਇਹ ਕਹਿਕੇ ਹਾਅ ਦਾ ਨਾਅਰਾ ਮਾਰਿਆ ਸੀ ਕਿ ਬਾਪ ਦੇ ਗੁਨਾਹ ਦਾ ਬਦਲਾ ਬੱਚਿਆਂ ਤੋਂ ਲੈਣਾ ਦੀਨ ਦੇ ਉਲਟ ਹੈ ਅਤੇ ਨਵਾਬ ਸ਼ੇਰ ਮੁਹੰਮਦ ਖਾਨ ਦੀ ਤਰ੍ਹਾਂ ਹੀ ਜਸਟਿਨ ਟਰੂਡੋ ਨੇ ਸਿੱਖਾਂ ਦੇ ਹੱਕ ਵਿੱਚ ਉਦੋਂ ਹਾਅ ਦਾ ਨਾਅਰਾ ਮਾਰਿਆ ਸੀ ਜਦੋਂ ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖੜ੍ਹ ਕੇ ਭਾਰਤ ਦੀ ਸਰਕਾਰ ਉੱਤੇ ਇਹ ਇਲਜ਼ਾਮ ਲਗਾਏ ਸਨ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਸਰੀ ਵਿਖੇ ਹੋਏ ਕਤਲ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੋਣ ਦੀ ਸੂਚਨਾ ਉਹਨਾਂ ਦੇ ਕੋਲ ਹੈ। ਇਹ ਹਰ ਕੋਈ ਮੰਨਦਾ ਹੈ ਕਿ ਟਰੂਡੋ ਦੀ ਕੈਨੇਡੀਅਨ ਸਿੱਖ ਸਫ਼ਾਂ ਚ ਪਛਾਣ ਇਸ ਕਦਰ ਗੂੜ੍ਹੀ ਹੋ ਚੁੱਕੀ ਹੈ ਕਿ ਜੇ ਟਰੂਡੋ ਮੁੜ ਤੋਂ ਸਿਆਸਤ ਵਿਚ ਸਰਗਰਮ ਹੋਣ ਤਾਂ ਸਿੱਖ ਜਗਤ ਉਨ੍ਹਾਂ ਨੂੰ ਕੋਈ ਵੀ ਲੀਡਰਸ਼ਿਪ ਦੌੜ ਹਾਰਨ ਨਹੀਂ ਦੇਵੇਗਾ ਕਿਉਂਕਿ ਸਿੱਖ ਪੰਥ ਨੂੰ ਟਰੂਡੋ ਦੇ ਇਸ ਅਹਿਸਾਨ ਨੂੰ ਕਦੇ ਵੀ ਭੁਲਾ ਨਹੀਂ ਸਕਦਾ ਜਦੋਂ ਉਹ ਇੱਕ ਧਿਰ ਬਣ ਕੇ ਸਿੱਖਾਂ ਦੇ ਨਾਲ ਖਲੋਤੇ ਸਨ। ਸਿੱਖ ਜਗਤ ਹਮੇਸ਼ਾ ਹੀ ਜਸਟਿਨ ਟਰੂਡੋ ਦਾ ਰਿਣੀ ਰਹੇਗਾ। ਇਸ ਮੌਕੇ ਸਟੇਜ ਤੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਨਗਰ ਕੀਰਤਨ ਦੌਰਾਨ ਵੈਨਕੂਵਰ ਦੇ ਵਿੱਚ “ਰੈਫਰੰਡਮ” ਦੇ ਤੀਸਰੇ ਪੜਾਅ ਦੀ ਚੋਣਾਂ ਦਾ ਐਲਾਨ ਕੀਤਾ ਗਿਆ ਜੋ ਕਿ 1 ਨਵੰਬਰ 2025 ਨੂੰ ਵੈਂਕੁਵਰ ਵਿਖ਼ੇ ਹੋਵੇਗਾ।











Comments (0)