ਮੋਦੀ ਸਰਕਾਰ ਦੇ ਸੈਕੁਲਰ ਸਿਵਲ ਕੋਡ ਦੀ ਫੂਕ ਨਿਕਲੀ, ਵਿਰੋਧੀ ਧਿਰਾਂ ਮੋਦੀ ਸਰਕਾਰ ਦੇ ਏਜੰਡੇ ਖਿਲਾਫ ਡਟੀਆਂ

ਮੋਦੀ ਸਰਕਾਰ ਦੇ ਸੈਕੁਲਰ ਸਿਵਲ ਕੋਡ ਦੀ ਫੂਕ ਨਿਕਲੀ, ਵਿਰੋਧੀ ਧਿਰਾਂ ਮੋਦੀ ਸਰਕਾਰ ਦੇ ਏਜੰਡੇ ਖਿਲਾਫ ਡਟੀਆਂ

ਟੀਡੀਪੀ ਅਤੇ ਜੇਡੀ-ਯੂ ਵਲੋਂ ਮੋਦੀ ਦੇ ਫੈਸਲੇ ਦਾ ਵਿਰੋਧ,ਕਿਹਾ ਕਿ ਸਾਰੇ ਫੈਸਲੇ ਸਲਾਹ ਨਾਲ ਹੋਣਗੇ

*ਪੰਥਕ ਜਥੇਬੰਦੀਆਂ ਵਲੋਂ ਡਟਵਾਂ ਵਿਰੋਧ

ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਦੇਸ਼ ਨੂੰ ਆਪਣੇ ਲਗਾਤਾਰ 11ਵੇਂ ਸੰਬੋਧਨ ਵਿਚ ਜਿੱਥੇ ‘ਸੈਕੁਲਰ’ ਸਿਵਲ ਕੋਡ ਨੂੰ ਸਮੇਂ ਦੀ ਲੋੜ ਦੱਸਿਆ, ਉਥੇ ਇਕੋ ਵੇਲੇ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਉਣ ਦੀ ਵਕਾਲਤ ਕੀਤੀ। ਇਕਸਾਰ ਸਿਵਲ ਕੋਡ (ਯੂਸੀਸੀ) ਤੇ ‘ਇਕ ਰਾਸ਼ਟਰ ਇਕ ਚੋਣ’ ਦੋਵੇਂ ਹੀ ਸੱਤਾਧਾਰੀ ਭਾਜਪਾ ਦੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਹਨ।

 ਉਨ੍ਹਾਂ ਆਪਣੀ ਗੱਲ ਰੱਖਣ ਲਈ ਸੁਪਰੀਮ ਕੋਰਟ ਦੇ ਫੈਸਲਿਆਂ ਦਾ ਵੀ ਹਵਾਲਾ ਦਿੱਤਾ। ਸ੍ਰੀ ਮੋਦੀ ਨੇ ਕਿਹਾ, ‘‘ਸਮਾਜ ਦਾ ਇਕ ਵੱਡਾ ਵਰਗ ਮੰਨਦਾ ਹੈ ਤੇ ਇਹ ਸੱਚ ਵੀ ਹੈ ਕਿ ਮੌਜੂਦਾ ਸਿਵਲ ਕੋਡ ਇਕ ਤਰੀਕੇ ਨਾਲ ਫਿਰਕੂ ਸਿਵਲ ਕੋਡ ਹੈ। ਅਸੀਂ 75 ਸਾਲ ਇਸ ਫਿਰਕੂ ਸਿਵਲ ਕੋਡ ਨਾਲ ਕੱਢੇ ਹਨ। ਇਹ ਸਿਵਲ ਕੋਡ ਹੈ ਜੋ ਪੱਖਪਾਤ ਨੂੰ ਹੱਲਾਸ਼ੇਰੀ ਦਿੰਦਾ ਹੈ। ਇਹ ਦੇਸ਼ ਨੂੰ ਧਾਰਮਿਕ ਲੀਹਾਂ ’ਤੇ ਵੰਡਦਾ ਹੈ ਤੇ ਨਾਬਰਾਬਰੀ ਦਾ ਪ੍ਰਚਾਰ ਪਾਸਾਰ ਕਰਦਾ ਹੈ। ਹੁਣ ਸਾਨੂੰ ਸੈਕੁਲਰ ਸਿਵਲ ਕੋਡ ਵੱਲ ਵਧਣਾ ਹੋਵੇਗਾ। ਦੇਸ਼ ਵਿਚ ਧਰਮ-ਨਿਰਪੱਖ ਸਿਵਲ ਕੋਡ ਸਮੇਂ ਦੀ ਲੋੜ ਹੈ। ਇਹ ਸੰਵਿਧਾਨ ਦੀ ਰੂਹ ਹੈ।

ਸਿਆਸੀ ਮਾਹਿਰ ਆਖਦੇ ਹਨ ਕਿ ਇਸ ਕਨੂੰਨ ਨੂੰ ਲਾਗੂ ਕਰਨਾ ਮੋਦੀ ਲਈ ਸੌਖਾ ਨਹੀਂ।ਇਹ ਗੱਲ ਉਨ੍ਹਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਕਹੀ ਸੀ। ਤਦ ਇਹ ਗਲ ਅਲੱਗ ਸੀ. ਉਸ ਸਮੇਂ ਲੋਕ ਸਭਾ ਵਿੱਚ ਭਾਰਤੀ ਜਨਤਾ ਪਾਰਟੀ ਕੋਲ ਬਹੁਮਤ ਸੀ ਅਤੇ ਹੁਣ ਆਮ ਚੋਣਾਂ ਵਿੱਚ ਭਾਜਪਾ ਦੇ ਖੰਭ ਉਖੜ ਗਏ ਹਨ।ਭਾਜਪਾ ਕੋਲ ਬਹੁਮਤ ਨਹੀਂ ਹੈ।ਇਸ ਕਾਰਣ ਉਹ ਇਹ ਕਨੂੰਨ ਲਾਗੂ ਨਹੀਂ ਕਰ ਸਕਣਗੇ।

 ਵਿਰੋਧੀ ਧਿਰਾਂ ਵਲੋਂ ਸਖਤ ਵਿਰੋਧ

 ਵਿਰੋਧੀ ਧਿਰਾਂ ਨੇ ਆਜ਼ਾਦੀ ਦਿਹਾੜੇ ਦੀ ਤਕਰੀਰ ਵਿਚ ‘ਫਿਰਕੂ ਸਿਵਲ ਕੋਡ’ ਬਾਰੇ ਟਿੱਪਣੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਖੇਧੀ ਕਰਦਿਆਂ ਉਨ੍ਹਾਂ ’ਤੇ ‘ਵੰਡਪਾਊ ਏਜੰਡੇ’ ਦੇ ਪ੍ਰਚਾਰ ਪਾਸਾਰ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਟਿੱਪਣੀ ਸੰਵਿਧਾਨ ਨਿਰਮਾਤਾ ਬੀਆਰ ਅੰਬੇਡਕਰ ਦਾ ‘ਵੱਡਾ ਅਪਮਾਨ’ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਸ੍ਰੀ ਮੋਦੀ ਨੇ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੀ ‘ਈਰਖਾ, ਸ਼ਰਾਰਤ ਤੇ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਆਪਣੀ ਸਮਰੱਥਾ ਦੀ ਖੁੱਲ੍ਹ ਕੇ ਨੁਮਾਇਸ਼ ਕੀਤੀ।’ ਇਹ ਕਹਿਣਾ ਕਿ ਹੁਣ ਤੱਕ ਸਾਡੇ ਕੋਲ ‘ਫ਼ਿਰਕੂ ਸਿਵਲ ਕੋਡ’ ਸੀ ਡਾ. ਅੰਬੇਦਕਰ, ਜੋ ਹਿੰਦੂ ਪਰਸਨਲ ਲਾਅਜ਼ (ਜਿਨ੍ਹਾਂ 1950ਵਿਆਂ ਦੇ ਮੱਧ ਵਿਚ ਹਕੀਕੀ ਰੂਪ ਲਿਆ) ਵਿਚ ਸੁਧਾਰਾਂ ਦੇ ਮਹਾਨ ਚੈਂਪੀਅਨ ਦਾ ਵੱਡਾ ਨਿਰਾਦਰ ਹੈ। ਆਰਐੱਸਐੱਸ ਤੇ ਜਨ ਸੰਘ ਇਨ੍ਹਾਂ ਸੁਧਾਰਾਂ ਦਾ ਜਮ ਕੇ ਵਿਰੋਧ ਕਰਦੇ ਰਹੇ ਹਨ।’’ 

ਉਧਰ ਸੀਪੀਆਈ ਦੇ ਜਨਰਲ ਸਕੱਤਰ ਡੀ. ਰਾਜਾ ਨੇ ਕਿਹਾ ਕਿ ਸ੍ਰੀ ਮੋਦੀ ਨੇ ਆਜ਼ਾਦੀ ਦਿਹਾੜੇ ਦੀ ਆਪਣੀ ਤਕਰੀਰ ਵਿਚ ਦੇਸ਼ ਨੂੰ ਇਕਜੁੱਟ ਕਰਨ ਤੇ ਲੋਕਾਂ ਨੂੰ ਪ੍ਰੇਰਨਾ ਦੇਣ ਲਈ ਕੋਈ ਮੁੱਦਾ ਨਹੀਂ ਰੱਖਿਆ। ਉਨ੍ਹਾਂ ਕਿਹਾ, ‘‘ਸ੍ਰੀ ਮੋਦੀ ਨੇ ਜੋ ਕੁਝ ਬੋਲਿਆ ਉਹ ਆਰਐੱਸਐੱਸ ਦਾ ਵੰਡਪਾਊ ਏਜੰਡਾ ਹੈ। ਪ੍ਰਧਾਨ ਮੰਤਰੀ ਨੇ 2047 ਦੀ ਗੱਲ ਕੀਤੀ, ਪਰ ਉਹ ਦੇਸ਼ ਦੀ ਅਨੇਕਤਾ ਤੇ ਵੰਨ-ਸੁਵੰਨਤਾ ਦੀ ਗੱਲ ਕਰਨ ਵਿਚ ਨਾਕਾਮ ਰਹੇ। ਉਹ ਦੇਸ਼ ’ਤੇ ਇਕਸਾਰਤਾ ਥੋਪਣ ਦੀ ਕੋਸ਼ਿਸ਼ ਕਰ ਰਹੇ ਹਨ।’’