ਹਰਿਆਣਾ ਕਮੇਟੀ ਚੋਣਾਂ 'ਵਿਚ ਝੀਂਡਾ ਗਰੁੱਪ ਦਾ ਬੋਲਬਾਲਾ

ਹਰਿਆਣਾ ਕਮੇਟੀ ਚੋਣਾਂ 'ਵਿਚ ਝੀਂਡਾ ਗਰੁੱਪ  ਦਾ ਬੋਲਬਾਲਾ

ਸੰਤ ਦਾਦੂਵਾਲ ਚੋਣ ਹਾਰੇ, ਨਲਵੀ ਦੀ ਘੱਟ ਵੋਟਾਂ ਨਾਲ ਜਿੱਤੇ

* ਬਹੁਮਤ ਨਾ ਮਿਲਣ 'ਤੇ ਝੀਂਡਾ ਨੇ ਅਸਤੀਫਾ ਦਿੱਤਾ,ਬਾਅਦ ਵਿਚ ਵਾਪਸ ਲਿਆ 

*ਜਿੱਤੇ ਉਮੀਦਵਾਰਾਂ ਦੇ ਦਬਾਅ ਹੇਠ ਝੀਂਡਾ ਨੇ ਫੈਸਲਾ ਵਾਪਸ ਲਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਕਰਨਾਲ-ਹਰਿਆਣਾ ਦੇ ਸਿੱਖਾਂ ਦੀ ਕਰੀਬ 25 ਸਾਲ ਪਹਿਲਾਂ ਉੱਠੀ ਹਰਿਆਣਾ ਦੇ ਗੁਰਦੁਆਰਿਆਂ ਦੀ ਵੱਖਰੀ ਮੈਨੇਜਮੈਂਟ ਕਮੇਟੀ ਬਣਾਉਣ ਦੀ ਮੰਗ ਪੂਰੀ ਹੋ ਗਈ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਹੋਈ ਪਲੇਠੀ ਚੋਣ ਦੇ ਨਤੀਜੇ ਆ ਚੁਕੇ ਹਨ, ਕਮੇਟੀ ਦੀ ਚੋਣ ਵਿਚ 69.37 ਫ਼ੀਸਦੀ ਵੋਟਿੰਗ ਹੋਈ ਹੈ। ਇਸ ਚੋਣ ਨੂੰ ਲੈ ਕੇ ਸੂਬੇ ਦੇ ਸਿੱਖ ਵੋਟਰਾਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਔਰਤਾਂ ਸਣੇ ਨੌਜਵਾਨ ਵੋਟਰਾਂ ਨੇ ਇਸ ਚੋਣ ਵਿਚ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।ਕਮੇਟੀ ਦੇ ਕੁੱਲ 40 ਮੈਂਬਰ ਚੁਣੇ ਗਏ ਸਨ, ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਅਕਾਲੀ ਦਲ ਪੰਥਕ ਦੇ ਜਗਦੀਸ਼ ਸਿੰਘ ਝੀਂਡਾ ਤੇ ਜੋਗਾ ਸਿੰਘ ਯਮੁਨਾਨਗਰ, ਸਿੱਖ ਸਮਾਜ ਸੰਸਥਾ ਦੇ ਦੀਦਾਰ ਸਿੰਘ ਨਲਵੀ ਅਤੇ ਹਰਿਆਣਾ ਸਿੱਖ ਪੰਥਕ ਦਲ ਦੇ ਬਲਦੇਵ ਸਿੰਘ ਕਾਇਮਪੁਰੀ ਤੇ ਮੋਹਨਜੀਤ ਸਿੰਘ ਸ਼ਾਮਿਲ ਹਨ, ਜਦੋਂ ਕਿ ਕਾਲਾਂਵਲੀ ਦੇ ਵਾਰਡ 35 ਤੋਂ ਚੋਣ ਲੜਨ ਵਾਲੇ ਸੰਤ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਦੀ ਹਾਰ ’ਤੇ ਸਿੱਖ ਸੰਗਤ ਹੈਰਾਨੀ ਵਿਚ ਹੈ। ਉਨ੍ਹਾਂ ਦੀ 1771 ਵੋਟਾਂ ਨਾਲ ਹਾਰ ਹੋਈ ਹੈ। ਉਨ੍ਹਾਂ ਨੂੰ ਹਰਾਉਣ ਵਾਲੇ ਐਡਵੋਕੇਟ ਬਿੰਦਰ ਸਿੰਘ ਖ਼ਾਲਸਾ ਦੀ ਉਮਰ ਸਿਰਫ਼ 28 ਸਾਲ ਹੈ। ਖ਼ਾਲਸਾ ਨੂੰ 4814 ਵੋਟਾਂ ਮਿਲੀਆਂ ਹਨ ਜਦਕਿ ਦਾਦੂਵਾਲ ਨੂੰ 3147 ਵੋਟਾਂ ਮਿਲੀਆਂ।

ਇਨ੍ਹਾਂ ਚੋਣਾਂ ਦੌਰਾਨ ਮਹੱਤਵਪੂਰਨ ਗੱਲ ਇਹ ਰਹੀ ਕਿ ਚੋਣ ਲੜ ਰਹੀਆਂ ਚਾਰੋਂ ਪ੍ਰਮੁੱਖ ਧਿਰਾਂ ਵਲੋਂ ਪੂਰੇ 40 ਹਲਕਿਆਂ ਵਿਚ ਉਮੀਦਵਾਰ ਨਹੀਂ ਉਤਾਰੇ ਗਏ ਸਨ, ਜਿਸ ਕਰਕੇ ਆਏ ਨਤੀਜਿਆਂ ਵਿਚ ਕਿਸੇ ਵੀ ਧਿਰ ਨੂੰ ਬਹੁਮਤ ਨਹੀਂ ਮਿਲਿਆ ਅਤੇ ਆਜ਼ਾਦ ਚੋਣ ਲੜਨ ਵਾਲੇ 22 ਉਮੀਦਵਾਰਾਂ ਨੂੰ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਹੋਈ ਹੈ, ਜਿਸ ਕਾਰਨ ਆਜ਼ਾਦ ਜਿੱਤੇ ਮੈਂਬਰਾਂ ਦੀ ਭੂਮਿਕਾ ਸਭ ਤੋਂ ਵੱਧ ਮਹੱਤਵਪੂਰਨ ਹੋ ਗਈ ਹੈ। ਝੀਂਡਾ ਗਰੁੱਪ ਸਭ ਤੋਂ ਵੱਡੀ ਧਿਰ ਵਜੋਂ ਸਾਹਮਣੇ ਆਇਆ ਹੈ, ਜਿਸ ਦੇ 9 ਉਮੀਦਵਾਰ ਚੋਣ ਜਿੱਤਣ ਵਿਚ ਸਫਲ ਰਹੇ ਹਨ।ਅਕਾਲੀ ਦਲ ਦਲ ਦੂਜੇ ਸਥਾਨ 'ਤੇ ਰਿਹਾ, ਜਿਸ ਦੇ 5 ਉਮੀਦਵਾਰ ਜੇਤੂ ਰਹੇ ਅਤੇ ਨਲਵੀ ਗਰੁੱਪ 3 ਹਲਕਿਆਂ ਵਿਚ ਜਿੱਤ ਪ੍ਰਾਪਤ ਕਰਕੇ ਤੀਜੇ ਸਥਾਨ 'ਤੇ ਰਿਹਾ।

40 ਮੈਂਬਰਾਂ ਦੀ ਚੋਣ ਤੋਂ ਬਾਅਦ ਇਨ੍ਹਾਂ ਵਿਚੋਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸਣੇ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਹੁਣ ਤੋਂ ਪਹਿਲਾਂ ਐੱਸਜੀਪੀਸੀ ਤਹਿਤ ਹਰਿਆਣਾ ਤੋਂ ਮੈਂਬਰ ਚੁਣੇ ਜਾਂਦੇ ਸਨ। ਇਹ ਪਹਿਲਾ ਮੌਕਾ ਹੈ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਆਜ਼ਾਦ ਚੋਣਾਂ ਹੋਈਆਂ ਹਨ।

ਝੀਂਡਾ ਨੇ ਅਸਤੀਫਾ ਵਾਪਸ ਲਿਆ

ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਹੋਈਆਂ ਚੋਣਾਂ 'ਚ ਪੰਥਕ ਦਲ ਝੀਂਡਾ ਗਰੁੱਪ ਨੂੰ ਬਹੁਮਤ ਨਾ ਮਿਲਣ 'ਤੇ ਜਗਦੀਸ਼ ਸਿੰਘ ਝੀਂਡਾ ਨੇ ਬੀਤੇ ਦਿਨੀਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ। ਜਿਸ ਤੋਂ ਬਾਅਦ ਸੰਗਤ ਤੇ ਉਨ੍ਹਾਂ ਦੇ ਜਿੱਤੇ ਉਮੀਦਵਾਰਾਂ ਦੇ ਦਬਾਅ ਹੇਠ ਉਨ੍ਹਾਂ ਫੈਸਲਾ ਵਾਪਸ ਲੈ ਲਿਆ ।ਦੱਸਣਯੋਗ ਹੈ ਕਿ ਚੋਣ ਕਮਿਸ਼ਨ ਵਲੋਂ ਜਾਰੀ ਲਿਸਟ ਵਿਚ ਝੀਂਡਾ ਗਰੁੱਪ ਦੇ 11 ਮੈਂਬਰ ਜੇਤੂ ਦਰਸਾਏ ਗਏ ਜਿਨ੍ਹਾਂ ਵਿਚੋਂ ਇਕ ਮੋਹਨਜੀਤ ਸਿੰਘ ਪਾਣੀਪਤ ਵੀ ਸ਼ਾਮਲ ਹਨ ਪਰ ਝੀਂਡਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਦੇ 10 ਨਹੀਂ 9 ਉਮੀਦਵਾਰ ਜਿੱਤੇ ਹਨ ਤੇ ਚੋਣ ਕਮਿਸ਼ਨ ਦੀ ਗਲਤੀ ਕਾਰਨ ਗਲਤ ਅੰਕੜੇ ਆਏ ਹਨ।

 ਇਸ ਮੌਕੇ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਮੈਂ ਚੋਣਾਂ ਤੋਂ ਪਹਿਲਾਂ ਪੂਰੇ ਹਰਿਆਣਾ ਵਿਚ ਸੰਗਤ ਨੂੰ ਮਿਲ ਕੇ ਆਇਆ ਸੀ ਜਿਸ 'ਤੇ ਸੰਗਤ ਨੇ ਮੈਨੂੰ ਭਰੋਸਾ ਦਿੱਤਾ ਕਿ ਅਸੀਂ ਵੱਖਰੀ ਕਮੇਟੀ ਲਈ ਕੀਤੇ ਗਏ ਸੰਘਰਸ਼ ਨੂੰ ਵੋਟਾਂ ਪਾਵਾਂਗੇ ਜਿਸ ਤੋਂ ਬਾਅਦ ਅਸੀਂ ਆਪਣੇ ਚੋਣ ਨਿਸ਼ਾਨ 'ਤੇ 29 ਉਮੀਦਵਾਰ ਮੈਦਾਨ ਵਿਚ ਉਤਾਰੇ ਸਨ ਪਰ ਕਿਸੇ ਕਾਰਨ ਅੱਠ ਉਮੀਦਵਾਰਾਂ ਨੇ ਚੋਣ ਨਿਸ਼ਾਨ 'ਤੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਸੀ ।ਜਿਸ ਤੋਂ ਬਾਅਦ ਮੇਰੇ 21 ਮੈਂਬਰਾਂ ਨੇ ਚੋਣਾਂ ਲੜੀਆਂ ਪਰ ਹਰਿਆਣੇ ਦੀ ਸੰਗਤ ਨੇ ਸਿਰਫ 9 ਉਮੀਦਵਾਰਾਂ ਨੂੰ ਹੀ ਚੋਣ ਮੈਦਾਨ ਵਿਚ ਜਿੱਤ ਦਵਾਈ ਸੀ।

 ਚੋਣਾਂ ਵਿੱਚ ਅਕਾਲੀ ਦਲ ਵੱਲੋਂ ਵੱਡੀ ਜਿੱਤ ਦਾ ਦਾਅਵਾ ! 

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਤੀਜਿਆਂ ਵਿੱਚ ਅਕਾਲੀ ਦਲ ਨੇ ਵੱਡੀ ਜਿੱਤ ਦਾ ਦਾਅਵਾ ਕੀਤਾ ਹੈ । ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸ਼ੋਸ਼ਲ ਮੀਡੀਆ ਅਕਾਊਂਟ ਦੇ ਜਾਣਕਾਰੀ ਸਾਂਝੀ ਕਰਦੇ ਹੋਏ 40 ਵਾਰਡਾਂ ਵਿੱਚੋਂ ਗੱਠਜੋੜ ਰਾਹੀਂ ਟੋਟਲ 17 ‘ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਜਦਕਿ ਕਿਸੇ ਇੱਕ ਗਰੁੱਪ ਨੂੰ ਬਹੁਮਤ ਨਹੀਂ ਮਿਲਿਆ ਹੈ।

ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਕਿਸੇ ਵੀ ਸਿਆਸੀ ਪਾਰਟੀ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਸੀ ਇਸੇ ਲਈ ਬਾਦਲ ਦਲ ਨੇ ਹਰਿਆਣਾ ਸਿੱਖ ਪੰਥਕ ਦਲ ਬਣਾ ਕੇ ਚੋਣ ਲੜੀ ਜਿਸ ਦਾ ਚੋਣ ਨਿਸ਼ਾਨ ਢੋਲ ਸੀ । ਢੋਲ ਦੇ ਨਿਸ਼ਾਨ ‘ਤੇ ਅਕਾਲੀ ਦਲ ਦੇ 6 ਉਮੀਦਵਾਰ ਜਿੱਤਣ ਦਾ ਦਾਅਵਾ ਕੀਤਾ ਸੀ। ਦਲਜੀਤ ਸਿੰਘ ਚੀਮਾ ਨੇ ਹਰਿਆਣਾ ਦੀ ਸਿੱਖ ਸੰਗਤ ਦਾ ਧੰਨਵਾਦ ਕੀਤਾ ਹੈ