ਮਸ਼ਹੂਰ ਅਦਾਕਾਰ ਥਾਮਸ ਜੈਫਰਸਨ ਬਾਇਰਡ ਦੀ ਗੋਲੀਆਂ ਮਾਰ ਕੇ ਹੱਤਿਆ
ਕੈਲੀਫੋਰਨੀਆ, (ਹੁਸਨ ਲੜੋਆ ਬੰਗਾ): ਮਸ਼ਹੂਰ ਅਦਾਕਾਰ ਥਾਮਸ ਜੈਫਰਸਨ ਬਾਇਰਡ ਜੋ ਸਪਾਈਕ ਲੀ ਦੀਆਂ ਫਿਲਮਾਂ ਵਿਚ ਨਿਭਾਈਆਂ ਯਾਦਗਾਰੀ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ, ਦੀ ਐਟਲਾਂਟਾ (ਜਾਰਜੀਆ) ਵਿਚ ਅਣਪਛਾਤੇ ਹਮਲਾਵਰ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ 70 ਸਾਲਾ ਬਾਇਰਡ ਦੀ ਹੱਤਿਆ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਜਦੋਂ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ ਤਾਂ ਉਨਾਂ ਨੂੰ ਇਕ ਬੇਜਾਨ ਵਿਅਕਤੀ ਜ਼ਮੀਨ ਉਪਰ ਡਿੱਗਾ ਪਿਆ ਮਿਲਿਆ।
ਬਾਅਦ ਵਿਚ ਉਸ ਦੀ ਪਛਾਣ ਬਾਇਰਡ ਵਜੋਂ ਹੋਈ। ਐਟਲਾਂਟਾ ਪੁਲਿਸ ਦੇ ਬੁਲਾਰੇ ਐਨਥਨੀ ਗਰਾਂਟ ਨੇ ਦਸਿਆ ਕਿ ਡਾਕਟਰਾਂ ਅਨੁਸਾਰ ਬਰਾਇਡ ਦੀ ਮੌਤ ਉਸ ਦੀ ਪਿੱਠ ਵਿਚ ਮਾਰੀਆਂ ਗਈਆਂ ਗੋਲੀਆਂ ਕਾਰਨ ਹੋਈ ਹੈ। ਗਰਾਂਟ ਨੇ ਦਸਿਆ ਕਿ ਪੁਲਿਸ ਅਧਿਕਾਰੀ ਹਾਲਾਤ ਦਾ ਜਾਇਜ਼ ਲੈ ਰਹੇ ਹਨ ਤੇ ਮਾਮਲੇ ਦੀ ਬਹੁਤ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਸਪਾਈਕ ਲੀ ਵੱਲੋਂ 1995 ਤੋਂ 2005 ਦਰਮਿਆਨ ਬਣਾਈਆਂ ਗਈਆਂ 8 ਫਿਲਮਾਂ ਵਿਚ ਬਾਇਰਡ ਨੇ ਕੰਮ ਕੀਤਾ ਜਿਨਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਸਪਾਈਕ ਲੀ ਨੇ ਬਰਾਇਡ ਦੀ ਮੌਤ ਉਪਰ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਮੇਰਾ ਪਿਆਰਾ ਭਰਾ ਸੀ। ਉਹ ਹਮੇਸ਼ਾਂ ਮੇਰੀਆਂ ਯਾਦਾਂ ਵਿਚ ਰਹੇਗਾ।











Comments (0)