ਸਿੰਘ ਸਾਹਿਬਾਨ ਦੀ ਮੀਟਿੰਗ ਮੁਲਤਵੀ ਹੋਣ ਕਾਰਣ ਜਥੇਦਾਰ ਹਰਪ੍ਰੀਤ ਸਿੰਘ ਪਰੇਸ਼ਾਨ

ਸਿੰਘ ਸਾਹਿਬਾਨ ਦੀ ਮੀਟਿੰਗ ਮੁਲਤਵੀ ਹੋਣ ਕਾਰਣ ਜਥੇਦਾਰ ਹਰਪ੍ਰੀਤ ਸਿੰਘ ਪਰੇਸ਼ਾਨ

*ਪਹਿਲਾਂ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ ਫਿਰ ਹੋਵੇਗੀ ਮੀਟਿੰਗ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਤਲਵੰਡੀ ਸਾਬੋ-28 ਜਨਵਰੀ ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਮੁਲਤਵੀ ਕਰ ਦਿੱਤੇ ਜਾਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਤੀਕਰਮ ਦਿੰਦਿਆਂ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਮੇਰੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ ਫਿਰ ਬਾਅਦ ਵਿਚ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਵੇਗੀ । ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਖ਼ਿਲਾਫ਼ ਬਣਾਈ ਤਿੰਨ ਮੈਂਬਰੀ ਕਮੇਟੀ ਦੀ ਸਰਪ੍ਰਸਤੀ ਅਕਾਲ ਤਖ਼ਤ ਸਾਹਿਬ ਵਲੋਂ ਕੱਢੇ ਇੱਕ ਆਗੂ ਵਲੋਂ ਕੀਤੀ ਜਾ ਰਹੀ ਹੈ ਅਤੇ ਉਕਤ ਆਗੂ ਵਲੋਂ ਆਪਣੀ ਗੱਡੀ ਵਿਚ ਬਿਠਾ ਕੇ ਮੇਰੇ ਖ਼ਿਲਾਫ਼ ਗਵਾਹੀਆਂ ਦੁਆਈਆਂ ਜਾ ਰਹੀਆਂ ਹਨ। ਉਕਤ ਬਿਆਨ ਵਿਚ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਜਾਂਚ ਕਮੇਟੀ ਵਲੋਂ ਜਿੱਥੇ ਮੇਰੇ ਬਾਰੇ ਪੁੱਛ ਪੜਤਾਲ ਕੀਤੀ ਗਈ ਉਥੇ ਇਹ ਕੋਸ਼ਿਸ਼ ਵੀ ਕੀਤੀ ਗਈ ਕਿ ਮੇਰੇ ਖ਼ਿਲਾਫ਼ ਲਿਖ ਕੇ ਲਿਆ ਜਾਵੇ ਕਿ ਪੰਜ ਪਿਆਰੇ ਸਾਹਿਬਾਨ ਅੱਗੇ ਪੇਸ਼ ਹੋ ਕੇ ਮੈਂ ਗੁਰਮਰਿਆਦਾ ਦੀ ਉਲੰਘਣਾ ਕੀਤੀ ਹੈ ਪਰ ਕਿਸੇ ਨੇ ਵੀ ਇਹ ਲਿਖ ਕੇ ਨਹੀਂ ਦਿੱਤਾ । ਉਨ੍ਹਾਂ ਬਿਨ੍ਹਾਂ ਕਿਸੇ ਦਾ ਨਾਮ ਲਿਆ ਅੱਗੇ ਬੋਲਿਆ ਹੈ ਕਿ ਜਿਹੜੇ ਈਨ ਮੰਨ ਲੈਂਦੇ ਹਨ ਉਨ੍ਹਾਂ ਨੂੰ ਸੇਵਾਮੁਕਤੀ ਤੋਂ ਬਾਅਦ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਜਿਹੜਾ ਈਨ ਮੰਨਣ ਲਈ ਤਿਆਰ ਨਹੀਂ ਹੁੰਦਾ ਉਸ ਵਲੋਂ ਜਥੇਦਾਰੀ ਦੇ ਕਾਰਜਕਾਲ ਦੌਰਾਨ ਖਾਧੀ ਰੋਟੀ ਪਾਣੀ ਤੱਕ ਦਾ ਹਿਸਾਬ ਗਿਣਿਆ ਜਾਂਦਾ ਹੈ ।ਉਨ੍ਹਾਂ ਕਿਹਾ ਕਿ ਹੁਣ ਜਾਂਚ ਕਮੇਟੀ ਬੜੀ ਤੇਜ਼ੀ ਨਾਲ ਕੰਮ ਕਰਦਿਆਂ ਮੇਰੇ ਖ਼ਿਲਾਫ਼ ਮਾਹੌਲ ਸਿਰਜ ਰਹੀ ਹੈ ਅਤੇ ਜਲਦ ਅੰਤਿ੍ੰਗ ਕਮੇਟੀ ਦੀ ਮੀਟਿੰਗ ਬੁਲਾ ਕੇ ਮੇਰੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ ਪਰ ਨਾਲ ਹੀ ਉਨ੍ਹਾਂ ਚੁਣੌਤੀ ਵੀ ਦਿੱਤੀ ਹੈ ਕਿ ਮੇਰੇ ਖ਼ਿਲਾਫ਼ ਜੋ ਦੋਸ਼ ਲਾਉਣੇ ਹਨ ਲਾਉ ਅਤੇ ਮੈਨੂੰ ਸੇਵਾਵਾਂ ਤੋਂ ਲਾਂਭੇ ਕਰੋ ਫਿਰ ਮੈਂ ਜਵਾਬ ਦੇਵਾਂਗਾ, ਆਪਣੀ ਕੌਮ ਦੇ ਸਹਿਯੋਗ ਨਾਲ ਆਪਣੇ ਖ਼ਿਲਾਫ਼ ਸਿਰਜੇ ਗਏ ਮਾਹੌਲ ਦੇ ਬਾਰੇ।