ਸ਼ੇਰੇ ਪੰਜਾਬ ਦੇ ਇਤਿਹਾਸ ਨਾਲ ਜੁੜਿਆ ਜਸਰੋਟੇ ਦਾ ਕਿਲ੍ਹਾ ਬਣਿਆ ਖੰਡਹਰ
ਜਸਰੋਟਾ ਰਿਆਸਤ ਪੁਰਾਣੀਆਂ ਪਹਾੜੀ ਬਾਈਧਾਰ ਰਿਆਸਤਾਂ 'ਚੋਂ ਇਕ ਰਿਆਸਤ ਸੀ, ਜਿਹੜੀ ਡੂਗਰ ਦੇ ਹਲਕੇ ਵਿਚ ਦਰਿਆ ਰਾਵੀ ਦੇ ਪੱਛਮ ਵੱਲ ਉੱਪਰਲੀਆਂ ਸ਼ਿਵਾਲਿਕ ਪਹਾੜੀਆਂ ਵਿਚ ਸਥਿਤ ਸੀ ।

ਇਸ ਰਿਆਸਤ ਦੇ ਦੱਖਣ 'ਚ ਕਰਾਈਧਾਰ ਪਰਬਤੀ-ਲੜੀ ਹੈ, ਜਿਹੜੀ ਜਸਰੋਟਾ ਰਿਆਸਤ ਨੂੰ ਉੱਤਰ ਵਲੋਂ ਬਜੋਹਲੀ, ਭਾਦੂ ਅਤੇ ਮਾਨਕੋਟ ਰਿਆਸਤਾਂ ਨਾਲੋਂ ਵੱਖ ਕਰਦੀ ਹੈ ।ਇਸ ਦੇ ਪੂਰਬ ਵਿਚ ਲਖਣਪੁਰ, ਦੱਖਣ ਵਿਚ ਮੈਦਾਨੀ ਇਲਾਕਾ ਅਤੇ ਪੱਛਮ ਵੱਲ ਰਿਆਸਤ ਸਾਂਬਾ ਹੈ । ਜਸਰੋਟ ਰਿਆਸਤ ਦੀ ਰਾਜਧਾਨੀ ਜਸਰੋਟਾ ਸ਼ਹਿਰ ਹੈ, ਜਿਸ ਦੇ ਨਾਂਅ ਉੱਪਰ ਇਸ ਰਿਆਸਤ ਅਤੇ ਇੱਥੋਂ ਦੇ ਰਾਜ-ਘਰਾਣੇ ਦਾ ਨਾਂਅ ਪਿਆ । ਜਸਰੋਟਾ ਸ਼ਹਿਰ ਕਰਾਈਧਾਰ ਪਰਬਤਾਂ ਦੇ ਬਾਹਰ ਦੱਖਣੀ ਪਾਸੇ ਵੱਲ ਵਸਿਆ ਹੋਇਆ ਹੈ ।ਰਿਆਸਤ ਜਸਰੋਟਾ ਇਨ੍ਹਾਂ ਰਾਜਿਆਂ ਦੇ ਰਾਜ ਦੌਰਾਨ ਇਕ ਖੁਸ਼ਹਾਲ ਰਿਆਸਤ ਸੀ । ਇਸ ਰਾਜ ਖੇਤਰ ਦੀ ਭੂਮੀ ਮੈਦਾਨੀ ਇਲਾਕੇ ਦੇ ਬਿਲਕੁਲ ਨਾਲ ਲਗਦੀ ਹੋਣ ਕਰਕੇ ਕਾਫੀ ਜ਼ਰਖੇਜ਼ ਸੀ ਅਤੇ ਜਸਰੋਟਾ ਦਾ ਸ਼ਕਤੀਸਾਲੀ ਹੋਣਾ ਕੁਦਰਤੀ ਸੀ ।
ਜਸਰੋਟਾ ਦਾ ਰਾਜ ਘਰਾਣਾ ਹੋਰ ਰਿਆਸਤੀ ਰਾਜ-ਕੁਲਾਂ ਵਾਂਗ ਹੀ ਮੂਲ ਰੂਪ 'ਚ ਜੰਮੂ ਦੇ ਸ਼ਾਹੀ ਖ਼ਾਨਦਾਨ ਵਿਚੋਂ ਸੀ ।13ਵੀਂ ਸਦੀ ਦੌਰਾਨ ਦੀ ਇਹ ਮੁਢਲੀ ਰਿਆਸਤ ਛੋਟੇ-ਛੋਟੇ ਪਹਾੜੀ ਰਾਜਵਾੜਿਆਂ 'ਚੋਂ ਪੁਰਾਣੀ ਜਾਪਦੀ ਹੈ ।ਭੁਜ ਦੇਵ ਅਣਵੰਡੀ ਰਿਆਸਤ ਜੰਮੂ ਦਾ ਅਖੀਰਲਾ ਰਾਜਾ ਸੀ ।ਇਸ ਦੇ ਚਾਰ ਪੁੱਤਰ ਸਨ, ਜਿਨ੍ਹਾਂ 'ਚੋਂ ਸਭ ਤੋਂ ਵੱਡਾ ਮਾਨਕੋਟੀਆ ਖ਼ਾਨਦਾਨ ਦਾ ਬਾਨੀ ਹੋਇਆ, ਦੂਜਾ ਜੰਮੂ ਦਾ ਰਾਜਾ ਬਣ ਗਿਆ, ਤੀਜਾ 'ਕਰਨ ਦੇਵ' ਜਿਸ ਲਈ ਜਸਰੋਟਾ ਦਾ ਇਲਾਕਾ ਬਾਕੀ ਰਹਿ ਗਿਆ ਸੀ, ਜਸਰੋਟ ਦੇ ਨਾਲ ਲਗਦੇ ਰਾਜਿਆਂ ਦੇ ਇਲਾਕੇ ਮਿਲਾ ਕੇ ਨਵੀਂ ਰਿਆਸਤ ਦਾ ਰਾਜਾ ਬਣ ਗਿਆ । ਬਾਅਦ ਵਿਚ ਜਸਰੋਟਾ ਸ਼ਹਿਰ ਨੂੰ ਰਾਜਧਾਨੀ ਬਣਾਉਣ ਕਾਰਨ ਇਸ ਘਰਾਣੇ ਦਾ ਨਾਂਅ ਜਸਰੋਟੀਆ ਅਤੇ ਰਿਆਸਤ ਦਾ ਨਾਂਅ ਜਸਰੋਟਾ ਚੱਲਿਆ ।ਜਸਰੋਟਾ ਨਗਰ ਦੀ ਨੀਂਹ ਕਿਉਂਕਿ ਜਸ-ਦੇਵ ਨੇ ਰੱਖੀ ਸੀ, ਇਸ ਲਈ ਇਸ ਦਾ ਨਾਂਅ ਜਸਰੋਟਾ ਰੱਖਿਆ ਗਿਆ ।
ਜਸਰੋਟਾ ਬਾਰੇ ਸੰਸਕਿ੍ਤ ਸਾਹਿਤ ਵਿਚ ਤਾਂ ਕੁਝ ਨਹੀਂ ਮਿਲਦਾ, ਪਰ ਅਕਬਰ ਦੇ ਸਮੇਂ ਦੇ ਮੁਸਲਿਮ ਇਤਿਹਾਸ 'ਚ ਦੋ ਕੁ ਵਾਰੀ ਇਸ ਦਾ ਜ਼ਿਕਰ ਆਉਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਰਿਆਸਤ ਦਾ ਥੋੜ੍ਹਾ-ਬਹੁਤ ਸੰਬੰਧ ਜੰਮੂ ਨਾਲ ਹਮੇਸ਼ਾ ਹੀ ਰਿਹਾ । ਅਕਬਰਨਾਮਾ ਅਤੇ ਮਾਅਸਿਹ-ਉਲ-ਉਸਰ ਪੁਸਤਕਾਂ 'ਚ ਵੀ ਇਹ ਮੁਗ਼ਲ ਸਲਤਨਤ ਦੀਆਂ ਦੋ ਵੱਡੀਆਂ ਵਿਰੋਧੀ ਪਹਾੜੀ ਰਿਆਸਤਾਂ ਵਿਚੋਂ ਰਿਹਾ ਹੈ ।
ਇਸ ਰਿਆਸਤ ਦਾ ਮੁੱਢ 13ਵੀਂ ਸਦੀ ਦੌਰਾਨ ਬੱਝਿਆ ਅਤੇ ਸੰਨ 1834 ਤੱਕ ਇਕ ਦੂਜੇ ਤੋਂ ਬਾਅਦ ਇਸ ਦੇ ਕੁੱਲ ਸਤਾਈ ਰਾਜੇ ਹੋਏ । ਇਸ ਰਿਆਸਤ ਦੇ ਮੁਢਲੇ ਇਤਿਹਾਸ ਬਾਰੇ ਕਿਤੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ । ਕਰਮ ਦੇਵ, ਬੀਰ ਦੇਵ, ਕਾਲੂ-ਦੇਵ, ਅਮੀਲ ਦੇਵ, ਬਲਾਰ ਦੇਵ, ਕਲਸ ਦੇਵ ਅਤੇ ਪ੍ਰਤਾਪ ਦੇਵ ਆਦਿ ਦੇ ਨਾਂਅ ਹੀ ਮੁੱਢਲੇ ਜਸਰੋਟ ਰਾਜਿਆਂ 'ਚੋਂ ਮਿਲਦੇ ਹਨ ।ਰਾਜਾ ਪ੍ਰਤਾਪ ਦੇਵ ਅਤੇ ਇਸ ਦੇ ਭਰਾ ਸੰਗਰਾਮ ਦੇਵ ਵਿਚਕਾਰ ਕੁਝ ਮਤਭੇਦ ਹੋ ਜਾਣ ਕਰਕੇ ਰਿਆਸਤ ਜਸਰੋਟਾ ਦਾ ਖੇਤਰ ਦੋ ਹਿੱਸਿਆਂ ਵਿਚ ਵੰਡਿਆ ਗਿਆ, ਜਿਸ ਦੇ ਫ਼ਲਸਰੂਪ ਇਕ ਨਵੀਂ ਸਟੇਟ ਹੋਂਦ 'ਚ ਆਈ ।ਇਸ ਰਿਆਸਤ ਦੀ ਰਾਜਧਾਨੀ 'ਲਖਣਪੁਰ' 'ਚ ਸਥਾਪਿਤ ਕੀਤੀ ਗਈ ਅਤੇ ਇਸ ਕਰਕੇ ਰਿਆਸਤ ਦਾ ਨਾਂਅ ਵੀ ਲਖਣਪੁਰ ਪਿਆ ।ਲਖਣਪੁਰ ਦੀ ਪੱਛਮੀ ਹੱਦ ਰਾਵੀ ਦਰਿਆ ਦੀ ਸਹਾਇਕ ਨਦੀ 'ਉੱਝ' ਮੰਨਿਆ ਗਿਆ ।ਰਾਜੇ ਦੀ ਰਿਹਾਇਸ਼ ਲਈ ਲਖਣਪੁਰ 'ਚ ਅਤੇ ਥੀਨ ਵਿਖੇ ਇਕ ਟਿੱਲੇ ਉੱਪਰ ਕਿਲ੍ਹੇ ਬਣਵਾਏ ਗਏ ।ਇਸ ਲਈ ਇਸ ਰਿਆਸਤ ਨੂੰ ਰਾਜਾ ਸੰਗਰਾਮ-ਦੇਵ ਦੇ ਸਮਕਾਲੀ ਇਤਿਹਾਸ ਵਿਚ ਕਿਧਰੇ-ਕਿਧਰੇ ਥੀਨ ਰਿਆਸਤ ਵੀ ਕਿਹਾ ਗਿਆ ਹੈ ।ਇਨ੍ਹਾਂ ਦੋਹਾਂ ਥਾਵਾਂ 'ਤੇ ਬਣਾਏ ਕਿਲਿਆਂ ਦੇ ਖੰਡਰਾਤ ਅਜੇ ਵੀ ਮੌਜੂਦ ਹਨ ।

ਪ੍ਰਤਾਪ ਦੇਵ ਤੋਂ ਬਾਅਦ ਜਤਰ ਦੇਵ, ਅਤਰ ਦੇਵ ਜਾਂ ਅਟਲ ਦੇਵ, ਸੁਲਤਾਨ ਦੇਵ, ਸਗਤ ਦੇਵ, ਦੌਲਤ-ਦੇਵ ਅਤੇ ਭਾਬੂ ਦੇਵ ਰਾਜਿਆਂ ਦੇ ਤੌਰ 'ਤੇ ਗੱਦੀਨਸ਼ੀਨ ਹੋਏ । ਇਨ੍ਹਾਂ ਵਿਚੋਂ ਰਾਜਾ ਭਾਬੂ-ਦੇਵ ਨੂੰ ਅਕਬਰ ਦੇ ਸਮੇਂ ਦਾ ਵਿਰੋਧੀ ਰਾਜਾ ਦੱਸਿਆ ਗਿਆ ਹੈ । ਸੰਨ 1588-89 ਦੌਰਾਨ ਜੰਮੂ ਤੋਂ ਲੈ ਕੇ ਜਸਵਾਨ ਤਕ ਦੀਆਂ ਸਾਰੀਆਂ ਪਹਾੜੀ ਰਿਆਸਤਾਂ ਨੇ ਬਗ਼ਾਵਤ ਕੀਤੀ, ਪਰ ਇਸ ਬਗ਼ਾਵਤ ਨੂੰ ਦਬਾ ਦਿੱਤਾ ਗਿਆ ।ਇਸ ਤੋਂ 6 ਕੁ ਸਾਲ ਪਿੱਛੋਂ ਦੁਬਾਰਾ ਫਿਰ ਇਨ੍ਹਾਂ ਹੀ ਰਾਜਿਆਂ ਨੇ ਬਗ਼ਾਵਤ ਕੀਤੀ, ਜਿਸ ਦੀ ਅਗਵਾਈ ਰਾਜਾ ਭਾਬੂ ਨੇ ਕੀਤੀ ।ਸ਼ਾਹੀ ਫ਼ੌਜਾਂ ਨੇ ਕਾਫੀ ਜੱਦੋ-ਜਹਿਦ ਉਪਰੰਤ ਜੰਮੂ ਉਪਰ ਕਬਜ਼ਾ ਕਰ ਲਿਆ । ਇਸ ਉਪਰੰਤ ਇਹ ਪੂਰਬ ਵੱਲ ਵਧਿਆ ਅਤੇ ਸਾਂਬਾ ਦੇ ਸਥਾਨ 'ਤੇ ਆ ਕੇ ਲਖਣਪੁਰ ਦੇ ਰਾਜਾ ਬਲਭਦਰ ਅਤੇ ਜਸਰੋਟਾ ਦੇ ਰਾਜਾ ਭਾਬੂ ਨੂੰ ਹਥਿਆਰ ਸੁੱਟਣੇ ਪਏ ਸ਼ਇਸ ਤੋਂ ਪਿੱਛੋਂ ਜਸਰੋਟਾ ਅਤੇ ਕਬਜ਼ਾ ਕਰਨ ਲਈ ਵੀ ਮੁਗ਼ਲ ਫ਼ੌਜਾਂ ਨੂੰ ਰਾਜਾ ਭਾਬੂ ਦੇ ਪੁੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਚੰਗਾ ਟਾਕਰਾ ਕਰਨਾ ਪਿਆ ਅਤੇ ਘਮਸਾਣ ਦੀ ਲੜਾਈ ਹੋਈ
ਭਾਬੂ ਦੇਵ ਤੋਂ ਪਿੱਛੋਂ ਭੁਜ ਦੇਵ, ਫ਼ਤਹਿ ਦੇਵ, ਤੇਜ ਦੇਵ, ਸ਼ਿਵ ਦੇਵ, ਜਗਦੇਵ, ਸੁਖਦੇਵ ਅਤੇ ਧਰੁਵ-ਦੇਵ ਕ੍ਰਮਵਾਰ ਹੋਏ | ਇਨ੍ਹਾਂ ਬਾਰੇ ਵੀ ਕੋਈ ਵਿਸ਼ੇਸ਼ ਘਟਨਾ ਦਾ ਪਤਾ ਨਹੀਂ ਹੈ । ਫਿਰ ਕਿਰਾਲ ਦੇਵ ਤੇ ਰਤਨ ਦੇਵ ਹੋਏ | ਰਤਨਦੇਵ ਜੰਮੂ ਦੇ ਰਾਜਾ ਰਣਜੀਤ ਦੇਵ ਦਾ ਸਮਕਾਲੀ (1750 ਈ.) ਸੀ ।
ਇਤਿਹਾਸਕਾਰਾਂ ਵਲੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 18ਵੀਂ ਸਦੀ ਦੇ ਪਹਿਲੇ ਅੱਧ ਤੱਕ ਮੁਗ਼ਲ ਤਾਕਤ ਦੇ ਘਟਣ ਨਾਲ ਪੰਜਾਬ ਉੱਪਰ ਅਹਿਮਦ ਸ਼ਾਹ ਦੁਰਾਨੀ ਦਾ ਕਬਜ਼ਾ ਹੋ ਗਿਆ ਅਤੇ ਬਸੋਹਲੀ ਵਰਗੀਆਂ ਪਹਾੜੀ ਰਿਆਸਤਾਂ ਵਾਂਗ 'ਜਸਰੋਟਾ' ਵੀ ਕਾਫ਼ੀ ਹੱਦ ਤੱਕ ਜੰਮੂ ਰਾਜ ਅਧਿਕਾਰ ਹੇਠ ਆ ਗਈ ।18ਵੀਂ ਸਦੀ ਦੇ ਪਿਛਲੇ ਅੱਧ ਦੌਰਾਨ ਸਿੱਖਾਂ ਨੇ ਇਸ ਰਿਆਸਤ ਵੱਲ ਵਧਣਾ ਸ਼ੁਰੂ ਕਰ ਦਿੱਤਾ । ਅੱਗੋਂ ਪਹਾੜੀ ਮੁਖੀਆਂ ਨੇ ਵੀ ਇਨ੍ਹਾਂ ਦੀਆਂ ਲੜਾਈਆਂ 'ਚ ਭਾੜੇ ਦੇ ਸਿਪਾਹੀਆਂ ਵਜੋਂ ਲੜਨ ਦੀ ਪੇਸ਼ਕਸ਼ ਕਰ ਦਿੱਤੀ । ਇਸ ਤਰ੍ਹਾਂ ਸਿੱਖਾਂ ਨੇ ਆਪਣੇ ਪੈਰ ਇਨ੍ਹਾਂ ਰਿਆਸਤਾਂ 'ਚ ਵੀ ਟਿਕਾ ਲਏ । ਸੰਨ 1744 ਤੋਂ ਲੈ ਕੇ 1783 ਦੌਰਾਨ ਜਸਰੋਟਾ ਅਤੇ ਚੰਬਾ, ਬਸੋਹਲੀ ਤੇ ਜੰਮੂ ਤੱਕ ਸਿੱਖਾਂ ਵਲੋਂ ਹਮਲੇ ਹੋਏ । ਇਤਿਹਾਸਕਾਰਾਂ ਦਾ ਖ਼ਿਆਲ ਹੈ, ਪਠਾਨਕੋਟ ਦੇ ਕਾਬਜ਼ ਹਮਲਾਵਰਾਂ 'ਚੋਂ ਘਨਈਆ ਮਿਸਲ ਦੇ ਸਰਦਾਰਾਂ ਨੇ ਸਭ ਤੋਂ ਪਹਿਲਾਂ ਹੱਲਾ ਕੀਤਾ । ਇਸ ਦੌਰਾਨ (19ਵੀਂ ਸਦੀ ਦੇ ਸ਼ੁਰੂ ਤੱਕ) ਜਸਰੋਟਾ ਰਿਆਸਤ ਦੀ ਗੱਦੀ 'ਤੇ ਭਾਗ ਸਿੰਘ, ਅਜੈਬ ਸਿੰਘ ਤੇ ਲਾਲ ਸਿੰਘ ਬੈਠੇ ।ਸੰਨ 1801 ਤੱਕ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣਿਆ ਤੇ ਸੰਨ 1808 'ਚ ਉਹ ਜਸਰੋਟਾ ਵੱਲ ਵਧਿਆ ਤਾਂ ਜਸਰੋਟਾ ਸਰਦਾਰਾਂ ਨੇ ਅੱਗੋਂ ਧੀਰਜ ਭਾਅ ਨਾਲ ਨਜ਼ਰਾਨਾ ਭੇਟ ਕੀਤਾ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ ।ਇਸੇ ਤਰ੍ਹਾਂ ਬਾਕੀ ਦੀਆਂ ਰਿਆਸਤਾਂ ਵੀ ਸਿੱਖ ਤਾਕਤ ਦੇ ਕਬਜ਼ੇ ਹੇਠ ਆ ਗਈਆਂ । ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਉੱਘੇ ਸਰਦਾਰ ਦੇਸਾ ਸਿੰਘ ਮਜੀਠਾ ਨੂੰ ਪਹਾੜੀ ਖੇਤਰ ਦਾ ਨਾਜ਼ਮ ਥਾਪਿਆ । ਬਸੌਲੀ, ਭਾਦੂ ਤੇ ਮਾਨਕੋਟ ਇਲਾਕੇ ਵੀ ਉਸ ਦੇ ਅਧੀਨ ਹੀ ਆ ਗਏ । ਇਸ ਸਮੇਂ ਜਸਰੋਟਾ ਦਾ ਰਾਜਾ ਰਣਬੀਰ ਸਿੰਘ ਸੀ, ਜਿਸ ਦੀ ਮੌਤ ਪਿੱਛੋਂ ਉਸ ਦੇ ਕੋਈ ਬੇਟਾ ਨਾ ਹੋਣ ਕਰਕੇ ਉਸ ਦਾ ਛੋਟਾ ਭਰਾ ਭੂਰੀ ਸਿੰਘ ਰਾਜਾ ਬਣਿਆ ।ਇਹ ਜਸਰੋਟਾ ਖ਼ਾਨਦਾਨ ਦਾ ਆਖਰੀ ਰਾਜਾ ਸੀ ਅਤੇ ਪੂਰੀ ਤਰ੍ਹਾਂ ਸਿੱਖਾਂ ਦੇ ਅਧੀਨ ਰਿਹਾ।
ਸੰਨ 1828 ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਸਿੱਖ ਵਜ਼ੀਰ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਰਾਜਾ ਬਣਾ ਕੇ ਇੱਥੇ ਭੇਜਿਆ ਗਿਆ ਅਤੇ ਜਸਰੋਟਾ ਰਿਆਸਤ ਇਸ ਨੂੰ ਜਗੀਰ ਦੇ ਤੌਰ 'ਤੇ ਦੇ ਦਿੱਤੀ ਗਈ । ਹੀਰਾ ਸਿੰਘ ਨੇ ਜਸਰੋਟਾ ਦੀ ਪਹਾੜੀ ਉੱਪਰ ਪੁਰਾਣੇ ਕਿਲ੍ਹੇ ਦਾ ਫਿਰ ਨਿਰਮਾਣ ਕੀਤਾ ।ਨਾਨਕਸ਼ਾਹੀ ਇੱਟਾਂ ਨਾਲ ਬਣੇ, ਇਸ ਕਿਲ੍ਹੇ 'ਚੋਂ 18ਵੀਂ ਤੇ 19ਵੀਂ ਸਦੀ ਦੀ ਸਿੱਖ ਭਵਨ ਨਿਰਮਾਣ ਕਲਾ ਦੀ ਖ਼ੂਬਸੂਰਤ ਝਲਕ ਦੇਖੀ ਜਾ ਸਕਦੀ ਹੈ ।
ਕਿਲ੍ਹੇ ਦਾ ਇਕ ਵੱਡਾ ਦਰਵਾਜ਼ਾ, ਜੋ ਹੁਣ ਲਗਭਗ ਢਹਿ ਚੁੱਕਾ ਹੈ, ਇਸ ਦੀ ਬੁਲੰਦੀ ਨੂੰ ਦਰਸਾਉਂਦਾ ਹੈ ।ਉਸ ਤੋਂ ਅੱਗੇ ਚੱਲ ਕੇ ਕਾਫੀ ਖੰਡਰਾਤ ਆਉਂਦੇ ਹਨ ਅਤੇ ਫਿਰ ਇਕ ਵੱਡਾ ਤਲਾਬ ਅਤੇ ਉਸ ਦੇ ਕਿਨਾਰੇ ਇਕ ਸ਼ਾਹੀ ਮਹਿਲ ਦੇ ਖੰਡਰ ਮੌਜੂਦ ਹਨ ਜੋ ਇਸ ਕਿਲ੍ਹੇ ਦੀ ਖ਼ੂਬਸੂਰਤੀ ਨੂੰ ਅੱਜ ਵੀ ਦਰਸਾਉਂਦੇ ਹਨ।
ਇੰਦਰਜੀਤ ਸਿੰਘ ਹਰਪੁਰਾ












Comments (0)