ਨਸਲਵਾਦ ਖਿਲਾਫ ਲੋਕ ਲਹਿਰ ਦੀ ਅਵਾਜ਼ ਬਣੇ ਜਗਮੀਤ ਸਿੰਘ
ਅੰਮ੍ਰਿਤਸਰ ਟਾਈਮਜ਼ ਬਿਊਰੋ
ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੂੰ ਬੀਤੇ ਕੱਲ੍ਹ ਉਸ ਸਮੇਂ ਕੈਨੇਡੀਅਨ ਪਾਰਲੀਮੈਂਟ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਜਦੋਂ ਉਹ ਕੈਨੇਡਾ ਵਿਚ ਨਸਲਵਾਦ ਨੂੰ ਖਤਮ ਕਰਨ ਲਈ ਸਰਕਾਰੀ ਨੀਤੀਆਂ ਵਿਚ ਤਬਦੀਲੀਆਂ ਸਬੰਧੀ ਅਹਿਮ ਮਤਾ ਪੇਸ਼ ਕਰ ਰਹੇ ਸਨ। ਇਸ ਮੌਕੇ ਜਿੱਥੇ ਵੱਡੀ ਗਿਣਤੀ ਮੈਂਬਰ ਮਤੇ ਨਾਲ ਸਹਿਮਤ ਸਨ ਪਰ ਇਕ ਮੈਂਬਰ ਪਾਰਲੀਮੈਂਟ ਵੱਲੋਂ ਇਸ ਮਤੇ ਨਾਲ ਅਸਹਿਮਤੀ ਪ੍ਰਗਟ ਕਰ ਦਿੱਤੀ ਗਈ ਤੇ ਜਗਮੀਤ ਸਿੰਘ ਵੱਲ ਉਕਸਾਊ ਇਸ਼ਾਰਾ ਕੀਤਾ, ਜਿਸ ਤੋਂ ਗੁੱਸੇ ਵਿਚ ਆਏ ਜਗਮੀਤ ਸਿੰਘ ਨੇ ਉਸ ਮੈਂਬਰ ਨੂੰ 'ਨਸਲਵਾਦੀ' ਕਹਿ ਦਿੱਤਾ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਕਾਲੇ ਨੌਜਵਾਨ ਨੂੰ ਪੁਲਸ ਵੱਲੋਂ ਸ਼ਰੇਆਮ ਕਤਲ ਕਰਨ ਤੋਂ ਬਾਅਦ ਦੁਨੀਆ ਭਰ ਵਿਚ ਨਸਲੀ ਵਿਤਕਰੇ ਖਿਲਾਫ ਮੁਹਿੰਮ ਚੱਲ ਰਹੀ ਹੈ। ਕੈਨੇਡਾ ਵਿਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿੱਥੇ ਕੈਨੇਡੀਅਨ ਪੁਲਸ (ਆਰਸੀਐਮਪੀ) ਨੇ ਮੂਲਵਾਸੀ ਅਤੇ ਕਾਲੇ ਲੋਕਾਂ 'ਤੇ ਵਾਧੂ ਤਾਕਤ ਦੀ ਵਰਤੋਂ ਕੀਤੀ। ਜਗਮੀਤ ਸਿੰਘ ਨੇ ਪਾਰਲੀਮੈਂਟ ਵਿਚ ਮਤਾ ਪੇਸ਼ ਕੀਤਾ ਸੀ ਕਿ ਇਸ ਸਮੱਸਿਆ ਨੂੰ ਖਤਮ ਕਰਨ ਲਈ ਪਹਿਲਾਂ ਇਹ ਮੰਨਿਆ ਜਾਵੇ ਕਿ ਦੇਸ਼ ਦੇ ਪੁਲਸ ਢਾਂਚੇ ਵਿਚ ਪ੍ਰਬੰਧਕੀ ਨਸਲਵਾਦ ਦੀ ਸਮੱਸਿਆ ਹੈ।
ਮਤੇ ਵਿਚ ਇਹ ਵੀ ਕਿਹਾ ਗਿਆ ਸੀ ਕਿ ਪੁਲਸ ਤਾਕਤ ਦੀ ਵਰਤੋਂ ਸਬੰਧੀ ਨਿਯਮਾਂ ਦੀ ਮੁੜ ਘੋਖ ਕੀਤੀ ਜਾਵੇ ਅਤੇ ਪੁਲਸ ਦੀ ਫੰਡਿੰਗ ਨੂੰ ਕੱਟ ਕੇ ਸਿਹਤ ਸਹੂਲਤਾਂ ਨੂੰ ਵੱਧ ਫੰਡ ਦਿੱਤਾ ਜਾਵੇ।
ਜਗਮੀਤ ਸਿੰਘ ਵੱਲੋਂ ਪੇਸ਼ ਕੀਤੇ ਮਤੇ ਨੂੰ ਪਾਰਲੀਮੈਂਟ ਵਿਚ ਵੱਡਾ ਸਮਰਥਨ ਹਾਸਲ ਹੋਇਆ ਸੀ, ਪਰ ਬਲਾਕ ਕਿਊਬਿਕ ਦੇ ਐਮਪੀ ਐਲਨ ਥੈਰੇਨ ਨੇ ਇਸ ਮਤੇ ਦਾ ਵਿਰੋਧ ਕਰ ਦਿੱਤਾ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜਦੋਂ ਐਮਪੀ ਥੈਰੇਨ ਮਤੇ 'ਤੇ 'ਨਾ' ਕਹਿ ਰਹੇ ਸਨ ਤਾਂ ਉਹਨਾਂ ਦੀ ਨਜ਼ਰ ਥੈਰੇਨ ਨਾਲ ਮਿਲੀ ਤੇ ਥੈਰੇਨ ਨੇ ਉਹਨਾਂ ਵੱਲ ਉਕਸਾਊ ਇਸ਼ਾਰਾ ਕੀਤਾ ਜਿਸ 'ਤੇ ਉਹਨਾਂ ਨੂੰ ਗੁੱਸਾ ਆ ਗਿਆ। ਜਗਮੀਤ ਸਿੰਘ ਨੇ ਕਿਹਾ ਕਿ ਥੈਰੇਨ ਨੇ ਆਪਣੀਆਂ ਨਸਲਵਾਦੀ ਪ੍ਰਵਿਰਤੀਆਂ ਕਾਰਨ ਇਸ ਮਤੇ ਦਾ ਵਿਰੋਧ ਕੀਤਾ।
ਪਾਰਲੀਮੈਂਟ ਦੇ ਨਿਯਮਾਂ ਮੁਤਾਬਕ ਜਗਮੀਤ ਸਿੰਘ ਨੂੰ ਮੁਆਫੀ ਮੰਗਣ ਅਤੇ ਆਪਣੇ ਸ਼ਬਦ ਵਾਪਸ ਲੈਣ ਲਈ ਕਿਹਾ ਗਿਆ, ਪਰ ਜਗਮੀਤ ਸਿੰਘ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਸਪੀਕਰ ਨੇ ਜਗਮੀਤ ਸਿੰਘ ਨੂੰ ਬਾਕੀ ਦਿਨ ਲਈ ਪਾਰਲੀਮੈਂਟ ਦੀ ਕਾਰਵਾਈ ਵਿਚੋਂ ਬਾਹਰ ਰਹਿਣ ਲਈ ਕਿਹਾ।
ਇਸ ਘਟਨਾ ਨੂੰ ਬਾਅਦ ਵਿਚ ਜਗਮੀਤ ਸਿੰਘ ਨੇ ਬਾਹਰ ਆ ਕੇ ਇਕ ਵੀਡੀਓ ਸੁਨੇਹੇ ਰਾਹੀਂ ਲੋਕਾਂ ਸਾਹਮਣੇ ਰੱਖਿਆ।
People have asked what happened in the House today.
— Jagmeet Singh (@theJagmeetSingh) June 18, 2020
Here are my thoughts. pic.twitter.com/VV8hX5Tq0u











Comments (0)