ਇਜ਼ਰਾਈਲ ਗਾਜ਼ਾ 'ਤੇ ਫਿਰ ਹਮਲਾ ਕਰ ਸਕਦਾ ਹੈ
*ਟਰੰਪ ਨੇ ਕਿਹਾ- ਅਸੀਂ ਨੇਤਨਯਾਹੂ ਦੇ ਫੈਸਲੇ ਦੇ ਨਾਲ ਸਹਿਮਤ ਹਾਂ
*ਟਰੰਪ ਦੀ ਯੋਜਨਾ ਫਿਲਸਤੀਨ ਉਪਰ ਕਬਜ਼ਾ ਕਰਨ ਦੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀਂ ਕਿਹਾ ਹੈ ਕਿ ਜੇਕਰ ਇਜ਼ਰਾਈਲ ਗਾਜ਼ਾ ਵਿੱਚ ਦੁਬਾਰਾ ਜੰਗ ਸ਼ੁਰੂ ਕਰਦਾ ਹੈ ਤਾਂ ਉਹ ਇਸਦਾ ਸਮਰਥਨ ਕਰਨਗੇ। ਟਰੰਪ ਨੇ ਕਿਹਾ ਕਿ ਭਾਵੇਂ ਇਜ਼ਰਾਈਲ ਗਾਜ਼ਾ ਬੰਧਕ ਸਮਝੌਤੇ ਦੇ ਦੂਜੇ ਪੜਾਅ ਨਾਲ ਅੱਗੇ ਵਧਣਾ ਚਾਹੁੰਦਾ ਹੈ ਜਾਂ ਦੁਬਾਰਾ ਲੜਾਈ ਸ਼ੁਰੂ ਕਰਨਾ ਚਾਹੁੰਦਾ ਹੈ, ਅਮਰੀਕਾ ਦੋਵਾਂ ਸਥਿਤੀਆਂ ਵਿੱਚ ਇਸਦਾ ਸਮਰਥਨ ਕਰੇਗਾ। ਡੋਨਾਲਡ ਟਰੰਪ ਦੇ ਬਿਆਨ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਕਿਉਂਕਿ ਉਨ੍ਹਾਂ ਨੇ ਹਾਲ ਹੀ ਵਿੱਚ ਲਗਾਤਾਰ ਜੰਗ ਵਿਰੋਧੀ ਰੁਖ਼ ਦਿਖਾਇਆ ਹੈ। ਗਾਜ਼ਾ ਵਿੱਚ ਜੰਗਬੰਦੀ ਲਾਗੂ ਕਰਨ ਵਿੱਚ ਵੀ ਉਨ੍ਹਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਮੰਨਿਆ ਗਿਆ। ਹਾਲਾਂਕਿ, ਉਨ੍ਹਾਂ ਦੇ ਬਿਆਨ ਤੋਂ ਬਾਅਦ, ਇਹ ਡਰ ਹੈ ਕਿ ਗਾਜ਼ਾ ਵਿੱਚ ਦੁਬਾਰਾ ਜੰਗ ਸ਼ੁਰੂ ਹੋ ਸਕਦੀ ਹੈ।
ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਦੇ ਅਨੁਸਾਰ, ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ, ਟਰੰਪ ਤੋਂ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਨੂੰ ਬੰਧਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰਨ ਲਈ ਗਾਜ਼ਾ ਵਿੱਚ ਜੰਗਬੰਦੀ ਵਧਾਉਣੀ ਚਾਹੀਦੀ ਹੈ ਜਾਂ ਦੁਬਾਰਾ ਯੁੱਧ ਸ਼ੁਰੂ ਕਰਨਾ ਚਾਹੀਦਾ ਹੈ। ਇਸ 'ਤੇ ਟਰੰਪ ਨੇ ਕਿਹਾ, 'ਮੈਂ ਇਜਰਾਈਲ ਦੇ ਨਾਲ ਹਾਂ।' ਜਦੋਂ ਤੁਸੀਂ ਦੇਖ ਰਹੇ ਹੋ ਕਿ ਬਾਹਰ ਕੀ ਹੋ ਰਿਹਾ ਹੈ। ਬੰਧਕਾਂ ਦਾ ਇੱਕ ਸਮੂਹ ਇੰਨੀ ਬੁਰੀ ਹਾਲਤ ਵਿੱਚ ਪਹੁੰਚਿਆ, ਇਹ ਇਸ ਤਰ੍ਹਾਂ ਸੀ ਜਿਵੇਂ ਉਹ ਜਰਮਨੀ ਦੇ ਕਿਸੇ ਤਸ਼ੱਦਦ ਕੈਂਪ ਤੋਂ ਆਏ ਹੋਣ। ਕਈ ਵਾਰ ਤੁਹਾਨੂੰ ਔਖੇ ਫੈਸਲੇ ਵੀ ਲੈਣੇ ਪੈਂਦੇ ਹਨ। ਇਜ਼ਰਾਈਲ ਜੋ ਵੀ ਫੈਸਲਾ ਲਵੇਗਾ, ਅਸੀਂ ਉਸਦਾ ਸਮਰਥਨ ਕਰਾਂਗੇ।
ਨੇਤਨਯਾਹੂ ਦਾ ਗੁੱਸਾ ਜਾਇਜ਼ ਹੈ: ਟਰੰਪ

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਬਾਰੇ ਪੁੱਛੇ ਜਾਣ 'ਤੇ ਟਰੰਪ ਨੇ ਕਿਹਾ ਕਿ ਉਹ ਬਹੁਤ ਗੁੱਸੇ ਵਿੱਚ ਹਨ, ਖਾਸ ਕਰਕੇ ਬੀਤੇ ਦਿਨੀਂ ਬੱਚਿਆਂ ਨਾਲ ਜੋ ਹੋਇਆ, ਉਸ ਨੇ ਇਜਰਾਈਲ ਨੂੰ ਬਹੁਤ ਨਰਾਜ਼ ਕੀਤਾ ਹੈ। ਬੱਚਿਆਂ ਏਰੀਅਲ ਅਤੇ ਕੀਫਰ ਬਿਬਾਸ ਦੀ ਮੌਤ ਦਾ ਹਵਾਲਾ ਦਿੰਦੇ ਹੋਏ, ਟਰੰਪ ਨੇ ਕਿਹਾ ਕਿ ਇਹ ਜ਼ਲਮ ਤੇ ਦਰਿੰਦਗੀ ਸੀ। ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਆਧੁਨਿਕ ਯੁੱਗ ਵਿੱਚ ਅਜਿਹਾ ਹੋਵੇਗਾ, ਪਰ ਇਹ ਹੋਇਆ ਹੈ। ਅਜਿਹੀ ਸਥਿਤੀ ਵਿੱਚ, ਨੇਤਨਯਾਹੂ ਦੀਆਂ ਭਾਵਨਾਵਾਂ ਨੂੰ ਵੀ ਸਮਝਣਾ ਚਾਹੀਦਾ ਹੈ।
ਹਮਾਸ ਨੇ ਗਾਜ਼ਾ ਛੱਡਣ ਦਾ ਫੈਸਲਾ ਕੀਤਾ, ਇਸਨੂੰ ਫਲਸਤੀਨੀ ਅਥਾਰਟੀ ਨੂੰ ਸੌਂਪਣ ਦਾ ਐਲਾਨ ਕੀਤਾ ਟਰੰਪ ਦੇ ਬਿਆਨ ਤੋਂ ਇਹ ਸਪੱਸ਼ਟ ਹੈ ਕਿ ਉਹ ਇਜ਼ਰਾਈਲ ਦੇ ਫੈਸਲੇ ਦਾ ਸਮਰਥਨ ਕਰਨਗੇ। ਕੀ ਇਜ਼ਰਾਈਲ ਗੱਲਬਾਤ ਰਾਹੀਂ ਬੰਧਕਾਂ ਨੂੰ ਵਾਪਸ ਭੇਜਣਾ ਜਾਰੀ ਰੱਖਦਾ ਹੈ ਜਾਂ ਗਾਜ਼ਾ 'ਤੇ ਦੁਬਾਰਾ ਹਮਲਾ ਕਰਦਾ ਹੈ ਅਤੇ ਹਮਾਸ ਨਾਲ ਲੜਾਈ ਸ਼ੁਰੂ ਕਰਦਾ ਹੈ। ਇਹ ਇਜ਼ਰਾਈਲ ਲਈ ਅਮਰੀਕਾ ਦੇ ਮਜ਼ਬੂਤ ਸਮਰਥਨ ਨੂੰ ਵੀ ਦਰਸਾਉਂਦਾ ਹੈ। ਅਮਰੀਕਾ ਨੇ ਇਜ਼ਰਾਈਲ ਦੀ ਲਗਾਤਾਰ ਮਦਦ ਕੀਤੀ ਹੈ।
ਅਮਰੀਕਾ-ਇਜਰਾਇਲੀ ਗੱਠਜੋੜ ਦੀ ਫਲਸਤੀਨੀਆਂ ਦੇ ਮੁਕੰਮਲ ਉਜਾੜੇ ਦੀ ਸਾਜਿਸ਼
ਇਥੇ ਜ਼ਿਕਰਯੋਗ ਹੈ ਕਿ ਇਸ ਸਮੇਂ ਦੌਰਾਨ ਇਜਰਾਇਲੀ ਫੌਜਾਂ ਨੇ ਅਮਰੀਕਾ ਅਤੇ ਹੋਰ ਪੱਛਮੀ ਸਾਮਰਾਜੀ ਮੁਲਕਾਂ ਦੀ ਖੁੱਲ੍ਹੀ ਹਮਾਇਤ ਦੇ ਨਾਲ਼ ਹਜਾਰਾਂ ਫਲਸਤੀਨੀ ਲੋਕਾਂ ਨੂੰ ਸਿੱਧੇ ਤੌਰ ’ਤੇ ਕਤਲ ਕੀਤਾ ਸੀ। ਇਹ ਅੰਕੜਾ 70,000 ਤੋਂ ਲੈ ਕੇ 2 ਲੱਖ ਦੇ ਨਜਦੀਕ ਹੋਣ ਦੀ ਸੰਭਾਵਨਾ ਹੈ। ਗਜਾ ਵਿੱਚ 90% ਇਮਾਰਤਾਂ ਜਾਂ ਤਾਂ ਬਿਲਕੁਲ ਤਬਾਹ ਹੋ ਚੁਕੀਆਂ ਹਨ ਜਾਂ ਫਿਰ ਬਹੁਤ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਲੱਗਭੱਗ ਸਾਰੇ ਹਸਪਤਾਲ, ਵਿੱਦਿਅਕ ਸੰਸਥਾਵਾਂ, ਪੀਣ ਵਾਲ਼ੇ ਪਾਣੀ ਦੇ ਸਰੋਤ ਅਤੇ ਢਾਂਚਾ, ਇੱਕ ਤਿਹਾਈ ਤੋਂ ਵੱਧ ਖੇਤੀ ਯੋਗ ਜਮੀਨ ਤਬਾਹ ਹੋ ਚੁਕੇ ਹਨ। ਟਰੰਪ ਨੇ ਇੱਕ ਮੀਡੀਆ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕਿਹਾ ਸੀ ਕਿ ਪਿਛਲੇ ਕੁਝ ਸਮੇਂ ਵਿੱਚ ਗਜਾ ਵਿੱਚ ਇੱਕ ਪੂਰੀ ਸੱਭਿਅਤਾ ਤਬਾਹ ਹੋ ਗਈ ਹੈ। ਕੁਝ ਦਿਨ ਪਹਿਲਾਂ ਹੀ ਟਰੰਪ ਨੇ ਗਜਾ ਦੀ ਸਾਰੀ ਵਸੋਂ ਨੂੰ ਸਥਾਈ ਤੌਰ ’ਤੇ ਉਜਾੜ ਕੇ ਉੱਥੇ ਆਲੀਸ਼ਾਨ ਹੋਟਲ ਅਤੇ ਹੋਰ ਉਸਾਰੀ ਕਰਨ ਦੀ ਯੋਜਨਾ ਬਾਰੇ ਐਲਾਨ ਕਰ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਮਿਸਰ ਅਤੇ ਜਾਰਡਨ ਵਰਗੇ ਅਰਬ ਮੁਲਕਾਂ ਵਿੱਚ ਫਲਸਤੀਨ ਦੇ ਲੋਕਾਂ ਨੂੰ ਅਸਥਾਈ ਕੈਂਪਾਂ ਵਿੱਚ ਵਸਾਇਆ ਜਾਵੇਗਾ। ਇਸ ਤੋਂ ਵੀ ਵੱਧ, ਖੁਦ ਅਮਰੀਕਾ ਸਿੱਧੇ ਤੌਰ ’ਤੇ ਗਜਾ ਉੱਪਰ ਕਬਜਾ ਕਰੇਗਾ। ਭਾਵੇਂ ਇਸ ਬਿਆਨ ਦਾ ਸਾਰੇ ਅਰਬ ਮੁਲਕਾਂ ਸਮੇਤ ਅਮਰੀਕਾ ਦੇ ਪੱਛਮੀ ਭਾਈਵਾਲਾਂ ਨੇ ਵੀ ਵਿਰੋਧ ਕੀਤਾ ਸੀ ਪਰ ਇਸ ਬਿਆਨ ਤੋਂ ਨੇਤਨਯਾਹੂ ਕਾਫੀ ਖੁਸ਼ ਸੀ ਅਤੇ ਇਜਰਾਇਲ ਦੇ ਰੱਖਿਆ ਮੰਤਰੀ ਨੇ ਤਾਂ ਇਸ ਯੋਜਨਾ ਉੱਪਰ ਅਮਲ ਕਰਨ ਦੀਆਂ ਤਿਆਰੀਆਂ ਵੀ ਵਿੱਢ ਦਿੱਤੀਆਂ ਹਨ। ਇਜਰਾਇਲ-ਹਮਾਸ ਵਿੱਚ ਹੋਈ ਜੰਗਬੰਦੀ ਦੀ ਵੀ ਇਜਰਾਇਲ ਵਾਰ-ਵਾਰ ਉਲੰਘਣਾ ਕਰ ਰਿਹਾ ਹੈ ਜਿਸ ਕਾਰਣ ਹੁਣ ਹਮਾਸ ਨੇ ਕੁਝ ਸਮੇਂ ਲਈ ਜੰਗਬੰਦੀ ਦੇ ਪਹਿਲੇ ਗੇੜ ਵਿੱਚ ਕੀਤੀ ਜਾ ਰਹੀ ਬੰਧਕਾਂ ਦੀ ਰਿਹਾਈ ਦੇ ਅਮਲ ਨੂੰ ਫਿਲਹਾਲ ਰੋਕ ਦਿੱਤਾ ਹੈ।
ਦੋ ਸਾਲ ਦੀ ਭਿਆਨਕ ਨਸਲਕੁਸ਼ੀ ਦੇ ਬਾਵਜੂਦ ਇਜਰਾਇਲ ਹਮਾਸ ਅਤੇ ਫਲਸਤੀਨੀ ਵਿਰੋਧ ਨੂੰ ਕੁਚਲਣ ਵਿੱਚ ਬੁਰੀ ਤਰ੍ਹਾਂ ਅਸਫਲ ਰਿਹਾ। ਫਲਸਤੀਨ ਦੇ ਲੜਾਕਿਆਂ ਨੂੰ ਕੁਚਲਣ ਵਿੱਚ ਅਸਫਲ ਰਹਿਣ ਤੋਂ ਬਾਅਦ ਇਜਰਾਇਲ ਸਾਮਰਾਜੀ ਅਮਰੀਕਾ ਤੇ ਹੋਰ ਪੱਛਮੀ ਧੜੇ ਦੇ ਮੁਲਕਾਂ ਦੀ ਪੂਰੀ ਹਮਾਇਤ ਦੇ ਨਾਲ਼ ਗਜਾ ਦੀ ਕੁੱਲ ਵਸੋਂ ਦੀ ਨਸਲਕੁਸ਼ੀ ਕਰਕੇ, ਗਜਾ ਨੂੰ ਪੂਰੀ ਤਰ੍ਹਾਂ ਨਾਲ਼ ਉਜਾੜਣ ਦੇ ਕੰਮ ਵਿੱਚ ਲੱਗ ਗਿਆ। ਇਸੇ ਦੌਰਾਨ ਉਸਨੇ ਲੇਬਨਾਨ ਉੱਪਰ ਵੀ ਹਮਲਾ ਕਰਕੇ ਕੁਝ ਇਲਾਕਿਆਂ ਉੱਪਰ ਕਬਜੇ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਹਿਜਬੁਲਾ ਨੂੰ ਖਤਮ ਕਰਕੇ, ਪੱਛਮੀ ਕੰਢੇ ਵਿੱਚ ਆਪਣੇ “ਸੈਟਲਰ ਬਸਤੀਵਾਦੀਆਂ” ਦੇ ਵਸੇਬੇ ਹੋਰ ਵਧਾ ਸਕੇ ਪਰ ਇਸ ਵਿੱਚ ਵੀ ਉਸਨੂੰ ਮੂੰਹ ਦੀ ਖਾਣੀ ਪਈ। ਇਜਰਾਇਲ ਵਿੱਚ ਵੀ ਉਹ ਲੋਕ ਜਿਹਨਾਂ ਦੇ ਪਰਿਵਾਰ ਦੇ ਲੋਕ ਹਮਾਸ ਕੋਮ ਬੰਧਕ ਸਨ, ਉਹਨਾਂ ਨੇ ਨੇਤਨਯਾਹੂ ਸਰਕਾਰ ਵਿਰੁੱਧ ਰੋਸ-ਮੁਜਾਹਰੇ ਸ਼ੁਰੂ ਕਰ ਦਿੱਤੇ। ਇਸ ਜੰਗ ਦੌਰਾਨ ਇਜਰਾਇਲ ਦਾ ਫੌਜੀ ਨੁਕਸਾਨ ਵੀ ਕਾਫੀ ਵੱਡੀ ਮਾਤਰਾ ਵਿੱਚ ਹੋਇਆ। ਵੱਡੀ ਗਿਣਤੀ ਵਿੱਚ ਅਫਸਰ ਅਤੇ ਜਵਾਨ ਫੌਜੀ ਮਾਰੇ ਗਏ।
ਸਮਝੋਤਾ ਲਾਗੂ ਨਹੀਂ ਕਰ ਰਿਹਾ ਇਜਰਾਈਲ
ਇਹ ਸਮਝੌਤਾ ਤਿੰਨ ਗੇੜਾਂ ਵਿੱਚ ਲਾਗੂ ਕੀਤਾ ਜਾਣਾ ਸੀ। ਪਹਿਲਾ ਪੜਾਅ ਕੈਦੀਆਂ ਦੇ ਵਟਾਂਦਰੇ ’ਤੇ ਕੇਂਦਰਤ ਹੈ, ਜਿਸ ਵਿੱਚ ਲੱਗਭੱਗ 1,700 ਫਲਸਤੀਨੀਆਂ ਦੇ ਬਦਲੇ 33 ਇਜਰਾਇਲੀਆਂ ਨੂੰ ਰਿਹਾਅ ਕੀਤਾ ਜਾਵੇਗਾ। ਰਿਹਾਅ ਕੀਤੇ ਜਾਣ ਵਾਲ਼ਿਆਂ ਵਿੱਚ 7 ਅਕਤੂਬਰ, 2023 ਤੋਂ ਬਾਅਦ ਬਿਨਾਂ ਕਿਸੇ ਦੋਸ਼ ਜਾਂ ਮੁਕੱਦਮੇ ਦੇ, ਇਜਰਾਇਲ ਦੀਆਂ ਜੇਲ੍ਹਾਂ ਵਿੱਚ ਬੰਦ 1000 ਤੋਂ ਵੱਧ ਫਲਸਤੀਨੀ ਹਨ। ਦੂਜੇ ਪੜਾਅ ਵਿੱਚ, ਗਜਾ ਤੋਂ ਪੂਰੀ ਤਰ੍ਹਾਂ ਨਾਲ਼ ਇਜਰਾਇਲ ਦੀਆਂ ਫੌਜਾਂ ਦੀ ਵਾਪਸੀ ਅਤੇ ਬਾਕੀ ਦੇ ਸਾਰੇ ਇਜਰਾਇਲੀ ਬੰਧਕਾਂ ਦੀ ਰਿਹਾਈ ਹੋਵੇਗੀ। ਜੇਕਰ ਇਹ ਸਮਝੌਤਾ ਤੀਜੇ ਅਤੇ ਆਖਰੀ ਪੜਾਅ ਤੱਕ ਪਹੁੰਚਦਾ ਹੈ, ਜਿਸ ਤੱਕ ਪਹੁੰਚਣ ਦੀਆਂ ਸੰਭਾਵਨਾਵਾਂ ਫਿਲਹਾਲ ਕਾਫੀ ਘੱਟ ਨਜਰ ਆ ਰਹੀਆਂ ਹਨ, ਤਾਂ ਜੋ ਵੀ ਇਜਰਾਇਲੀ ਬੰਧਕ ਮਾਰੇ ਗਏ ਹਨ, ਉਹਨਾਂ ਦੀਆਂ ਲਾਸ਼ਾਂ ਦੀ ਵਾਪਸੀ ਅਤੇ ਗਜਾ ਵਿੱਚ ਤਬਾਹ ਹੋ ਚੁੱਕੇ ਘਰਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਮੁੜ ਉਸਾਰੀ ਦੀ ਇੱਕ ਯੋਜਨਾ ਲਾਗੂ ਕੀਤੀ ਜਾਵੇਗੀ। ਇੱਥੇ ਜਿਕਰਯੋਗ ਹੈ ਕਿ ਇਜਰਾਇਲ ਨੇ ਪਹਿਲੇ ਪੜਾਅ ਵਿੱਚ ਹੀ ਸਮਝੌਤੇ ਦੀਆਂ ਸ਼ਰਤਾਂ ਦਾ ਉਲੰਘਣ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਬਾਅਦ ਹਮਾਸ ਨੇ ਫਿਲਹਾਲ ਇਜਰਾਇਲੀ ਬੰਧਕਾਂ ਦੀ ਰਿਹਾਈ ਉੱਪਰ ਰੋਕ ਲਗਾ ਦਿੱਤੀ ਹੈ। ਇਜਰਾਇਲ ਨੇ ਹੁਣ ਤੱਕ ਗਜਾ ਵਿੱਚ ਭੋਜਨ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਸਿਰਫ 8500 ਟਰੱਕਾਂ ਦੀ ਇਜਾਜਤ ਦਿੱਤੀ ਹੈ, ਜਦੋਂ ਕਿ ਜੰਗਬੰਦੀ ਦੀਆਂ ਸ਼ਰਤਾਂ ਮੁਤਾਬਕ ਇਹ 12,000 ਟਰੱਕ ਹੋਣੇ ਚਾਹੀਦੇ ਸਨ। ਇਸ ਤੋਂ ਬਿਨਾਂ ਨਿਰਧਾਰਤ ਆਸਰਾ ਟੈਂਟ ਵੀ ਲੋੜੀਂਦੀ ਮਿਕਦਾਰ ਦੇ ਸਿਰਫ 10% ਹੀ ਹਨ।
ਇਸ ਤੋਂ ਬਿਨਾਂ ਗਜਾ ਵਿੱਚ ਰੋਜਾਨਾ 50 ਗੰਭੀਰ ਬਿਮਾਰ ਜਾਂ ਜਖਮੀ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ਼ ਬਾਹਰ ਜਾਣ ਦੀ ਇਜਾਜਤ ਦਿੱਤੀ ਜਾਣੀ ਸੀ ਅਤੇ ਹੁਣ ਤੱਕ ਇਹ ਗਿਣਤੀ 1000 ਹੋਣੀ ਚਾਹੀਦੀ ਸੀ ਪਰ ਫਲਸਤੀਨ ਦੇ ਸਿਹਤ ਮੰਤਰਾਲੇ ਮੁਤਾਬਕ ਹੁਣ ਤੱਕ ਸਿਰਫ਼ 120 ਮਰੀਜਾਂ ਨੂੰ ਹੀ ਜਾਣ ਦੀ ਇਜਾਜਤ ਦਿੱਤੀ ਗਈ ਹੈ। ਲੋਕਾਂ ਨੂੰ ਉੱਤਰੀ ਗਜਾ ਵਿੱਚ ਆਪਣੇ ਘਰਾਂ ਵੱਲ ਵਾਪਸ ਜਾਣ ਦੇਣਾ ਵੀ ਇਸ ਸਮਝੌਤੇ ਦਾ ਹਿੱਸਾ ਸੀ ਜੋ ਇਜਰਾਇਲ ਨੇ ਹੁਣ ਤੱਕ ਲਾਗੂ ਨਹੀਂ ਕੀਤਾ। ਇਜਰਾਇਲ ਅਜੇ ਵੀ ਗਜਾ ਅਤੇ ਪੱਛਮੀ ਕੰਢੇ ਵਿੱਚ ਲੋਕਾਂ ਦਾ ਕਤਲੇਆਮ ਕਰ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਹੀ ਇਜਰਾਇਲੀ ਪੁਲਸ, ਫੌਜ ਅਤੇ ਧੁਰ ਸੱਜੇ-ਪੱਖੀ ਭੀੜਾਂ ਨੇ 25 ਤੋਂ ਵੱਧ ਲੋਕਾਂ ਨੂੰ ਕਤਲ ਕੀਤਾ ਸੀ।
ਹਮਾਸ ਸੰਘਰਸ਼ ਲਈ ਉਤਾਰੂ
ਇੱਥੇ ਅਸਲ ਸਵਾਲ ਇਹ ਹੈ ਕਿ ਜੋ ਫਲਸਤੀਨੀ ਇਜਰਾਇਲ ਦੇ 75 ਸਾਲ ਤੋਂ ਵੱਧ ਦੇ ਜਬਰ, ਕਤਲੇਆਮ ਦਾ ਬੜੀ ਦਲੇਰੀ ਨਾਲ਼ ਮੁਕਾਬਲਾ ਕਰਦੇ ਆ ਰਹੇ ਹਨ, ਕੀ ਉਹ ਸਿਰਫ ਟਰੰਪ ਦੀ ਯੋਜਨਾ ਪ੍ਰਵਾਨ ਕਰ ਲੈਣਗੇ? ਇਸ ਦੀ ਬਿਲਕੁਲ ਸੰਭਾਵਨਾ ਨਹੀਂ ਜਾਪਦੀ।ਫਲਸਤੀਨ ਦੇ ਲੋਕਾਂ ਦੇ ਅਜਾਦ ਕੌਮੀ ਰਾਜ ਦੀ ਸਥਾਪਨਾ ਤੋਂ ਬਿਨਾਂ ਇਸ ਖਿੱਤੇ ਵਿੱਚ ਸ਼ਾਂਤੀ ਅਸੰਭਵ ਹੈ। ਗਜਾ ਵਿੱਚ ਭਾਰੀ ਫੌਜੀ ਤਾਕਤ ਨਾਲ਼ ਹਮਲੇ ਕਰਨ ਦੇ ਬਾਵਜੂਦ, ਇਜਰਾਇਲ ਆਪਣੇ ਮੁੱਖ ਯੁੱਧ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ, ਜੋ ਕਿ ਹਮਾਸ ਦਾ ਖਾਤਮਾ ਅਤੇ ਬੰਧਕਾਂ ਦੀ ਵਾਪਸੀ ਸਨ। ਹਮਾਸ ਅਜੇ ਵੀ ਇਜਰਾਇਲ ਦਾ ਖਾਸਾ ਨੁਕਸਾਨ ਕਰਨ ਦੀ ਸਮਰੱਥਾ ਰੱਖਦਾ ਹੈ। ਪਿਛਲੇ ਦੋ ਸਾਲ ਦੀ ਭਿਆਨਕ ਨਸਲਕੁਸ਼ੀ ਨਾਲ਼ ਜਿਹਨਾਂ ਫਲਸਤੀਨੀਆਂ ਦੇ ਟੱਬਰ ਦੇ ਲੋਕ ਮਾਰੇ ਗਏ ਹਨ, ਉਹ ਤੇਜੀ ਨਾਲ਼ ਇਜਰਾਇਲ ਵਿਰੁੱਧ ਜਥੇਬੰਦ ਹੋ ਰਹੇ ਹਨ। ਇਸ ਜੰਗ ਵਿੱਚ ਇਜਰਾਇਲ ਦਾ ਆਰਥਿਕ ਨੁਕਸਾਨ ਵੀ ਹੋਇਆ ਹੈ। 55.6 ਅਰਬ ਡਾਲਰ ਤੋਂ ਵੱਧ ਦੀ ਰਕਮ ਹੁਣ ਤੱਕ ਇਸ ਜੰਗ ਵਿੱਚ ਖਰਚ ਹੋ ਚੁੱਕੀ ਹੈ। ਇਜਰਾਇਲ ਦਾ ਜੋ ਸਭ ਤੋਂ ਵੱਡਾ ਨੁਕਸਾਨ ਹੋਇਆ ਹੈ, ਉਹ ਹੈ ਸੰਸਾਰ ਪੱਧਰ ਉੱਪਰ ਇਸਦੀ ਵੱਕਾਰ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਉੱਪਰ ਹੈ। ਫਲਸਤੀਨੀ ਲੋਕ ਪਿਛਲੇ ਦੋ ਸਾਲ ਦੀ ਭਿਆਨਕ ਜੰਗ ਦੀ ਤਬਾਹੀ ਕਾਰਣ ਹੰਭੇ ਹੋਏ ਹਨ ਪਰ ਉਹਨਾਂ ਵਿੱਚ ਅਜੇ ਵੀ ਆਪਣੇ ਅਜਾਦ ਕੌਮੀ ਰਾਜ ਦੀ ਤਾਂਘ ਜੀਵਤ ਹੈ ਅਤੇ ਉਹ ਇਸ ਲਈ ਹਰ ਤਰ੍ਹਾਂ ਦੀ ਮੱਕਾਰ ਅਤੇ ਜਾਲਮ ਸਾਜਿਸ਼ ਵਿਰੁੱਧ ਸੰਘਰਸ਼ ਕਰਨਗੇ।












Comments (0)