ਭਾਰਤ- ਪਾਕਿ ਯੁਧ ਦਾ ਪ੍ਰਭਾਵ

ਭਾਰਤ- ਪਾਕਿ ਯੁਧ ਦਾ ਪ੍ਰਭਾਵ

* ਭਾਰਤ ਦੀ ਸਖ਼ਤ ਕਾਰਵਾਈ ਤੋਂ ਬੌਖ਼ਲਾਇਆ ਪਾਕਿਸਤਾਨ; ਸ਼ਾਹਬਾਜ਼ ਸਰਕਾਰ ਨੇ ਦਿੱਤੀ ਧਮਕੀ

*ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੋਕ ਕੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਕੀਤੀ ਉਲੰਘਣਾ

*ਭਾਰਤ-ਪਾਕਿਸਤਾਨ 'ਤੇ ਨਜ਼ਰ ਰੱਖ ਰਿਹੈ ਸੰਯੁਕਤ ਰਾਸ਼ਟਰ...',

 ਪਹਿਲਗਾਮ ਦੀ ਬੈਸਰਨ ਘਾਟੀ ਵਿਚ 22 ਅਪ੍ਰੈਲ ਨੂੰ ਦਹਿਸ਼ਤਗਰਦਾਂ ਵਲੋਂ 28 ਸੈਲਾਨੀਆਂ ਨੂੰ ਮਾਰੇ ਜਾਣ ਦੀ ਹਿਰਦੇਵੇਦਕ ਘਟਨਾ ਨੇ ਇਕ ਤਰ੍ਹਾਂ ਨਾਲ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੁਨੀਆ ਭਰ ਵਿਚ ਇਸ ਅਣਮਨੁੱਖੀ ਕਾਰੇ ਦੀ ਤਿੱਖੀ ਆਲੋਚਨਾ ਹੋ ਰਹੀ ਹੈ। 

ਭਾਰਤ ਨੇ ਇਸ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੰਮੂ-ਕਸ਼ਮੀਰ ਸਮੇਤ ਭਾਰਤ ਦੇ ਹੋਰ ਹਿੱਸਿਆਂ ਵਿਚ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ ਅਤੇ ਹਰਕਤ-ਉਲ-ਅਨਸਾਰ ਪਾਕਿਸਤਾਨ ਦੀ ਧਰਤੀ ਤੋਂ ਘੁਸਪੈਠ ਕਰ ਕੇ ਹਿੰਸਕ ਹਮਲਿਆਂ ਦੁਆਰਾ ਦਹਿਸ਼ਤ ਫੈਲਾਉਂਦੇ ਰਹੇ ਹਨ। ਇਸੇ ਕਾਰਨ ਹੁਣ ਭਾਰਤ ਨੇ ਪਾਕਿਸਤਾਨ ਨਾਲ ਸਖ਼ਤੀ ਨਾਲ ਨਜਿੱਠਣ ਦਾ ਵੱਡਾ ਫ਼ੈਸਲਾ ਕਰਦਿਆਂ ਕੁਝ ਸਖ਼ਤ ਕਦਮ ਉਠਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚ ਸਿੰਧ ਜਲ ਸਮਝੌਤੇ ਨੂੰ ਮੁਅੱਤਲ ਕਰਨਾ, ਅਟਾਰੀ-ਵਾਹਗਾ ਸਾਂਝੀ ਚੈੱਕਪੋਸਟ ਨੂੰ ਬੰਦ ਕਰਨਾ, ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਕੇ 48 ਘੰਟਿਆਂ ਵਿਚ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਦਾ ਆਦੇਸ਼ ਦੇਣਾ ਅਤੇ ਇਸਲਾਮਾਬਾਦ ਵਿਚ ਭਾਰਤ ਦੇ ਦੂਤਾਵਾਸ ਦਾ ਸਟਾਫ਼ ਘਟਾਉਣਾ ਅਤੇ ਇਸੇ ਤਰ੍ਹਾਂ ਨਵੀਂ ਦਿੱਲੀ ਵਿਚ ਪਾਕਿਸਤਾਨੀ ਦੂਤਾਵਾਸ ਦਾ ਸਟਾਫ਼ ਘਟਾਉਣ ਲਈ ਨਿਰਦੇਸ਼ ਜਾਰੀ ਕਰਨਾ ਆਦਿ ਸ਼ਾਮਿਲ ਹਨ। ਇਨ੍ਹਾਂ ਸਭ ਕਦਮਾਂ ਵਿਚੋਂ ਭਾਰਤ ਦਾ ਜਿਹੜਾ ਕਦਮ ਪਾਕਿਸਤਾਨ ਲਈ ਸਭ ਤੋਂ ਮਾਰੂ ਸਾਬਤ ਹੋ ਸਕਦਾ ਹੈ ਉਹ ਹੈ 'ਸਿੰਧ ਜਲ ਸਮਝੌਤੇ' ਨੂੰ ਰੱਦ ਕਰਨਾ। ਇਸ ਨਾਲ ਪਾਕਿਸਤਾਨ ਦੀ ਖੇਤੀਬਾੜੀ ਤੇ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਇਥੋਂ ਤੱਕ ਕਿ ਦੇਸ਼ ਨੂੰ ਪੀਣ ਵਾਲੇ ਪਾਣੀ ਦੀ ਵੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪਾਕਿਸਤਾਨ ਭਾਰਤ ਦੇ ਫੈਸਲਿਆਂ ਤੋਂ ਔਖਾ

 ਇਸ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰਾਸ਼ਟਰੀ ਸੁਰੱਖਿਆ ਕਮੇਟੀ (ਐਨਐਸਸੀ) ਦੀ ਮੀਟਿੰਗ ਬੁਲਾਈ ਸੀ । ਮੋਦੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ, ਪਾਕਿਸਤਾਨ ਨੇ ਇੱਕ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਭਾਰਤ ਨੇ ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸਨੂੰ ਜੰਗ ਦਾ ਸੁਨੇਹਾ ਮੰਨਿਆ ਜਾਵੇਗਾ। ਪਾਕਿਸਤਾਨ ਨੇ ਦੋਸ਼ ਲਗਾਇਆ ਹੈ ਕਿ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੋਕ ਕੇ ਅੰਤਰਰਾਸ਼ਟਰੀ ਨਿਯਮਾਂ ਅਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਸੀ ਕਿ ਪਹਿਲਗਾਮ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਨਹੀਂ ਹੈ। ਉਹ ਇਸ ਹਮਲੇ ਦੀ ਨਿੰਦਾ ਕਰਦੇ ਹਨ। ਪਾਕਿਸਤਾਨੀ ਰੱਖਿਆ ਮੰਤਰੀ ਨੇ ਕਿਹਾ, “ਮੈਂ ਭਾਰਤ ਨੂੰ ਪੁੱਛਣਾ ਚਾਹੁੰਦਾ ਹਾਂ ਕਿ 700,000 ਸੈਨਿਕ ਦਹਾਕਿਆਂ ਤੋਂ ਕਬਜ਼ੇ ਵਾਲੇ ਕਸ਼ਮੀਰ ਵਿੱਚ ਮੌਜੂਦ ਹਨ। ਇਸ ਦੇ ਬਾਵਜੂਦ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ। ਕੀ ਭਾਰਤੀ ਫੌਜ ਤੋਂ ਪੁੱਛਗਿੱਛ ਨਹੀਂ ਕੀਤੀ ਜਾਣੀ ਚਾਹੀਦੀ? ਉਨ੍ਹਾਂ ਕਿਹਾ ਕਿ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ ਬੇਇਨਸਾਫ਼ੀ ਤੇ ਬੇਬੁਨਿਆਦ ਹੈ। 

 ਰੱਖਿਆ ਮੰਤਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਕੋਈ ਗੈਰ-ਜ਼ਿੰਮੇਵਾਰਾਨਾ ਕਦਮ ਨਹੀਂ ਚੁੱਕੇਗਾ। ਜੇਕਰ ਭਾਰਤ ਵੱਲੋਂ ਕੋਈ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਉਸਦਾ ਜਵਾਬ ਦੇਣ ਦੀ ਸਥਿਤੀ ਵਿੱਚ ਹੈ।

ਪਾਕਿਸਤਾਨ ਨੇ ਕਿਹੜੇ ਫੈਸਲੇ ਲਏ?

ਭਾਰਤ ਦੇ ਪੰਜ ਮਹੱਤਵਪੂਰਨ ਫੈਸਲਿਆਂ ਦੇ ਜਵਾਬ ਵਿੱਚ, ਪਾਕਿਸਤਾਨ ਨੇ ਬਦਲੇ ਦੀ ਕਾਰਵਾਈ ਵਿੱਚ ਕੁਝ ਫੈਸਲੇ ਲਏ ਹਨ।ਪਾਕਿਸਤਾਨ ਨੇ ਵਾਹਗਾ ਸਰਹੱਦ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਭਾਰਤ ਤੋਂ ਆਉਣ-ਜਾਣ ਵਾਲੇ ਲੋਕਾਂ ਦੀ ਆਵਾਜਾਈ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਜਿਹੜੇ ਲੋਕ ਜਾਇਜ਼ ਵੀਜ਼ੇ 'ਤੇ ਪਾਕਿਸਤਾਨ ਗਏ ਹਨ, ਉਨ੍ਹਾਂ ਨੂੰ 30 ਅਪ੍ਰੈਲ ਤੱਕ ਵਾਪਸ ਜਾਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ, ਭਾਰਤੀ ਏਅਰਲਾਈਨਾਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਤੁਰੰਤ ਬੰਦ ਕਰਨ ਦਾ ਫੈਸਲਾ ਲਿਆ ਗਿਆ।

ਦੋਹਾਂ ਦੇਸ਼ਾਂ ਵਿਚ ਤਣਾਅ ਗੰਭੀਰ

ਦੋਹਾਂ ਦੇਸਾਂ ਵਿਚ ਸਥਿਤੀ ਬਹੁਤ ਗੰਭੀਰ ਹੈ, ਅਤੇ ਯੁੱਧ ਦੀ ਸੰਭਾਵਨਾ ਹੈ, ਪਰ ਇਹ ਨਿਸ਼ਚਿਤ ਨਹੀਂ ਹੈ। ਸੂਤਰਾਂ ਅਨੁਸਾਰ ਭਾਰਤ ਅਤੇ ਪਾਕਿਸਤਾਨ ਦੋਵੇਂ ਫੌਜੀ ਕਾਰਵਾਈਆਂ ਕਰ ਸਕਦੇ ਹਨ, ਪਰ ਅੰਤਰਰਾਸ਼ਟਰੀ ਦਬਾਅ ਅਤੇ ਕੂਟਨੀਤਕ ਰਾਹਾਂ ਨਾਲ ਇਸ ਨੂੰ ਰੋਕਿਆ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਭਾਰਤ ਵੱਡੀਆਂ ਫੌਜੀ ਕਾਰਵਾਈਆਂ ਕਰ ਸਕਦਾ ਹੈ । ਅੰਤਰਰਾਸ਼ਟਰੀ ਭਾਈਚਾਰੇ ਨੇ ਦੋਹਾਂ ਦੇਸਾਂ ਨੂੰ ਸੰਜਮ ਵਿਚ ਰਹਿਣ ਦੀ ਅਪੀਲ ਕੀਤੀ ਹੈ, ਜਿਸ ਨਾਲ ਯੁੱਧ ਟਲ ਸਕਦਾ ਹੈ।

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਦੋਵਾਂ ਧਿਰਾਂ ਨੂੰ ਇਸ ਸਥਿਤੀ ਦਾ ਸ਼ਾਂਤੀਪੂਰਨ ਢੰਗ ਨਾਲ ਸਾਹਮਣਾ ਕਰਨ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਾਲਾਤ 'ਤੇ ਨਜ਼ਰ ਰੱਖੀ ਹੋਈ ਹੈ ।

 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਜਤਾਈ ਕਿ ਦੋਵੇਂ ਦੇਸ਼ ਆਪਣੇ ਆਪਸੀ ਸਬੰਧਾਂ 'ਚ ਤਣਾਅ ਨੂੰ ਦੂਰ ਕਰ ਲੈਣਗੇ।

ਕੀ ਹੈ ਸਿੰਧ ਜਲ ਸਮਝੌਤਾ

ਸਿੰਧ ਜਲ ਸਮਝੌਤਾ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੋਵਾਂ ਦੇਸ਼ਾਂ ਦੀ 9 ਸਾਲ ਦੀ ਗੱਲਬਾਤ ਤੋਂ ਬਾਅਦ 1960 ਵਿਚ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਯੂਬ ਖਾਨ ਦਰਮਿਆਨ ਕਰਾਚੀ ਵਿਚ ਵਿਸ਼ਵ ਬੈਂਕ ਦੀ ਸਾਲਸੀ ਨਾਲ ਹੋਇਆ ਸੀ। ਇਸ ਸਮਝੌਤੇ ਵਿਚ ਸਿੰਧ ਦਰਿਆ ਪ੍ਰਣਾਲੀ ਦੇ ਦਰਿਆਵਾਂ ਦੇ ਪਾਣੀ ਦੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡ ਕੀਤੀ ਗਈ ਸੀ। ਸਿੰਧ ਦਰਿਆ ਪ੍ਰਣਾਲੀ ਅਧੀਨ 6 ਦਰਿਆ ਸਿੰਧ, ਜੇਹਲਮ, ਚਨਾਬ, ਸਤਲੁਜ, ਰਾਵੀ ਅਤੇ ਬਿਆਸ ਆਉਂਦੇ ਹਨ। ਸਿੰਧ, ਜੇਹਲਮ ਅਤੇ ਚਨਾਬ ਦਾ ਪਾਣੀ (135 ਮਿਲੀਅਨ ਏਕੜ ਫੁੱਟ) ਸਮਝੌਤੇ ਅਧੀਨ ਪਾਕਿਸਤਾਨ ਅਤੇ ਸਤਲੁਜ, ਬਿਆਸ ਅਤੇ ਰਾਵੀ ਦਾ ਪਾਣੀ (33 ਮਿਲੀਅਨ ਏਕੜ ਫੁੱਟ) ਭਾਰਤ ਨੂੰ ਦਿੱਤਾ ਗਿਆ ਸੀ। ਸਿੰਧ ਦਰਿਆ ਪ੍ਰਣਾਲੀ ਦੇ ਉਕਤ ਦਰਿਆਵਾਂ ਦਾ 80 ਫ਼ੀਸਦੀ ਪਾਣੀ ਸਿੰਧ, ਜੇਹਲਮ ਅਤੇ ਚਨਾਬ ਵਿਚ ਵਹਿੰਦਾ ਹੈ, ਜਦੋਂ ਕਿ ਸਿਰਫ਼ 20 ਫ਼ੀਸਦੀ ਪਾਣੀ ਹੀ ਸਤਲੁਜ, ਰਾਵੀ ਅਤੇ ਬਿਆਸ ਵਿਚ ਵਹਿੰਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਦਰਿਆਵਾਂ ਦੇ ਕੁੱਲ ਪਾਣੀ ਦਾ 80 ਫ਼ੀਸਦੀ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਅਤੇ 20 ਫ਼ੀਸਦੀ ਪਾਣੀ ਹੀ ਭਾਰਤ ਦੇ ਹਿੱਸੇ ਆਇਆ ਸੀ। ਜਿਵੇਂ ਕਿ ਉੱਪਰ ਲਿਖਿਆ ਗਿਆ ਹੈ ਕਿ ਇਹ ਸਮਝੌਤਾ ਵਿਸ਼ਵ ਬੈਂਕ ਦੀ ਸਾਲਸੀ ਅਧੀਨ ਹੋਇਆ ਸੀ ਅਤੇ ਇਸ ਦੇ ਰੱਖ-ਰਖਾਅ ਲਈ 'ਸਿੰਧ ਜਲ ਕਮਿਸ਼ਨ' ਬਣਾਇਆ ਗਿਆ ਸੀ, ਜਿਸ ਅਧੀਨ ਦੋਵੇਂ ਦੇਸ਼ ਦਰਿਆਵਾਂ ਦੇ ਪਾਣੀ ਦੇ ਵਹਾਅ ਸੰਬੰਧੀ ਇਕ-ਦੂਜੇ ਨੂੰ ਸਮੇਂ-ਸਮੇਂ ਜਾਣਕਾਰੀ ਦਿੰਦੇ ਹਨ। ਸਮਝੌਤੇ ਅਨੁਸਾਰ ਸਾਲ ਵਿਚ ਇਕ ਵਾਰ ਸਿੰਧ ਜਲ ਕਮਿਸ਼ਨ ਦੀ ਮੀਟਿੰਗ ਹੋਣੀ ਲਾਜ਼ਮੀ ਹੈ। ਜੇਕਰ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਉਸ ਦਾ ਨਿਪਟਾਰਾ ਇਸ ਕਮਿਸ਼ਨ ਵਿਚ ਆਪਸੀ ਗੱਲਬਾਤ ਰਾਹੀਂ ਦੋਵੇਂ ਦੇਸ਼ ਕਰ ਸਕਦੇ ਹਨ। ਜੇਕਰ ਸਮਝੌਤਾ ਨਾ ਹੋਵੇ ਤਾਂ ਵਿਸ਼ਵ ਬੈਂਕ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਅਤੇ ਜੇਕਰ ਫਿਰ ਵੀ ਸਹਿਮਤੀ ਨਾ ਬਣੇ ਤਾਂ ਵਿਵਾਦ ਅੰਤਰਰਾਸ਼ਟਰੀ ਅਦਾਲਤ ਵਿਚ ਵੀ ਜਾ ਸਕਦਾ ਹੈ।

ਪਾਕਿਸਤਾਨ 'ਤੇ ਕੀ ਪ੍ਰਭਾਵ ਪਵੇਗਾ

ਭਾਰਤ ਵਲੋਂ ਸਿੰਧ ਜਲ ਸਮਝੌਤੇ ਨੂੰ ਮੁਅੱਤਲ ਕਰਨ ਦਾ ਜੋ ਫ਼ੈਸਲਾ ਕੀਤਾ ਗਿਆ ਹੈ, ਉਸ ਨੂੰ ਪਾਕਿਸਤਾਨ ਲਈ ਇਸ ਲਈ ਮਾਰੂ ਕਿਹਾ ਜਾ ਰਿਹਾ ਹੈ, ਕਿਉਂਕਿ ਪਾਕਿਸਤਾਨ ਦੀ 80 ਫ਼ੀਸਦੀ ਖੇਤੀਯੋਗ ਜ਼ਮੀਨ ਦੀ ਸਿੰਚਾਈ ਸਿੰਧ ਦਰਿਆ ਪ੍ਰਣਾਲੀ 'ਤੇ ਨਿਰਭਰ ਹੈ। ਪਾਕਿਸਤਾਨ ਨੂੰ ਪ੍ਰਾਪਤ ਹੁੰਦੇ ਪਾਣੀ ਦਾ ਲਗਭਗ 93 ਫ਼ੀਸਦੀ ਹਿੱਸਾ ਸਿੰਚਾਈ ਲਈ ਇਸਤੇਮਾਲ ਹੁੰਦਾ ਹੈ। ਖ਼ਾਸ ਕਰਕੇ ਸਿੰਧ ਅਤੇ ਪੰਜਾਬ ਦੀ ਖੇਤੀ ਵੱਡੀ ਪੱਧਰ 'ਤੇ ਇਸ ਦਰਿਆਈ ਪਾਣੀ 'ਤੇ ਨਿਰਭਰ ਕਰਦੀ ਹੈ। ਪਾਕਿਸਤਾਨ ਦੀ ਆਰਥਿਕਤਾ ਵਿਚ ਖੇਤੀ ਦਾ ਯੋਗਦਾਨ 23 ਫ਼ੀਸਦੀ ਹੈ ਅਤੇ 68 ਫ਼ੀਸਦੀ ਆਬਾਦੀ ਸਿੱਧੇ-ਅਸਿੱਧੇ ਢੰਗ ਨਾਲ ਖੇਤੀ 'ਤੇ ਨਿਰਭਰ ਹੈ। ਪਾਕਿਸਤਾਨ ਦੇ ਪ੍ਰਮੁੱਖ ਸ਼ਹਿਰ ਕਰਾਚੀ, ਮੁਲਤਾਨ ਅਤੇ ਲਾਹੌਰ ਅਨੇਕਾਂ ਪੱਖਾਂ ਤੋਂ ਸਿੰਧ, ਜੇਹਲਮ ਅਤੇ ਚਨਾਬ ਦੇ ਪਾਣੀ 'ਤੇ ਨਿਰਭਰ ਕਰਦੇ ਹਨ। ਪਾਕਿਸਤਾਨ ਦੇ 2 ਵੱਡੇ ਬਿਜਲੀ ਪ੍ਰਾਜੈਕਟ ਤਰਬੇਲਾ ਅਤੇ ਮੰਗਲਾ ਵੀ ਸਿੰਧ ਦੇ ਪਾਣੀ ਨਾਲ ਚਲਦੇ ਹਨ। ਪਾਕਿਸਤਾਨ ਦੀ ਆਰਥਿਕਤਾ ਅਤੇ ਪਾਕਿਸਤਾਨ ਦੀਆਂ ਪਾਣੀ ਦੀਆਂ ਲੋੜਾਂ ਸੰਬੰਧੀ ਜਾਣਕਾਰੀ ਰੱਖਣ ਵਾਲੇ ਮਾਹਿਰਾਂ ਦਾ ਵਿਚਾਰ ਹੈ ਕਿ ਜੇਕਰ ਭਾਰਤ ਅਮਲੀ ਰੂਪ ਵਿਚ ਪਾਕਿਸਤਾਨ ਨੂੰ ਜਾਂਦੇ ਸਿੰਧ, ਜੇਹਲਮ ਅਤੇ ਚਨਾਬ ਦੇ ਪਾਣੀਆਂ ਨੂੰ ਰੋਕ ਦਿੰਦਾ ਹੈ ਤਾਂ ਪਾਕਿਸਤਾਨ ਦੇ ਖੇਤੀ ਉਤਪਾਦਨ ਵਿਚ ਵੱਡੀ ਗਿਰਾਵਟ ਆ ਜਾਵੇਗੀ। ਉਥੇ ਖ਼ੁਰਾਕ ਦਾ ਸੰਕਟ ਖੜ੍ਹਾ ਹੋ ਜਾਵੇਗਾ। ਪਾਕਿਸਤਾਨ ਦੀ ਸ਼ਹਿਰੀ ਜਲ ਸਪਲਾਈ ਵੀ ਰੁਕ ਜਾਵੇਗੀ ਅਤੇ ਦੇਸ਼ ਵਿਚ ਅਸ਼ਾਂਤੀ ਫੈਲ ਸਕਦੀ ਹੈ। ਦੇਸ਼ ਦਾ ਬਿਜਲੀ ਉਤਪਾਦਨ ਠੱਪ ਹੋਣ ਨਾਲ ਸ਼ਹਿਰੀ ਇਲਾਕਿਆਂ ਵਿਚ ਹਨੇਰਾ ਛਾ ਜਾਵੇਗਾ ਅਤੇ ਸਨਅਤਾਂ ਨੂੰ ਚਲਾਉਣਾ ਮੁਸ਼ਕਿਲ ਹੋ ਜਾਵੇਗਾ। ਬਿਨਾਂ ਸ਼ੱਕ ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੋਵਾਂ ਦੇਸ਼ਾਂ ਦੇ ਖ਼ਰਾਬ ਹੋ ਰਹੇ ਸੰਬੰਧ ਕਿਸੇ ਭਿਆਨਕ ਜੰਗ ਨੂੰ ਜਨਮ ਦੇ ਸਕਦੇ ਹਨ।

  ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਸਹਿਯੋਗੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਸਿੰਧੂ ਜਲ ਸੰਧੀ ਵਿਵਾਦ 'ਤੇ ਭੜਕਾਊ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਨੂੰ ਸੁਨੇਹਾ ਦਿੰਦਾ ਹਾਂ ਕਿ ਸਿੰਧ ਨਦੀ ਸਾਡੀ ਹੈ, ਜਾਂ ਤਾਂ ਇਸ ਨਦੀ ਵਿੱਚ ਸਾਡਾ ਪਾਣੀ ਵਗੇਗਾ ਜਾਂ ਤੁਹਾਡਾ ਖੂਨ ਵਹੇਗਾ।

 ਮਸਲਾ ਹੱਲ ਕਿਵੇਂ ਹੋਵੇ

 ਬਿਹਤਰ ਇਹੀ ਹੋਵੇਗਾ ਕਿ ਪਾਕਿਸਤਾਨ ਭਾਰਤ ਵਿਰੁੱਧ ਸੇਧਤ ਅੱਤਵਾਦ ਨੂੰ ਪੂਰੀ ਤਰ੍ਹਾਂ ਕੰਟਰੋਲ ਕਰੇ ਅਤੇ ਭਾਰਤ ਨਾਲ ਆਪਣੇ ਸਾਰੇ ਵਿਵਾਦ ਦੁਵੱਲੀ ਗੱਲਬਾਤ ਨਾਲ ਸੁਲਝਾਉਣ ਲਈ ਅੱਗੇ ਆਵੇ। ਦੋਵਾਂ ਦੇਸ਼ਾਂ ਦੇ ਕਰੋੜਾਂ ਆਮ ਲੋਕਾਂ ਦੀ ਵੀ ਇਹੀ ਭਾਵਨਾ ਹੈ। 

'