ਇਸਰਾਈਲ-ਇਰਾਨ ਜੰਗ ਨਾਲ ਜੁੜੇ ਗੁੱਝੇ ਤੱਥ

ਇਸਰਾਈਲ-ਇਰਾਨ ਜੰਗ ਨਾਲ ਜੁੜੇ ਗੁੱਝੇ ਤੱਥ

                               ਮੱਧ ਪੂਰਬ ਜੰਗੀ ਸੰਕਟ 

ਇਸਰਾਈਲ ਅਤੇ ਇਰਾਨ ਦਾ ਯੁੱਧ ਛਿੜ ਪਿਆ ਹੈ। ਇਸਰਾਈਲ ਯਹੂਦੀ ਪ੍ਰਭੁਤਾ ਅਤੇ ਪਾਸਾਰ ਨੂੰ ਸਮਰਪਿਤ ਦੇਸ਼ ਹੈ, ਅਤੇ ਇਰਾਨ 1979 ਤੋਂ ਬਾਅਦ ਇਸਲਾਮਿਕ ਸੋਚ ਨੂੰ। ਯਹੂਦੀ ਸਮੁਦਾਇ ਕੁੱਲ ਦੁਨੀਆਂ ਵਿਚ ਪੜ੍ਹੇ ਲਿਖੇ ਖੁਸ਼ਹਾਲ ਵਪਾਰੀ, ਪਰ ਹਰ ਮੁਲਕ ਵਿਚ ਘੱਟ ਗਿਣਤੀ ਲੋਕ ਸਨ। ਆਪਣੀ ਨਸਲੀ ਸ਼ੁੱਧਤਾ ਤੋਂ ਸੁਚੇਤ।  ਯੂਰਪ ਵਿਚ ਯਹੂਦੀਆਂ ਨੂੰ ਧਾਰਮਕ ਨਸਲੀ ਵਖਰੇਵੇਂ ਅਤੇ ਆਰਥਕ ਸ਼ਰੀਕੇਬਾਜੀ ਦੇ ਚਲਦਿਆਂ ਖਤਰੇ ਵਜੋਂ ਵੇਖਦਿਆਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ। ਇਸਦੀ ਸਿਖਰ ਸੀ ਦੂਜੀ ਸੰਸਾਰ ਜੰਗ ਸਮੇਂ 1945 ਤਕ ਜਰਮਨ ਵਿਚ ਹਿਟਲਰ ਦੁਆਰਾ ਲੱਖਾਂ ਯਹੂਦੀਆਂ ਦਾ ਸਿੱਧਾ ਕਤਲੇਆਮ। ਯੂਰਪ ਅਤੇ ਹਿਟਲਰ ਈਸਾਈ ਸੀ। ਜ਼ਾਹਿਰ ਹੈ ਕਿ ਇਸ ਉਪਰੰਤ ਕਦੀ ਨਾ ਮੁੱਕਣ ਵਾਲਾ ਯਹੂਦੀ-ਈਸਾਈ ਕਲੇਸ਼ਖਾਨਾ ਸ਼ੁਰੂ ਹੋ ਜਾਂਦਾ। ਪਰ ਅਮਰੀਕਾ ਇੰਗਲੈਂਡ ਯੂਰਪੀ ਚਾਲਾਕ ਨਿਕਲੇ।

 ਫਲਸਤੀਨ ਸਮੁੰਦਰ ਕੰਢੇ ਸਦੀਆਂ ਤੋਂ ਸੁੱਖੀਂ ਸਾਂਦੀ ਵੱਸ ਰਿਹਾ ਪ੍ਰਾਚੀਨ ਸਭਿਅਤਾ ਵਾਲਾ ਮੁਲਕ ਸੀ। ਜਿਸ ਉੱਤੇ 1948 ਵਿਚ ਬਸਤੀ ਵਜੋਂ ਇੰਗਲੈਂਡ ਦਾ ਕਬਜਾ ਸੀ। ਜਿੱਥੇ ਯੋਰੋਸ਼ਲਮ ਹੈ। ਜਿਸਨੂੰ ਈਸਾਈ ਯਹੂਦੀ ਅਤੇ ਮੁਸਲਿਮ ਤਿੰਨਾਂ ਹੀ ਧਾਰਮਕ ਭਾਈਚਾਰਿਆਂ ਦਾ ਪਵਿੱਤਰ ਥਾਂ ਹੋਣ ਦਾ ਮਾਣ ਹਾਸਿਲ ਹੈ। ਮਿਸਰ ਫਲਸਤੀਨ ਇਰਾਕ ਸਊਦੀ ਅਰਬ ਇਰਾਨ ਤੁਰਕੀ ਅਫਗਾਨਿਸਤਾਨ ਭਾਰਤ-ਪਾਕਿਸਤਾਨ-ਬੰਗਲਾ ਦੇਸ਼ ਚੀਨ, ਇਹ ਸਾਰੀ ਪੱਟੀ ਹੀ ਪ੍ਰਾਚੀਨ ਇਨਸਾਨੀ ਵਿਰਾਸਤ ਅਤੇ ਗਿਆਨ ਦਾ ਕੇਂਦਰ ਰਹੀ ਹੈ। ਧਰਤੀ ਹੇਠਲੇ ਲੱਭੇ ਤੇਲ ਭੰਡਾਰਾਂ ਇਸਨੂੰ ਹੋਰ ਲੁਭਾਉਣਾ ਬਣਾ ਦਿੱਤਾ। ਭਾਰਤ ਚੀਨ ਨੂੰ ਛੱਡ ਕੇ ਇਹ ਸਾਰਾ ਖਿੱਤਾ ਮੁਸਲਿਮ ਬਹੁਲ ਹੈ।

 ਸੋ ਅਮਰੀਕਾ ਇੰਗਲੈਂਡ ਨੇ ਯੂ.ਐਨ ਰਾਹੀਂ ਪੂਰਾ ਜੁਗਾੜ ਕਰਕੇ ਮੁਸਲਿਮ ਬਹੁਲ ਫਲਸਤੀਨ ਨੂੰ ਤਕਰੀਬਨ ਅੱਧਾ ਅੱਧਾ ਵੰਡ ਕੇ 1948 ਵਿਚ ਯਹੂਦੀ ਮੁਲਕ ਇਸਰਾਈਲ ਬਣਾ ਦਿੱਤਾ। ਉਸਦੇ ਸਰਪ੍ਰਸਤ ਬਣ ਗਏ। ਹੌਲੀ ਹੌਲੀ ਬਹਾਨੇ ਬਣਾ ਬਣਾ ਕੇ ਫਲਸਤੀਨੀਆਂ ਨੂੰ ਇਕ ਤਰਾਂ ਗੁਲਾਮ ਬਣਾ ਕੇ ਸਾਰੇ ਦੇਸ਼ ਉੱਤੇ ਕਬਜਾ ਕਰ ਲਿਆ, ਉਜਾੜਾ ਕੀਤਾ,ਜ਼ੁਲਮ ਕੀਤੇ, ਜੇਲ੍ਹੀਂ ਡੱਕਿਆ। ਅੱਜ ਫਲਸਤੀਨ ਨਾਮ ਦਾ ਕੋਈ ਅਜ਼ਾਦ ਦੇਸ਼ ਨਹੀਂ ਹੈ। 2012 ਤੋਂ ਫਲਸਤੀਨ ਦੀ ਯੂ.ਐਨ.ਓ ਵਿਚ ਕੋਈ ਪ੍ਰਤੀਨਿਧਤਾ ਨਹੀਂ। ਉੱਜੜੇ ਲੱਖਾਂ ਫਲਸਤੀਨੀ ਦੂਜੇ ਮੁਲਕਾਂ ਵਿਚ ਸ਼ਰਨਾਰਥੀ ਹਨ। ਮਗਰੋਂ ਯੂ.ਐਨ.ਓ ਨੇ ਸੈਂਕੜੇ ਮਤੇ ਫਲਸਤੀਨ ਦੇ ਹੱਕ ਵਿਚ ਪਾਸ ਕੀਤੇ, ਜੋ ਅਮਰੀਕਾ ਨੇ ਵੀਟੋ ਕੀਤੇ ਅਤੇ ਇਸਰਾਈਲ ਨੇ ਨਹੀਂ ਮੰਨੇ। ਇਹ ਹਾਲਾਤ ਸਾਰੀ ਪੁਆੜੇ ਦੀ ਜੜ੍ਹ ਹਨ। ਅੱਜ ਦੀ ਮੋਦੀ ਸਰਕਾਰ ਦੀ ਇਸਰਾਈਲ ਨਾਲ ਬੇਲਪੁਣੇ ਵਾਲੀ ਨੀਤੀ ਨੂੰ ਛੱਡ ਕੇ, ਭਾਰਤ ਹਮੇਸ਼ਾਂ ਫਲਸਤੀਨ ਦੇ ਹੱਕ ਵਿਚ ਸਪੱਸ਼ਟ ਖਲੋਤਾ ਹੈ। ਸੋ ਇੰਜ ਫਲਸਤੀਨ ਦਾ ਇਸਰਾਈਲ ਨਾਲ ਲੜਾਈ ਝਗੜਾ ਪਿਛਲੇ ਸਾਲ ਹਮਾਸ ਦੇ ਹਮਲੇ ਤੋਂ ਸ਼ੁਰੂ ਨਹੀਂ ਹੋਇਆ, ਜਿਵੇਂ ਕਿ ਸਾਡਾ ਸ਼ਰਾਰਤੀ ਖਬਰ ਚੈਨਲ ਮੀਡੀਆ ਪ੍ਰਚਾਰਨ ਤੇ ਤੁੱਲਿਆ। 

  ਯੂ.ਐਨ.ਓ ਨੇ ਜੂਨ 2024 ਵਿਚ ਵੀ ਮਤਾ ਪਾਸ ਕੀਤਾ ਹੈ ਕਿ ਫਲਸਤੀਨ ਪ੍ਰਭੂਸੱਤਾ ਸੰਪੰਨ ਦੇਸ਼ ਹੈ। 193 ਵਿਚੋਂ 146 ਮੈਂਬਰਾਂ ਇਸ ਦੇ ਹੱਕ ਵਿਚ ਵੋਟ ਪਾਈ। ਤਾਜ਼ੇ 17 ਸਤੰਬਰ ਨੂੰ ਪਾਸ ਕੀਤੇ ਮਤੇ ਵਿਚ ਵੀ ਇਕ ਸਾਲ ਦੇ ਅੰਦਰ ਫਲਸਤੀਨ ਦਾ ਕਬਜਾ ਛੱਡਣ ਦਾ ਇਸਰਾਈਲ ਨੂੰ ਨਿਰਦੇਸ਼ ਦਿੱਤਾ ਹੈ, ਜਿਸਨੂੰ ਮੰਨਣ ਤੋਂ ਉਸਨੇ ਇਨਕਾਰ ਕਰ ਦਿੱਤਾ ਹੈ।

 ਕਿਸੇ ਵੇਲੇ ‘ਅਰਬ ਲੀਗ’ ਅਤੇ ‘ਗੁੱਟ ਨਿਰਲੇਪ’ ਮੁਲਕਾਂ ਦੇ ਸੰਗਠਨ ਸਨ, ਜੋ ਅਮਰੀਕੀ ਅਤੇ ‘ਨਾਟੋ’ ਫੌਜੀ ਧੌਂਸ ਦੇ ਚਲਦਿਆਂ ਮਰ ਮੁੱਕ ਗਏ। ਸੋਵੀਅਤ ਯੂਨੀਅਨ ਦੇ ਪਤਨ ਮਗਰੋਂ ਅਮਰੀਕਾ ਨੇ ਸਗੋਂ ‘ਨਾਟੋ’ ਦਾ ਹੋਰ ਬੇਲੋੜਾ ਵਿਸਥਾਰ ਕਰਦਿਆਂ ਆਪਣੇ ਨਾਲ ਅਸਹਿਮਤ ਦੇਸ਼ਾਂ ਨੂੰ ਫੌਰੀ ਮਸਲਨ ਦੀ ਨੀਤੀ ਫੜੀ। ਝੂਠੇ ਖੋਖਲੇ ਬਹਾਨੇ ਬਣਾ ਕੇ ਇਰਾਕ ਅਤੇ ਲਿਬੀਆ ਮਸਲ ਸੁੱਟੇ। ਇਰਾਕੀ ਰਾਸ਼ਟਰਪਤੀ ਸੱਦਾਮ ਹੁਸੈਨ ਅਰਬ ਏਕਤਾ ਦਾ ਨਾਹਰਾ ਦਿੰਦਾ ਸੀ। ਪਹਿਲਾਂ ਕਿਹਾ ਕਿ ਇਰਾਕ ਕੋਲ ਰਸਾਇਣਕ ਹਥਿਆਰਾਂ ਦੇ ਭੰਡਾਰ ਹਨ,ਉਸਦੇ ਘਰ ਦੀ ਵੀ ਤਲਾਸ਼ੀ ਲਈ। ਕੁਛ ਨਾ ਮਿਲਿਆ। ਫਿਰ ਨਾਦਰਸ਼ਾਹੀ ਫੁਰਮਾਨ ਦਿੱਤਾ ਕਿ ਤਿੰਨ ਦਿਨਾ ਚ ਗੱਦੀ ਛੱਡੇ ,ਤੇ ਫਿਰ ਹਮਲਾ ਕਰ ਦਿੱਤਾ। ਸੱਦਾਮ ਹੁਸੈਨ ਫਾਹੇ ਟੰਗਤਾ। ਅੱਜ ਤਕ ਪੰਜ ਲੱਖ ਇਰਾਕੀ ਮਾਰੇ ਗਏ, ਦੇਸ਼ ਖਿੱਲਰ ਗਿਆ ਤੇ ਹੁਣ ਇਰਾਕ ਵਿਚ ਪੱਕਾ ਅਮਰੀਕੀ ਫੌਜੀ ਅੱਡਾ ਵੀ ਹੈ। ਲਿਬੀਆ ਦਾ ਰਾਸ਼ਟਰਪਤੀ ਕਰਨਲ ਗੱਦਾਫੀ ‘ਗਰੀਨ ਬੁੱਕ’ ਲਿਖ ਕੇ ਪੱਛਮੀ ਤਰਜ਼ ਦੇ ਵਿਕਾਸ ਮਾਡਲ ਦੀ ਬਜਾਏ ਸਥਾਨਕ ਹਿੱਤਾਂ ਅਨੁਕੂਲ ਵਿਕਾਸ ਮਾਡਲ ਨੂੰ ਪਰਚਾਰਦਾ ਸੀ। 1992 ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਲਿਬੀਆ ਸਰਕਾਰ ਵੱਲੋਂ ਸਪਾਂਸਰਡ ਇਕ ਸੈਮੀਨਾਰ ਵਿਚ, ਮੇਰੇ ਵਿਸ਼ਵ ਮੁੱਦਿਆਂ ਉੱਤੇ ਅਖਬਾਰਾਂ ਵਿਚ ਲੇਖ ਛਪਦੇ ਹੋਣ ਕਰਕੇ, ਮੈਨੂੰ ਵੀ ਬੋਲਣ ਲਈ ਬੁਲਾਇਆ ਗਿਆ ਸੀ। ਅਮਰੀਕੀਆਂ ਆਖਿਆ ਕਿ ਲਿਬੀਆ ਵਿਚ ਤਾਨਾਸ਼ਾਹੀ ਹੈ, ਗੱਦਾਫੀ ਨੂੰ ਬਹਾਨੇ ਬਣਾ ਕੇ ਮਾਰ ਮੁਕਾਇਆ। ਫਿਰ ਖਾਨਾਜੰਗੀ ਤੇ ਅੱਜ ਲਿਬੀਅਨ ਸ਼ਰਨਾਰਥੀ ਮੰਗਤੇ ਬਣੇ ਬੈਠੇ। ਇਸ ਤੋਂ ਬਾਅਦ ਫਿਰ ਤਾਨਾਸ਼ਾਹੀ ਵਾਲਾ ਬਹਾਨਾ ਲਾ ਕੇ ਰੂਸ ਪੱਖੀ ਮੁਲਕ ਸੀਰੀਆ ਦੀ ਸਰਕਾਰ ਡੇਗਣ ਲਈ ਧਾਵਾ ਬੋਲਿਆ ਪਰ ਵਿਚ ਰੂਸ ਆ ਖਲੋਤਾ। ਇੰਜ ਉੱਤਰੀ ਕੋਰੀਆ, ਇਰਾਨ ਅਤੇ ਕਿਊਬਾ ਬਚ ਨਿਕਲੇ, ਭਾਵੇਂ ਕਿ ਸਖਤ ਆਰਥਕ ਪਾਬੰਦੀਆਂ ਦੀ ਮਾਰ ਹੇਠ ਹਨ।

 1979 ਤਕ ਇਰਾਨ ਦਾ ਸ਼ਾਸਕ ਮੁਹੰਮਦ ਰਜ਼ਾ ਪਹਿਲਵੀ ਅਮਰੀਕਾ ਇਸਰਾਈਲ ਪੱਖੀ ਸੀ। ਜਿਸ ਨੂੰ ਆਇਤੁਲਾ ਖੁਮੈਨੀ ਦੀ ਅਗਵਾਈ ਵਿਚ ਗੱਦੀ ਤੋਂ ਲਾਹ ਕੇ ਇਸਲਾਮਿਕ ਸਰਕਾਰ ਬਣੀ। ਇਰਾਨ ਉੱਤੇ ਸਖਤ ਅਮਰੀਕੀ ਪਾਬੰਦੀਆਂ ਲੱਗੀਆਂ। ਇਰਾਨ ਨੇ ਫਲਸਤੀਨ ਦੀ ਥਾਂ ਵਸਾਏ ਯਹੂਦੀ ਮੁਲਕ ਇਸਰਾਈਲ ਦੀ ਹੋਂਦ ਨੂੰ ਅਸਵੀਕਾਰ ਕੀਤਾ। ਤੇ ਇੰਜ ਵਧਦਾ ਵਧਦਾ ਕਲੇਸ਼ ਅੱਜ ਦੀ ਜੰਗ ਤਕ ਪੁੱਜਾ। ਅੱਜ ਇਸਰਾਈਲ ਅਮਰੀਕਾ ਦਾ ਲੈਫਟੀਨੈਂਟ ਅਤੇ ਪੱਕੀ ਠਾਹਰ ਹੈ, ਲਾਕੜੀ ਹੈ। ਕਈ ਵਾਰ ਅਮਰੀਕਾ ਨਾਲ ਰਲ ਕੇ ਇਰਾਕ ਇਰਾਨ ਦੇ ਪ੍ਰਮਾਣੂ ਕੇਂਦਰਾਂ ਉੱਤੇ ਸਿੱਧਾ ਹਮਲਾ ਕਰ ਚੁੱਕਾ।

 ਫਲਸਤੀਨੀਆਂ ਨੂੰ ਉਹਨਾਂ ਦੀ ਬਣਦੀ ਅੱਧੀ ਭੂਮੀ ਦੇ ਕੇ ਪ੍ਰਭੂਸੱਤਾ ਸੰਪੰਨ ਮੁਲਕ ਵਜੋਂ ਮਾਣ ਮਾਨਤਾ ਦੇਣ ਤੋਂ ਬਿਨਾ ਮਸਲੇ ਦਾ ਕੋਈ ਵੀ ਹੋਰ ਫੌਜੀ ਹੱਲ ਹੰਢਣਸਾਰ ਨਹੀਂ ਲਗਦਾ। ਫਲਸਤੀਨ ਨੂੰ ਹੱਕ ਦਿਵਾਉਣ ਦੀ ਕੋਈ ਚਰਚਾ ਨੀ ਹੋ ਰਹੀ। ਮੁੱਦਾ ਸਾਈਡ ਕਰ ਦਿੱਤਾ ਗਿਆ ਹੈ। ਚਰਚਾ ਇਹ ਫੈਲਾ ਦਿੱਤੀ ਗਈ ਹੈ ਕਿ ਇਹ ਤਾਂ ਕੋਈ ਹਮਾਸ ਅਤੇ ਹਿਜ਼ਬੁਲਾ ਵਰਗੇ ਅੱਤਵਾਦੀ ਸੰਗਠਨਾ ਨੂੰ ਕਾਬੂ ਕਰਨ ਦਾ ਮੁੱਦਾ ਹੈ। 

ਕੈਦੀਆਂ ਦੇ ਵਟਾਂਦਰੇ ਨਾਲ ਇਸਰਾਈਲੀ ਬੰਧਕ ਛੁਡਾਏ ਜਾ ਰਹੇ ਸਨ, ਬਾਕੀ ਵੀ ਛੁਡਾਏ ਜਾ ਸਕਦੇ ਸਨ, ਪਰ ਰੋਕ ਕੇ ਗੱਲ ਲੜਾਈ ਵਧਾਉਣ ਵਾਲੇ ਬੰਨੇ ਤੋਰ ਕੇ ਗਾਜ਼ਾ ਦਾ ਮੁਕੰਮਲ ਉਜਾੜਾ, ਇਰਾਨ ਦੇ ਪਰਮਾਣੂ ਫੌਜੀ ਅਤੇ ਤੇਲ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਅਸਲ ਗੁੱਝਾ ਟੀਚਾ ਹਾਸਲ ਕਰਨ ਉੱਤੇ ਕੇਂਦਰਿਤ ਕੀਤੀ ਜਾ ਰਹੀ ਹੈ।

ਅਮਰੀਕਾ ਦੇ ਇਸ ਖਿੱਤੇ ਵਿਚ ਇਸਰਾਈਲ ਤੋਂ ਇਲਾਵਾ ਤੁਰਕੀ, ਇਰਾਕ, ਸੀਰੀਆ, ਬਹਿਰੀਨ, ਸਊਦੀ ਅਰਬ, ਕਤਰ,ਯੂ.ਏ.ਈ, ਓਮਾਨ, ਕੁਵੈਤ, ਸਾਈਪਰਸ ਵਿਚ ਪੱਕੇ ਫੌਜੀ ਅੱਡੇ ਹਨ, ਜਿੱਥੇ ਉਹਨਾਂ ਅਨੁਸਾਰ 40 ਹਜ਼ਾਰ ਫੌਜੀ ਤਾਇਨਾਤ ਹਨ, ਜੋ ਇਸ ਤੇਲ ਖਿੱਤੇ ਉੱਤੇ ਜ਼ੋਰਾਵਰੀ ਕਾਬੂ ਕਬਜੇ ਲਈ ਹਨ। ਸਾਡਾ ਮੀਡੀਆ ਚੇਤੇ ਰੱਖੇ ਕਿ ਬੰਗਲਾ ਦੇਸ਼ ਵਿਚ ਮੌਜੂਦਾ ਹਾਲਾਤ ਜੋ ਬਣੇ ਹਨ, ਜਿਵੇਂ ਉਥੇ ਹਿੰਦੂਆਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ, ਇਸ ਵਿਚ ਹੋਰ ਕਾਰਨਾਂ ਦੇ ਨਾਲ ਅਮਰੀਕਾ ਦਾ ਵੀ ਹੱਥ ਹੋਣ ਦੇ ਸਪੱਸ਼ਟ ਇਲਜ਼ਾਮ ਲੱਗੇ ਹਨ। 

 ਯੂਕਰੇਨ,ਫਲਸਤੀਨ,ਤਾਈਵਾਨ,ਉੱਤਰੀ ਕੋਰੀਆ ਆਦਿ ਸਭ ਵੱਡੇ ਕਲੇਸ਼ਖਾਨਿਆਂ ਵਿਚ ਹਰ ਥਾਂ ਇਕ ਪਾਸਿਉਂ ਅਮਰੀਕਾ ਮੋਹਰੀ ਹੈ। ਸਭ ਵਪਾਰਕ ਆਰਥਕ ਹਿੱਤਾਂ ਲਈ ਹੋ ਰਿਹਾ। ਇਹ ਆਮ ਅਮਰੀਕੀ ਲੋਕਾਂ ਦੇ ਹਿੱਤ ਵਿਚ ਵੀ ਨਹੀਂ। ਵੱਡੀ ਜੰਗ ਭੜਕੀ ਤਾਂ ਵਪਾਰੀਆਂ ਨੇ ਤਾਂ ਨਹੀਂ ਮਰਨਾ, ਨਾ ਕਦੀ ਪਹਿਲਾਂ ਮਰੇ। ਦੇਸ਼ ਭਗਤੀ ਦਾ ਡੌਰੂ ਖੜਕਾ ਕੇ ਰੋਟੀ ਖਾਤਰ ਭਰਤੀ ਹੋਏ ਮਾਵਾਂ ਦੇ ਫੌਜੀ ਪੁੱਤਾਂ ਦਾ ਖੂਨ ਵਹਾਉਣਗੇ ਪਾਣੀ ਵਾਂਗ। ਤੇ ਫਿਰ ਪਹਿਲਾਂ ਵਾਂਗ ਬੈਠ ਕੇ ਸਮਝੌਤਾ ਕਰ ਲੈਣਗੇ, ਜਿਵੇਂ ਹੁਣ ਦੂਜੀ ਸੰਸਾਰ ਜੰਗ ਦੇ ਘੁਲਾਟੀਏ ਅਮਰੀਕਾ ਜਪਾਨ ਜਰਮਨ ਇੰਗਲੈਂਡ ਫਰਾਂਸ ਇਟਲੀ ਜੱਫੀਆਂ ਪਾ ਰਹੇ ਨੇ। ਦੇਸ਼ ਭਗਤੀ ਖਾਤਰ ਮਰੇ ਫੌਜੀ ਦੱਸੋ ਕਿਹੜੇ ਖਾਤੇ ਗਏ ? ਇਹੀ ਹੁਣ ਹੋਣਾ।

 ਦੁਨੀਆਂ ਦੇ ਲੋਕਾਂ ਨੂੰ ਸਮਝਣਾ ਪਊ ਕਿ ਅਮਰੀਕਾ ਇੰਗਲੈਂਡ ਵਰਗੇ 32 ਦੇਸ਼ਾਂ ਨੇ ਰਲ ਕੇ ‘ਨਾਟੋ’ ਫੌਜੀ ਗਠਜੋੜ ਮਾੜੇ ਮੁਲਕਾਂ ਨੂੰ ਲੁੱਟਣ ਕੁੱਟਣ ਲਈ ਬਣਾਇਆ ਹੈ। ਜੋ ਵਿਕਾਸਸ਼ੀਲ ਦੇਸ਼ਾਂ ਲਈ ਵੱਡਾ ਖਤਰਾ ਹੈ।

 ਬੇਭਰੋਸਗੀ ਏਨੀ ਹੈ ਕਿ ਹਥਿਆਰਾਂ ਦੀ ਦੌੜ ਕਦੀ ਨਹੀਂ ਜੇ ਰੁਕਣੀ। ਇਹ ਗੱਲ ਬਾਕੀ ਮੁਲਕਾਂ ਨਹੀਂ ਮੰਨਣੀ ( ਭਾਰਤ ਨੇ ਵੀ ਨਹੀਂ ਸੀ ਮੰਨੀ) ਕਿ 8-10 ਮੁਲਕਾਂ ਕੋਲ ਪ੍ਰਮਾਣੂ ਹਥਿਆਰਾਂ ਦੀ ਕਨੂੰਨੀ ਧੌਂਸ ਹੋਵੇ ਅਤੇ ਬਾਕੀਆਂ ਨੂੰ ਵਰਜਿਆ ਜਾਵੇ ਕਿ ਇੰਜ ਕਰਨਾ ਗੈਰ ਕਨੂੰਨੀ ਹੈ। ਜੇ ਇਹ ਸੱਚ ਹੈ ਤਾਂ ਕਿਸੇ ਨਾ ਕਿਸੇ ਦਿਨ ਵੱਡੀ ਤਬਾਹੀ ਅਟੱਲ ਹੈ। ਅਮੀਰਾਂ ਲੁਕ ਜਾਣਾ ਕਿਉਂਕਿ ਜਿੱਥੇ ਮਰਜ਼ੀ ਲੁਕ ਸਕਦੇ, ਤੇ ਮਰਨਾ ਆਮ ਲੋਕਾਂ। ਇਸ ਲਈ ਆਮ ਲੋਕਾਂ ਨੂੰ ਇਸ ਧਰਤੀ/ਇਨਸਾਨੀਅਤ ਵਿਰੋਧੀ ਚਲਨ ਵਿਰੁੱਧ ਫੌਰੀ ਉੱਠ ਖਲੋਣਾ ਚਾਹੀਦਾ।

ਦੁਖੀ ਯਹੂਦੀਆਂ ਦਾ, ਮੁਸਲਿਮ ਖਿੱਤੇ ਵਿਚ ਜਬਰੀ ਕਬਜੇ ਵਾਲਾ ਘਰ (ਇਸਰਾਈਲ ਦੇਸ਼) ਬਣਵਾ ਕੇ ਸ਼ੈਤਾਨ ਸਾਮਰਾਜੀਆਂ ਨੇ ਆਪਣੇ ਗਲੋਂ ਬਲਾ ਲਾਹੁਣ ਲਈ ਮੁਸਲਮਾਨਾ ਯਹੂਦੀਆਂ ਦੋਹਾਂ ਨਾਲ ਜਾਣ ਬੁੱਝ ਕੇ ਧ੍ਰੋਹ ਕੀਤਾ ਹੈ। ਉਹਨਾਂ ਦੇ ਖਾਹਮਖਾਹ ਕੁੰਢ ਫਸਾ ਦਿੱਤੇ ਹਨ। ਖੁਸ਼ਹਾਲ ਯਹੂਦੀ ਇਥੇ ਹਮੇਸ਼ਾਂ ਤਨਾਓ ਬੇਯਕੀਨੀ ਦਾ ਸ਼ਿਕਾਰ ਰਹਿਣਗੇ। ਮਰਦੇ ਮਾਰਦੇ ਰਹਿਣਗੇ। ਧੱਕਾ ਸਦਾ ਨਹੀਂ ਚੱਲਦਾ ਹੁੰਦਾ। ਚੰਗੇ ਰਹਿਣਗੇ ਜੇ ਮੋੜਾ ਕੱਟਣ। ਫਲਸਤੀਨੀਆਂ ਨਾਲ ਸਨਮਾਨਜਨਕ ਸਮਝੌਤਾ ਕਰਨ ਦੀ ਖੁਦ ਪਹਿਲ ਕਰਨ। ਅਮੀਰ ਤਾਂ ਹਨ ਹੀ, ਸਿਆਣੇ ਬਣ ਕੇ ਅੱਗੇ ਲਈ ਆਪਣੇ ਬੱਚਿਆਂ ਦਾ ਹਿੱਤ ਸੋਚਣ। ਚੁੱਕਣ ਚੁਕਾਉਣ ਵਾਲਿਆਂ ਦਾ ਅਸਲੀ ਇਤਿਹਾਸਕ ਚਿਹਰਾ ਪਛਾਨਣ।

ਸ਼ਾਂਤੀ ਲਈ ਇਰਾਨ ਨੂੰ ਦਿੱਸਦਾ ਸੱਚ ਸਵੀਕਾਰਦਿਆਂ ਇਸਰਾਈਲ ਦੀ ਹੋਂਦ ਮੰਨਣੀ ਹੋਵੇਗੀ। ਅਤੇ ਇਸਰਾਈਲ ਨੂੰ ਹੰਕਾਰ ਛੱਡ ਕੇ ਦੂਰ ਦੀ ਸੋਚਦਿਆਂ ਫਲਸਤੀਨ ਨੂੰ ਪਿਆਰ ਨਾਲ ਅਜ਼ਾਦ ਦੇਸ਼ ਸਵੀਕਾਰਨਾ ਹੋਵੇਗਾ। ਬਾਕੀ ਸਭ ਰਸਤੇ ਤਬਾਹੀ ਵੱਲ ਨੂੰ ਜਾਂਦੇ ਹਨ। ਸਮਾਂ ਹੱਥੋਂ ਨਿਕਲਣ ਹੀ ਵਾਲਾ ਹੈ। ਵੇਖਦੇਂ ਲੀਡਰਾਂ ਦੀ ਅਕਲ ! 

                                                                                 

   ਡਾ. ਸੁਰਿੰਦਰ ਮੰਡ (94143 24543)

  ਸੁੰਦਰ ਵਿਹਾਰ, ਤਲਵਾੜਾ

   (ਜ਼ਿਲ੍ਹਾ ਹੁਸ਼ਿਆਰਪੁਰ)