ਸੱਤ ਸੂਬਿਆਂ 'ਚ ਸਰਗਰਮ ਨਕਸਲੀ ਪ੍ਰਸ਼ਾਂਤ ਬੋਸ ਗ੍ਰਿਫ਼ਤਾਰ     

ਸੱਤ ਸੂਬਿਆਂ 'ਚ ਸਰਗਰਮ ਨਕਸਲੀ ਪ੍ਰਸ਼ਾਂਤ ਬੋਸ ਗ੍ਰਿਫ਼ਤਾਰ     

* ਇਕ ਕਰੋੜ ਦਾ ਇਨਾਮ ਸੀ 

ਅੰਮ੍ਰਿਤਸਰ ਟਾਈਮਜ਼

 ਰਾਂਚੀ : ਭਾਰਤ ਦੇ ਅੱਧਾ ਦਰਜਨ ਤੋਂ ਜ਼ਿਆਦਾ ਸੂਬਿਆਂ ’ਚ 100 ਤੋਂ ਜ਼ਿਆਦਾ ਨਕਸਲੀ ਹਮਲਿਆਂ ਦਾ ਮਾਸਟਰ ਮਾਈਂਡ ਤੇ ਪੰਜ ਦਹਾਕਿਆਂ ਤੋਂ ਮਾਓਵਾਦੀਆਂ ਦੇ ਥਿੰਕਟੈਂਕ ਦੀ ਭੂਮਿਕਾ ਨਿਭਾ ਰਹੇ ਪ੍ਰਮੁੱਖ ਨਕਸਲੀ ਕਮਾਂਡਰ ਪ੍ਰਸ਼ਾਂਤ ਬੋਸ ਉਰਫ ਕਿਸ਼ਨ ਦਾ ਨੂੰ ਝਾਰਖੰਡ ਪੁਲਿਸ ਨੇ ਪਤਨੀ ਸ਼ੀਲਾ ਮਰਾਂਡੀ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਨੇ ਹਾਲੇ ਤਕ ਰਸਮੀ ਪੁਸ਼ਟੀ ਨਹੀਂ ਕੀਤੀ। ਪ੍ਰਸ਼ਾਂਤ ਬੋਸ ਦੀ ਗ੍ਰਿਫ਼ਤਾਰੀ ਲਈ ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਬੰਗਾਲ, ਆਂਧਰ ਪ੍ਰਦੇਸ਼ ਤੇ ਮਹਾਰਾਸ਼ਟਰ ਦੀ ਪੁਲਿਸ ਦੇ ਇਲਾਵਾ ਕੇਂਦਰੀ ਸੁਰੱਖਿਆ ਏਜੰਸੀਆਂ ਵੀ ਲੰਬੇ ਸਮੇਂ ਤੋਂ ਸਰਗਰਮ ਰਹੀਆਂ ਹਨ। ਇਨ੍ਹਾਂ ਸਾਰੇ ਸੂਬਿਆਂ ਵਿਚ ਇਹ ਨਕਸਲੀ ਹਮਲਿਆਂ ਦੀ ਵਿਊਹ ਰਚਨਾ ਕਰਦਾ ਸੀ। ਝਾਰਖੰਡ ਸਮੇਤ ਨਕਸਲ ਪ੍ਰਭਾਵਿਤ ਜ਼ਿਆਦਾਤਰ ਸੂਬਿਆਂ ਨੇ ਗ੍ਰਿਫ਼ਤਾਰੀ ’ਤੇ ਇਕ ਕਰੋੜ ਦਾ ਇਨਾਮ ਐਲਾਨਿਆ ਸੀ। ਸੰਗਠਨ ’ਚ ਉਸਦਾ ਦਰਜਾ ਮਾਓਵਾਦੀਆਂ ਦੇ ਈਸਟਰਨ ਰੀਜਨਲ ਬਿਊਰੋ ਦੇ ਸਕੱਤਰ ਦਾ ਸੀ। ਇਸਦੇ ਇਲਾਵਾ ਉਹ ਸੀਪੀਆਈ ਮਾਓਵਾਦੀ ਦਾ ਪੋਲਿਟ ਬਿਊਰੋ ਮੈਂਬਰ ਹੈ।

ਸੂਤਰਾਂ ਮੁਤਾਬਕ ਪ੍ਰਸ਼ਾਂਤ ਬੋਸ ਨੂੰ ਪੁਲਿਸ ਨੇ ਸ਼ੁੱਕਰਵਾਰ ਸਵੇਰੇ ਸਰਾਏਕੇਲਾ-ਖਰਸਾਵਾਂ ਜ਼ਿਲ੍ਹੇ ਦੇ ਕਾਂਡਰਾ ਥਾਣਾ ਤਹਿਤ ਗਿੱਦੀਬੇੜਾ ਟੋਲ ਪਲਾਜ਼ਾ ਦੇ ਨਜ਼ਦੀਕ ਵਾਹਨ ਚੈਕਿੰਗ ਦੌਰਾਨ ਪਤਨੀ ਸ਼ੀਲਾ ਮਰਾਂਡੀ ਨਾਲ ਗ੍ਰਿਫ਼ਤਾਰ ਕੀਤਾ ਹੈ। ਉਸ ਸਮੇਂ ਉਹ ਚਿੱਟੇ ਰੰਗ ਦੀ ਸਕਾਰਪੀਓ ਵਿਚ ਚਾਂਡਿਲ ਵੱਲ ਜਾ ਰਿਹਾ ਸੀ। ਉਸਦੇ ਨਾਲ ਮੌਜੂਦ ਵਾਹਨ ਡਰਾਈਵਰ ਤੇ ਇਕ ਹੋਰ ਔਰਤ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਉਕਤ ਔਰਤ ਦੇ ਨਾਲ ਇਕ ਪੰਜ ਸਾਲ ਦਾ ਬੱਚਾ ਵੀ ਹੈ। ਉਸਦੀ ਗ੍ਰਿਫ਼ਤਾਰੀ ਝਾਰਖੰਡ ਪੁਲਿਸ ਲਈ ਨਕਸਲੀਆਂ ਦੇ ਖਿਲਾਫ਼ ਕੀਤੀ ਗਈ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਸਾਬਿਤ ਹੋ ਸਕਦੀ ਹੈ।