ਪਿਟਸਬਰਗ ਯੁਨੀਵਰਸਿਟੀ ਵਿਚ ਪੜਦੀ ਭਾਰਤੀ ਵਿਦਿਆਰਥਣ ਦੇ ਸਮੁੰਦਰ ਦੀਆਂ ਲਹਿਰਾਂ ਵਿਚ ਫੱਸ ਕੇ ਡੁੱਬ ਜਾਣ ਦੀ ਖਦਸ਼ਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਧਿਕਾਰੀਆਂ ਦਾ ਵਿਸ਼ਵਾਸ਼ ਹੈ ਕਿ ਅਮਰੀਕਾ ਦੀ ਪਿਟਸਬਰਗ ਯੁਨੀਵਰਸਿਟੀ ਵਿਚ ਪੜਦੀ 20 ਸਾਲਾ ਭਾਰਤੀ ਵਿਦਿਆਰਥਣ ਸੁਦੀਕਸ਼ਾ ਕੋਨਾਨਕੀ ਦੀ ਡੋਮਿਨੀਕਨ ਰਿਪਬਲਿਕ ਵਿਚ ਸਮੁੰਦਰ ਦੀਆਂ ਲਹਿਰਾਂ ਵਿੱਚ ਫੱਸ ਕੇ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ। ਕੋਨਾਨਕੀ ਜੋ ਆਪਣੀਆਂ 5 ਸਹੇਲੀਆਂ ਨਾਲ ਡੋਮਿਨੀਕਨ ਰਿਪਬਲਿਕ ਵਿਚ ਛੁੱਟੀਆਂ ਮਨਾਉਣ ਗਈ ਸੀ, ਨੂੰ ਆਖਰੀ ਵਾਰ ਪੁੰਟਾ ਕਾਨਾ ਵਿਚ ਰਿਊ ਰਿਪਬਲਿਕਾ ਰਿਜ਼ਾਰਟ ਨੇੜੇ ਬੀਚ ਉਪਰ 6 ਮਾਰਚ ਨੂੰ ਸਵੇਰੇ 4.50 ਵਜੇ ਵੇਖਿਆ ਗਿਆ ਸੀ। ਨਿਊਯਾਰਕ ਪੋਸਟ ਵਿਚ ਡੋਮਿਨੀਕਨ ਅਧਿਕਾਰੀਆਂ ਦੇ ਹਵਾਲੇ ਨਾਲ ਛੱਪੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਕ ਜੋਰਦਾਰ ਲਹਿਰ ਕੋਨਾਨਕੀ ਨੂੰ ਆਪਣੇ ਨਾਲ ਵਹਾ ਕੇ ਲੈ ਗਈ ਹੈ। ਜਾਂਚਕਾਰਾਂ ਨੇ ਉਸ ਦੇ ਕਪੜੇ ਬੀਚ ਉਪਰੋਂ ਬਰਾਮਦ ਕਰ ਲਏ ਹਨ। ਰਿਪੋਰਟ ਅਨੁਸਾਰ ਉੱਤਰੀ ਵਰਜੀਨੀਆ ਵਾਸੀ ਸੁਦੀਕਸ਼ਾ ਜੋ ਕਾਨੂੰਨੀ ਤੌਰ 'ਤੇ ਅਮਰੀਕਾ ਦੀ ਸਥਾਈ ਵਸਨੀਕ ਹੈ, ਸਮੁੰਦਰ ਵਿਚ ਤੈਰ ਰਹੀ ਸੀ ਜਦੋਂ ਇਕ ਜੋਰਦਾਰ ਲਹਿਰ ਉਸ ਨੂੰ ਵਹਾ ਕੇ ਲੈ ਗਈ ਤੇ ਉਸ ਤੋਂ ਬਾਅਦ ਉਸ ਦੀ ਕੋਈ ਉੱਗ ਸੁੱਗ ਨਹੀਂ ਲੱਗੀ ਹੈ। ਉਸ ਨੂੰ ਲੱਭਣ ਲਈ ਵੱਡੀ ਪੱਧਰ 'ਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਜਿਨਾਂ ਵਿਚ ਹੈਲੀਕਾਪਟਰਾਂ ਤੇ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ ਪਰੰਤੂ ਅਜੇ ਤੱਕ ਬਚਾਅ ਟੀਮਾਂ ਉਸ  ਨੂੰ ਲੱਭਣ ਵਿਚ ਅਸਫਲ ਰਹੀਆਂ ਹਨ। ਡੋਮਿਨੀਕਨ ਰਿਪਬਲਿਕ ਵਿਚਲਾ ਭਾਰਤੀ ਦੂਤਘਰ, ਵਿਦੇਸ਼ ਵਿਭਾਗ ਤੇ ਸਥਾਨਕ ਅਧਿਕਾਰੀ ਮਾਮਲੇ ਨੂੰ ਸੁਲਝਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ। ਯੁਨੀਵਰਸਿਟੀ ਆਫ ਪਿਟਸਬਰਗ ਕੋਨਾਨਕੀ ਦੇ ਪਰਿਵਾਰ ਨਾਲ ਸੰਪਰਕ ਵਿਚ ਹੈ।