ਭਾਰਤੀ ਮੀਡੀਆ ਨੇ ਨਿੱਝਰ ਕਤਲਕਾਂਡ ਦੇ ਮੁਲਜ਼ਮਾਂ ਦੇ ਰਿਹਾਅ ਹੋਣ ਦੀ ਗ਼ਲਤ ਖ਼ਬਰ ਫੈਲਾਈ
* ਸੀਬੀਸੀ ਨਿਊਜ਼ ਨੇ ਪੁਸ਼ਟੀ ਕੀਤੀ ਹੈ ਕਿ ਇਹ ਖ਼ਬਰਾਂ ਝੂਠੀਆਂ
ਬੀਤੇ ਦਿਨੀਂ ਭਾਰਤ ਮੀਡੀਆ ਚੈਨਲਾਂ ਅਤੇ ਅਖਬਾਰਾਂ ਵਿਚ ਇਹ ਖ਼ਬਰ ਨਸ਼ਰ ਹੋਈ ਸੀ ਕਿ ਸਿੱਖ ਕੈਨੇਡੀਅਨ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਗ੍ਰਿਫ਼ਤਾਰ ਹੋਏ 4 ਭਾਰਤੀ ਨਾਗਰਿਕਾਂ ਕਰਨ ਬਰਾੜ (22), ਅਮਨਦੀਪ ਸਿੰਘ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਨੂੰ ਰਿਹਾਅ ਕਰ ਦਿੱਤਾ ਗਿਆ ਹੈ।ਭਾਰਤੀ ਮੀਡੀਆ ਅਨੁਸਾਰ ਹੇਠਲੀ ਅਦਾਲਤ ਵਿੱਚ ਕਾਰਵਾਈ ’ਤੇ ਰੋਕ ਲੱਗਣ ਤੋਂ ਬਾਅਦ ਸਬੂਤਾਂ ਦੀ ਘਾਟ ਕਾਰਨ ਸੁਪਰੀਮ ਕੋਰਟ ਨੇ ਰਿਹਾਈ ਦਾ ਹੁਕਮ ਜਾਰੀ ਕੀਤਾ ਸੀ। ਸੂਤਰਾਂ ਮੁਤਾਬਕ ਕੈਨੇਡਿਆਈ ਪੁਲੀਸ ਮੁਲਜ਼ਮਾਂ ਵਿਰੁੱਧ ਠੋਸ ਸਬੂਤ ਪੇਸ਼ ਨਹੀਂ ਕਰ ਸਕੀ।
ਇਹ ਝੂਠੀ ਖ਼ਬਰ ਕਈ ਵੱਡੇ ਭਾਰਤੀ ਮੀਡੀਆ ਆਊਟਲੈਟਸ ਵੱਲੋਂ ਚਲਾਈ ਗਈ ਜਿਸ ਵਿਚ ਟਾਈਮਜ਼ ਔਫ਼ ਇੰਡੀਆ,ਟਿਰਬਿਊਨ ਦ ਹਿੰਦੂ, ਫਸਟ ਪੋਸਟ, ਹਿੰਦੁਸਤਾਨ ਟਾਈਮਜ਼, ਬਿਜ਼ਨਸ ਟੂਡੇ, ਬਿਜ਼ਨਸ ਸਟੈਂਡਰਡ, ਇੰਡੀਆ ਟੂਡੇ, ਦ ਨਿਊ ਇੰਡੀਅਨ ਐਕਸਪ੍ਰੈਸ, ਮਿੰਟ ਨਿਊਜ਼, ਨਿਊਜ਼ 18 ਅਤੇ ਹੋਰ ਨਾਮਵਰ ਮੀਡੀਆ ਅਦਾਰੇ ਵੀ ਸ਼ਾਮਲ ਹੈ।
ਵਿਦੇਸ਼ੀ ਮੀਡੀਆ ਸੀਬੀਸੀ ਨਿਊਜ਼ ਨੇ ਪੁਸ਼ਟੀ ਕੀਤੀ ਹੈ ਕਿ ਇਹ ਖ਼ਬਰਾਂ ਝੂਠੀਆਂ ਹਨ। ਭਾਈ ਹਰਦੀਪ ਸਿੰਘ ਨਿੱਝਰ ਮਾਮਲੇ ਵਿਚ ਕਿਸੇ ਵੀ ਸ਼ੱਕੀ ਨੂੰ ਨਾ ਤਾਂ ਰਿਹਾਅ ਕੀਤਾ ਗਿਆ ਹੈ ਅਤੇ ਨਾ ਹੀ ਕੀਤੇ ਜਾਣ ਦੀ ਕੋਈ ਉਮੀਦ ਹੈ।

ਬੀਸੀ ਪ੍ਰੌਸੀਕਿਊਸ਼ਨ ਸਰਵਿਸ ਨੇ ਸੀਬੀਸੀ ਨਿਊਜ਼ ਨੂੰ ਦੱਸਿਆ, ਇਹ ਸੱਚ ਨਹੀਂ ਹੈ ਕਿ 4 ਸ਼ੱਕੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਚਾਰੇ ਸ਼ੱਕੀ ਹਿਰਾਸਤ ਵਿਚ ਹੀ ਹਨ।
ਇਹ ਖ਼ਬਰ ਕੈਨੇਡੀਅਨ ਸੋਸ਼ਲ ਮੀਡੀਆ ਖਾਤਿਆਂ ਦੁਆਰਾ ਕੀਤੇ ਗਏ ਦਾਅਵਿਆਂ ਤੋਂ ਪੈਦਾ ਹੋਈ ਜਾਪਦੀ ਹੈ ਜੋ ਆਪਣੇ ਆਪ ਵਿੱਚ ਅਦਾਲਤੀ ਦਸਤਾਵੇਜ਼ਾਂ ਦੀ ਗਲਤ ਸਮਝ 'ਤੇ ਆਧਾਰਿਤ ਜਾਪਦੇ ਹਨ।
ਪਿਛਲੇ ਨਵੰਬਰ ਵਿਚ ਕ੍ਰਾਊਨ ਪ੍ਰੌਸੀਕਿਊਟਰਾਂ (ਸਰਕਾਰੀ ਵਕੀਲਾਂ) ਨੇ ਕੇਸ ਨੂੰ ਬੀਸੀ ਸੂਬਾਈ ਕੋਰਟ ਤੋਂ ਬੀਸੀ ਸੁਪਰੀਮ ਕੋਰਟ ਵਿਚ ਭੇਜ ਦਿੱਤਾ ਸੀ, ਅਤੇ ਸਟੇਅ ਦਾਇਰ ਕਰਕੇ ਸੂਬਾਈ ਅਦਾਲਤ ਵਿਚ ਸ਼ੁਰੂਆਤੀ ਕੇਸ ਦੀ ਕਾਨੂੰਨੀ ਕਾਰਵਾਈ ਨੂੰ ਅਸਥਾਈ ਤੌਰ ‘ਤੇ ਰੋਕਿਆ ਸੀ।
ਸੂਬਾਈ ਅਦਾਲਤ ਦੇ ਔਨਲਾਈਨ ਰਿਕਾਰਡ ਦਰਸਾਉਂਦੇ ਹਨ ਕਿ ਅਸਲ ਸੂਬਾਈ ਅਦਾਲਤੀ ਕੇਸ ‘ਤੇ ਸਟੇਅ ਲੱਗਿਆ ਹੈ, ਜਿਸ ਕਰਕੇ ਸਮਝਣ ਵਾਲੇ ਨੇ ਇਸਨੂੰ ਗ਼ਲਤ ਤਰੀਕੇ ਨਾਲ ਸਮਝਿਆ ਅਤੇ ਦਾਅਵਾ ਕੀਤਾ ਗਿਆ ਕਿ ਮਸ਼ਕੂਕ ਜ਼ਮਾਨਤ ‘ਤੇ ਰਿਹਾਅ ਕਰ ਦਿੱਤੇ ਗਏ ਹਨ।
ਮੋਦੀ ਸਰਕਾਰ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਮੋਦੀ ਦੀ ਹਿੰਦੂਤਵੀ ਰਾਸ਼ਟਰਵਾਦੀ ਲੀਡਰਸ਼ਿਪ ਸ਼ੈਲੀ ਨੇ ਭਾਰਤ ਵਿੱਚ ਪੱਤਰਕਾਰੀ ਦੀ ਗੁਣਵੱਤਾ ਵਿੱਚ ਗਿਰਾਵਟ ਲਿਆਂਦੀ ਹੈ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਘਟਾ ਦਿੱਤਾ ਹੈ।ਭਾਰਤ ਵਿਚ ਇੱਕ ਪੱਖਪਾਤੀ ਗੋਦੀ ਮੀਡੀਆ ਦਾ ਉਭਾਰ ਹੋਇਆ ਹੈ, ਜੋ ਮੋਦੀ ਸਰਕਾਰ ਦੇ ਬਿਰਤਾਂਤਾਂ ਦੀ ਵਫ਼ਾਦਾਰੀ ਨਾਲ ਪਾਲਣਾ ਕਰਦਾ ਹੈ ਅਤੇ ਅਕਸਰ ਮੋਦੀ ਸਰਕਾਰ ਦੇ ਵਿਰੋਧੀ ਸਮਝੇ ਜਾਣ ਵਾਲਿਆਂ ਨੂੰ ਬੇਤੁਕੀ ਜਾਂ ਮਾੜੀ ਰਿਪੋਰਟਿੰਗ ਨਾਲ ਨਿਸ਼ਾਨਾ ਬਣਾਉਂਦਾ ਹੈ।
ਭਾਈ ਨਿੱਝਰ ਮੁਲਜ਼ਮਾਂ ਬਾਰੇ ਝੂਠੇ ਦਾਅਵੇ ਕਰਨ ਵਾਲੇ ਕੁਝ ਅਦਾਰੇ ਗੋਦੀ ਮੀਡੀਆ ਵੱਜੋਂ ਫਿੱਟ ਬੈਠਦੇ ਹਨ, ਪਰ ਕਈ ਗੋਦੀ ਮੀਡੀਆ ਨਹੀਂ ਵੀ ਹਨ। ਟਾਈਮਜ਼ ਆਫ਼ ਇੰਡੀਆ 186 ਸਾਲਾਂ ਤੋਂ ਪ੍ਰਕਾਸ਼ਤ ਹੋ ਰਿਹਾ ਹੈ ਅਤੇ ਇਹ ਦੁਨੀਆ ਦਾ ਸਭ ਤੋਂ ਵੱਧ ਸਰਕੂਲੇਟ ਹੋਣ ਵਾਲਾ ਅੰਗਰੇਜ਼ੀ-ਭਾਸ਼ਾ ਦਾ ਅਖਬਾਰ ਹੈ, ਫਿਰ ਵੀ ਅਜਿਹਾ ਲੱਗਦਾ ਹੈ ਕਿ ਇਸ ਅਦਾਰੇ ਨੇ ਸੋਸ਼ਲ ਮੀਡੀਆ ‘ਤੇ ਫ਼ੈਲ ਰਹੀਆਂ ਅਫਵਾਹਾਂ ਦੀ ਤਸਦੀਕ ਨਹੀਂ ਕੀਤੀ।ਬਿਨਾਂ ਪੜਤਾਲ ਕੀਤੇ ਇਹ ਖਬਰ ਲਗਾਈ ਸੀ।
ਇਥੇ ਵਰਣਨਯੋਗ ਹੈ ਕਿ ਭਾਈ ਨਿੱਝਰ ਦਾ 18 ਜੂਨ, 2023 ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਚ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਰੌਇਲ ਕੈਨੇਡੀਅਨ ਮਾਊੁਂਟਿਡ ਪੁਲੀਸ ਨੇ ਕਰਨਪ੍ਰੀਤ, ਕਮਲਪ੍ਰੀਤ ਅਤੇ ਕਰਨ ਬਰਾੜ ਨੂੰ ਮਈ 2024 ਵਿਚ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਨੂੰ ਨਵੰਬਰ 2024 ਵਿਚ ਚਾਰਜਸ਼ੀਟ ਕੀਤਾ ਗਿਆ ਸੀ।ਭਾਈ ਨਿੱਝਰ ਕਤਲਕਾਂਡ ਵਿਚ ਇਲਜ਼ਾਮਾਂ ਅਤੇ ਗ੍ਰਿਫ਼ਤਾਰੀਆਂ ਕਾਰਣ ਭਾਰਤ ਅਤੇ ਕੈਨੇਡਾ ਦਰਮਿਆਨ ਸਬੰਧਾਂ ਵਿਚ ਕੁੜਤਨ ਵਧੀ ਸੀ। ਦੋਵੇਂ ਦੇਸ਼ ਇੱਕ ਦੂਸਰੇ ਅੰਦਰ ਆਪਣੀ ਕੂਟਨੀਤਕ ਮੌਜੂਦਗੀ ਘਟਾ ਚੁੱਕੇ ਹਨ।ਅਕਤੂਬਰ ਵਿਚ ਕੈਨੇਡਾ ਨੇ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਪੰਜ ਹੋਰ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ ਕਿ ਇਹ ਇਸ ਘਟਨਾ ਲਈ ਕਥਿਤ ਤੌਰ ਉਪਰ ਜ਼ਿੰਮੇਵਾਰ ਹਨ। ਆਰਸੀਐਮਪੀ ਨੇ ਇਲਜ਼ਾਮ ਲਗਾਇਆ ਸੀ ਕਿ ਕੈਨੇਡਾ ਵਿਚ ਹੁੰਦੇ ਗੰਭੀਰ ਹਿੰਸਕ ਅਪਰਾਧਾਂ ਜਿਸ ਵਿਚ ਕਤਲ ਅਤੇ ਫ਼ਿਰੌਤੀਆਂ ਵੀ ਸ਼ਾਮਲ ਹਨ, ਦੇ ਤਾਰ ਭਾਰਤ ਸਰਕਾਰ ਦੇ ਏਜੰਟਾਂ ਨਾਲ ਜੁੜਦੇ ਹਨ।
ਸੀਬੀਸੀ ਨਿਊਜ਼ ਨੇ ਖ਼ਬਰ ਛਾਪੀ ਸੀ ਕਿ ਤਫ਼ਤੀਸ਼ਕਾਰ ਇਹ ਵੀ ਜਾਂਚ ਕਰ ਰਹੇ ਹਨ ਕਿ ਕੀ ਨਿੱਝਰ ਕਤਲਕਾਂਡ ਦੇ ਚਾਰ ਮੁਲਜ਼ਮ, ਕੈਨੇਡਾ ਵਿਚ ਹੋਏ ਚਾਰ ਹੋਰ ਕਤਲਾਂ ਵਿਚ ਵੀ ਸ਼ਾਮਲ ਹਨ, ਜਿਨ੍ਹਾਂ ਵਿਚ 11 ਸਾਲ ਦੇ ਇੱਕ ਬੱਚੇ ਦਾ ਕਤਲ ਵੀ ਸ਼ਾਮਲ ਹੈ।
ਇਸ ਤੋਂ ਸਪਸ਼ਟ ਹੁੰਦਾ ਹੈ ਕਿ ਭਾਰਤੁ ਮੀਡੀਆ ਝੂਠੀਆਂ ਖਬਰਾਂ ਪੇਸ਼ ਕਰਕੇ ਆਪਣਾ ਅਕਸ ਗੁਆ ਰਿਹਾ ਹੈ।ਮੀਡੀਆ ਦਾ ਮੂਖ ਕਾਰਜ ਖਬਰ ਦੀ ਪੜਤਾਲ ਕਰਨਾ ਵੀ ਹੁੰਦਾ ਹੈ ਤਾਂ ਜੋ ਗੁਮਰਾਹਕੁੰਨ ਤੇ ਝੂਠੀਆਂ ਖਬਰਾਂ ਪੇਸ਼ ਨਾ ਹੋ ਸਕਣ।












Comments (0)