ਮਾਮਲਾ ਮਹਾਂਰਾਸ਼ਟਰ ਵਿਚ ਦਮਦਮੀ ਟਕਸਾਲ ਵਲੋਂ ਭਾਜਪਾ ਨੂੰ ਹਮਾਇਤ ਦੇਣ ਦਾ
* ਸਿੱਖ ਜਥੇਬੰਦੀਆਂ ਤੇ ਜਥੇਦਾਰ ਦਮਦਮਾ ਸਾਹਿਬ ਵਲੋਂ ਬਾਬਾ ਧੁੰਮਾ ਦਾ ਤਿੱਖਾ ਵਿਰੋਧ
* ਬਾਬਾ ਧੁੰਮਾ ਵੱਲੋਂ ਵੀਡੀਓ ਜਾਰੀ! ਟਕਸਾਲ ਖ਼ਿਲਾਫ਼ ਬਿਆਨਬਾਜ਼ੀ ਕਰਨ ਦੀ ਥਾਂ ਸਾਡੇ ਨਾਲ ਗੱਲ ਕਰੋ
*ਆਖਿਰ ਪੰਜਾਬ ਤੋਂ ਬਾਹਰਲੇ ਸਿੱਖਾਂ ਦੀ ਕੋਣ ਲਵੇਗਾ ਸਾਰ ?
ਦਮਦਮੀ ਟਕਸਾਲ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਦੀ ਹਮਾਇਤ ਕਰਕੇ ਕਸੂਤੀ ਘਿਰ ਗਈ ਹੈ। ਇੱਕ ਪਾਸੇ ਸੋਸ਼ਲ ਮੀਡੀਆ ਉਪਰ ਦਮਦਮੀ ਟਕਸਾਲ ਦੀ ਰੱਜ ਕੇ ਅਲੋਚਨਾ ਹੋ ਰਹੀ ਹੈ ਤੇ ਦੂਜੇ ਪਾਸੇ ਕਈ ਸਿੱਖ ਧਿਰਾਂ ਵੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ। ਹਾਲਾਤ ਇਹ ਬਣ ਗਏ ਹਨ ਕਿ ਬਾਬਾ ਹਰਨਾਮ ਸਿੰਘ ਧੁੰਮਾ ਸਿੱਖ ਕੌਮ ਵਿੱਚ ਅਲੱਗ-ਥਲੱਗ ਪੈ ਗਏ ਹਨ।
ਦਰਅਸਲ ਦਮਦਮੀ ਟਕਸਾਲ ਵੱਲੋਂ ਮਹਾਰਾਸ਼ਟਰ ਵਿਚ ਚੋਣਾਂ ਦੌਰਾਨ ਭਾਜਪਾ ਨੂੰ ਸਮਰਥਨ ਦੇਣ ਦਾ ਮੁੱਦਾ ਭਖ ਗਿਆ ਹੈ। ਇਸ ਮਾਮਲੇ ਵਿਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਫ਼ੈਸਲਾ ਠੀਕ ਨਹੀਂ ਤੇ ਬਿਨਾਂ ਸ਼ਰਤ ਸਮਰਥਨ ਨਹੀਂ ਸੀ ਦਿੱਤਾ ਜਾਣਾ ਚਾਹੀਦਾ।’’ ਉਨ੍ਹਾਂ ਆਖਿਆ ਕਿ ਸਿੱਖ ਮਾਮਲਿਆਂ ਵਿਚ ਸਰਕਾਰਾਂ ਲਗਾਤਾਰ ਸਿੱਖਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਐਲਾਨ ਦੇ ਬਾਵਜੂਦ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਕੀਤੀ ਗਈ। ਹੁਣ ਚੰਡੀਗੜ੍ਹ ਦੇ ਮਾਮਲੇ ਵਿਚ ਪੰਜਾਬ ਦੇ ਹੱਕ ਖੋਹੇ ਜਾ ਰਹੇ ਹਨ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਭਾਜਪਾ ਨੂੰ ਬਿਨਾਂ ਸ਼ਰਤ ਹੀ ਸਮਰਥਨ ਦਿੱਤਾ ਗਿਆ ਸੀ ਪਰ ਪਿਛਲੇ 11 ਸਾਲ ਤੋਂ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੋਣ ਦੇ ਬਾਵਜੂਦ ਸਿੱਖਾਂ ਤੇ ਪੰਜਾਬ ਦਾ ਮਸਲੇ ਹੱਲ ਨਹੀਂ ਕੀਤੇ ਗਏ।ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਸੀ ਕਿ ਦਮਦਮੀ ਟਕਸਾਲ ਨਾਲ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ‘‘ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਮਹਾਰਾਸ਼ਟਰ ਚੋਣਾਂ ਵਿਚ ਭਾਜਪਾ ਦੀ ਕੀਤੀ ਗਈ ਇੱਕਪਾਸੜ ਹਮਾਇਤ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਨੇ ਹੁਣ ਤੱਕ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਕੀਤਾ।

ਉਨ੍ਹਾਂ ਨੇ ਕਿਹਾ ਕਿ ਤਖ਼ਤ ਹਜ਼ੂਰ ਸਾਹਿਬ ਬੋਰਡ ’ਚ ਸਰਕਾਰੀ ਮੈਂਬਰਾਂ ਦੀ ਗਿਣਤੀ ਵਧਾ ਕੇ ਸਿੱਖਾਂ ਦਾ ਹੱਕ ਮਹਾਰਾਸ਼ਟਰ ਸਰਕਾਰ ਨੇ ਹੀ ਖੋਹਿਆ ਹੈ। ਇਸ ਤਰ੍ਹਾਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦੇ ਸਾਬਕਾ ਪ੍ਰਧਾਨ ਬਲਵੰਤ ਸਿੰਘ ਗੋਪਾਲਾ ਤੇ ਹੋਰ ਜਥੇਬੰਦੀਆਂ ਨੇ ਵੀ ਦਮਦਮੀ ਟਕਸਾਲ ਦੇ ਮੁਖੀ ਦੇ ਫ਼ੈਸਲੇ ਦਾ ਵਿਰੋਧ ਕੀਤਾ।
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਅਮਰੀਕਾ ਦੇ ਧਰਮ ਪ੍ਰਚਾਰ ਫੇਰੀ ਦੌਰਾਨ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰ ਦਮਦਮੀ ਟਕਸਾਲ ਦੇ ਖ਼ਿਲਾਫ਼ ਬੜੀ ਘਟੀਆ ਕਿਸਮ ਦੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੀ ਬੇਨਤੀ ਹੈ ਕੋਈ ਭਰਮ ਭੁਲੇਖੇ ਦਾ ਸ਼ਿਕਾਰ ਹੋਣ ਦੀ ਬਜਾਏ ਸਾਡੇ ਨਾਲ ਬੈਠ ਕੇ ਰਾਬਤਾ ਤੇ ਵਿਚਾਰ ਕਰ ਸਕਦਾ ਹੈ।
ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਸ਼ੰਕਾ ਹੈ ਕੋਈ ਭਰਮ ਭੁਲੇਖਾ ਕਿਸੇ ਵੀ ਸਿੱਖ ਦੇ ਮਨ ਵਿੱਚ ਹੈ ਤਾਂ ਸਾਡੇ ਨਾਲ ਮਿਲ ਬੈਠ ਕੇ ਬੜੇ ਪਿਆਰ ਨਾਲ ਆਪਣਾ ਸ਼ੰਕਾ ਨਵਿਰਤ ਕਰ ਸਕਦਾ ਹੈ। ਆਪਾਂ ਮਿਲਜੁਲ ਕੇ ਜੋ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਉਹਦਾ ਹੱਲ ਕੱਢਣ ਵਿੱਚ ਆਪਣਾ ਯੋਗਦਾਨ ਪਾਈਏ। ਵਿਦੇਸ਼ਾਂ ਦੇ ਵਿੱਚ ਵੀ ਸਿੱਖ ਭਾਈਚਾਰੇ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਹਨ। ਜਿਨ੍ਹਾਂ ਨਾਲ ਇੱਥੋਂ ਦੇ ਸਿੱਖਾਂ ਨੂੰ ਆਏ ਦਿਨ ਜੂਝ ਰਹੇ ਹਨ। ਇੱਥੇ ਵੀ ਸਾਰੇ ਮਿਲ ਕੇ ਆਪਾਂ ਇੱਕ ਜੁੱਟ ਹੋ ਕੇ ਕੌਮ ਦੀ ਚੜ੍ਹਦੀ ਕਲਾ ਦੀ ਕਾਰਜ ਕਰੀਏ।
ਦਮਦਮੀ ਟਕਸਾਲ ਮੁਖੀ ਨੇ ਜ਼ਰੂਰੀ ਨੁਕਤਿਆਂ ਉੱਤੇ ਸੰਗਤਾਂ ਦਾ ਧਿਆਨ ਕੇਂਦਰਿਤ ਕੀਤਾ। ਪਿਛਲੇ ਦਿਨ ਹੀ ਮਹਾਰਾਸ਼ਟਰ ਦੇ ਅੰਦਰ ਚੋਣ ਪ੍ਰਕਿਰਿਆ ਦੌਰਾਨ ਸਿੱਖ ਸਮਾਜ ਮਹਾਰਾਸ਼ਟਰ ਔਰ ਸੰਤ ਸਮਾਜ ਵੱਲੋਂ ਜੋ ਉੱਥੇ ਇੱਕ ਮਹਾਂਯੁਤੀ ਸੰਗਠਨ ਨੂੰ ਵੋਟਾਂ ਪਾਉਣ ਵਾਸਤੇ ਅਪੀਲ ਦਾ ਮਕਸਦ ਮਹਾਰਾਸ਼ਟਰ ਸਰਕਾਰ ਦੇ ਨਾਲ ਮਹਾਰਾਸ਼ਟਰ ਦੇ ਸਿੱਖ ਸਮਾਜ ਦੇ ਮਸਲਿਆਂ ਨੂੰ ਉਭਾਰਨਾ ਸੀ। ਅੱਜ ਤਕ ਮਹਾਰਾਸ਼ਟਰ ਦੇ 36 ਜ਼ਿਲ੍ਹੇ ਅੰਦਰ ਬੈਠੇ ਸਿੱਖ ਭਾਈਚਾਰੇ ਦੇ ਮਸਲੇ ਅਣਗੌਲੇ ਰਹੇ। ਜਿਨ੍ਹਾਂ ਉੱਤੇ ਕਦੇ ਧਿਆਨ ਕੇਂਦਰਿਤ ਨਹੀਂ ਕੀਤਾ ਗਿਆ। ਸਿੱਖਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਹਨ, ਤੇ ਪਿਛਲੀਆਂ ਸਰਕਾਰਾਂ ਸਿੱਖਾਂ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕਰਦੀਆਂ ਰਹੀਆਂ। ਇਸ ਲਈ ਸਿੱਖਾਂ ਦੇ ਜਿੰਨੇ ਵੀ ਮਸਲੇ ਹਨ, ਉਹਨਾਂ ਲਈ ਸਰਕਾਰ ਤੋਂ ਇੱਕ 11 ਮੈਂਬਰੀ ਕਮੇਟੀ ਬਣਾਈ ਗਈ।
ਦੂਸਰਾ ਇੱਕ ਪੰਜਾਬੀ ਸਾਹਿਤ ਅਕਾਦਮੀ ਦਾ ਪੁਨਰਗਠਨ ਕੀਤਾ ਜਾਣਾ ਅਤੇ ਤੀਸਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਵਿੱਚ ਸਿੱਖਾਂ ਨੂੰ ਨੁਮਾਇੰਦਗੀ ਦਿਵਾਈ ਗਈ। ਇਹ ਤਿੰਨ ਮੁੱਖ ਮੁੱਦੇ ਸਨ ਜੋ ਸਰਕਾਰ ਨੇ ਚੋਣ ਜ਼ਾਬਤਾ ਲੱਗਣ ਤੋਂ ਲਗਭਗ 11 ਦਿਨ ਪਹਿਲਾਂ ਆਰਡੀਨੈਂਸ ਜਾਰੀ ਕਰਕੇ ਮਾਨਤਾ ਦਿੱਤੀ ਗਈ। ਹੁਣ ਪੂਰੇ ਮਹਾਰਾਸ਼ਟਰ ਦੇ ਅੰਦਰ ਜਿੱਥੇ ਜਿੱਥੇ ਵੀ ਸਿੱਖਾਂ ਦਾ ਕੋਈ ਮਸਲਾ ਹੋਏਗਾ ਇਹ 11 ਮੈਂਬਰੀ ਸਿੱਖਾਂ ਦੀ ਕਮੇਟੀ ਸਰਕਾਰ ਨਾਲ ਮਿਲ ਬੈਠ ਕੇ ਉਹਨਾਂ ਦੇ ਮਸਲੇ ਹੱਲ ਕਰਾਵੇਗੀ।
ਦੂਸਰਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਹੈ, ਕਿਉਂਕਿ ਸਾਡੇ ਬੱਚੇ ਉੱਥੇ ਪੰਜਾਬੀ ਤੋਂ ਬਹੁਤ ਦੂਰ ਚਲੇ ਗਏ ਹਨ, ਸਾਡੇ ਬੱਚੇ ਪੰਜਾਬੀ ਬੋਲ ਸਕਦੇ ਹਨ ਨਾ ਪੰਜਾਬੀ ਲਿਖ ਸਕਦੇ ਹਨ, ਨਾ ਪੜ੍ਹ ਸਕਦੇ ਹਨ। ਇਸ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਗਠਨ ਕਰਵਾਇਆ ਤੇ ਉੱਥੇ ਜਿਹੜੇ ਬੱਚੇ ਆ ਉਹ ਪੰਜਾਬੀ ਲਿਖਣੀ ਬੋਲਣੀ ਪੜ੍ਹਨੀ ਸਾਡੀ ਮਾਂ ਬੋਲੀ ਨਾਲ ਜੁੜ ਸਕਣ ਉਹਦੇ ਲਈ ਪੰਜਾਬੀ ਸਾਹਿਤ ਅਕਾਦਮੀ ਦਾ ਸੰਗਠਨ ਕਰਾਇਆ। ਜਿਸ ਨਾਲ ਪੂਰੇ ਮਹਾਰਾਸ਼ਟਰ ਦੇ ਅੰਦਰ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕੀਤਾ ਜਾਏਗਾ। ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਔਰ ਬੋਲਣ ਲਈ ਕੋਈ ਯੋਗ ਪ੍ਰਬੰਧ ਕੀਤੇ ਜਾਣਗੇ, ਤੇ ਥਾਂ ਥਾਂ ਬੱਚਿਆਂ ਲਈ ਕੋਈ ਐਸੇ ਪੰਜਾਬੀ ਸਿਖਾਉਣ ਵਾਲੇ ਟੀਚਰਾਂ ਦਾ ਪ੍ਰਬੰਧ ਕੀਤਾ ਜਾਏਗਾ।
ਤੀਸਰਾ ਕੌਮੀ ਘੱਟ ਗਿਣਤੀ ਕਮਿਸ਼ਨ ਵਿੱਚ 70 ਸਾਲਾਂ ਵਿੱਚ ਅੱਜ ਤੱਕ ਕਿਸੇ ਸਿੱਖ ਨੂੰ ਨੁਮਾਇੰਦਗੀ ਨਹੀਂ ਮਿਲੀ, ਨਾ ਹੀ ਸਿੱਖਾਂ ਨੂੰ ਸਰਕਾਰੀ ਸਹੂਲਤਾਂ ਮਿਲੀਆਂ ਹਨ ਤੇ ਕੌਮੀ ਘੱਟ ਗਿਣਤੀ ਕਮਿਸ਼ਨ ਜੋ ਕਿ ਘੱਟ ਗਿਣਤੀ ਲੋਕਾਂ ਵਾਸਤੇ ਸਹੂਲਤਾਂ ਜਿਵੇਂ ਕਿ ਉਨ੍ਹਾਂ ਨੂੰ ਮਕਾਨ ਬਣਾ ਕੇ ਦੇਣ ਲਈ ਜਾਂ ਨੌਕਰੀਆਂ ਪੇਸ਼ਿਆਂ ਦੇ ਅੰਦਰ ਉਹਨਾਂ ਦੀ ਮਦਦ ਕਰ ਸਕਦਾ ਹੈ। ਰਾਜ ਘਟ ਗਿਣਤੀ ਕਮਿਸ਼ਨ ਦੇ ਵਿੱਚ ਇੱਕ ਸਿੱਖ ਨੁਮਾਇੰਦਾ ਸ਼ਾਮਿਲ ਕੀਤਾ ਗਿਆ ਤਾਂ ਕਿ ਸਾਡੇ ਬੱਚੇ ਉੱਚ ਵੀ ਦੀਆਂ ਪ੍ਰਾਪਤ ਕਰ ਸਕਣ, ਸਾਡੇ ਉੱਥੇ ਵਿੱਦਿਅਕ ਅਦਾਰੇ ਤੇ ਹਸਪਤਾਲ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਫ਼ੰਡ ਦੁਆਰਾ ਬਣਾਏ ਜਾਣ ਜਿਵੇਂ ਮੁਸਲਮਾਨ ਭਾਈਚਾਰਾ ਲਾਭ ਲੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਰੇ ਮਹਾਰਾਸ਼ਟਰ ਦੇ ਵਿਚ ਸਿੱਖਾਂ ਦੀ ਇੱਕ ਵੀ ਸੰਸਥਾ ਨਹੀਂ ਇਸ ਲਈ ਸਿੱਖਾਂ ਦੀਆਂ ਵੀ ਵਿੱਦਿਅਕ ਅਤੇ ਮੈਡੀਕਲ ਸੰਸਥਾਵਾਂ ਬਣ ਸਿੱਖ ਬੱਚੇ ਵਿੱਦਿਆ ਪੜ੍ਹ ਸਕਣ ਉਨ੍ਹਾਂ ਲਈ ਵਜ਼ੀਫ਼ਿਆਂ ਦਾ ਇੰਤਜ਼ਾਮ ਕੀਤਾ ਜਾਏ। ਮਹਾਰਾਸ਼ਟਰ ਦੇ ਅੰਦਰ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਪਿਛਲੇ ਸਮੇਂ ਵਿੱਚ ਇਕ ਗੈਰ ਸਿੱਖ ਨੂੰ ਪ੍ਰਬੰਧਕ ਲਾਇਆ ਗਿਆ ਪਰ ਦਾਸ ਨੇ ਸਿੰਘਾਂ ਦਾ ਵਕਤ ਲੈ ਕੇ ਉਪ ਮੁੱਖ ਮੰਤਰੀ ਕੋਲੇ ਮਸਲਾ ਉਠਾਇਆ, ਉਨ੍ਹਾਂ ਨੇ ਇਸ ਗੱਲ ਤੇ ਗ਼ੌਰ ਕਰਦਿਆਂ ਤੁਰੰਤ ਗੈਰ ਸਿੱਖ ਡੀਸੀ ਨੂੰ ਹਟਾ ਕੇ ਸਿੱਖ ਨੂੰ ਪ੍ਰਬੰਧਕ ਲਾਇਆ। ਸਾਨੂੰ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਬੋਰਡ ਬਣੇਗਾ ਉਹਦੇ ਵਿੱਚ ਕੇਵਲ ਮਹਾਰਾਸ਼ਟਰ ਦੇ ਵਿੱਚੋਂ ਗੁਰਸਿੱਖਾਂ ਨੂੰ ਹੀ ਨੁਮਾਇੰਦਗੀ ਦਿੱਤੀ ਜਾਵੇਗੀ।
ਪ੍ਰੋਫੈਸਰ ਸਰਚਾਂਦ ਸਿੰਘ ਭਾਜਪਾ ਆਗੂ ਦਾ ਕਹਿਣਾ ਹੈ ਕਿ ਜਦੋਂ ਬਾਦਲ ਦਲ ਤੇ ਭਾਜਪਾ ਦੇ ਸਬੰਧ ਸਨ ਤਾਂ ਕਿਸੇ ਨੂੰ ਇਤਰਾਜ਼ ਨਹੀਂ ਸੀ।ਹੁਣ ਦਮਦਮੀ ਟਕਸਾਲ ਮੋਦੀ ਸਰਕਾਰ ਤੋਂ ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਮਸਲੇ ਹਲ ਕਰਾ ਰਹੀ ਹੈ ਤਾਂ ਬਾਦਲ ਦਲ ਦੇ ਆਗੂਆਂ ਨੂੰ ਇਤਰਾਜ਼ ਕਿਉਂ?ਇਹ ਦੋਗਲਾ ਕਿਰਦਾਰ ਕਿਉਂ?
ਪੰਥਕ ਮਾਹਿਰਾਂ ਦਾ ਮੰਨਣਾ ਕਿ ਦਮਦਮੀ ਟਕਸਾਲ ਨੇ ਅੱਜ ਤਕ ਗੁਰਪੁਰਵਾਸੀ ਬਾਬਾ ਠਾਕੁਰ ਸਿੰਘ ਤੱਕ ਕਿਸੇ ਰਾਜਨੀਤਕ ਪਾਰਟੀ ਦੀ ਹਮਾਇਤ ਨਹੀਂ ਕੀਤੀ।ਪਰ ਬਾਬਾ ਹਰਨਾਮ ਸਿੰਘ ਸਿਆਸਤ ਵਲ ਝੁਕ ਰਹੇ ਹਨ ,ਜਿਸ ਕਰਕੇ ਵਿਰੋਧ ਹੋ ਰਿਹਾ ਹੈ। ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ ਸਿਖ ਪੰਥ ਦੀ ਮਜਬੂਤ ਜਥੇਬੰਦੀ ਨਹੀਂ ਹੈ ,ਜਿਸ ਕਰਕੇ ਇਹ ਭੰਬਲਭੂਸਾ ਬਣਿਆ ਹੋਇਆ ਹੈ।ਅਕਾਲੀ ਦਲ ਪਹਿਲਾਂ ਸਮੁਚੇ ਭਾਰਤ ਦੇ ਸਿਂਖਾਂ ਦੀ ਪ੍ਰਤੀਨਿਧਤਾ ਕਰਦਾ ਸੀ ,ਪੰਜਾਬ ਤੋਂ ਬਾਹਰਲੇ ਸਿੱਖਾਂ ਦੀ ਸਮਸਿਆਵਾਂ ਹੱਲ ਕਰਾਊਂਦਾ ਸੀ।ਪਰ ਹੁਣ ਉਹ ਕਮਜ਼ੋਰ ਪੈ ਗਿਆ।ਆਖਿਰ ਪੰਜਾਬ ਤੋਂ ਬਾਹਰਲੇ ਸਿੱਖ ਕੀ ਕਰਨ।ਪੰਜਾਬ ਤੇ ਪੰਜਾਬ ਤੋਂ ਬਾਹਰਲੇ ਸਿੱਖਾਂ ਦੀ ਸਿਆਸਤ ਮੁਦੇ ਵਖੋ ਵਖਰੇ ਹਨ। ਇਸ ਕਰਕੇ ਮਹਾਰਾਸ਼ਟਰ ਦੇ ਸਿੱਖਾਂ ਦਾ ਭਾਜਪਾ ਦੀ ਹਮਾਇਤ ਕਰਨਾ ਵੱਡਾ ਮੁੱਦਾ ਨਹੀਂ ਹੈ।ਵੱਡਾ ਮੁਦਾ ਅਕਾਲੀ ਦਲ ਨੂੰ ਸਿੱਖ ਪੰਥ ਦੀ ਵਾਹਿਦ ਜਥੇਬੰਦੀ ਸਿਰਜਣਾ ਹੈ ਤਾਂ ਜੋ ਪੂਰੇ ਭਾਰਤ ਵਿਚ ਸਿੱਖਾਂ ਦੀ ਪ੍ਰਤੀਨਿਧਤਾ ਕੀਤੀ ਜਾ ਸਕੇ।












Comments (0)