ਸੰਘ ਪਰਿਵਾਰ ਦੀਆਂ ਤਿੰਨ ਪਾਬੰਦੀਆਂ: ਗਾਂਧੀ ਦੀ ਹੱਤਿਆ ਤੋਂ ਬਾਬਰੀ ਮਸਜਿਦ ਢਾਹੁਣ ਤੱਕ ਦਾ ਸਫਰ

ਸੰਘ ਪਰਿਵਾਰ ਦੀਆਂ ਤਿੰਨ ਪਾਬੰਦੀਆਂ: ਗਾਂਧੀ ਦੀ ਹੱਤਿਆ ਤੋਂ ਬਾਬਰੀ ਮਸਜਿਦ ਢਾਹੁਣ ਤੱਕ ਦਾ ਸਫਰ

*ਪਾਬੰਦੀਆਂ ਕਦੋਂ ਕਦੋਂ ਲਗੀਆਂ, ਕਦੋਂ ਕਦੋਂ ਹਟੀਆਂ

*ਸਿੱਖ ਇਤਿਹਾਸ ਤੇ ਸਿਖ ਪੰਥ ਦੇ ਨਿਰਾਲੇ ਵਾਜੂਦ ਦੀ ਸਾਜਿਸ਼ ਕਿਉਂ ਰਚ ਰਿਹਾ  ਸੰਘ ਦੀ ਨਜ਼ਰ

*ਹਿੰਦੂ ਰਾਸ਼ਟਰ ਦਾ ਸੰਘੀ ਸੁਪਨਾ: ਸਿੱਖ, ਮੁਸਲਿਮ ਤੇ ਈਸਾਈਆਂ ਲਈ ਖਤਰੇ ਦੀ ਘੰਟੀ

*ਸਿੱਖ ਬੁੱਧੀਜੀਵੀਆਂ ਦਾ ਸੰਘ ਨੂੰ ਸਵਾਲ: ਕਿਉਂ ਚੱਲ ਰਹੀ ਹੈ ਸਿੱਖੀ ਨੂੰ ਹਿੰਦੂਵਾਦ ਵਿਚ ਮਿਲਾਉਣ ਦੀ ਮੁਹਿੰਮ?

ਪਹਿਲੀ ਪਾਬੰਦੀ (1948): ਗਾਂਧੀ ਦੀ ਹੱਤਿਆ ਦਾ ਨਤੀਜਾ

ਜਦੋਂ 30 ਜਨਵਰੀ 1948 ਨੂੰ ਨਾਥੂਰਾਮ ਗੋਡਸੇ ਨੇ ਮਹਾਤਮਾ ਗਾਂਧੀ ਦੇ ਸੀਨੇ ਵਿਚ ਤਿੰਨ ਗੋਲੀਆਂ ਮਾਰੀਆਂ, ਤਾਂ ਸਾਰਾ ਦੇਸ਼ ਸਦਮੇ 'ਵਿਚ ਸੀ। ਗਾਂਧੀ ਜੀ, ਜਿਨ੍ਹਾਂ ਨੇ ਸਤਿਆਗ੍ਰਹਿ ਤੇ ਅਹਿੰਸਾ ਦੇ ਜ਼ੋਰ 'ਤੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਕਿਹਾ, ਉਹ ਇੱਕ 'ਹਿੰਦੂ ਰਾਸ਼ਟਰਵਾਦੀ' ਦੇ ਹੱਥੋਂ ਮਾਰੇ ਗਏ। ਗੋਡਸੇ ਸੰਘ ਦੀਆਂ ਸ਼ਾਖਾਵਾਂ ਵਿਚ ਸਿਖਲਾਈ ਪ੍ਰਾਪਤ ਸੀ, ਤੇ ਹਿੰਦੂ ਮਹਾਸਭਾ ਦੇ ਨੇਤਾ ਵੀਰ ਸਾਵਰਕਰ ਦਾ ਸ਼ਗਿਰਦ ਸੀ। ਸੰਘ ਦੀ ਸੋਚ ਸੀ ਕਿ ਗਾਂਧੀ ਜੀ ਦੀ 'ਸਰਬ ਧਰਮ ਸਦਭਾਵਨਾ' ਵਾਲੀ ਸੋਚ ਹਿੰਦੂਆਂ ਨੂੰ ਕਮਜ਼ੋਰ ਕਰਦੀ ਹੈ। ਸਰਦਾਰ ਵੱਲਭਭਾਈ ਪਟੇਲ, ਜੋ ਉਸ ਵੇਲੇ ਗ੍ਰਹਿ ਮੰਤਰੀ ਸਨ, ਨੇ ਸੰਘ ਨੂੰ ਇਸ ਹੱਤਿਆ ਦਾ ਜ਼ਿੰਮੇਵਾਰ ਨਹੀਂ ਮੰਨਿਆ, ਪਰ ਉਹਨਾਂ ਕਿਹਾ ਕਿ ਸੰਘ ਦੀਆਂ ਸ਼ਾਖਾਵਾਂ ਵਿਚ ਜ਼ਹਿਰੀਲੀ ਸੋਚ ਭਰੀ ਜਾਂਦੀ ਸੀ, ਜਿਸ ਨੇ ਅਜਿਹੇ ਹਾਲਾਤ ਪੈਦਾ ਕੀਤੇ।4 ਫਰਵਰੀ 1948 ਨੂੰ ਸੰਘ 'ਤੇ ਪਹਿਲੀ ਪਾਬੰਦੀ ਲੱਗੀ। ਸਰਦਾਰ ਪਟੇਲ ਨੇ ਆਪਣੇ ਖਤ ਵਿਚ ਲਿਖਿਆ, "ਸੰਘ ਦੀਆਂ ਗੱਲਾਂ ਫਿਰਕੂ ਜ਼ਹਿਰ ਨਾਲ ਭਰੀਆਂ ਸਨ। ਗਾਂਧੀ ਜੀ ਦੀ ਮੌਤ ਮਗਰੋਂ ਸੰਘ ਦੇ ਦਫਤਰਾਂ ਵਿਚ ਮਿਠਾਈਆਂ ਵੰਡੀਆਂ ਗਈਆਂ।" ਸੰਘ ਨੇ ਦਾਅਵਾ ਕੀਤਾ ਕਿ ਗੋਡਸੇ ਨੇ ਸੰਘ ਛੱਡ ਦਿੱਤਾ ਸੀ, ਪਰ ਗੋਡਸੇ ਦੇ ਭਰਾ ਗੋਪਾਲ ਗੋਡਸੇ ਨੇ ਕਿਹਾ, "ਨਾਥੂਰਾਮ ਕਦੇ ਸੰਘ ਨਹੀਂ ਛੱਡਿਆ ਸੀ। ਇਹ ਗੱਲ ਸੰਘ ਨੂੰ ਬਚਾਉਣ ਲਈ ਕਹੀ ਗਈ ਸੀ।

"ਕਿਵੇਂ ਹਟੀ ਪਾਬੰਦੀ?

11 ਜੁਲਾਈ 1949 ਨੂੰ ਪਾਬੰਦੀ ਹਟਾਈ ਗਈ। ਸੰਘ ਨੇ ਸਰਕਾਰ ਨੂੰ ਲਿਖਤੀ ਵਾਅਦੇ ਕੀਤੇ:ਸੰਘ ਸੰਵਿਧਾਨ ਤੇ ਤਿਰੰਗੇ ਪ੍ਰਤੀ ਵਫ਼ਾਦਾਰ ਰਹੇਗਾ।ਹਿੰਸਾ ਵਿਚ ਯਕੀਨ ਨਹੀਂ ਕਰੇਗਾ।ਸੰਗਠਨ ਦਾ ਸੰਵਿਧਾਨ ਜਮਹੂਰੀ ਹੋਵੇਗਾ, ਤੇ ਸਰਸੰਘਚਾਲਕ ਚੁਣਿਆ ਜਾਵੇਗਾ।ਪਰ ਸੰਘ ਨੇ ਇਹ ਵਾਅਦੇ ਪੂਰੇ ਨਹੀਂ ਕੀਤੇ। ਸਰਸੰਘਚਾਲਕ ਅੱਜ ਵੀ ਨਾਮਜ਼ਦ ਹੁੰਦਾ ਹੈ, ਚੁਣਿਆ ਨਹੀਂ ਜਾਂਦਾ। ਸੰਘ ਦੇ ਮੁਖਪੱਤਰ 'ਆਰਗਨਾਈਜ਼ਰ' ਨੇ 1949 ਵਿਚ ਸੰਵਿਧਾਨ ਵਿਰੁੱਧ ਲੇਖ ਲਿਖੇ, ਤੇ ਗੋਲਵਲਕਰ ਨੇ ਤਿਰੰਗੇ ਨੂੰ 'ਅਸ਼ੁਭ' ਦੱਸਿਆ। 52 ਸਾਲ ਤੱਕ ਸੰਘ ਦੇ ਹੈੱਡਕੁਆਰਟਰ ਵਿਚ ਤਿਰੰਗਾ ਨਹੀਂ ਲਹਿਰਾਇਆ।

ਦੂਜੀ ਪਾਬੰਦੀ (1975):ਐਂਮਰਜੈਂਸੀ ਦਾ ਨਤੀਜਾ

1975 ਵਿਚ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਗੂ ਕੀਤੀ, ਤਾਂ ਸੰਘ ਤੇ ਜਮਾਤ-ਏ-ਇਸਲਾਮੀ 'ਤੇ ਫਿਰਕੂ ਭਾਵਨਾਵਾਂ ਭੜਕਾਉਣ ਦਾ ਇਲਜ਼ਾਮ ਲਗਾਇਆ। ਸੰਘ ਦੇ ਸਰਸੰਘਚਾਲਕ ਬਾਲਾਸਾਹਿਬ ਦੇਵਰਸ ਨੇ ਇੰਦਰਾ ਨੂੰ ਕਈ ਖਤ ਲਿਖੇ, ਕਿਹਾ ਕਿ ਸੰਘ ਦਾ ਐਮਰਜੈਂਸੀ ਵਿਰੋਧੀ ਅੰਦੋਲਨ ਨਾਲ ਕੋਈ ਲੈਣਾ-ਦੇਣਾ ਨਹੀਂ। ਉਹਨਾਂ ਨੇ ਸਰਕਾਰ ਦੇ 20-ਸੂਤਰੀ ਪ੍ਰੋਗਰਾਮ ਵਿਚ ਸਹਿਯੋਗ ਦੀ ਪੇਸ਼ਕਸ਼ ਵੀ ਕੀਤੀ। ਪਰ ਇੰਦਰਾ ਨੇ ਨਾ ਮੁਲਾਕਾਤ ਕੀਤੀ, ਨਾ ਪਾਬੰਦੀ ਹਟਾਈ।

ਕਿਵੇਂ ਹਟੀ?

1977 ਵਿਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ, ਤਾਂ ਪਾਬੰਦੀ ਹਟਾਈ ਗਈ। ਇਸ ਦੌਰਾਨ ਕਈ ਸੰਘੀਆਂ ਨੇ ਮੁਆਫੀ ਮੰਗ ਕੇ ਜੇਲ੍ਹਾਂ ਵਿਚੋਂ ਰਿਹਾਈ ਪ੍ਰਾਪਤ ਕੀਤੀ।

ਤੀਜੀ ਪਾਬੰਦੀ (1992): ਬਾਬਰੀ ਮਸਜਿਦ ਨੂੰ ਢਾਹੁਣਾ

6 ਦਸੰਬਰ 1992 ਨੂੰ ਅਯੁੱਧਿਆ ਵਿਚ ਬਾਬਰੀ ਮਸਜਿਦ ਨੂੰ ਕਾਰਸੇਵਕਾਂ ਨੇ ਢਾਹ ਦਿੱਤਾ। ਉਸ ਵੇਲੇ ਯੂ.ਪੀ. ਦੇ ਮੁੱਖ ਮੰਤਰੀ ਕਲਿਆਣ ਸਿੰਘ ਸਨ, ਜੋ ਸੰਘ ਦੀਆਂ ਸ਼ਾਖਾਵਾਂ ਵਿਚ ਸਿਖਲਾਈ ਪ੍ਰਾਪਤ ਸਨ। ਕਲਿਆਣ ਸਿੰਘ ਨੇ ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਨੂੰ ਭਰੋਸਾ ਦਿੱਤਾ ਸੀ ਕਿ ਮਸਜਿਦ ਦੀ ਸੁਰੱਖਿਆ ਹੋਵੇਗੀ। ਪਰ ਸਾਰੇ ਵਾਅਦੇ ਹਵਾ ਵਿਚ ਉੱਡ ਗਏ। ਮਸਜਿਦ ਢਾਹੀ ਗਈ, ਤੇ ਸੁਪਰੀਮ ਕੋਰਟ ਨੇ ਇਸ ਨੂੰ ਅਦਾਲਤ ਦੀ ਉਲੰਘਣਾ ਮੰਨਿਆ।ਕੇਂਦਰ ਸਰਕਾਰ ਨੇ 10 ਦਸੰਬਰ 1992 ਨੂੰ ਸੰਘ, ਵੀ.ਐਚ.ਪੀ. ਤੇ ਬਜਰੰਗ ਦਲ 'ਤੇ ਪਾਬੰਦੀ ਲਾਈ ਗਈ ਸੀ। 2009 ਦੇ ਲਿਬਰਹਾਨ ਕਮਿਸ਼ਨ ਨੇ ਕਲਿਆਣ ਸਿੰਘ, ਐਲ.ਕੇ. ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਕਿਵੇਂ ਹਟੀ?

ਸੰਘ ਨੇ ਟ੍ਰਿਬਿਊਨਲ ਵਿਚ ਪਾਬੰਦੀ ਨੂੰ ਚੁਣੌਤੀ ਦਿੱਤੀ। ਜਸਟਿਸ ਪੀ.ਕੇ. ਬਹਰੀ ਦੀ ਅਗਵਾਈ ਵਾਲੇ ਟ੍ਰਿਬਿਊਨਲ ਨੇ ਜੂਨ 1993 ਵਿਚ ਪਾਬੰਦੀ ਹਟਾ ਦਿੱਤੀ ਸੀ, ਕਿਹਾ ਸੀ ਕਿ ਸਰਕਾਰ ਕੋਲ ਸੰਘ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਸਬੂਤ ਨਹੀਂ ਸਨ।

ਸੰਘ ਪਰਿਵਾਰ ਕਿਹੜੀਆਂ ਘੱਟ-ਗਿਣਤੀਆਂ ਵਿਰੁੱਧ ਹੈ?

ਸੰਘ ਪਰਿਵਾਰ ਦੀ ਸੋਚ 'ਹਿੰਦੂ ਰਾਸ਼ਟਰ' ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ਵਿਚ ਹਿੰਦੂ ਸਭਿਆਚਾਰ ਨੂੰ ਸਰਵਉੱਚ ਮੰਨਿਆ ਜਾਂਦਾ ਹੈ। ਸੰਘ ਦੇ ਵਿਚਾਰਕ, ਜਿਵੇਂ ਗੋਲਵਲਕਰ, ਮੰਨਦੇ ਸਨ ਕਿ ਹਿੰਦੂ ਰਾਸ਼ਟਰ ਵਿਚ ਘੱਟ-ਗਿਣਤੀਆਂ (ਖਾਸਕਰ ਮੁਸਲਿਮ ਤੇ ਈਸਾਈ) ਨੂੰ ਦੂਜੇ ਦਰਜੇ ਦੇ ਨਾਗਰਿਕ ਵਜੋਂ ਰਹਿਣਾ ਪਵੇਗਾ। ਸੰਘ ਦੀਆਂ ਸਹਿਯੋਗੀ ਸੰਸਥਾਵਾਂ (ਜਿਵੇਂ ਵੀ.ਐਚ.ਪੀ., ਬਜਰੰਗ ਦਲ) ਮੁਸਲਿਮ-ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਵਿਚ ਸਰਗਰਮ ਰਹੀਆਂ ਹਨ।ਪਰ ਸੰਘ ਦੀ ਸੋਚ ਸਿਰਫ਼ ਮੁਸਲਿਮ ਜਾਂ ਈਸਾਈਆਂ ਤੱਕ ਸੀਮਤ ਨਹੀਂ। ਸਿੱਖ ਪਛਾਣ ਨੂੰ ਹਿੰਦੂ ਸਭਿਆਚਾਰ ਦਾ ਹਿੱਸਾ ਦੱਸਣ ਦੀ ਕੋਸ਼ਿਸ਼ ਵੀ ਸੰਘ ਦੀ ਸਿਆਸਤ ਦਾ ਹਿੱਸਾ ਹੈ। ਸੰਘ ਦੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨੂੰ 'ਹਿੰਦੂ ਇਤਿਹਾਸ' ਦਾ ਅੰਗ ਦੱਸਿਆ ਜਾਂਦਾ ਹੈ, ਜੋ ਸਿੱਖ ਸੰਗਤ ਲਈ ਵਿਵਾਦ ਦਾ ਮੁੱਦਾ ਹੈ।

ਸੰਘ ਪਰਿਵਾਰ ਸਿੱਖ ਇਤਿਹਾਸ ਕਿਉਂ ਬਦਲ ਰਿਹਾ ਹੈ?

ਸੰਘ ਪਰਿਵਾਰ ਦੀ ਸੋਚ ਵਿਚ 'ਏਕਤਾ' ਦਾ ਮਤਲਬ ਹੈ ਸਾਰੇ ਧਰਮਾਂ ਨੂੰ ਹਿੰਦੂ ਸਭਿਆਚਾਰ ਦੇ ਅਧੀਨ ਲਿਆਉਣਾ। ਸਿੱਖ ਇਤਿਹਾਸ ਨੂੰ 'ਹਿੰਦੂ ਇਤਿਹਾਸ' ਦਾ ਹਿੱਸਾ ਦੱਸਣ ਦੀ ਕੋਸ਼ਿਸ਼ ਸੰਘ ਦੀ ਇਸੇ ਸੋਚ ਦਾ ਨਤੀਜਾ ਹੈ। ਸੰਘ ਮੰਨਦਾ ਹੈ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਹਿੰਦੂ ਧਰਮ ਦੀ ਰਾਖੀ ਲਈ ਕੁਰਬਾਨੀਆਂ ਦਿੱਤੀਆਂ, ਤੇ ਸਿੱਖ ਇੱਕ ਵੱਖਰਾ ਧਰਮ ਨਹੀਂ, ਸਗੋਂ ਹਿੰਦੂ ਧਰਮ ਦਾ ਹੀ ਇੱਕ ਹਿੱਸਾ ਹਨ।

ਸੰਘ ਦੀਆਂ ਸ਼ਾਖਾਵਾਂ ਵਿਚ ਪੜ੍ਹਾਇਆ ਜਾਂਦਾ ਹੈ ਕਿ ਸਿੱਖ ਗੁਰੂ ਹਿੰਦੂ ਸਭਿਆਚਾਰ ਦੇ ਰਾਖੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਨੂੰ 'ਹਿੰਦੂ ਸੈਨਿਕ' ਵਜੋਂ ਪੇਸ਼ ਕੀਤਾ ਜਾਂਦਾ ਹੈ।ਬਾਬਾ ਬੰਦਾ ਸਿੰਘ ਬਹਾਦਰ ਨੂੰ ਬੈਰਾਗੀ ਰੂਪ ਵਿਚ ਪੇਸ਼ ਕੀਤਾ ਜਾਂਦਾ ਹੈ।

ਸੰਘ ਦੀਆਂ ਸੰਸਥਾਵਾਂ, ਜਿਵੇਂ ਵੀ.ਐਚ.ਪੀ., ਨੇ ਸਿੱਖਾਂ ਦੀ ਵੱਖਰੀ ਪਛਾਣ ਨੂੰ ਚੁਣੌਤੀ ਦਿੱਤੀ ਹੈ। ਉਹ ਸਿੱਖ ਸਭਿਆਚਾਰ ਦੇ ਪ੍ਰਤੀਕਾਂ (ਜਿਵੇਂ ਕਿਰਪਾਨ, ਪੰਜ ਕਕਾਰ) ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਜੋੜਦੇ ਹਨ। ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਣ ਨਾਲ ਸੰਘ ਦਾ ਮਕਸਦ ਸਿੱਖਾਂ ਦੀ ਵੱਖਰੀ ਪਛਾਣ ਨੂੰ ਕਮਜ਼ੋਰ ਕਰਨਾ ਹੈ, ਤਾਂ ਜੋ 'ਹਿੰਦੂ ਰਾਸ਼ਟਰ' ਦੀ ਸੋਚ ਨੂੰ ਹੁਲਾਰਾ ਮਿਲੇ। ਸੰਘ ਮੰਨਦਾ ਹੈ ਕਿ ਸਿੱਖ ਗੁਰੂਆਂ ਨੇ ਮੁਗਲਾਂ ਵਿਰੁੱਧ ਲੜਾਈ 'ਹਿੰਦੂ ਧਰਮ' ਦੀ ਰਾਖੀ ਲਈ ਕੀਤੀ। ਉਹ ਗੁਰੂ ਨਾਨਕ ਦੇਵ ਜੀ ਦੀ ਸਰਬ ਸਾਂਝੀ ਸੋਚ ਤੇ ਵਿਲਖਣ ਸੋਚ ਨੂੰ ਨਜ਼ਰਅੰਦਾਜ਼ ਕਰਦੇ ਹਨ।

ਸਿੱਖ ਬੁੱਧੀਜੀਵੀ ਤੇ ਪੰਥਕ ਜਥੇਬੰਦੀਆਂ ਦਾ ਨਜ਼ਰੀਆ

ਸਿੱਖ ਬੁੱਧੀਜੀਵੀ ਤੇ ਪੰਥਕ ਜਥੇਬੰਦੀਆਂ ਸੰਘ ਪਰਿਵਾਰ ਦੀ ਸੋਚ ਨੂੰ ਸਿੱਖ ਪਛਾਣ ਲਈ ਖਤਰਾ ਮੰਨਦੀਆਂ ਹਨ।

ਸਿੱਖ ਇਤਿਹਾਸਕਾਰ ਅਤੇ ਦਾਰਸ਼ਨਿਕ ਸਰਦਾਰ ਕਪੂਰ ਸਿੰਘ ਨੇ ਸੰਘ ਪਰਿਵਾਰ ਦੀ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਦੱਸਣ ਵਾਲੀ ਸੋਚ ਦਾ ਸਖ਼ਤ ਵਿਰੋਧ ਕੀਤਾ ਸੀ। ਉਹਨਾਂ ਨੇ ਆਪਣੀਆਂ ਪੁਸਤਕਾਂ, ਜਿਵੇਂ ਕਿ "Sikhism and Hinduism: A Comparative Study"" ਅਤੇ "ਪਰਸਰ ਪ੍ਰਸਨ", Sikhism and Hinduism: A Comparative Study"ਵਿੱਚ ਸਪੱਸ਼ਟ ਕੀਤਾ ਸੀ ਕਿ ਸਿੱਖ ਧਰਮ ਇੱਕ ਵੱਖਰਾ ਅਤੇ ਸੁਤੰਤਰ ਧਰਮ ਹੈ, ਜਿਸ ਦੀਆਂ ਜੜ੍ਹਾਂ ਸਮਾਜਿਕ ਸਮਾਨਤਾ ਅਤੇ ਆਤਮਿਕ ਸੁਤੰਤਰਤਾ ਵਿੱਚ ਹਨ। ਉਹਨਾਂ ਨੇ ਸੰਘ ਦੀ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਨੂੰ "ਸਭਿਆਚਾਰਕ ਸਾਮਰਾਜਵਾਦ" ਦਾ ਨਾਮ ਦਿੱਤਾ ਅਤੇ ਸਿੱਖ ਪਛਾਣ ਨੂੰ ਬਚਾਉਣ ਲਈ ਜਾਗਰੂਕਤਾ ਦੀ ਲੋੜ 'ਤੇ ਜ਼ੋਰ ਦਿੱਤਾ ਸੀ।

ਸਿੱਖ ਸਕਾਲਰ ਸਰਦਾਰ ਗੁਰਤੇਜ ਸਿੰਘ ਆਈਏਐਸ ਵਰਗੇ ਸਕਾਲਰ ਮੰਨਦੇ ਹਨ ਕਿ ਸੰਘ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੀ 'ਨਾ ਹਿੰਦੂ, ਨਾ ਮੁਸਲਮਾਨ' ਵਾਲੀ ਸੋਚ ਨੂੰ ਸੰਘ ਨਜ਼ਰਅੰਦਾਜ਼ ਕਰਦਾ ਹੈ।ਉਹਨਾਂ ਨੇ ਸੰਘ ਦੀਆਂ ਸਿੱਖ ਗੁਰਦੁਆਰਿਆਂ 'ਤੇ ਨਿਯੰਤਰਣ ਦੀਆਂ ਕੋਸ਼ਿਸ਼ਾਂ ਦੀ ਵੀ ਨਿਖੇਧੀ ਕੀਤੀ।

ਸਿੱਖ ਇਤਿਹਾਸਕਾਰ ਅਤੇ ਅਕਾਦਮਿਕ ਡਾ. ਢਿੱਲੋਂ ਨੇ ਸੰਘ ਪਰਿਵਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਹ ਸਿੱਖਾਂ ਦੇ ਵੱਖਰੇ ਧਾਰਮਿਕ ਅਤੇ ਸਭਿਆਚਾਰਕ ਵਿਰਸੇ ਨੂੰ ਮਿਟਾਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੀਆਂ ਰਚਨਾਵਾਂ, ਜਿਵੇਂ ਕਿ "ਸਿੱਖ ਸਟਰਗਲ", ਵਿੱਚ ਸੰਘ ਦੀਆਂ ਸਿੱਖ ਵਿਰੋਧੀ ਨੀਤੀਆਂ, ਜਿਵੇਂ ਕਿ ਸਿੱਖ ਗੁਰੂਆਂ ਨੂੰ ਹਿੰਦੂ ਅਵਤਾਰਾਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ, ਦੀ ਨਿਖੇਧੀ ਕੀਤੀ। ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਆਪਣੇ ਇਤਿਹਾਸ ਅਤੇ ਸਿਧਾਂਤਾਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ),ਸਿੱਖ ਮਿਸ਼ਨਰੀ ਕਾਲਜ,ਅਖੰਡ ਕੀਰਤਨੀ ਜੱਥਾ,  ਤੇ ਹੋਰ ਸਿੱਖ ਜਥੇਬੰਦੀਆਂ ਸੰਘ ਦੀ 'ਹਿੰਦੂ ਰਾਸ਼ਟਰ' ਵਾਲੀ ਸੋਚ ਨੂੰ ਸਿੱਖ ਪਛਾਣ ਤੇ ਸੰਵਿਧਾਨਕ ਅਧਿਕਾਰਾਂ ਲਈ ਖਤਰਾ ਮੰਨਦੀਆਂ ਹਨ।  ਸੰਘ ਦੀਆਂ ਸ਼ਾਖਾਵਾਂ ਵਿਚ ਪੜ੍ਹਾਏ ਜਾਣ ਵਾਲੇ 'ਸਿੱਖ ਇਤਿਹਾਸ' ਨੂੰ ਤੋੜ-ਮਰੋੜ ਵਜੋਂ ਵੇਖਦੀਆਂ ਹਨ। ਸੋਸ਼ਲ ਮੀਡੀਆ 'ਤੇ ਸਿੱਖ ਯੂਥ ਸੰਘ ਦੀਆਂ ਨੀਤੀਆਂ ਵਿਰੁੱਧ ਆਵਾਜ਼ ਉਠਾਉਂਦਾ ਹੈ।ਸੰਘ ਪਰਿਵਾਰ ਦੀ ਸਿਆਸਤ ਦਾ ਮੁੱਖ ਮਕਸਦ 'ਹਿੰਦੂ ਰਾਸ਼ਟਰ' ਦੀ ਸਥਾਪਨਾ ਹੈ। ਇਸ ਲਈ ਉਹ ਸਾਰੇ ਧਰਮਾਂ ਨੂੰ ਹਿੰਦੂ ਸਭਿਆਚਾਰ ਦੇ ਅਧੀਨ ਲਿਆਉਣ ਦੀ ਕੋਸ਼ਿਸ਼ ਕਰਦਾ ਹੈ।