ਟਰੰਪ ਦੀ ਧਮਕੀ ਬਾਅਦ ਭਾਰਤ ਨੇ ਕਈ ਵਸਤੂਆਂ 'ਤੇ ਬੇਸਿਕ ਕਸਟਮ ਡਿਊਟੀ ਘਟਾਈ
*ਸਾਈਕਲ ਤੇ ਫੁੱਟਵੀਅਰ ਉਦਯੋਗ ਨੂੰ ਚੀਨੀ ਦਰਾਮਦਾਂ ਦਾ ਵੱਡਾ ਖ਼ਤਰਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੁਧਿਆਣਾ -ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ 'ਤੇ 100 ਫ਼ੀਸਦੀ ਟੈਕਸ ਲਗਾਉਣ ਦੀ ਧਮਕੀ ਦਾ ਅਸਰ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਗਏ ਆਮ ਬਜਟ ਵਿਚ ਕੁੱਝ ਹੱਦ ਤੱਕ ਦੇਖਣ ਨੂੰ ਮਿਲਿਆ ਹੈ | ਬਜਟ ਵਿਚ ਇਕ ਕਸਟਮ ਨੋਟੀਫ਼ਿਕੇਸ਼ਨ ਨੰਬਰ 4/2025 ਜਾਰੀ ਕੀਤਾ ਗਿਆ ਸੀ, ਜਿਸ ਅਨੁਸਾਰ ਕਈ ਵਸਤੂਆਂ 'ਤੇ ਬੇਸਿਕ ਕਸਟਮ ਡਿਊਟੀ ਘਟਾ ਦਿੱਤੀ ਗਈ | ਇਨ੍ਹਾਂ ਵਿਚ ਕਾਰਾਂ 'ਤੇ ਬੇਸਿਕ ਕਸਟਮ ਡਿਊਟੀ 125 ਫ਼ੀਸਦ ਤੋਂ ਘਟਾ ਕੇ 70 ਫ਼ੀਸਦ, ਬੱਸਾਂ 'ਤੇ 40 ਤੋਂ 20 ਫ਼ੀਸਦ, ਟਰੱਕਾਂ 'ਤੇ 40 ਤੋਂ 20 ਫ਼ੀਸਦ, ਮੋਟਰਸਾਈਕਲਾਂ 'ਤੇ 100 ਤੋਂ 70 ਫ਼ੀਸਦ ਤੱਕ ਦਰਸਾਈ ਗਈ ਹੈ । ਇੱਥੋਂ ਤੱਕ ਕਿ ਸਾਈਕਲ (ਆਵਾਜਾਈ ਦਾ ਇਕ ਸਸਤਾ ਸਾਧਨ) 'ਤੇ ਦਰਾਮਦ ਡਿਊਟੀ 35 ਫ਼ੀਸਦ ਤੋਂ ਘਟਾ ਕੇ 20 ਫ਼ੀਸਦ ਕਰ ਦਿੱਤੀ ਗਈ ਹੈ ।ਇਹ ਦਾਅਵਾ ਕਰਦਿਆਂ ਵਰਲਡ ਐਮ.ਐਸ.ਐਮ.ਈ. ਫੋਰਮ ਦੇ ਪ੍ਰਧਾਨ ਬਦੀਸ਼ ਜ਼ਿੰਦਲ ਨੇ ਕਿਹਾ ਕਿ ਬੇਸਿਕ ਕਸਟਮ ਡਿਊਟੀ ਮਾਰਬਲ ਅਤੇ ਟਾਈਲਾਂ 'ਤੇ 40 ਤੋਂ 20 ਫ਼ੀਸਦ, ਵਾਈਨ ਬਣਾਉਣ ਵਾਲੀ ਸਮੱਗਰੀ 'ਤੇ 100 ਤੋਂ 20 ਫ਼ੀਸਦ, ਜੁੱਤੀਆਂ 'ਤੇ 35 ਤੋਂ 20 ਫ਼ੀਸਦ ਚਾਰਜ ਹੈ। ਮੋਮਬਤੀਆਂ, ਗਹਿਣਿਆਂ ਅਤੇ ਸੈਮੀ-ਕੰਡਕਟਰ ਅਤੇ ਫਲੈਕਸ ਸ਼ੀਟਾਂ 'ਤੇ ਮੁੱਢਲੀ ਕਸਟਮ ਡਿਊਟੀ 25 ਫ਼ੀਸਦੀ ਤੋਂ 20 ਫ਼ੀਸਦੀ ਕੀਤੀ ਗਈ ਹੈ ।ਇਨ੍ਹਾਂ ਡਿਊਟੀਆਂ ਨੂੰ ਲਾਗੂ ਕਰਨ ਦੀ ਮਿਤੀ 1 ਮਈ 2025 ਹੈ ।

ਨੋਟੀਫ਼ਿਕੇਸ਼ਨਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਡਿਊਟੀਆਂ ਦੇ ਨਾਲ-ਨਾਲ ਖੇਤੀਬਾੜੀ ਬੁਨਿਆਦੀ ਢਾਂਚਾ ਤੇ ਵਿਕਾਸ ਸੈੱਸ ਤੇ ਸਮਾਜ ਭਲਾਈ ਸਰਚਾਰਜ 7.5 ਫ਼ੀਸਦ ਤੋਂ 65 ਫ਼ੀਸਦ ਤੱਕ ਵਸਤੂਆਂ ਦੇ ਅਨੁਸਾਰ ਹੋਵੇਗਾ । ਅਜਿਹਾ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਕੀਤੇ ਹਨ, ਜਿਸ 'ਚ ਕੇਂਦਰ ਰਾਜਾਂ ਨੂੰ ਕਸਟਮ ਡਿਊਟੀ ਵਿਚ ਪੂਰਾ ਹਿੱਸਾ ਨਹੀਂ ਦੇਵੇਗਾ ਅਤੇ ਦੂਸਰਾ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦਿਖਾਇਆ ਜਾਵੇਗਾ ਕਿ ਭਾਰਤ ਨੇ ਦਰਾਮਦ ਡਿਊਟੀ ਘਟਾਉਣ ਦੇ ਉਨ੍ਹਾਂ ਦੇ ਆਦੇਸ਼ਾਂ ਦਾ ਪਾਲਨ ਕੀਤਾ ਹੈ ਅਤੇ ਭਾਰਤ ਹੁਣ ਕਾਰਾਂ 'ਤੇ 125 ਫ਼ੀਸਦ ਅਤੇ ਮੋਟਰਸਾਈਕਲਾਂ 'ਤੇ 100 ਫ਼ੀਸਦ ਚਾਰਜ ਨਹੀਂ ਲੈ ਰਿਹਾ । ਦਰਾਮਦ ਡਿਊਟੀ ਵਿਚ ਕਟੌਤੀ ਦਾ ਅਸਰ ਭਾਰਤ ਵਿਚ ਫੁੱਟਵੀਅਰ, ਸਾਈਕਲ ਅਤੇ ਆਟੋ ਸੈਕਟਰ 'ਤੇ ਜ਼ਰੂਰ ਪਵੇਗਾ, ਕਿਉਂਕਿ ਆਟੋ ਸੈਕਟਰ ਮੁਸ਼ਕਿਲ ਦੌਰ 'ਚੋਂ ਲੰਘ ਰਿਹਾ ਹੈ | ਸਾਈਕਲ ਤੇ ਫੁੱਟਵੀਅਰ ਉਦਯੋਗ ਨੂੰ ਚੀਨੀ ਦਰਾਮਦਾਂ ਦਾ ਵੱਡਾ ਖ਼ਤਰਾ ਹੈ ਤੇ ਇਸ ਨਾਲ ਭਾਰਤ ਵਿਚ ਇਸ ਦਾ ਨਿਰਮਾਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।











Comments (0)