ਅਮਿਤ ਸ਼ਾਹ ਦੇ ਅਰੁਣਾਚਲ ਦੌਰੇ 'ਤੇ ਚੀਨ ਦਾ ਇਤਰਾਜ਼; ਅਰੁਣਾਚਲ ਪ੍ਰਦੇਸ਼ ਨੂੰ ਦੱਸਿਆ ਚੀਨ ਦਾ ਹਿੱਸਾ
ਚੰਡੀਗੜ੍ਹ: ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਤਕਰਾਰ ਅੱਜ ਫੇਰ ਚਰਚਾ ਫੜ੍ਹ ਗਈ ਜਦੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਰੁਣਾਚਲ ਦੌਰੇ 'ਤੇ ਚੀਨ ਨੇ ਇਤਰਾਜ਼ ਪ੍ਰਗਟ ਕਰ ਦਿੱਤਾ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਮੰਨਦਾ ਹੈ ਜੋ ਮੋਜੂਦਾ ਸਮੇਂ ਚੀਨ ਦੇ ਪ੍ਰਬੰਧ ਅਧੀਨ ਹੈ। ਇਸ ਤਰ੍ਹਾਂ ਚੀਨ ਅਰੁਣਾਚਲ ਪ੍ਰਦੇਸ਼ ਨੂੰ ਵੀ ਆਪਣਾ ਹੀ ਹਿੱਸਾ ਮੰਨਦਾ ਹੈ ਤੇ ਭਾਰਤ ਦੇ ਗ੍ਰਹਿ ਮੰਤਰੀ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਦੌਰੇ ਨੂੰ ਚੀਨ ਨੇ ਉਸਦੀ ਖੇਤਰੀ ਪ੍ਰਭੂਸੱਤਾ 'ਤੇ ਹਮਲਾ ਦੱਸਿਆ ਹੈ।
ਚੀਨ ਦੇ ਇਸ ਇਤਰਾਜ਼ 'ਤੇ ਜਵਾਬ ਦਿੰਦਿਆਂ ਭਾਰਤ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਹਿੱਸਾ ਹੈ। ਉਹਨਾਂ ਕਿਹਾ ਕਿ ਚੀਨ ਦੇ ਇਤਰਾਜ਼ ਦਾ ਕੋਈ ਵਾਜਬ ਕਾਰਨ ਨਹੀਂ ਬਣਦਾ।
ਉੱਧਰ ਚੀਨ ਦੇ ਵਿਦੇਸ਼ ਮਹਿਕਮੇ ਨੇ ਕਿਹਾ ਹੈ ਕਿ ਚੀਨ-ਭਾਰਤ ਸਰਹੱਦ ਦੇ ਪੂਰਬੀ ਹਿੱਸੇ ਅਤੇ ਚੀਨ ਦੇ ਤਿੱਬਤ ਖੇਤਰ ਦੇ ਦੱਖਣੀ ਹਿੱਸੇ ਬਾਰੇ ਚੀਨ ਦਾ ਪੱਖ ਸਾਫ ਅਤੇ ਸਪਸ਼ਟ ਹੈ। ਚੀਨੀ ਵਿਦੇਸ਼ ਮਹਿਕਮੇ ਦੇ ਬੁਲਾਰੇ ਨੇ ਕਿਹਾ, "ਚੀਨ ਨੇ ਕਦੇ ਵੀ ਇਸ 'ਅਰੁਣਾਚਪ ਪ੍ਰਦੇਸ਼' ਨੂੰ ਮਾਨਤਾ ਨਹੀਂ ਦਿੱਤਾ ਹੈ ਅਤੇ ਚੀਨ ਦੇ ਤਿੱਬਤ ਖਿੱਤੇ ਦੇ ਦੱਖਣੀ ਹਿੱਸੇ ਵਿਚ ਭਾਰਤੀ ਆਗੂਆਂ ਦੇ ਦੌਰਿਆਂ 'ਤੇ ਚੀਨ ਨੇ ਹਮੇਸ਼ਾ ਇਤਰਾਜ਼ ਕੀਤਾ ਹੈ ਕਿਉਂਕਿ ਇਹ ਚੀਨ ਦੀ ਖੇਤਰੀ ਪ੍ਰਭੂਸੱਤਾ ਦੀ ਉਲੰਘਣਾ ਹੈ ਅਤੇ ਸਰਹੱਦੀ ਖੇਤਰ ਵਿਚ ਸਥਾਪਤ ਸ਼ਾਂਤੀ ਨੂੰ ਤੋੜਨ ਵਾਲਾ ਕਦਮ ਹੈ। ਇਸ ਨਾਲ ਦੋਵਾਂ ਮੁਲਕਾਂ ਦਰਮਿਆਨ ਆਪਸੀ ਭਰੋਸੇ ਵਾਲੇ ਸਬੰਧ ਖਰਾਬ ਹੁੰਦੇ ਹਨ ਤੇ ਆਪਸੀ ਸਮਝੌਤਿਆਂ ਦੀ ਉਲੰਘਣਾ ਹੈ।"
ਦੱਸ ਦਈਏ ਕਿ ਭਾਰਤ ਅਤੇ ਚੀਨ ਦਰਮਿਆਨ 3,488 ਕਿਲੋਮੀਟਰ ਖੇਤਰ ਵਿਚ ਫੈਲੀ ਸਰਹੱਦ ਨੂੰ ਲੈ ਕੇ ਝਗੜਾ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਤੇ ਦੋਵੇਂ ਮੁਲਕ ਸਿੱਧੀ ਜੰਗ ਵੀ ਲੜ ਚੁੱਕੇ ਹਨ। ਇਸ ਜੰਗ ਵਿਚ ਚੀਨ ਨੇ ਭਾਰਤ ਨੂੰ ਹਰਾ ਦਿੱਤਾ ਸੀ।











Comments (0)