ਹੜ੍ਹਾਂ ਨਾਲ ਹੁੰਦੀ ਤਬਾਹੀ ਨੂੰ ਕਿਵੇਂ ਘਟਾਉਣ ਪੰਜਾਬੀ ਤੇ ਸਰਕਾਰ?

ਹੜ੍ਹਾਂ ਨਾਲ ਹੁੰਦੀ ਤਬਾਹੀ ਨੂੰ ਕਿਵੇਂ ਘਟਾਉਣ ਪੰਜਾਬੀ ਤੇ ਸਰਕਾਰ?

ਪੰਜਾਬ ਖਿੱਤਾ ਪਾਣੀਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ ਅਤੇ ਇੱਥੋਂ ਦੇ ਵਾਸੀਆਂ ਦਾ ਪੂਰਵ ਇਤਿਹਾਸ ਕਾਲ ਤੋਂ ਹੜ੍ਹਾਂ ਦੇ ਲਾਭਾਂ ਅਤੇ ਸਮੱਸਿਆਵਾਂ ਨਾਲ ਵਾਹ-ਵਾਸਤਾ ਰਿਹਾ ਹਾਂ।

ਪਾਣੀ ਵਜ਼ਨਦਾਰ ਵਸਤ ਹੈ। ਨਿਵਾਣ ਵੱਲ ਖੁਦ-ਬ-ਖੁਦ ਵਗਣ ਤੋਂ ਬਿਨਾਂ ਇਸ ਨੂੰ ਇਧਰ-ਉਧਰ ਕਰਨਾ ਸੌਖਾ ਨਹੀਂ। ਹਰ ਵਰ੍ਹੇ, ਕਰੀਬ 32 ਅਰਬ ਏਕੜ ਫੁੱਟ ਪਾਣੀ ਧਰਤੀ 'ਤੇ ਵਗਦਾ ਹੋਇਆ, ਜਦ ਤੱਕ ਕੇ ਐਸੇ ਪਾਣੀ ਦੇ ਕੁੱਝ ਕੁ ਹਿੱਸੇ ਨੂੰ ਅਸੀਂ ਰੋਕ-ਖੜ੍ਹਾ ਜਾਂ ਮੋੜ ਕੇ ਵਰਤਣ ਨਹੀਂ ਸਾਂ ਲੱਗ ਪਏ, ਸਾਗਰਾਂ ਵੱਲ ਜਾਂਦਾ ਸੀ/ਹੈ। ਪਹਿਲ-ਪਲੱਕੜਿਆਂ ਵਿਚ ਸਹਿਜ-ਤੋਰੇ, ਹੁਣ ਦੁੜੰਗੇ ਮਾਰਦਾ। ਭਾਰਤ ਵਿਚ, ਹਾਲੇ ਵੀ ਪ੍ਰਤੀ ਸਾਲ ਲਗਭਗ 4000 ਅਰਬ ਘਣ ਮੀਟਰ ਪਾਣੀ ਜਲ-ਚੱਕਰਾਂ ਰਾਹੀਂ ਉੱਗਦਾ ਤੇ ਵਰਸਦਾ ਹੈ। ਇਸ ਗੇੜ ਵਿਚ ਘੁੰਮਦੇ ਸਾਲਾਨਾ ਜਲ ਨੂੰ ਜੇਕਰ ਸਮੁੰਦਰਾਂ, ਨਦੀਆਂ-ਦਰਿਆਵਾਂ, ਜਲ-ਕੁੰਡਾਂ ਜਾਂ ਜ਼ਮੀਨ ਵਿਚ ਸਮੌਣ ਦੀ ਬਜਾਏ ਸਾਲਮ-ਪੱਧਰੀ ਧਰਤੀ 'ਤੇ ਵਿਛਾ ਦੇਈਏ ਤਾਂ ਸਮੁੱਚੀ ਸਤ੍ਹਾ ਉੱਤੇ ਇਹ ਤਿੰਨ ਫੁੱਟ ਉੱਚਾ ਖੜ੍ਹ ਜਾਵੇਗਾ। ਹੁਣ, ਸਾਡੇ ਲਾਲਚਾਂ ਅਤੇ ਅਚੇਤ-ਸੁਚੇਤ ਗਲਤੀਆਂ ਕਾਰਨ ਦੇਸ਼ ਦੇ ਕੁੱਲ ਧਰਾਤਲੀ ਖਿੱਤੇ ਦਾ ਅੱਠਵਾਂ ਹਿੱਸਾ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ। ਕੋਈ ਸੂਬਾ ਜ਼ਿਆਦਾ ਅਤੇ ਕੋਈ ਕੁਝ ਘੱਟ। ਕੋਈ ਕਦੇ-ਕਦੇ ਤੇ ਕੋਈ ਹਰ ਵਰ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹੁੰਦਾ ਹੈ।

ਦਰ-ਹਕੀਕਤ ਪੰਜਾਬ ਵਿਚ ਤਿੱਖੇ ਹੜ੍ਹਾਂ ਅਤੇ ਜਲ-ਸੰਕਟ ਦਾ ਇਤਿਹਾਸ ਉਦੋਂ ਹੀ ਸ਼ੁਰੂ ਹੋਇਆ, ਜਦੋਂ ਅਸੀਂ ਕੁਦਰਤੀ ਟੋਏ, ਢਾਬਾਂ, ਛੰਭ ਫਨਾਹ ਕਰਨੇ ਸ਼ੁਰੂ ਕਰ ਦਿੱਤੇ। ਜਲ-ਵਹਿਣਾਂ ਅਤੇ ਜਲ-ਕੁੰਡਾਂ ਉੱਤੇ ਕਬਜ਼ੇ ਕਰਨ ਲੱਗੇ। ਜੇ ਪਾਣੀ ਰੁਕੇਗਾ ਨਹੀਂ, ਤਦ ਵਗੇਗਾ ਹੀ। ਅਣਸਾਵੇਂ ਵਿਕਾਸ, ਉਚਿਤ ਨਿਕਾਸੀ ਅਤੇ ਢੁਕਵੇਂ ਜਲ-ਪ੍ਰਬੰਧ ਦੀਆਂ ਕਾਰਗਰ ਯੋਜਨਾਵਾਂ ਤੇ ਸੁਹਿਰਦ ਅਮਲ ਦੀ ਅਣਹੋਂਦ ਕਾਰਨ ਅਸੀਂ ਹਰ ਵਰ੍ਹੇ ਬਰਸਾਤਾਂ 'ਚ ਰੁੜ੍ਹਦੇ ਅਤੇ ਖੁਸ਼ਕ ਮੌਸਮਾਂ 'ਚ ਸੋਕੇ ਦਾ ਸਾਹਮਣਾ ਕਰਦੇ ਹਾਂ। ਕਦੇ ਦਰਿਆਵਾਂ ਦਾ ਡੈਲਟਾ ਹੋਣ ਕਾਰਨ ਸਾਡੇ ਖਿੱਤੇ ਦੀ ਮਿੱਟੀ ਬੜੀ ਜ਼ਰਖੇਜ ਸੀ। ਜਿਹੜੀ ਹਰ ਫ਼ਸਲ ਪੈਦਾ ਕਰਨ ਦੇ ਸਮਰੱਥ ਸੀ। ਸਿੱਟਾ ਸਾਧਨ-ਸੰਪਨ ਸੱਭਿਆਤਾਵਾਂ ਦਾ ਉਥਾਨ ਹੋਇਆ। ਇਹੀ ਕਾਰਨ ਸੀ ਕਿ ਬੇਗਾਨੀਆਂ ਧਰਤੀਆਂ ਦੇ ਲੋਕ ਇਸ ਵੱਲ ਖਿੱਚੇ-ਤੁਰੇ ਆਏ। ਪ੍ਰੰਤੂ ਪਾਣੀ ਵਜੋਂ ਅਮੀਰੀ ਕਾਰਨ ਬਹੁ-ਪਰਤੀ ਨੁਕਸਾਨ ਵੀ ਇਸ ਧਰਤੀ ਨੂੰ ਸਹਿਣੇ ਪਏ, ਜਿਨ੍ਹਾਂ ਵਿਚੋਂ ਇਕ ਸੀ ਵਾਰ-ਵਾਰ ਹੜ੍ਹ ਰੂਪੀ ਕੁਦਰਤੀ ਤ੍ਰਾਸਦੀ। ਜਿਹੜੀ ਹੁਣ ਕੁਦਰਤੀ ਦੀ ਬਜਾਏ, ਮਨੁੱਖ ਸਿਰਜਤ ਵੱਧ ਹੈ। ਮੁੱਖ ਕਾਰਨ ਹੈ ਮਨੁੱਖੀ ਲਾਲਚ, ਕੁਦਰਤ ਨਾਲ ਅਣ-ਮੇਚਵਾਂ ਅਤੇ ਗ਼ੈਰ-ਯੋਜਨਾਬੱਧ 'ਵਿਕਾਸ'।

ਜਲ ਮਾਹਿਰ ਵਿਸ਼ਵਾਸ ਕਾਲੇ ਅਨੁਸਾਰ, 'ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਪੂਰਬਲੇ ਹੜ੍ਹਾਂ ਦੇ ਮੁਕਾਬਲੇ ਵੱਡੇ ਆਕਾਰ ਦੇ ਹੜ੍ਹ ਜ਼ਿਆਦਾ ਆਉਣੇ ਸ਼ੁਰੂ ਹੋ ਗਏ। ਭਾਵੇਂ ਗਿਣਤੀ ਵਜੋਂ ਹੜ੍ਹ ਘੱਟ ਆਏ, ਪਰ ਹੁਣ ਬਹੁ-ਪਰਤੀ ਅਤੇ ਵੱਡੇ ਨੁਕਸਾਨ ਹੁੰਦੇ ਹਨ। ਕਾਰਨ ਜੰਗਲਾਂ ਦਾ ਨਾਸ਼ ਅਤੇ ਪਹਾੜਾਂ ਵਿਚ ਬੇ-ਕਿਰਕ ਦਖਲਅੰਦਾਜ਼ੀ'। ਰੁੰਡ-ਮਰੁੰਡ ਪਹਾੜਾਂ ਦਾ ਮਲਬਾ ਵਗਦੇ ਪਾਣੀ ਨੂੰ ਜਲ-ਮਾਰਗਾਂ ਤੋਂ ਭਟਕਾ ਕੇ ਹੜ੍ਹਾਂ ਦਾ ਕਾਰਨ ਵੀ ਬਣ ਰਿਹਾ ਹੈ ਅਤੇ ਜਲ-ਸੰਗ੍ਰਹਿਆਂ ਦੀ ਜਲ ਗ੍ਰਹਿਣ ਸਮਰੱਥਾ ਵੀ ਘਟਾ ਰਿਹਾ ਹੈ। ਬਨਸਪਤੀ ਕਵਰ ਵਗਦੇ ਪਾਣੀ ਦੀ ਗਤੀ ਘਟਾ ਕੇ ਜਾਂ ਰੋਕ-ਖੜ੍ਹਾ ਕੇ ਨਾ ਸਿਰਫ਼ ਹੜ੍ਹ ਦੀ ਦਰ ਘਟਾਉਂਦੀ, ਸਗੋਂ ਜੜ੍ਹਾਂ ਰਾਹੀਂ ਪਾਣੀ ਧਰਤੀ 'ਚ ਭੇਜ ਕੇ ਭਵਿੱਖ ਲਈ ਸੁਰੱਖਿਅਤ ਵੀ ਕਰ ਦਿੰਦੀ ਹੈ। ਇਕ ਵਰਗ ਕਿਲੋਮੀਟਰ ਬਹੁ-ਭਾਂਤੀ ਘਣਾ ਜੰਗਲ 50 ਹਜ਼ਾਰ ਘਣ ਮੀਟਰ ਵਰਖੇਈ ਪਾਣੀ ਧਰਤੀ 'ਚ ਸੰਚਾਰ ਕਰ ਸਕਦਾ ਹੈ। ਰੁੰਡ-ਮਰੁੰਡ ਪਹਾੜਾਂ ਦਾ ਮਲਬਾ ਜਲ-ਵਹਿਣਾਂ ਨੂੰ ਭਰ-ਪੂਰ ਕੇ ਵਗਦੇ ਪਾਣੀ ਨੂੰ ਜਲ-ਮਾਰਗਾਂ ਤੋਂ ਭਟਕਾ ਕੇ ਹੜ੍ਹਾਂ ਦਾ ਕਾਰਨ ਵੀ ਬਣ ਰਿਹਾ ਹੈ ਅਤੇ ਜਲ-ਸੰਗ੍ਰਹਿਆਂ ਦੀ ਜਲ ਗ੍ਰਹਿਣ ਸਮਰੱਥਾ ਵੀ ਘਟਾ ਰਿਹਾ ਹੈ। ਇਕ ਹੈਕਟੇਅਰ ਨੰਗੇ-ਢਾਲਵੇਂ ਰਕਬੇ ਤੋਂ ਪ੍ਰਤੀ ਸਾਲ 30 ਟਨ ਮਿੱਟੀ ਖੁਰ-ਰੁੜ੍ਹ ਜਾਂਦੀ ਹੈ। ਜਦੋਂ ਪਾਣੀ ਢਲਾਣ ਤੋਂ ਉਤਰਦਾ ਹੈ, ਉਥੇ ਜੇ ਧਰਤੀ ਬਨਸਪਤੀ-ਵਿਹੂਣੀ ਹੋਵੇ ਤਦ ਮਹਿਜ਼ ਦੁੱਗਣੀ ਗਤੀ 'ਤੇ ਹੀ ਭੂਮੀ ਦੀ ਕੱਟ-ਵੱਢ 4 ਗੁਣਾ, ਮਾਦਾ ਚੁੱਕ-ਖੜ੍ਹਨ ਦੀ ਸਮੱਰਥਾ 32 ਗੁਣਾ ਅਤੇ ਰੋੜ੍ਹ ਸਮਰਥਾ 64 ਗੁਣਾ ਹੋ ਜਾਂਦੀ ਹੈ। ਪ੍ਰੰਤੂ, ਜੇ ਜਲ-ਗਤੀ ਤਿੰਨ ਗੁਣਾਂ ਹੋਵੇ ਤਾਂ ਰੋੜ੍ਹ ਸਮਰੱਥਾ 729 ਗੁਣਾ ਹੋ ਜਾਂਦੀ ਹੈ। ਨੰਗੇ ਢਾਲਵੇਂ ਖਿੱਤਿਆਂ ਅਤੇ ਜਰਜ਼ਰ ਪਹਾੜਾਂ 'ਚ ਇਹ ਭਾਣਾ ਹੋਰ ਵੀ ਡਰਾਉਣੇ ਰੂਪ 'ਚ ਵਾਪਰਦਾ ਹੈ। ਸਿੱਟੇ ਵਜੋਂ ਜਲ-ਵਹਿਣਾਂ, ਦਰਿਆਵਾਂ ਅਤੇ ਸਾਗਰਾਂ ਦਾ ਮੁਹਾਂਦਰਾ ਬਦਲ ਰਿਹਾ ਹੈ। ਜੰਗਲਾਂ ਅਤੇ ਪਹਾੜਾਂ ਦੀ ਬੇ-ਹੁਰਮਤੀ ਕਾਰਨ ਭਾਰਤ ਦੀ 10 ਕਰੋੜ 58 ਲੱਖ ਏਕੜ ਧਰਤੀ ਹੜ੍ਹ-ਮਾਰ ਹੇਠ ਆ ਚੁੱਕੀ ਹੈ, ਜਿਸ ਵਿਚ ਪੰਜਾਬ ਵੀ ਸ਼ਾਮਿਲ ਹੈ।

ਫੇਮਿਨ ਇਨਕੁਆਰੀ ਕਮਿਸ਼ਨ ਨੇ 1944 ਵਿਚ ਹੀ ਸਪੱਸ਼ਟ ਰੂਪ ਵਿਚ ਕਹਿ ਦਿੱਤਾ ਸੀ, 'ਵਰਖੇਈ ਜਲ ਸਿਰਫ ਕੁਦਰਤੀ ਜਾਂ ਢੁਕਵੇਂ ਮਸਨੂਈ ਜਲ-ਕੁੰਡਾਂ 'ਚ ਹੀ ਸਾਂਭਿਆ ਜਾ ਸਕਦਾ ਹੈ। ਆਉਣ ਵਾਲੇ ਸਮੇਂ ਵਿਚ ਜਲ ਸੰਕਟ ਅਤੇ ਹੜ੍ਹ-ਸੁਰੱਖਿਆ ਦੇ ਟਕਸਾਲੀ ਉਪਾਅ ਹਿਤ ਸਿਰਫ ਕੁਦਰਤੀ ਜਲ-ਕੁੰਡ (ਛੰਭ, ਢਾਬਾਂ, ਤਾਲ), ਤਾਲਾਬ-ਟੋਭੇ ਅਤੇ ਕੁਦਰਤੀ ਜਲ-ਵਹਿਣਾਂ 'ਤੇ ਸਮਰੱਥ ਮਸਨੂਈ ਯੋਜਨਾਵਾਂ ਹੀ ਕਾਰਗਰ ਹਨ। ਸਿਰਫ ਅਤੇ ਸਿਰਫ ਇਨ੍ਹਾਂ ਰਾਹੀਂ ਹੀ ਪਾਣੀ ਦਾ ਧਰਤੀ 'ਚ ਸੰਚਾਰ ਕਰਵਾਇਆ ਜਾਂ ਬਹੁ-ਪੱਖੀ ਕਾਰਜਾਂ ਲਈ ਸਾਂਭਿਆ ਜਾ ਸਕਦਾ ਹੈ।' ਹੜ੍ਹਾਂ ਤੋਂ ਬਚਣ ਲਈ ਸਾਨੂੰ ਜਲ-ਵਹਿਣਾਂ ਦੇ ਹਥਿਆ ਲਏ ਗਏ, ਕੁਦਰਤੀ ਲਾਂਘੇ ਮੁੜ-ਬਹਾਲ ਕਰਨੇ ਪੈਣਗੇ। ਧੁੱਸੀ ਬੰਨ੍ਹਾਂ ਤੇ ਡਰੇਨਾਂ ਨੂੰ ਮਜ਼ਬੂਤ ਅਤੇ ਕਾਰਗਰ ਬਣਾਉਣਾ ਪਵੇਗਾ। ਸਾਂਝੇ ਜਲ-ਸਰੋਤਾਂ ਹੇਠਲੀ ਜ਼ਮੀਨ, ਕੁਦਰਤੀ ਜਲ-ਮਾਰਗਾਂ 'ਤੇ ਕੀਤੇ ਨਾਜਾਇਜ਼ ਕਬਜ਼ੇ ਅਤੇ ਮੂਹਰੇ ਕੀਤੀਆਂ ਉਸਾਰੀਆਂ ਹਰ ਹਾਲਤ ਵਿਚ ਖ਼ਤਮ ਕਰਨੀਆਂ ਪੈਣਗੀਆਂ। ਭੂਗੋਲਿਕ ਅਤੇ ਪ੍ਰਾਪਤ ਸਥਿਤੀ ਅਨੁਸਾਰ ਵਰਖਾ ਦੀ ਹਰ ਤਿੱਪ ਸੰਭਾਲਣ ਲਈ ਯਥਾਯੋਗ ਹਰ ਸੰਭਵ ਉਪਾਅ ਕਰਨੇ ਪੈਣਗੇ। ਪਹਾੜ ਸਰ-ਸਬਜ਼ ਕਰਨੇ ਪੈਣਗੇ। ਪਹਾੜੀ ਖਿੱਤੇ 'ਚ ਮੁੱਖ ਖੱਡ ਵਿਚ ਸ਼ਾਮਿਲ ਹੁੰਦੀਆਂ ਛੋਟੀਆਂ ਖੱਡਾਂ ਦੇ ਮੁਹਾਨਿਆਂ 'ਤੇ ਹੀ ਪਾਣੀ ਰੋਕ-ਖੜ੍ਹਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ, ਮੁੱਖ ਚੋਅ (ਖੱਡਾਂ) ਵਗਦੇ ਰਹਿਣੇ ਚਾਹੀਦੇ ਹਨ ਕਿਉਂਕਿ ਜਲ ਤਲ ਅਤੇ ਚੌਗਿਰਦਾ-ਨਮੀ ਨੂੰ ਸਾਵਾਂ ਰੱਖਣ ਵਿਚ ਅਹਿਮ ਹਿੱਸਾ ਪਾਉਂਦੇ ਸਨ। ਵਿਹੜਿਆਂ, ਛੱਤਾਂ, ਖੇਤਾਂ ਅਤੇ ਤਾਅ-ਕਿਸਮ ਦੇ ਜਲ ਵਹਿਣਾਂ 'ਚ ਵਗਦੇ ਪਾਣੀ ਨੂੰ ਸਾਂਭਣ-ਸਲੂਟਣ, ਧਰਤੀ 'ਚ ਭੇਜਣ ਅਤੇ ਯੋਗ ਵਰਤੋਂ ਲਈ ਸੰਭਵ ਸਥਿਤੀ ਅਨੁਸਾਰ ਸਸਤੇ ਅਤੇ ਕਾਰਗਰ ਤਰੀਕੇ ਅਤੇ ਤਕਨੀਕਾਂ ਅਪਨਾਉਣੀਆਂ ਪੈਣਗੀਆਂ। ਅਹਿਮ ਨੁਕਤਾ ਇਹ ਕਿ ਦਰਿਆਵਾਂ, ਹੈੱਡ ਵਰਕਸਾਂ ਅਤੇ ਡੈਮਾਂ ਦਾ ਮੁਕੰਮਲ ਕੰਟਰੋਲ ਤੇ ਵਗਦੇ ਪਾਣੀਆਂ ਬਾਰੇ ਨੀਤੀਗਤ ਫ਼ੈਸਲੇ ਸਿਰਫ ਤੇ ਸਿਰਫ ਸੰਬੰਧਿਤ ਸੂਬੇ ਦੇ ਹੀ ਹੱਥ-ਵੱਸ ਹੋਣੇ ਚਾਹੀਦੇ ਹਨ। ਸਭ ਤੋਂ ਵੱਧ ਆਲਮੀ ਤਪਸ਼ ਘਟਾਉਣ ਅਤੇ ਸਾਂਵੀ ਵਰਖਾ ਵਰ੍ਹਾਉਣ 'ਚ ਸਹਾਈ ਹੁੰਦੇ ਕਾਰਕਾਂ ਅਤੇ ਜੰਗਲਾਂ ਦੀ ਮੁੜ ਬਹਾਲੀ ਲਈ ਸਮੂਹਿਕ ਯਤਨ ਜੁਟਾਉਣੇ ਪੈਣਗੇ।

ਪਹਿਲਕਦਮੀ ਦੀ ਲੋੜ

'ਖੇਤ ਦੀ ਮਿੱਟੀ ਖੇਤ 'ਚ, ਖੇਤ ਦਾ ਪਾਣੀ ਖੇਤ 'ਚ।

ਪਿੰਡ ਦੀ ਮਿੱਟੀ ਪਿੰਡ 'ਚ, ਪਿੰਡ ਦਾ ਪਾਣੀ ਪਿੰਡ 'ਚ।'

ਇਹ ਨਾਅਰਾ ਡੂੰਘੇ ਅਰਥ ਅਤੇ ਹਾਂਦਰੂ ਸਿੱਟੇ ਸਮੋਈ ਬੈਠਾ ਹੈ। ਵਰਖਾ ਜਿੰਨੀ ਵੀ ਅਤੇ ਜਿੱਥੇ ਵੀ ਪੈਂਦੀ ਹੈ, ਸੰਭਾਲਣ ਤੋਂ ਬਿਨਾਂ ਕੋਈ ਚਾਰਾ ਨਹੀਂ। ਜਲ-ਸੰਕਟ ਦਾ ਅਸਲ ਤੇ ਸਦੀਵੀ ਹੱਲ ਇਹੀ ਹੈ। ਨਿੱਜੀ ਤਜਰਬਿਆਂ 'ਤੇ ਆਧਾਰਤ ਇਕ ਕਮਾਲ ਦੀ ਉਦਾਹਰਨ, ਸੰਦਰਭ ਕੰਢੀ ਖਿੱਤਾ, ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ:

'ਵੱਖ-ਵੱਖ, ਸੌਖੀਆਂ ਤੇ ਸਸਤੀਆਂ ਵਿਧੀਆਂ ਵਰਤ-ਉਸਾਰ ਕੇ ਪੰਜਾਬ ਦਾ ਕੰਢੀ ਖਿੱਤਾ ਵਰਖੇਈ ਪਾਣੀ ਰੋਕਣ-ਖਲ਼ਾਰਨ ਅਤੇ ਧਰਤੀ 'ਚ ਗਰਕਾਉਣ ਹਿੱਤ ਬੜਾ ਢੁਕਵਾਂ ਹੈ। ਪੰਜਾਬ ਦਾ ਕੁੱਲ ਰਕਬਾ 54 ਲੱਖ ਹੈਕਟੇਅਰ ਹੈ, ਜਿਸ ਦਾ 10 ਫ਼ੀਸਦੀ ਭਾਵ 5.4 ਲੱਖ ਹੈਕ. ਕੰਢੀ ਖੇਤਰ 'ਚ ਪੈਂਦਾ ਹੈ। ਭਾਰਤ ਦੀ ਔਸਤਨ ਸਾਲਾਨਾ ਵਰਖਾ 1200 ਐਮ. ਐਮ. ਹੈ। ਮੌਜੂਦਾ ਹਾਲਾਤ ਤਹਿਤ ਪੰਜਾਬ ਦੀ 800 ਐਮ. ਐਮ. ਮੰਨ ਲਵੋ। ਹਾਲ ਦੀ ਘੜੀ ਤੁਸੀਂ ਕੰਢੀ ਦਾ ਚੌਥਾ ਹਿੱਸਾ (25 ਫ਼ੀਸਦੀ), ਜਾਣੀ 1.35 ਲੱਖ ਹੈਕ., ਹੀ ਮੰਨ ਲਵੋ ਅਤੇ ਰੋੜ੍ਹਵੀਂ ਵਰਖਾ ਵੀ 50 ਫ਼ੀਸਦੀ, ਭਾਵ 400 ਐਮ. ਐਮ, ਹੀ ਮੰਨ ਕੇ ਚਲੋ। ਜੇ ਅਸੀਂ ਕੰਢੀ ਦੇ ਚੌਥੇ ਹਿੱਸੇ ਵਿਚ ਹੀ ਵਰਖਾ ਦਾ ਮਹਿਜ਼ ਅੱਧ ਹੀ ਰੋਕ-ਖੜ੍ਹਾ ਕੇ ਵਰਤ-ਗਰਕਾ ਲਈਏ, ਤਦ ਵੀ ਬਰਸਾਤ ਦੇ ਇੰਝ ਕਮਾਏ ਹੋਏ ਪਾਣੀ ਦੀ ਮਿਕਦਾਰ 54 ਹਜ਼ਾਰ ਹੈਕ. ਲੀਟਰ ਬਣ ਜਾਵੇਗੀ। ਜਿਹੜਾ ਐਨਾ ਹੈ ਕਿ ਤੁਸੀਂ ਸਾਰੇ ਪੰਜਾਬ ਵਿਚ ਜੇ ਇਹ ਬਿਲਕੁਲ ਸਾਂਵਾ-ਪੱਧਰਾ ਹੋਵੇ, ਇਕ-ਇਕ ਗਿੱਠ (10 ਸੈਂਟੀ ਮੀ.) ਪਾਣੀ ਖੜ੍ਹਾ ਸਕਦੇ ਹੋ। ਸੋ ਜਲ-ਸੰਕਟ ਦੇ ਨਿਵਾਰਨ ਅਤੇ ਹੜ੍ਹਾਂ ਦੇ ਜ਼ਿਕਰਯੋਗ ਸਮਾਧਾਨ ਹਿੱਤ ਕੰਢੀ 'ਚ ਭੂਮੀ ਤੇ ਜਲ ਸੰਭਾਲ ਵਿਧੀਆਂ ਅਪਣਾਓ ਅਤੇ ਬਾਕੀ ਪੰਜਾਬ 'ਚ ਟੋਭੇ ਅਤੇ ਵੱਟ ਬੰਦੀਆਂ'।

ਮੁੱਕਦੀ ਗੱਲ ਹੜ੍ਹ ਕੁਦਰਤੀ ਅਤੇ ਮਨੁੱਖ ਸਿਰਜਤ ਤ੍ਰਾਸਦੀ ਹੈ, ਜਿਹੜੀ ਮੂਸਲੇਧਾਰ ਵਰਖਾ, ਧਨ-ਕੁਬੇਰੀ ਲਾਲਸਾ, ਗੈਰ-ਯੋਜਨਾਬੱਧ ਵਿਕਾਸ ਅਤੇ ਸਰਕਾਰ ਦੀਆਂ ਨਾਲਾਇਕੀਆਂ ਕਾਰਨ ਵਾਪਰਦੀ ਹੈ। ਤਾ-ਆਲਮ ਦੀ ਦੋ-ਤਿਹਾਈ ਆਬਾਦੀ ਅਤੇ 13 ਫ਼ੀਸਦੀ ਖੇਤਰ ਕਿਸੇ ਨਾ ਕਿਸੇ ਰੂਪ ਵਿਚ ਹੜ੍ਹ ਪ੍ਰਭਾਵਿਤ ਹੈ। ਬਹੁਤੇ ਦੇਸ਼ ਉਹ ਹਨ, ਜਿੱਥੇ ਕੁਦਰਤੀ ਬੇ-ਵਸੀ ਹੈ, ਘਣੀ ਆਬਾਦੀ ਹੈ, ਰਾਜ-ਭਾਗ ਠੀਕ ਨਹੀਂ ਜਾਂ ਜਿਹੜੇ 'ਰੱਬੀ ਭਾਣੇ' ਵਿਚ ਮਸਰੂਫ਼ ਹਨ। ਵਿਆਪਕ ਵਰਖਾ ਨੂੰ ਵੀ ਸਾਂਭਣ-ਸਲੂਟਣ, ਕਮਾਉਣ-ਵਰਤਾਉਣ 'ਚ ਸ਼ਾਇਦ ਓਨਾ ਖਰਚ ਨਹੀਂ ਆਵੇਗਾ, ਜਿੰਨਾ ਹਰ ਸਾਲ ਪਹਿਲਾਂ ਗੁਆਉਣ, ਮਗਰੋਂ ਮੁੜ-ਭਰਪਾਈ ਉੱਤੇ ਅਸੀਂ ਖਰਚ ਕਰ ਬੈਠਦੇ ਹਾਂ। ਆਰਥਿਕ ਨੁਕਸਾਨ ਦੀ ਪੂਰਤੀ ਤਾਂ ਹੋ ਜਾਵੇਗੀ, ਪਰ ਮੋਇਆਂ ਨੂੰ ਕੌਣ ਮੋੜ ਲਿਆਵੇਗਾ? ਵਰਖਾ ਦਾ ਸੁਖਦ ਲਾਹਾ ਲੈਣ ਲਈ ਲੰਮੇਰੀਆਂ, ਚਿਰ ਸਥਾਈ, ਕੁਦਰਤ ਮੇਚਵੀਆਂ ਅਤੇ ਸਿਆਣੀਆਂ ਯੋਜਨਾਵਾਂ ਅਤੇ ਦ੍ਰਿੜ੍ਹ ਇੱਛਾ-ਸ਼ਕਤੀ ਦੀ ਲੋੜ ਹੈ। ਪਰ ਇਹ ਸਿਰਫ ਕੁਦਰਤ ਅਤੇ ਲੋਕ-ਪੱਖੀ ਨਿਜ਼ਾਮ 'ਚ ਹੀ ਸੰਭਵ ਹੈ.