ਯੂਪੀ ਵਿਚ ਯੋਗੀ ਨੇ ਹਿੰਦੂ ਭਾਈਚਾਰੇ ਨੂੰ ਕੀਤਾ ਸਾਵਧਾਨ ਛੱਡੀ ਫਿਰਕੂ ਛੁਰਲੀ
* ਅਖੇ ਭਾਰਤ ਵਿਚ ਬੰਗਲਾਦੇਸ਼ ਵਰਗੇ ਹਾਲਾਤ ਬਣ ਸਕਦੇ ਨੇ
ਅੰਮ੍ਰਿਤਸਰ ਟਾਈਮਜ਼ ਬਿਊਰੋ
ਦਿੱਲੀ-ਇਹ ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿਚ ਅੱਜਕੱਲ੍ਹ ਭਾਜਪਾ ਦਾ ਲਗਭਗ ਹਰ ਨੇਤਾ ਇਹ ਡਰ ਵਿਖਾ ਰਿਹਾ ਹੈ ਕਿ ਬੰਗਲਾਦੇਸ਼ ਵਾਂਗ ਹੋ ਜਾਵੇਗਾ ਜਾਂ ਬੰਗਲਾਦੇਸ਼ ਵਰਗਾ ਹੋ ਜਾਂਦਾ ਜੇਕਰ ਦੇਸ਼ ਵਿਚ ਮਜ਼ਬੂਤ ਸਰਕਾਰ ਨਾ ਹੁੰਦੀ।
ਇਹ ਗੱਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱੱਤਿਆਨਾਥ ਨੇ ਕਹੀ ਹੈ। ਉਨ੍ਹਾਂ ਨੇ ਬੀਤੇ ਦਿਨੀਂ ਇਕ ਪ੍ਰੋਗਰਾਮ ਵਿਚ ਹਿੰਦੂਆਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੇ ਸ਼ਬਦ ਸਨ, 'ਵੰਡਾਂਗੇ ਤਾਂ ਕਟਾਂਗੇ।' ਫਿਰ ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਬੰਗਲਾਦੇਸ਼ ਵਰਗੇ ਹਾਲਾਤ ਬਣ ਸਕਦੇ ਹਨ। ਇਸੇ ਤਰ੍ਹਾਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਹਾ ਕਿ ਕਿਸਾਨ ਅੰਦੋਲਨ ਸਮੇਂ ਜੇਕਰ ਮਜ਼ਬੂਤ ਸਰਕਾਰ ਨਾ ਹੁੰਦੀ ਤਾਂ ਬੰਗਲਾਦੇਸ਼ ਵਰਗੀ ਸਥਿਤੀ ਬਣ ਜਾਂਦੀ। ਦਰਅਸਲ ਇਨ੍ਹਾਂ ਆਗੂਆਂ ਨੂੰ ਜੇਕਰ ਠੀਕ ਤਰ੍ਹਾਂ ਪਤਾ ਹੁੰਦਾ ਕਿ ਬੰਗਲਾਦੇਸ਼ ਵਿਚ ਕੀ ਹੋਇਆ ਹੈ ਤਾਂ ਇਹ ਭਾਰਤ ਵਿਚ ਉਸ ਤਰ੍ਹਾਂ ਹੋਣ ਦੀ ਗੱਲ ਨਾ ਕਰਦੇ। ਬੰਗਲਾਦੇਸ਼ ਵਿਚ ਕੱਟੜਪੰਥੀ ਬਹੁਗਿਣਤੀ ਆਬਾਦੀ ਨੇ ਸਰਕਾਰ ਖ਼ਿਲਾਫ਼ ਅੰਦੋਲਨ ਛੇੜਿਆ ਅਤੇ ਤਖ਼ਤਾ ਪਲਟ ਕਰ ਦਿੱਤਾ।
ਉਸ ਤੋਂ ਬਾਅਦ ਬਹੁਗਿਣਤੀ ਆਬਾਦੀ ਦੇ ਕੁਝ ਲੋਕ ਘੱਟ-ਗਿਣਤੀਆਂ 'ਤੇ ਹਮਲੇ ਕਰ ਰਹੇ ਹਨ। ਜੇਕਰ ਅਜਿਹਾ ਕੁਝ ਭਾਰਤ ਵਿਚ ਹੋਵੇਗਾ ਤਾਂ ਕੀ ਹੋਵੇਗਾ? ਇਹ ਬਹੁਗਿਣਤੀ ਕੌਣ ਹੈ ਅਤੇ ਉਸ ਵਿਚ ਵੀ ਕੱਟੜਪੰਥੀ ਕੌਣ ਹਨ?
ਅਤੇ ਬੰਗਲਾਦੇਸ਼ ਵਰਗਾ ਕੁਝ ਹੋਇਆ ਤਾਂ ਕੱਟੜਪੰਥੀ ਬਹੁਗਿਣਤੀ ਕਿਸ ਉੱਪਰ ਜ਼ੁਲਮ ਕਰੇਗੀ? ਪਰ ਕਿਉਂਕਿ ਅਜਿਹੀਆਂ ਤਰਕਸ਼ੀਲ ਗੱਲਾਂ ਨਾਲ ਭਾਜਪਾ ਆਗੂਆਂ ਦਾ ਨਾਤਾ ਨਹੀਂ ਹੈ, ਇਸ ਲਈ ਉਹ ਇਹ ਭੈਅ ਦਿਖਾ ਰਹੇ ਹਨ ਕਿ ਬੰਗਲਾਦੇਸ਼ 'ਚ ਬਹੁਗਿਣਤੀ ਨੇ ਜੋ ਕੀਤਾ, ਉਹੀ ਕੰਮ ਭਾਰਤ ਵਿਚ ਘੱਟ-ਗਿਣਤੀਆਂ ਕਰ ਸਕਦੀਆਂ ਹਨ। ਇਸ ਦੇ ਲਈ ਬੰਗਲਾਦੇਸ਼ ਦਾ ਨਾਂਅ ਲਿਆਉਣ ਦੀ ਕੀ ਲੋੜ ਹੈ? ਭਾਜਪਾ ਆਗੂਆਂ ਦੀ ਵੱਡੀ ਜਮਾਤ ਤਾਂ ਪਹਿਲਾਂ ਤੋਂ ਹੀ ਹਰ ਤਰ੍ਹਾਂ ਦੀਆਂ ਘੱਟ-ਗਿਣਤੀਆਂ ਨੂੰ ਦੇਸ਼ ਭਗਤੀ ਦੇ ਕਟਹਿਰੇ 'ਚ ਖੜ੍ਹਾ ਕਰ ਰਹੀ ਹੈ।











Comments (0)