ਬੱਚਿਆਂ ਨੂੰ ਗੁਰਮੁੱਖੀ ਅਤੇ ਬਾਣੀ ਨਾਲ ਜੋੜਨ ਲਈ ਗੁਰਮਤਿ ਕੈਂਪ ਦੀ ਹੋਈ ਸ਼ੁਰੂਆਤ: ਇੰਦਰਪ੍ਰੀਤ ਸਿੰਘ ਮੌਂਟੀ 

ਬੱਚਿਆਂ ਨੂੰ ਗੁਰਮੁੱਖੀ ਅਤੇ ਬਾਣੀ ਨਾਲ ਜੋੜਨ ਲਈ ਗੁਰਮਤਿ ਕੈਂਪ ਦੀ ਹੋਈ ਸ਼ੁਰੂਆਤ: ਇੰਦਰਪ੍ਰੀਤ ਸਿੰਘ ਮੌਂਟੀ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 26 ਮਈ (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਉਨ੍ਹਾਂ ਦੇ ਅਨਿੰਨ ਗੁਰਸਿੱਖਾਂ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੱਚਿਆਂ ਨੂੰ ਗੁਰਮੁੱਖੀ ਤੇ ਗੁਰਮਤਿ ਦੀ ਸਿਖਲਾਈ ਦੇਣ ਲਈ ਗੁਰਮਤਿ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ । ਇਸ ਬਾਰੇ ਜਾਣਕਾਰੀ ਦੇਂਦਿਆ ਦਿੱਲੀ ਕਮੇਟੀ ਮੈਂਬਰ ਅਤੇ ਧਰਮ ਪ੍ਰਚਾਰ ਵਿੰਗ ਦੇ ਸਹਿਯੋਗੀ ਇੰਦਰਪ੍ਰੀਤ ਸਿੰਘ ਮੌਂਟੀ ਕੌਛੜ ਨੇ ਦਸਿਆ ਕਿ ਗਰਮੀਆਂ ਦੀਆਂ ਛੁਟੀਆਂ ਹੋਣ ਕਰਕੇ ਬੱਚਿਆਂ ਨੂੰ ਗੁਰੂਬਾਣੀ ਦੇ ਨਾਲ ਕੀਰਤਨ ਸਿਖਲਾਈ ਅਤੇ ਸਿੱਖ ਸਿਧਾਤਾਂ ਨਾਲ ਜੋੜ ਕੇ ਉਨ੍ਹਾਂ ਦਾ ਮਨੁੱਖੀ ਜੀਵਨ ਜਾਂਚ ਦਾ ਰਾਹ ਪੱਧਰਾ ਕਰਣ ਲਈ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ । ਇਸ ਸਮੇਂ ਸੁਭਾਸ਼ ਨਗਰ ਦੇ 14 ਬਲਾਕ ਪੰਚਾਇਤੀ ਗੁਰਦਵਾਰਾ ਭਾਈ ਜੈ ਸਿੰਘ ਅਤੇ 7 ਬਲਾਕ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅੰਦਰ ਸ਼ਾਮ ਦੇ 4 ਵਜੇ ਤੋਂ 6 ਵਜੇ ਤਕ ਗੁਰਮਤਿ ਕੈਂਪ ਚਾਲੂ ਹੋ ਚੁੱਕੇ ਹਨ ਤੇ ਜਲਦ ਹੀ ਗੁਰਦੁਆਰਾ ਸਾਹਿਬ ਰਾਜੌਰੀ ਗਾਰਡਨ ਅੰਦਰ ਵੀਂ ਕੈਂਪ ਸ਼ੁਰੂ ਹੋ ਜਾਏਗਾ । ਉਨ੍ਹਾਂ ਦਸਿਆ ਕਿ ਗੁਰਮਤਿ ਕੈਂਪ ਵਿੱਚ ਹਿੱਸਾ ਲੈਣ ਵਾਲਿਆਂ ਬੱਚਿਆਂ ਨੂੰ ਇਨਾਮ ਤੇ ਪ੍ਰਮਾਣ ਪੱਤਰ ਦਿਤੇ ਜਾਣਗੇ ਅਤੇ ਨਾਲ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਵੀਂ ਕਰਵਾਏ ਜਾਣਗੇ । ਉਨ੍ਹਾਂ ਦਸਿਆ ਕਿ ਇਹ ਪ੍ਰੋਗਰਾਮ 20 ਜੂਨ ਤਕ ਚਲਣਗੇ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਉਪਰ ਇਕ ਵਿਸ਼ੇਸ਼ ਦੀਵਾਨ ਸਜ਼ਾ ਕੇ ਬੱਚਿਆਂ ਨੂੰ ਇਨਾਮ ਅਤੇ ਪ੍ਰਮਾਣ ਪੱਤਰ ਦਿੱਤੇ ਜਾਣਗੇ । ਉਨ੍ਹਾਂ ਦਸਿਆ ਕਿ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਸਤੇ ਬੱਚੇ ਜਲਦ ਤੋਂ ਜਲਦ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ । ਅੰਤ ਵਿਚ ਉਨ੍ਹਾਂ ਇਸ ਪ੍ਰੋਗਰਾਮ ਵਿਚ ਸਹਿਯੋਗ ਦੇਣ ਲਈ ਦਿੱਲੀ ਕਮੇਟੀ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਵੀਰ ਭੁਪਿੰਦਰ ਸਿੰਘ ਬੱਗਾ, ਮੋਹਨ ਸਿੰਘ ਰਾਜਵੰਸ਼ੀ, ਪ੍ਰਿਤਪਾਲ ਸਿੰਘ, ਹਰਮਿੰਦਰ ਸਿੰਘ ਕੋਹਲ਼ੀ, ਜਸਬੀਰ ਸਿੰਘ ਮਰਵਾਹ, ਕਰਨਪ੍ਰੀਤ ਸਿੰਘ ਆਨੰਦ ਅਤੇ ਹੋਰ ਸਮੂਹ ਸਹਿਯੋਗੀਆਂ ਦਾ ਵੀਂ ਧੰਨਵਾਦ ਕੀਤਾ ਜਿਨ੍ਹਾਂ ਬਦੌਲਤ ਇਸ ਤਰ੍ਹਾਂ ਦੇ ਪ੍ਰੋਗਰਾਮ ਸਫਲਤਾ ਨਾਲ ਉਲੀਕੇ ਜਾਂਦੇ ਹਨ ।