ਡਿਜੀਟਲ ਠੱਗੀ ਨੂੰ ਰੋਕਣ ਲਈ ਸਰਕਾਰ ਨੇ 1,500 ਸਕਾਈਪ ਆਈ. ਡੀਜ਼ ਨੂੰ ਕੀਤਾ ਬਲਾਕ
*ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਨੇ 6 ਲੱਖ ਮੋਬਾਈਲ ਫੋਨ ਨੰਬਰ ਤੇ 3.25 ਲੱਖ ਜਾਅਲੀ ਖਾਤੇ ਕੀਤੇ ਜ਼ਬਤ
* ਇਸ ਵਰ੍ਹੇ ਦੇ ਸਿਰਫ਼ ਪਹਿਲੇ ਤਿੰਨ ਮਹੀਨਿਆਂ ਵਿੱਚੋਂ ਲੋਕਾਂ ਦੇ 120.3 ਕਰੋੜ ਰੁਪਏ ਲੁੱਟੇ ਜਾ ਚੁੱਕੇ ਨੇ
ਹਾਲ ਹੀ ਵਿਚ ਭਾਰਤ ਸਰਕਾਰ ਨੇ ਸਾਈਬਰ ਠੱਗੀ ਨੂੰ ਰੋਕਣ ਲਈ 1,500 ਸਕਾਈਪ ਆਈ. ਡੀਜ਼ ਨੂੰ ਬਲਾਕ ਕੀਤਾ ਹੈ।ਗ੍ਰਹਿ ਵਿਭਾਗ ਦੇ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਜਿਹੜਾ 14 ਸੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਸਾਰੇ ਸੂਬਿਆਂ ਨੂੰ ਇਨ੍ਹਾਂ ਵਧ ਰਹੇ ਅਪਰਾਧਾਂ ਬਾਰੇ ਚੇਤੰਨ ਰਹਿਣ ਲਈ ਕਿਹਾ ਹੈ। ਸੈਂਟਰ ਨੇ ਕੋਈ 6 ਲੱਖ ਮੋਬਾਈਲ ਫੋਨ ਨੰਬਰ ਅਤੇ 3.25 ਲੱਖ ਜਾਅਲੀ ਖਾਤੇ ਜ਼ਬਤ ਕੀਤੇ ਜਾ ਚੁਕੇ ਹਨ। ਮੋਬਾਈਲ ਲਈ 709 ਨਵੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਚੁਕੀਆਂ ਹਨ। ਕੇਂਦਰੀ ਸਰਕਾਰ ਦੀ ਇੱਕ ਹੋਰ ਏਜੰਸੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਵੀ ਇੱਕ ਦਰਜਨ ਤੋਂ ਵੱਧ ਕਿਸਮ ਦੀਆਂ ਔਨਲਾਈਨ ਠੱਗੀਆਂ ਦੀ ਸੂਚੀ ਜਾਰੀ ਕੀਤੀ ਹੈ।
ਨੈਸ਼ਨਲ ਕ੍ਰਾਈਮ ਰਿਪੋਰਟਿੰਗ ਪੋਰਟਲ ਅਨੁਸਾਰ 2021 ਵਿੱਚ 4.5 ਲੱਖ ਠੱਗੀਆਂ ਦੇ ਕੇਸ ਹੋਏ ਸਨ ਜਿਹੜੇ 2022 ਵਿੱਚ ਵਧ ਕੇ 9.6 ਲੱਖ ਹੋ ਗਏ। 2023 ਵਿੱਚ ਇਨ੍ਹਾਂ ਦੀ ਗਿਣਤੀ 15 ਲੱਖ ਹੋ ਗਈ ਸੀ ਅਤੇ 2024 ਦੇ ਸਿਰਫ਼ ਪਹਿਲੇ 4 ਮਹੀਨਿਆਂ ਵਿੱਚ 7.4 ਲੱਖ ਘਟਨਾਵਾਂ ਵਾਪਰ ਚੁੱਕੀਆਂ ਹਨ। 14 ਸੀ ਸੈਂਟਰ ਅਨੁਸਾਰ ਲੋਕਾਂ ਤੋਂ ਡਿਜੀਟਲ ਅਰੈਸਟ ਰਾਹੀਂ 120.3 ਕਰੋੜ, ਟਰੇਡਿੰਗ ਸਕੈਮ ਵਿੱਚ 1420.48 ਕਰੋੜ, ਇਨਵੈਸਟਮੈਂਟ ਸਕੈਮ ਵਿੱਚ 225.58 ਕਰੋੜ ਅਤੇ ਰੋਮਾਂਸ ਸਕੈਮ ਰਾਹੀਂ 13.23 ਕਰੋੜ ਰੁਪਏ ਲੁੱਟੇ ਜਾ ਚੁੱਕੇ ਹਨ।
ਇਸ ਵਰ੍ਹੇ ਵਿੱਚ ਹੁਣ ਤੱਕ ਡਿਜੀਟਲ ਗ੍ਰਿਫ਼ਤਾਰੀ ਦੀਆਂ ਕੋਈ 6000 ਸ਼ਿਕਾਇਤਾਂ ਆ ਚੁੱਕੀਆਂ ਹਨ। ਡਿਜੀਟਲ ਗ੍ਰਿਫ਼ਤਾਰੀ ਫਰਾਡ ਵਿੱਚ ਇਸ ਵਰ੍ਹੇ ਦੇ ਸਿਰਫ਼ ਪਹਿਲੇ ਤਿੰਨ ਮਹੀਨਿਆਂ ਵਿੱਚੋਂ ਲੋਕਾਂ ਦੇ 120.3 ਕਰੋੜ ਰੁਪਏ ਲੁੱਟੇ ਜਾ ਚੁੱਕੇ ਹਨ। ਡਿਜੀਟਲ ਗ੍ਰਿਫ਼ਤਾਰੀ ਨਾਂ ਦੀ ਕਾਨੂੰਨ ਵਿੱਚ ਕਿਸੇ ਵੀ ਭਾਂਤ ਦੀ ਵਿਵਸਥਾ ਨਹੀਂ ਹੈ।ਡਿਜੀਟਲ ਠੱਗੀ ਦਾ ਮੱਕੜਜਾਲ ਜ਼ਿਆਦਾਤਰ ਮਿਆਂਮਾਰ, ਲਾਓਸ ਅਤੇ ਕੰਬੋਡੀਆ ਤੋਂ ਚਲਾਇਆ ਜਾ ਰਿਹਾ ਹੈ ਭਾਵੇਂ ਬਹੁਤ ਸਾਰੇ ਡਿਜੀਟਲ ਠੱਗ ਸਥਾਨਕ ਪੱਧਰ ’ਤੇ ਵੀ ਇਸ ਅਪਰਾਧ ਨਾਲ ਜੁੜੇ ਹੋਏ ਹਨ। ਇਹ ਲੋਕ ਵੀਡੀਓ ਕਾਲ ਦੇ ਹਿਸਾਬ ਨਾਲ ਸੈੱਟਅਪ ਬਣਾਉਂਦੇ ਹਨ। ਪਲੋਸਣਾ, ਡਰਾਉਣਾ, ਧਮਕਾਉਣਾ, ਸਬਜ਼ਬਾਗ਼ ਦਿਖਾਉਣਾ, ਲਗਾਤਾਰ ਦਬਾਅ ਬਣਾਉਣਾ ਆਦਿ ਤਫ਼ਤੀਸ਼ ਦੀਆਂ ਤਕਨੀਕਾਂ ਹਨ। ਇਹ ਠੱਗ ਆਪਣੇ ਸ਼ਿਕਾਰ ’ਤੇ ਇਹ ਸਾਰੇ ਫਾਰਮੂਲੇ ਅਜ਼ਮਾਉਂਦੇ ਹਨ।
ਇਹ ਡਿਜੀਟਲ ਠੱਗ ਐੱਸ.ਐਮ.ਐੱਸ., ਵਟਸਐਪ, ਈ-ਮੇਲ ਰਾਹੀਂ ਤੁਹਾਨੂੰ ਸੀ.ਬੀ.ਆਈ, ਆਈ.ਬੀ., ਈ.ਡੀ., ਕਸਟਮਜ਼, ਨਾਰਕੋਟਿਕਸ ਬਿਊਰੋ, ਟੀ.ਆਰ.ਏ.ਆਈ., ਆਰ.ਬੀ.ਆਈ.ਦੇ ਅਫਸਰ ਬਣਕੇ ਸੰਪਰਕ ਕਰਦੇ ਹਨ ਕਿ ਤੁਹਾਡਾ ਕਿਸੇ ਫਰਾਡ ਵਿੱਚ ਜ਼ਿਕਰ ਆ ਰਿਹਾ ਹੈ। ਸੁਨੇਹੇ ’ਤੇ ਸਰਕਾਰੀ ਨਾਂ, ਮੋਹਰ, ਦਸਤਖ਼ਤ ਆਦਿ ਸਭ ਇੰਝ ਦੇ ਹਨ ਕਿ ਤੁਹਾਨੂੰ ਉਸ ਦੇ ਗ਼ਲਤ ਹੋਣ ਬਾਰੇ ਕੋਈ ਸ਼ੱਕ ਨਹੀਂ ਹੁੰਦਾ। ਵੀਡੀਓ ਕਾਲ ਦੌਰਾਨ ਧੋਖੇਬਾਜ਼ ਆਪਣੇ ਬੈਕਗਰਾਊਂਡ ਨੂੰ ਥਾਣੇ ਵਾਂਗ ਬਣਾ ਲੈਂਦੇ ਹਨ, ਜਿਸ ਨੂੰ ਦੇਖ ਕੇ ਪੀੜਤ ਡਰ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਗੱਲਾਂ ਵਿਚ ਆ ਜਾਂਦਾ ਹੈ ਤੇ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ।
ਆਨਲਾਈਨ ਸਕੈਮ ਦੇ ਉਨ੍ਹਾਂ 6 ਮੁੱਖ ਤਰੀਕੇ ਹਨ ਜੋ ਮੌਜੂਦਾ ਸਮੇਂ ਸਾਈਬਰ ਠੱਗਾਂ ਦੁਆਰਾ ਵਰਤੇ ਜਾ ਰਹੇ ਹਨ |
1. ਡਿਜੀਟਲ ਅਰੈਸਟ:- ਹਾਲ ਹੀ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ 115ਵੇਂ 'ਮਨ ਕੀ ਬਾਤ' ਪ੍ਰੋਗਰਾਮ ਵਿਚ ਡਿਜੀਟਲ ਅਰੈਸਟ ਮਾਮਲੇ 'ਤੇ ਚਿੰਤਾ ਜ਼ਾਹਿਰ ਕੀਤੀ ਹੈ ।ਡਿਜੀਟਲ ਅਰੈਸਟ ਸਕੈਮਰਜ਼ ਦੁਆਰਾ ਵਰਤੀ ਜਾਣ ਵਾਲੀ ਅਜਿਹੀ ਤਕਨੀਕ ਹੈ ਜਿਸ ਦੇ ਜ਼ਰੀਏ ਕਾਲ ਕਰਨ ਵਾਲ਼ਾ ਆਪਣੇ-ਆਪ ਨੂੰ ਸੀ.ਬੀ.ਆਈ, ਆਰ.ਬੀ.ਆਈ ਜਾਂ ਨਾਰਕੋਟਿਕਸ ਦਾ ਅਧਿਕਾਰੀ ਦੱਸਦੇ ਹਨ।ਉਹ ਤੁਹਾਡੇ ਨਾਂਅ ਦੇ ਪਾਰਸਲ ਵਿਚੋਂ ਡਰੱਗ ਮਿਲਣ ਜਾਂ ਤੁਹਾਡੇ ਨਾਂ 'ਤੇ ਰਜਿਸਟਰ ਮੋਬਾਈਲ ਨੰਬਰ ਤੋਂ ਕੋਈ ਗ਼ੈਰ ਕਾਨੂੰਨੀ ਗਤਵਿਧੀ ਹੋਣ ਦਾ ਦਾਅਵਾ ਕਰਕੇ ਤੁਹਾਨੂੰ ਡਰਾਉਂਦੇ ਹਨ ਅਤੇ ਕਾਰਵਾਈ ਪੂਰੀ ਹੋਣ ਤੱਕ ਤੁਹਾਨੂੰ ਤੁਹਾਡੇ ਫੋਨ ਦੇ ਕੈਮਰੇ ਦੇ ਸਾਹਮਣੇ ਹੀ ਰਹਿਣ ਦੀ ਚਿਤਾਵਨੀ ਦਿੰਦੇ ਹਨ ।ਇਕ ਤਰ੍ਹਾਂ ਨਾਲ ਤੁਹਾਨੂੰ ਤੁਹਾਡੇ ਹੀ ਕਮਰੇ ਵਿਚ ਕੈਦ ਕਰ ਲਿਆ ਜਾਂਦਾ ਹੈ । ਅਖੀਰ ਵਿਚ ਸੈਟਲਮੈਂਟ ਦੇ ਨਾਂਅ 'ਤੇ ਤੁਹਾਡੇ ਤੋਂ ਮੋਟੀ ਰਕਮ ਵਸੂਲ ਕਰ ਕੇ ਕੇਸ ਰਫ਼ਾ ਦਫ਼ਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ।ਬਹੁਤ ਸਾਰੇ ਲੋਕ ਡਰ ਦੀ ਵਜ੍ਹਾ ਕਾਰਨ ਇਸ ਧੋਖੇ ਦਾ ਸ਼ਿਕਾਰ ਬਣ ਜਾਂਦੇ ਹਨ ।ਯਾਦ ਰੱਖੋ ਕਿ ਕਾਨੂੰਨ ਦੀ ਕਿਸੇ ਵੀ ਕਿਤਾਬ ਵਿਚ ਡਿਜੀਟਲ ਅਰੈਸਟ ਨਾਂਅ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ ।
2. ਯੂ.ਪੀ.ਆਈ. ਸਕੈਮ:- ਅੱਜ ਦੇ ਡਿਜੀਟਲ ਦੌਰ ਵਿਚ ਰੇਹੜੀ-ਫੜ੍ਹੀ ਵਾਲਿਆਂ ਤੋਂ ਲੈ ਕੇ ਵੱਡੇ ਤੋਂ ਵੱਡੇ ਸਟੋਰਾਂ ਵਿਚ ਯੂ.ਪੀ.ਆਈ. ਰਾਹੀਂ ਭੁਗਤਾਨ ਹੋਣ ਲੱਗਾ ਹੈ ।ਬਹੁਤ ਸਾਰੀਆਂ ਥਾਵਾਂ ਉੱਤੇ ਸਕੈਮਰਜ਼ ਦੁਆਰਾ ਨਕਲੀ ਕਿਊ.ਆਰ ਕੋਡ ਲਗਾਏ ਹੁੰਦੇ ਹਨ, ਜਿਸ ਨੂੰ ਸਕੈਨ ਕਰਦੇ ਹੀ ਤੁਹਾਡਾ ਸਾਰਾ ਡਾਟਾ ਹੈਕ ਕਰ ਲਿਆ ਜਾਂਦਾ ਹੈ ।ਸੋ ਕਿਸੇ ਵੀ ਕਿਊ.ਆਰ ਕੋਡ ਨੂੰ ਸਕੈਨ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਲਓ ।
3. ਅਸ਼ਲੀਲ ਵੀਡੀਓ ਕਾਲ :- ਇਸ ਵਿਧੀ ਰਾਹੀਂ ਸਕੈਮਰਜ਼ ਕਿਸੇ ਅਣਜਾਣ ਨੰਬਰ ਤੋਂ ਵੀਡੀਓ ਕਾਲ ਕਰਦੇ ਹਨ । ਦੂਜੇ ਪਾਸੇ ਤੋਂ ਕੋਈ ਮਹਿਲਾ ਅਸ਼ਲੀਲ ਹਰਕਤਾਂ ਕਰਦੀ ਨਜ਼ਰ ਆਉਂਦੀ ਹੈ ਅਤੇ ਤੁਹਾਨੂੰ ਵੀ ਉਕਸਾਇਆ ਜਾਂਦਾ ਹੈ ।ਜਦੋਂ ਤੱਕ ਅਸਲ ਗੱਲ ਸਮਝ ਆਉਂਦੀ ਹੈ ਓਦੋਂ ਤੱਕ ਤੁਹਾਡੀ ਅਸ਼ਲੀਲ ਹਰਕਤਾਂ ਕਰਦਿਆਂ ਦੀ ਵੀਡਿਓ ਰਿਕਾਰਡ ਕਰ ਲਈ ਜਾਂਦੀ ਹੈ ।ਥੋੜ੍ਹੀ ਦੇਰ ਬਾਅਦ ਪੁਲਿਸ ਫੋਨ ਆਉਂਦਾ ਹੈ ਅਤੇ ਤੁਹਾਡੇ ਖ਼ਿਲਾਫ਼ ਐਫ.ਆਈ.ਆਰ. ਦਰਜ ਹੋਣ ਦੀ ਗੱਲ ਦੱਸੀ ਜਾਂਦੀ ਹੈ ਅਤੇ ਸਬੂਤ ਵਜੋਂ ਤੁਹਾਡੀ ਅਸ਼ਲੀਲ ਹਰਕਤਾਂ ਕਰਦਿਆਂ ਦੀ ਵੀਡਿਓ ਦਿਖਾਈ ਜਾਂਦੀ ਹੈ ।ਸੈਟਲਮੈਂਟ ਦੇ ਨਾਂਅ 'ਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਅਤੇ ਡਰਿਆ ਹੋਇਆ ਵਿਅਕਤੀ ਆਪਣੀ ਬਦਨਾਮੀ ਤੋਂ ਬਚਣ ਦਾ ਮਾਰਾ ਇਸ ਧੋਖਾਧੜੀ ਦਾ ਸ਼ਿਕਾਰ ਬਣ ਜਾਂਦਾ ਹੈ ।
4. ਟੈਲੀਗਰਾਮ ਜ਼ਰੀਏ ਧੋਖਾਧੜੀ :- ਇਸ ਦੀ ਸ਼ੁਰੂਆਤ ਵਟਸਐਪ 'ਤੇ ਆਏ ਇਕ ਸੁਨੇਹੇ ਰਾਹੀਂ ਹੁੰਦੀ ਹੈ ਜਿਸ ਵਿਚ ਘਰ ਬੈਠੇ ਪੈਸੇ ਕਮਾਉਣ ਦੀ ਪੇਸ਼ਕਸ਼ ਕੀਤੀ ਗਈ ਹੁੰਦੀ ਹੈ ।ਸ਼ੁਰੂਆਤ ਵਿਚ ਗੂਗਲ ਮੈਪ ਰੀਵਿਊ ਜਾਂ ਇੰਸਟਾਗ੍ਰਾਮ ਦੇ ਪੇਜ ਲਾਇਕ ਕਰਵਾ ਕੇ ਤੁਹਾਨੂੰ ਦੋ ਤੋਂ ਪੰਜ ਸੌ ਰੁਪਏ ਦਾ ਭੁਗਤਾਨ ਕਰ ਦਿੱਤਾ ਜਾਂਦਾ ਹੈ ਅਤੇ ਤੁਹਾਨੂੰ ਇਕ ਟੈਲੀਗਰਾਮ ਗਰੁੱਪ ਜੁਆਇਨ ਕਰਵਾ ਦਿੱਤਾ ਜਾਂਦਾ ਹੈ । ਤੁਹਾਨੂੰ ਵਿਸ਼ਵਾਸ ਵਿਚ ਲੈਣ ਉਪਰੰਤ ਟ੍ਰੇਡਿੰਗ ਦੇ ਨਾਂਅ 'ਤੇ ਤੁਹਾਡੇ ਤੋਂ ਪੈਸੇ ਇਨਵੈਸਮਟ ਕਰਵਾ ਲਏ ਜਾਂਦੇ ਹਨ । ਤੁਹਾਨੂੰ ਇਕ ਅਜਿਹੇ ਮੱਕੜਜਾਲ ਵਿਚ ਫਸਾ ਲਿਆ ਜਾਂਦਾ ਹੈ ਜਿੱਥੇ ਤੁਸੀਂ ਅਪਣਾ ਪੈਸਾ ਬਚਾਉਣ ਦੇ ਚੱਕਰ ਵਿਚ ਹੋਰ ਜ਼ਿਆਦਾ ਪੈਸਾ ਗਵਾ ਬੈਠਦੇ ਹੋ ।
5. ਏ.ਆਈ. ਵਾਇਸ ਸਕੈਮ:- ਤਕਨੀਕ ਦੇ ਵਿਕਾਸ ਨੇ ਠੱਗੀ ਦੇ ਵੀ ਨਵੇਂ ਨਵੇਂ ਤਰੀਕੇ ਈਜਾਦ ਕੀਤੇ ਹਨ ।ਏ.ਆਈ. ਵਾਇਸ ਕਲੋਨਿੰਗ ਜ਼ਰੀਏ ਕਿਸੇ ਦੀ ਵੀ ਆਵਾਜ਼ ਵਿਚ ਕਿਸੇ ਨੂੰ ਵੀ ਫੋਨ ਕੀਤਾ ਜਾਂਦਾ ਹੈ ਅਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ।ਕਿਸੇ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਦੱਸਦੇ ਹੋਏ ਹਸਪਤਾਲ ਵਿਚੋਂ ਫੋਨ ਆਉਂਦਾ ਹੈ ਜਾਂ ਕਿਸੇ ਦੀ ਲੜਕੀ ਨੂੰ ਹੋਟਲ ਵਿਚ ਇਤਰਾਜ਼ਯੋਗ ਹਾਲਤ ਵਿਚ ਫੜੇ ਜਾਣ ਬਾਰੇ ਦੱਸਣ ਲਈ ਪੁਲਿਸ ਦਾ ਫੋਨ ।ਯਕੀਨ ਦਿਵਾਉਣ ਲਈ ਮੁੰਡੇ ਜਾਂ ਕੁੜੀ ਦੀ ਅਵਾਜ਼ ਵੀ ਸੁਣਾਈ ਜਾਂਦੀ ਹੈ ਜੋ ਕਿ ਏ.ਆਈ. ਦੁਆਰਾ ਬਣਾਈ ਹੁੰਦੀ ਹੈ । ਅੰਤ ਵਿਚ ਉਹੀ ਸੈਟਲਮੈਂਟ ਦੇ ਨਾਂਅ 'ਤੇ ਮੋਟੀ ਰਕਮ ਦੀ ਵਸੂਲੀ!
6. ਓ.ਟੀ.ਪੀ. ਸਕੈਮ:- ਅੱਜਕੱਲ੍ਹ ਕਿਸੇ ਵੀ ਤਰ੍ਹਾਂ ਦੇ ਆਨਲਾਈਨ ਭੁਗਤਾਨ ਲਈ ਓ.ਟੀ.ਪੀ.ਜ਼ਰੂਰੀ ਹੈ । ਸਕੈਮਰਜ਼ ਤੁਹਾਡੇ ਤੋਂ ਓ.ਟੀ.ਪੀ. ਲੈਣ ਲਈ ਨਕਲੀ ਬੈਂਕ ਅਧਿਕਾਰੀ ਜਾਂ ਕੋਈ ਹੋਰ ਅਫ਼ਸਰ ਹੋਣ ਦਾ ਦਾਅਵਾ ਕਰਦੇ ਹੋਏ ਓ.ਟੀ.ਪੀ. ਦੀ ਮੰਗ ਕਰਦੇ ਹਨ । ਜਿਵੇਂ ਹੀ ਤੁਸੀਂ ਉਨ੍ਹਾਂ ਨੂੰ ਓ.ਟੀ.ਪੀ. ਦੇ ਦਿੰਦੇ ਹੋ ਤੁਹਾਡਾ ਬੈਂਕ ਖਾਤਾ ਸਾਫ ਹੋ ਜਾਂਦਾ ਹੈ । ਸੁਚੇਤ ਰਹੋ, ਕਿਸੇ ਨਾਲ਼ ਵੀ ਓ.ਟੀ.ਪੀ. ਸਾਂਝਾ ਨਾ ਕਰੋ ਅਤੇ ਟੂ ਫੈਕਟਰ ਅਥੰਟੀਕੇਸ਼ਨ ਲਾਜ਼ਮੀ ਲਗਾ ਕੇ ਰੱਖੋ ।
ਉਪਰੋਕਤ ਬਿਆਨ ਕੀਤੇ ਗਏ ਤਰੀਕੇ ਜ਼ਿਆਦਾਤਰ ਮਾਮਲਿਆਂ ਵਿਚ ਇਸਤੇਮਾਲ ਕੀਤੇ ਜਾਂਦੇ ਹਨ ।ਇਨ੍ਹਾਂ ਤੋਂ ਬਿਨਾਂ ਹੋਰ ਵੀ ਅਨੇਕਾਂ ਢੰਗ ਹਨ ਜਿਨ੍ਹਾਂ ਦੇ ਜ਼ਰੀਏ ਠੱਗ ਤੁਹਾਡੀ ਮਿਹਨਤ ਦੀ ਕਮਾਈ ਨੂੰ ਠੱਗਣ ਦੇ ਜੁਗਾੜ ਲਗਾਉਂਦੇ ਹਨ ।ਚੇਤੇ ਰੱਖੋ ਕਿ ਜੇਕਰ ਤੁਹਾਨੂੰ ਵੀ ਕਿਸੇ ਅਣਜਾਣ ਵਿਅਕਤੀ ਦੀ ਕੋਈ ਕਾਲ ਆਉਂਦੀ ਹੈ ਤਾਂ ਸੁਚੇਤ ਰਹੇ, ਕਾਹਲ ਬਿਲਕੁਲ ਨਾ ਕਰੋ, ਸਥਿਤੀ ਨੂੰ ਚੰਗੀ ਤਰ੍ਹਾਂ ਵਾਚੋ ਅਤੇ ਸਭ ਤੋਂ ਜ਼ਰੂਰੀ ਹੈ ਕਿ ਡਰੋ ਬਿਲਕੁਲ ਨਾ ।ਆਮ ਤੌਰ ’ਤੇ ਜਾਂਚ ਏਜੰਸੀ ਤੁਹਾਨੂੰ ਕਾਲ ਨਹੀਂ ਕਰਦੀ ਅਤੇ ਤੁਹਾਨੂੰ ਧਮਕੀ ਨਹੀਂ ਦਿੰਦੀ। ਜੇਕਰ ਤੁਹਾਨੂੰ ਅਜਿਹੀ ਕੋਈ ਧਮਕੀ ਭਰੀ ਕਾਲ ਮਿਲਦੀ ਹੈ, ਤਾਂ ਤੁਹਾਨੂੰ ਤੁਰੰਤ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਜੇਕਰ ਸਾਈਬਰ ਧੋਖਾਧੜੀ ਹੁੰਦੀ ਹੈ ਤਾਂ 1930 ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ ’ਤੇ ਕਾਲ ਕਰੋ ਜਾਂ cybercrime.gov.in ਉੱਤੇ ਸ਼ਿਕਾਇਤ ਜ਼ਰੂਰ ਦਰਜ ਕਰਵਾਓ।












Comments (0)