ਬਾਦਲ ਦਲ ਦੇ ਨਿਸ਼ਾਨੇ ਉਪਰ  ਗਿਆਨੀ ਹਰਪ੍ਰੀਤ ਸਿੰਘ

ਬਾਦਲ ਦਲ ਦੇ ਨਿਸ਼ਾਨੇ ਉਪਰ  ਗਿਆਨੀ ਹਰਪ੍ਰੀਤ ਸਿੰਘ

ਸ਼ੋਸ਼ਲ ਮੀਡੀਆ  ਉਪਰ ਹੋਣ ਲਗੀ ਕਿਰਦਾਰਕੁਸ਼ੀ

* ਸਾਬਕਾ ਸਾਂਢੂ ਨੇ ਕਿਰਦਾਰ ਉਪਰ ਲਗਾਏ ਦੋਸ਼ ,ਸ਼੍ਰੋਮਣੀ ਕਮੇਟੀ ਨੂੰ ਕੀਤੀ ਸ਼ਿਕਾਇਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ- ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਖਤ ਫੈਸਲਿਆਂ ਕਾਰਣ ਬਾਦਲ ਅਕਾਲੀ ਦਲ ਦੀ ਹਿਟਲਿਸਟ ਉਪਰ ਹਨ।ਸ਼ੋਸ਼ਲ ਮੀਡੀਆ ਉਪਰ ਉਨ੍ਹਾਂ ਦੀ ਕਿਰਦਾਰਕੁਸ਼ੀ  ਬਾਦਲ ਦਲ ਦੀ ਟਰੋਲ ਆਰਮੀ ਰਾਹੀਂ ਚਲ ਰਹੀ ਹੈ ਤਾਂ ਜੋ ਮਾਨਸਿਕ ਹਮਲੇ ਕਾਰਣ ਜਥੇਦਾਰ ਦਮਦਮਾ ਸਾਹਿਬ ਅਸਤੀਫਾ ਦੇ ਜਾਣ।ਜਾਂ ਉਨ੍ਹਾਂ ਵਿਰੁਧ ਦੋਸ਼ ਲਗਾਕੇ ਜਥੇਦਾਰੀ ਤੋਂ ਖਾਰਜ ਕਰ ਦਿੱਤਾ ਜਾਵੇ।

 ਇਥੇ ਜ਼ਿਕਰਯੋਗ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਤਖ਼ਤ ਦਮਦਮਾ ਸਾਹਿਬ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਇੱਕ ਸ਼ਿਕਾਇਤ ਮਿਲੀ ਹੈ। ਇਹ ਸ਼ਿਕਾਇਤ ਪੱਤਰ ਉਸ ਵਿਅਕਤੀ ਵੱਲੋਂ ਦਿੱਤਾ ਗਿਆ ਹੈ, ਜੋ ਖ਼ੁਦ ਨੂੰ ਜਥੇਦਾਰ ਦਾ ਸਾਬਕਾ ਸਾਂਢੂ ਹੋਣ ਦਾ ਦਾਅਵਾ ਕਰ ਰਿਹਾ ਹੈ।

ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਆਖਿਆ ਕਿ  ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਸ਼ਿਕਾਇਤ ਪੱਤਰ ਦਿੱਤਾ ਗਿਆ ਹੈ।  ਪਹਿਲਾਂ ਸ਼ਿਕਾਇਤ ਦੀ ਘੋਖ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਇਸ ਸਬੰਧੀ ਅਗਲੇ ਕਦਮ ਬਾਰੇ ਵਿਚਾਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਮੁਕਤਸਰ ਸਾਹਿਬ ਦੇ ਇੱਕ ਵਿਅਕਤੀ ਗੁਰਪ੍ਰੀਤ ਸਿੰਘ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਜਥੇਦਾਰ ਦੇ ਸਾਬਕਾ ਸਾਂਢੂ ਹਨ। ਸ੍ਰੋਮਣੀ ਕਮੇਟੀ ਨੂੰ ਦਿੱਤੇ ਪੱਤਰ ਵਿਚ ਉਸ ਨੇ ਜਥੇਦਾਰ ਦੇ ਖ਼ਿਲਾਫ਼ ਗੰਭੀਰ ਦੋਸ਼ ਲਾਏ ਤੇ ਦਾਅਵਾ ਕੀਤਾ ਹੈ ਕਿ ਉਹ ਸ੍ਰੋਮਣੀ ਕਮੇਟੀ ਦਾ ਮੁਲਾਜ਼ਮ ਸੀ ਪਰ ਨੌਕਰੀ ਛੱਡ ਕੇ ਉਹ ਡਿਪਰੈਸ਼ਨ ਵਿਚ ਚਲਾ ਗਿਆ ਹੈ ,ਕਿਉਂਕਿ ਉਸ ਦੀ ਸਾਬਕਾ ਘਰਵਾਲੀ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਸਬੰਧ ਸਨ। ਉਸ ਵੱਲੋਂ ਸ੍ਰੋਮਣੀ ਕਮੇਟੀ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਇਸ ਵਿਅਕਤੀ ਦੀਆਂ ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋ ਰਹੀਆਂ ਹਨ।

 ਹੈਰਾਨੀ ਇਸ ਗਲ ਦੀ ਹੈ ਕਿ ਇਹ 12 ਸਾਲ ਪੁਰਾਣਾ ਮਾਮਲਾ ਹੈ।ਗਿਆਨੀ ਹਰਪ੍ਰੀਤ ਸਿੰਘ ਦੀ ਸਾਲੀ ਆਪਣੇ ਘਰਵਾਲੇ ਦੀ ਕੁਟਮਾਰ ਤੋਂ ਤੰਗ ਹੋਕੇ ਤਲਾਕ ਲੈ ਲਿਆ ਸੀ।ਗਿਆਨੀ ਹਰਪ੍ਰੀਤ ਸਿੰਘ ਨੇ ਸਾਲੀ ਦੀਆਂ ਦੋਵੇਂ ਲੜਕੀਆਂ ਆਪਣੇ ਕੋਲ ਪਾਲਣ ਪੋਸਣ ਲਈ ਰਖ ਲਈਆਂ ਸਨ।ਆਪਣੀ ਸਾਲੀ ਦਾ ਵਿਆਹ ਕਰ ਦਿਤਾ ਸੀ।

ਸੁਆਲ ਇਹ ਹੈ ਕਿ 12 ਸਾਲ ਬਾਅਦ ਇਹ ਦੋਸ਼ ਗਿਆਨੀ ਹਰਪ੍ਰੀਤ ਸਿੰਘ ਉਪਰ ਕਿਉਂ ਲਗਾਏ ਗਏ? ਜੇਕਰ ਗਿਆਨੀ ਹਰਪ੍ਰੀਤ ਸਿੰਘ ਗਲਤ ਸਨ ਤਾਂ ਸ੍ਰੋਮਣੀ ਕਮੇਟੀ ਨੇ ਜਥੇਦਾਰ ਕਿਉਂ ਬਣਾਇਆ?ਇਸ ਦਾ ਸਾਫ ਅਰਥ ਹੈ ਕਿ ਸ੍ਰੋਮਣੀ ਕਮੇਟੀ ਬਾਦਲ ਹਾਈਕਮਾਂਡ ਦੇ ਹੁਕਮ ਮੁਤਾਬਿਕ ਕਾਰਵਾਈ ਕਰਨਾ ਚਾਹੁੰਦੀ ਹੈ।ਪੰਥਕ ਹਲਕਿਆਂ ਦਾ ਕਹਿਣਾ ਹੈ ਕਿ ਸ੍ਰੋਮਣੀ ਕਮੇਟੀ ਕੋਈ ਥਾਣਾ ਨਹੀਂ ਕਿ ਉਹ ਇਸ ਕਨੂੰਨੀ  ਮਾਮਲੇ ਵਿਚ ਘੋਖ ਕਰੇ ਤੇ ਅਦਾਲਤ ਬਣਕੇ ਫੈਸਲਾ ਦੇਵੇ।ਜੇਕਰ ਕਨੂੰਨ  ਅਨੁਸਾਰ ਜਥੇਦਾਰ ਹਰਪ੍ਰੀਤ ਸਿੰਘ ਦੋਸ਼ੀ ਹੈ ਤਾਂ ਸ੍ਰੋਮਣੀ ਕਮੇਟੀ ਕਾਰਵਾਈ ਕਰੇ।ਪੰਥਕ ਹਲਕਿਆਂ ਦਾ ਮੰਨਣਾ ਹੈ ਕਿ  ਜੇਕਰ ਜਥੇਦਾਰ ਦਾ ਸਾਂਢੂ ਸਹੀ ਕਿਰਦਾਰ ਦਾ ਵਿਅਕਤੀ ਸੀ ਤਾਂ ਉਸਨੇ ਆਪਣੀਆਂ ਧੀਆਂ ਦੀ ਪਾਲਣਾ ਕਿਉਂ ਨਹੀਂ ਕੀਤੀ।

ਜਥੇਦਾਰ ਦੇ ਨਾਂ 'ਤੇ ਬਣਿਆ ਫੇਕ ਅਕਾਊਂਟ, ਗਿਆਨੀ ਹਰਪ੍ਰੀਤ ਸਿੰਘ ਨੇ  ਦਿੱਤਾ ਜਵਾਬ

 ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ 'ਤੇ ਫੇਕ ਅਕਾਊਂਂਟ ਬਣਾਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਰੋਸ ਪ੍ਰਗਟਾਇਆ ਅਤੇ ਉਨ੍ਹਾਂ ਨੇ ਫੇਕ ਅਕਾਊਂਟ ਬਣਾਉਣ ਵਾਲਿਆਂ ਨੂੰ ਜਵਾਬ ਵੀ ਦਿੱਤਾ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫੇਕ ਅਕਾਊਂਟ ਦੀਆਂ ਪੋਸਟਾਂ ਸਾਂਝੀਆਂ ਕੀਤੀਆਂ ਹਨ ਅਤੇ ਲਿਖਿਆ ਹੈ ਕਿ ''ਇੰਨੀਆਂ ਡਿਗੀਆਂ ਤੇ ਨੀਚ ਹਰਕਤਾਂ 'ਤੇ ਉੱਤਰ ਆਉਗੇ ਕਦੇ ਕਿਸੇ ਸਿੱਖ ਦੇ ਚਿੱਤ ਚੇਤੇ ਵੀ ਨਹੀਂ ਹੋਣਾ। ਮੰਨਦੇ ਆ ਤੁਹਾਡੇ ਕੋਲ ਪੈਸਾ ਹੈ, ਇਕ ਪੂਰਾ ਨੈੱਟਵਰਕ ਸਿਸਟਮ ਹੈ, ਚਾਰ ਚਾਪਲੂਸ ਵੀ ਹਨ। ਇੰਨਾ ਡਿਗਨਾ ਨੈਤਿਕਤਾ ਤੋਂ ਹੀਣੇ ਹੋਣ ਦਾ ਸਬੂਤ ਹੈ।  ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਦਾ ਜਾਅਲੀ ਪੇਜ ਬਣਾ ਕੇ ਉਸ ਤੋਂ ਅਲੱਗ-ਅਲੱਗ ਪੋਸਟਾਂ ਤੇ ਹਲਕੇ ਪੱਧਰ ਦੇ ਕੁਮੈਂਟ ਕੀਤੇ ਜਾ ਰਹੇ ਹਨ। ਇੰਨਾ ਥੱਲੇ ਤਾਂ ਸਮੁੰਦਰ ਵਿਚ ਟਾਇਟੈਨਿਕ ਨਹੀਂ ਡਿੱਗਿਆ ਜਿੰਨੇ ਤੁਸੀਂ ਡਿੱਗ ਪਏ। ਬੱਸ ਇੰਨਾ ਹੀ ਆਖਾਂਗੇ ਗੁਰੂ ਤੁਹਾਡਾ ਭਲਾ ਕਰੇ। ਗੁਰੂ ਪਿਆਰਿਓ ਇੰਨਾ ਨਕਲੀ ਪੇਜਾਂ ਤੋਂ ਸਾਵਧਾਨ ਰਹੋ।''  

ਸ਼੍ਰੋਮਣੀ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਆਪਣੇ ਸੋਸ਼ਲ ਖਾਤੇ ਵਿਚ ਲਿਖਿਆ ਕਿ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਅਕਾਲੀ ਦਲ ਦੀ ਨਵ ਉਸਾਰੀ ਦੀ ਲੋੜ ਹੈ। ਮੌਜੂਦਾ ਅਖੌਤੀ ‘ਅਕਾਲੀ ਲੀਡਰ’ ਆਮ ਸਿੱਖਾਂ ਵਿਚ ਗੁੰਡਿਆਂ ਦੇ ਟੋਲੇ ਵਾਂਗ ਬਣਦੇ ਜਾ ਰਹੇ ਹਨ। ਜਿਸ ਤਰ੍ਹਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਪਰ ਝੂਠੇ ਦੋਸ਼ ਲਗਾਕੇ  ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ,  ਕੁਆਰਟਰ ਖਾਲੀ ਕਰਵਾਏ ਗਏ ਹਨ, ਜਾਅਲੀ ਖਾਤੇ ਬਣਾਏ ਗਏ ਹਨ, ਤੁਸੀਂ ਆਪਣੀ ਅਸਲ ਕਾਬਲੀਅਤ ਦਾ ਸਬੂਤ ਦਿੱਤਾ ਹੈ। ਬਾਕੀ ਰਹੀ ਕਸਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਗੰਦੀ ਜ਼ੁਬਾਨ ਨੇ ਕੱਢ ਦਿੱਤੀ। ਲੋਕ ਗੁਰਦੁਆਰੇ ਗੁਨਾਹ ਮਾਫ ਕਰਨ ਆਉਂਦੇ ਹਨ, ਇਨ੍ਹਾਂ ਥਾਵਾਂ ’ਤੇ ਬੈਠ ਕੇ ਗੁਨਾਹ ਕਰੋਗੇ ਤਾਂ ਮਾਫ਼ੀ ਮੰਗਣ ਜਾਂ ਪਛਤਾਉਣ ਲਈ ਕਿੱਥੇ ਜਾਓਗੇ? ਸੁਣਿਆ ਹੈ ਕਿ ਨਿੱਜੀ ਖਰਚੇ ’ਤੇ ਸਾਰਾ ਕੰਮ ਹੋ ਰਿਹਾ ਹੈ

ਬਾਗੀ ਅਕਾਲੀ ਆਗੂਆਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੈਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ , ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਸੁਰਿੰਦਰ ਸਿੰਘ ਭੁਲੇਵਾਲ ਅਤੇ ਸੰਤਾ ਸਿੰਘ ਉਮੈਦਪੁਰੀ  ਨੇ ਇਕ ਵਾਰ ਫਿਰ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲਿਆ ਹੈ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਮਰਥਨ ਵਿਚ ਬਿਆਨ ਜਾਰੀ ਕੀਤਾ ਹੈ ਇਸ ਤੋਂ ਲਗਦਾ ਹੈ ਕਿ ਭਾਵੇਂ ਦੋਵੇਂ ਧੜਿਆਂ ਦੇ ਆਗੂਆਂ ਨੇ ਧਾਰਮਿਕ ਸਜ਼ਾ ਤਾਂ ਪੂਰੀ ਕਰ ਲਈ ਹੈ ਪਰ ਪਾਰਟੀ ਦੇ ਸਿਆਸੀ ਮਾਮਲਿਆ ਵਿਚ ਅਕਾਲ ਤਖ਼ਤ ਦੇ ਹੁਕਮ ਲਾਗੂ ਹੁੰਦੇ ਨਹੀਂ ਦਿਸ ਰਹੇ ਅਤੇ ਇਸ ਤਰ੍ਹਾਂ ਅਕਾਲੀ ਦਲ ਵਿਚ ਏਕਤਾ ਹੋਣੀ ਮੁਸ਼ਕਲ ਜਾਪਦੀ ਹੈ।

ਬਾਗੀ ਧੜੇ ਦੇ ਆਗੂਆਂ ਨੇ  ਕਿਹਾ ਕਿ ਹੁਣ ਜੋ ਬਿਰਤਾਂਤ  ਸਿਰਜਿਆ ਜਾ ਰਿਹਾ ਹੈ ਉਸ ਨਾਲ ਨਾ ਹੀ ਉਨ੍ਹਾਂ ਦਾ ਅਤੇ ਨਾ ਹੀ ਪੰਥ ਦਾ ਕੋਈ ਭਲਾ ਹੋਣ ਵਾਲਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅਤੇ ਦਮਦਮਾ ਸਾਹਿਬ ਵਿਖੇ ਅਪਣੀ ਵਧੀਆ ਕਾਰਜਸ਼ੈਲੀ ਨਾਲ ਸੇਵਾ ਨਿਭਾਈ ਹੈ ਜਿਸ ਤੋਂ ਪੂਰੀ ਸਿੱਖ ਕੌਮ ਸੰਤੁਸ਼ਟ ਹੈ। ਕੌਮ ਅਤੇ ਪੰਥਕ ਮਸਲਿਆਂ ਦੀ ਹਮੇਸ਼ਾ ਸਿੰਘ ਸਾਹਿਬਾਨ ਨੇ ਪਹਿਰੇਦਾਰੀ ਕੀਤੀ ਹੈ।ਇੰਨਾ ਆਗੂਆਂ ਨੇ ਕਿਹਾ ਕਿ ਬਾਦਲ ਦਲ ਦੇ ਕਰੀਬੀਆਂ ਵਲੋਂ ਜਥੇਦਾਰ ਸਾਹਿਬ ਦੇ ਕਈ ਸਾਲ ਪੁਰਾਣੇ ਮਸਲੇ ਨੂੰ ਉਛਾਲਣ ਲਈ ਇਕ ਇਨਸਾਨ ਨੂੰ ਲਿਆ ਉਸ ਨੂੰ ਅਆਪਣੇ ਵਲੋਂ ਪਹਿਲਾਂ ਤੋਂ ਤਿਆਰ ਕੀਤੀ ਸਕ੍ਰਿਪਟ ਦੇ ਕੇ ਅਪਣੇ ਮੀਡੀਆ ਕਰਮੀਆਂ ਤੋਂ ਕੂੜ ਪ੍ਰਚਾਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਕ ਧਾਰਮਿਕ ਸਖਸ਼ੀਅਤ ’ਤੇ ਇਸ ਤਰਾ ਚਿੱਕੜ ਸੁੱਟ ਕੇ ਉਹ ਸਾਰੀ ਕੌਮ ਨੂੰ ਸਰਮਸ਼ਾਰ ਕਰ ਰਹੇ ਹਨ।

ਆਗੂਆਂ ਨੇ  ਕਿਹਾ ਕਿ ਸੁਖਬੀਰ ਸਿੰਘ ਬਾਦਲ ਇਕ ਪਾਸੇ ਤਾਂ ਇਹ ਦਰਸਾ ਰਹੇ ਹਨ ਕਿ ਉਨ੍ਹਾਂ ਨੇ ਇਕ ਨਿਮਾਣਾ ਸਿੱਖ ਬਣ ਕਿ ਸਾਰੇ ਗੁਨਾਹਾਂ ਨੂੰ ਕਬੂਲ ਕੀਤਾ ਅਤੇ ਉਸ ਦੀ ਸਜ਼ਾ ਨੂੰ ਵੀ ਮੰਨ ਲਿਆ ਹੈ। ਉਨ੍ਹਾਂ ਵਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਪਰ ਦੂਜੇ ਇਹ ਜੋ ਸਾਰਾ ਬਿਰਤਾਂਤ ਉਨ੍ਹਾਂ ਵਲੋਂ ਸਿਰਜਿਆ ਜਾ ਰਿਹਾ ਹੈ ਉਸ ਤੋਂ ਲਗਦਾ ਹੈ ਇਹ ਸਭ ਉਹ ਕ੍ਰੋਧ ਅਤੇ ਬਦਲੇ ਦੀ ਭਾਵਨਾ ਨਾਲ ਕਰ ਰਹੇ ਹਨ, ਜਿਸ ਨਾਲ ਜਥੇਦਾਰ ਸਹਿਬਾਨ ਨੂੰ ਨੀਵਾਂ ਦਿਖਾਇਆ ਜਾ ਸਕੇ। ਪਰ ਉਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਸ ਨਾਲ ਜੋ ਇਹ ਕਰਵਾ ਰਹੇ ਹਨ ਉਨਾਂ ਦਾ ਭਲਾ ਨਹੀਂ ਹੋਣਾ ਅਤੇ ਨਾ ਹੀ ਪੰਥ ਦੀਆਂ ਕਦਰਾਂ ਕੀਮਤਾਂ ਇਹ ਦਰਸਾਉਂਦੀਆਂ ਹਨ ਅਤੇ ਇਹ ਸਿੱਖੀ ਸੋਚ ਦੇ ਵੀ ਉਲਟ ਹੈ।