ਬੱਚੇ ਪੈਦਾ ਕਰਨ ਵਿਚ ਜਰਮਨੀ ਪਛੜਿਆ
*ਜਰਮਨੀ ਦੀ ਆਬਾਦੀ ਵਿਚ ਵਾਧਾ ਸਿਰਫ਼ ਪ੍ਰਵਾਸੀਆਂ ਕਾਰਨ ਹੋਣ ਲੱਗਾ
ਜਰਮਨੀ ਵਿਚ ਬੱਚੇ ਪੈਦਾ ਕਰਨ ਦੀ ਗਿਣਤੀ ਵਿਚ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ। 2024 ਵਿਚ ਜਰਮਨ ਔਰਤਾਂ ਦੀ ਔਸਤਨ ਬੱਚੇ ਪੈਦਾ ਕਰਨ ਦੀ ਸੰਖਿਆ 1.38 ਹੈ, ਜੋ 2021 ਵਿਚ 1.58 ਸੀ। ਪਹਿਲੇ ਬੱਚੇ ਦੇ ਜਨਮ ਸਮੇਂ ਔਰਤਾਂ ਦੀ ਔਸਤ ਉਮਰ 30.3 ਸਾਲ ਹੈ। ਜੀਵਨ ਸ਼ੈਲੀ ’ਵਿਚ ਬਦਲਾਅ ਅਤੇ ਸਮਾਜਿਕ ਢਾਂਚੇ ਦੀਆਂ ਤਬਦੀਲੀਆਂ ਕਾਰਨ ਨੌਜਵਾਨਾਂ ਵਿਚ ਵਿਆਹ ਅਤੇ ਬੱਚੇ ਪੈਦਾ ਕਰਨ ਦੀ ਦਿਲਚਸਪੀ ਘਟਦੀ ਜਾ ਰਹੀ ਹੈ। 1971 ਤੋਂ ਬਾਅਦ ਜਰਮਨੀ ਵਿਚ ਮਰਨ ਵਾਲਿਆਂ ਦੀ ਗਿਣਤੀ ਜਨਮ ਲੈਣ ਵਾਲਿਆਂ ਨਾਲੋਂ ਵੱਧ ਹੈ। 2024 ਵਿਚ ਜਨਮ ਅਤੇ ਮੌਤ ਦਾ ਅੰਤਰ 3.3 ਲੱਖ ਸੀ, ਜੋ ਪਿਛਲੇ ਸਾਲਾਂ ਵਾਂਗ ਹੀ ਹੈ।
ਜਰਮਨੀ ਦੀ ਆਬਾਦੀ ਵਿਚ ਵਾਧਾ ਸਿਰਫ਼ ਪ੍ਰਵਾਸੀਆਂ ਕਾਰਨ ਹੋ ਰਿਹਾ ਹੈ। 2024 ਵਿਚ ਜਰਮਨੀ ਦੀ ਕੁੱਲ ਆਬਾਦੀ 8.36 ਕਰੋੜ ਸੀ, ਜੋ 2023 ਨਾਲੋਂ 1.21 ਲੱਖ (0.1%) ਜ਼ਿਆਦਾ ਹੈ। ਪਰ ਪ੍ਰਵਾਸੀਆਂ ਦੀ ਸ਼ੁੱਧ ਗਿਣਤੀ (ਆਉਣ ਅਤੇ ਜਾਣ ਵਾਲਿਆਂ ਦਾ ਅੰਤਰ) 2023 ਵਿਚ 6.6 ਲੱਖ ਸੀ, ਜੋ 2024 ਵਿਚ ਘਟ ਕੇ 4.2 ਲੱਖ ਰਹਿ ਗਈ। ਇਸ ਦੇ ਨਾਲ ਹੀ, ਹਰ ਚੌਥਾ ਪ੍ਰਵਾਸੀ ਜਰਮਨੀ ਛੱਡਣ ਦੀ ਸੋਚ ਰਿਹਾ ਹੈ। ਵਿਦੇਸ਼ੀ ਲੋਕਾਂ ਦੀ ਗਿਣਤੀ 2.3% ਵਧ ਕੇ 1.24 ਕਰੋੜ ਹੋ ਗਈ, ਜੋ ਕੁੱਲ ਆਬਾਦੀ ਦਾ 14.8% ਹੈ।
ਜਰਮਨੀ ਵਿਚ ਵਿਦੇਸ਼ੀਆਂ ਦਾ ਸਭ ਤੋਂ ਵੱਡਾ ਸਮੂਹ ਤੁਰਕੀ ਮੂਲ ਦਾ ਹੈ, ਜਿਨ੍ਹਾਂ ਦੀ ਗਿਣਤੀ 1.403 ਕਰੋੜ ਹੈ। ਇਸ ਤੋਂ ਬਾਅਦ ਯੂਕਰੇਨ (10.85 ਲੱਖ), ਸੀਰੀਆ (8.89 ਲੱਖ), ਪੋਲੈਂਡ (7.23 ਲੱਖ), ਅਫ਼ਰੀਕੀ ਦੇਸ਼ (7 ਲੱਖ), ਅਫ਼ਗਾਨਿਸਤਾਨ (4.4 ਲੱਖ), ਇਰਾਕ (2.6 ਲੱਖ) ਅਤੇ ਭਾਰਤ (2.7 ਲੱਖ) ਦੇ ਲੋਕ ਹਨ। ਜਰਮਨੀ ਵਿਚ ਵੱਖ-ਵੱਖ ਨਸਲਾਂ ਅਤੇ ਧਰਮਾਂ ਦੇ ਲੋਕ ਵਸਦੇ ਹਨ, ਜਿਨ੍ਹਾਂ ਵਿਚ ਇਸਲਾਮ, ਈਸਾਈ, ਯਹੂਦੀ ਅਤੇ ਹੋਰ ਧਰਮ ਸ਼ਾਮਲ ਹਨ। ਸਿੱਖ ਧਰਮ ਦੀ ਗੱਲ ਕਰੀਏ ਤਾਂ, ਸਿੱਖਾਂ ਦੀ ਅੰਦਾਜ਼ਨ ਗਿਣਤੀ 15,000 ਤੋਂ 25,000 ਦੇ ਵਿਚਕਾਰ ਹੈ, ਪਰ ਸਹੀ ਅੰਕੜੇ ਉਪਲਬਧ ਨਹੀਂ ਹਨ।
ਜਰਮਨੀ ਵਿਚ ਬੁਢਾਪੇ ਦੀ ਆਬਾਦੀ ਵਧ ਰਹੀ ਹੈ। 2024 ਵਿਚ 60-79 ਸਾਲ ਦੇ ਲੋਕਾਂ ਦੀ ਗਿਣਤੀ 2.2% ਅਤੇ 80 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ 0.2% ਵਧੀ ਹੈ। ਕੁੱਲ ਆਬਾਦੀ ਵਿਚ 30.5% ਲੋਕ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। ‘ਬੇਬੀ ਬੂਮਰ’ ਪੀੜ੍ਹੀ (1946-1966) ਦੇ ਬੁਢਾਪੇ ਵਿਚ ਦਾਖਲ ਹੋਣ ਕਾਰਨ ਇਹ ਵਾਧਾ ਹੋਇਆ। ਇਸ ਦੇ ਉਲਟ, ਜਨਮ ਦਰ ਦੀ ਕਮੀ ਜਰਮਨੀ ਦੀ ਆਬਾਦੀ ਨੂੰ ਸੁੰਗੜਨ ਵੱਲ ਲੈ ਜਾ ਰਹੀ ਹੈ।ਜਰਮਨੀ ਦੀ ਆਬਾਦੀ ਦਾ ਇਹ ਬਦਲਦਾ ਰੰਗ-ਰੂਪ ਦੱਸਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਪ੍ਰਵਾਸੀਆਂ ਦੀ ਭੂਮਿਕਾ ਹੋਰ ਅਹਿਮ ਹੋਵੇਗੀ, ਪਰ ਬੱਚਿਆਂ ਦੀ ਘਟਦੀ ਗਿਣਤੀ ਅਤੇ ਬੁਢਾਪੇ ਦੀ ਵਧਦੀ ਮੌਜੂਦਗੀ ਜਰਮਨੀ ਮੂਲ ਦੇ ਲੋਕਾਂ ਲਈ ਚੁਣੌਤੀਆਂ ਵਧਾਉਣ ਵਾਲੀ ਹੈ।












Comments (0)