ਸਾਬਕਾ ਰਾਸ਼ਟਰਪਤੀ ਟਰੰਪ ਐਰੀਜ਼ੋਨਾ ਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਪੈਨਸਿਲਵਾਨੀਆ ਵਿਚ ਅੱਗੇ-ਸਰਵੇ

ਸਾਬਕਾ ਰਾਸ਼ਟਰਪਤੀ ਟਰੰਪ ਐਰੀਜ਼ੋਨਾ ਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਪੈਨਸਿਲਵਾਨੀਆ ਵਿਚ ਅੱਗੇ-ਸਰਵੇ

-ਅਮਰੀਕੀ ਰਾਸ਼ਟਰਪਤੀ ਚੋਣਾਂ-

* ਦੋਨਾਂ ਉਮੀਦਵਾਰਾਂ ਨੇ ਚੋਣ ਪ੍ਰਚਾਰ 'ਤੇ ਲਾਇਆ ਅੱਡੀ ਚੋਟੀ ਦਾ ਜੋਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਜਿਉਂ ਜਿਉਂ ਵੋਟਾਂ ਪੈਣ ਦਾ ਦਿਨ ਨੇੜੇ ਆ ਰਿਹਾ ਹੈ ਤਿਉਂ ਤਿਉਂ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਤੇ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਚੋਣ ਪ੍ਰਚਾਰ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ। ਦੋਨੋਂ ਉਮੀਦਵਾਰ ਅਹਿਮ ਰਾਜ ਪੈਨਸਿਲਵਾਨੀਆ ਵੱਲ ਵਿਸ਼ੇਸ਼ ਤਵਜੋਂ ਦੇ ਰਹੇ ਹਨ। ਪੈਨਸਿਲਵਾਨੀਆ ਵਿਚ ਹੈਰਿਸ ਤੇ ਟਰੰਪ ਅਤੇ ਉਨਾਂ ਨਾਲ ਸਬੰਧਿਤ ਧੜਿਆਂ ਨੇ ਟੈਲੀਵੀਜ਼ਨ 'ਤੇ  ਇਸ਼ਤਿਹਾਰਬਾਜੀ ਉਪਰ 350 ਲੱਖ ਡਾਲਰ ਖਰਚ ਕੀਤੇ ਹਨ। ਇਸ ਤੋਂ ਇਲਾਵਾ ਦੋਨੋਂ ਉਮੀਦਵਾਰ ਰਾਜ ਵਿਚ ਨਿਰੰਤਰ ਰੈਲੀਆਂ ਕਰ ਰਹੇ ਹਨ ਤੇ ਆਪੋ ਆਪਣੇ ਢੰਗ-ਤਰੀਕੇ ਨਾਲ ਮੱਤਦਾਤਾਵਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੇ ਹਨ। ਇਸੇ ਦੌਰਾਨ ਇਕ ਤਾਜ਼ਾ ਸਰਵੇ ਵਿਚ  ਸਪੱਸ਼ਟ ਹੋਇਆ ਹੈ ਕਿ ਟਰੰਪ ਐਰੀਜ਼ੋਨਾ ਵਿਚ 6 % ਅੰਕਾਂ ਨਾਲ ਅਗੇ ਹਨ ਜਦ ਕਿ ਕਮਲਾ ਹੈਰਿਸ ਪੈਨਸਿਲਵਾਨੀਆ ਵਿਚ 4% ਅੰਕਾਂ ਨਾਲ  ਅੱਗੇ ਹਨ। ਇਹ ਸਰਵੇ ਨਿਊਯਾਰਕ ਟਾਈਮਜ਼, ਫਿਲਾਡੈਲਫੀਆ ਇੰਕੁਆਇਰਰ ਤੇ ਸੀਨਾ ਕਾਲਜ ਦੁਆਰਾ ਕੀਤਾ ਗਿਆ ਹੈ।  ਇਹ ਦੋਨੋਂ ਰਾਜ ਇਸ ਲਈ ਅਹਿਮ ਹਨ ਕਿਉਂਕਿ ਇਹ ਕਦੀ ਵੀ ਕਿਸੇ ਇਕ ਪਾਰਟੀ ਦੇ ਹੱਕ ਵਿਚ ਨਹੀਂ ਰਹੇ ਤੇ ਹਰ ਵਾਰ ਆਪਣੀ ਪਸੰਦ ਬਦਲਦੇ ਰਹਿੰਦੇ ਹਨ। ਸਰਵੇ ਅਨੁਸਾਰ ਦੋਨਾਂ ਰਾਜਾਂ ਵਿਚ 1600 ਤੋਂ ਵਧ ਮੱਤਦਾਤਾਵਾਂ ਦੀ ਰਾਏ ਪੁੱਛੀ ਗਈ।  ਐਰੀਜ਼ੋਨਾ ਵਿਚ ਮੱਤਦਾਤਾ ਦੇਸ਼ ਦੀ  ਅਰਥ ਵਿਵਸਥਾ ਨੂੰ ਲੈ ਕੇ ਚਿੰਤਤ ਹਨ। ਇਸ ਲਈ ਉਹ ਟਰੰਪ ਨੂੰ ਸਮਰਥਨ ਦੇ ਰਹੇ ਹਨ ਜਦ ਕਿ ਪੈਨਸਿਲਵਾਨੀਆ ਵਿਚ ਗਰਭਪਾਤ ਦਾ ਮੁੱਦਾ ਅਹਿਮ ਬਣ ਗਿਆ ਹੈ ਤੇ ਇਸ ਮੁੱਦੇ ਨੂੰ ਲੈ ਕੇ ਉਹ ਹੈਰਿਸ ਦਾ ਸਮਰਥਨ ਕਰ ਰਹੇ ਹਨ। ਹਾਲਾਂ ਕਿ ਇਨਾਂ ਰਾਜਾਂ ਵਿਚ ਕੁਝ ਅਜਿਹੇ ਮੱਤਦਾਵਾ ਵੀ ਹਨ ਜੋ ਅਜੇ ਜਕੋਤਕੀ ਵਿਚ ਹਨ। ਇਹ ਮੱਤਦਾਤਾ ਕਿਸੇ ਵੀ ਉਮੀਦਵਾਰ ਦੇ ਹੱਕ ਵਿਚ ਭੁੱਗਤ ਸਕਦੇ ਹਨ। ਪੈਨਸਿਲਵਾਨੀਆ ਵਿਚ ਮੱਤਦਾਤਾਵਾਂ ਨੇ ਕਿਹਾ ਹੈ ਕਿ ਉਹ 20% ਅੰਕਾਂ ਨਾਲ ਟਰੰਪ ਦੀ ਤੁਲਨਾ ਵਿਚ ਹੈਰਿਸ ਉਪਰ ਭਰੋਸਾ ਰਖਦੇ ਹਨ।

ਇਨਾਂ ਮੱਤਦਾਤਾਵਾਂ ਦੀ ਨਜਰ ਵਿਚ ਹੈਰਿਸ ਵਧੀਆ ਢੰਗ ਨਾਲ ਗਰਭਪਾਤ ਦੇ ਮੁੱਦੇ ਨੂੰ ਨਜਿੱਠ ਸਕਦੇ ਹਨ। ਪੈਨਸਿਲਵਾਨੀਆ ਵਿਚ ਅਰਥ ਵਿਵਸਥਾ ਦੇ ਮੁੱਦੇ 'ਤੇ ਟਰੰਪ 11ਅੰਕਾਂ ਨਾਲ  ਅੱਗੇ ਹਨ ਜਦ ਕਿ ਸਤੰਬਰ ਵਿਚ ਕੀਤੇ ਸਰਵੇ ਵਿਚ ਟਰੰਪ 4 ਅੰਕਾਂ ਨਾਲ ਅੱਗੇ ਸਨ। ਐਰੀਜ਼ੋਨਾ ਵਿਚ ਟਰੰਪ ਪਹਿਲਾਂ ਕੀਤੇ ਸਰਵੇ ਵਿਚ ਵੀ 6 ਅੰਕਾਂ ਨਾਲ ਅੱਗੇ ਸਨ। ਅਰਥ ਵਿਵਸਥਾ ਦੇ ਮੁੱਦੇ 'ਤੇ ਟਰੰਪ ਐਰੀਜ਼ੋਨਾ ਵਿਚ ਹੈਰਿਸ ਨਾਲੋਂ 15 ਅੰਕਾਂ ਨਾਲ ਅੱਗੇ ਹਨ।