ਸਿੱਖ ਘਲੂਘਾਰਾ ਜੂਨ 84 ਬਾਰੇ ਸਾਬਕਾ ਫੌਜ ਮੁਖੀ ਦਾ ਹੈਰਾਨੀਜਨਕ ਖੁਲਾਸਾ
* ਡੀ.ਜੀ.ਐਮ.ਓ. ਨੇ ਜਨਰਲ ਵੈਦਿਆ ਨੂੰ ਸਾਕਾ ਨੀਲਾ ਤਾਰਾ ਤੋਂ ਰੋਕਿਆ ਸੀ - ਜਨਰਲ ਵੀ.ਐਨ. ਸ਼ਰਮਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ: ਸਾਬਕਾ ਫੌਜ ਮੁਖੀ ਜਨਰਲ ਵੀ.ਐਨ. ਸ਼ਰਮਾ (ਸੇਵਾਮੁਕਤ) ਨੇ ਇੱਕ ਚੌਂਕਾਉਣ ਵਾਲਾ ਖੁਲਾਸਾ ਕੀਤਾ ਹੈ ਕਿ 1984 'ਵਿਚ ਸਾਕਾ ਨੀਲਾ ਤਾਰਾ (ਆਪ੍ਰੇਸ਼ਨ ਬਲੂ ਸਟਾਰ) ਵੇਲੇ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨ (ਡੀ.ਜੀ.ਐਮ.ਓ.) ਨੇ ਤਤਕਾਲੀ ਫੌਜ ਮੁਖੀ ਜਨਰਲ ਏ.ਐਸ. ਵੈਦਿਆ ਨੂੰ ਸਪੱਸ਼ਟ ਸਲਾਹ ਦਿੱਤੀ ਸੀ ਕਿ ਭਾਰਤੀ ਫੌਜ ਨੂੰ ਸ੍ਰੀ ਦਰਬਾਰ ਸਾਹਿਬ 'ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ। ਇਸ ਨੂੰ ਉਨ੍ਹਾਂ ਨੇ ਸਿਆਸੀ ਚਾਲ ਦੱਸਿਆ ਸੀ।
ਇਹ ਗੱਲ ਜਨਰਲ ਸ਼ਰਮਾ ਨੇ ਯੂਟਿਊਬ ਚੈਨਲ 'ਲੈਕਸ ਕੌਂਸਿਲੀਅਮ ਫਾਊਂਡੇਸ਼ਨ' 'ਤੇ ਸਾਬਕਾ ਜੱਜ ਐਡਵੋਕੇਟ ਜਨਰਲ ਮੇਜਰ ਜਨਰਲ ਨੀਲੇਂਦਰ ਕੁਮਾਰ ਨਾਲ ਇੰਟਰਵਿਊ 'ਚ ਕਹੀ। ਇਹ ਇੰਟਰਵਿਊ 5 ਜੂਨ 2025 ਨੂੰ ਸਾਕਾ ਨੀਲਾ ਤਾਰਾ ਦੀ 41ਵੀਂ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ ਅਪਲੋਡ ਹੋਈ।
ਇੰਦਰਾ ਗਾਂਧੀ ਦਾ ਦਬਾਅ ਅਤੇ ਜਨਰਲ ਸੁੰਦਰਜੀ ਦੀ ਜ਼ਿੱਦ
ਜਨਰਲ ਸ਼ਰਮਾ, ਜੋ ਉਸ ਵੇਲੇ ਐਡੀਸ਼ਨਲ ਡੀ.ਜੀ.ਐਮ.ਓ. ਸਨ, ਨੇ ਦੱਸਿਆ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਫੌਜ ਦਰਬਾਰ ਸਾਹਿਬ ਵਿਚ ਜਾ ਕੇ ਸੰਤ ਭਿੰਡਰਾਂਵਾਲੇ ਨੂੰ ਹਟਾਵੇ, ਕਿਉਂਕਿ ਪੰਜਾਬ ਪੁਲਿਸ ਨੇ ਇਸ ਕੰਮ ਤੋਂ ਹੱਥ ਖੜ੍ਹੇ ਕਰ ਦਿੱਤੇ ਸਨ। ਜਨਰਲ ਵੈਦਿਆ ਨੂੰ ਪੀ.ਐਮ. ਦਫਤਰ ਵਿਚ ਬੁਲਾ ਕੇ ਕਿਹਾ ਗਿਆ ਕਿ ਭਿੰਡਰਾਂਵਾਲੇ ਦੀ ਵਧਦੀ ਲੋਕਪ੍ਰਿਯਤਾ ਨੂੰ ਰੋਕਣਾ ਜ਼ਰੂਰੀ ਹੈ। ਵੈਦਿਆ ਨੇ ਇਹ ਜ਼ਿੰਮੇਵਾਰੀ ਮੰਨ ਲਈ, ਪਰ ਮਿਲਟਰੀ ਆਪ੍ਰੇਸ਼ਨ ਡਾਇਰੈਕਟੋਰੇਟ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਕਿ ਇਹ ਸੰਵਿਧਾਨ ਦੀ ਉਲੰਘਣਾ ਹੋ ਸਕਦੀ ਹੈ। ਐਮ.ਓ. ਡਾਇਰੈਕਟੋਰੇਟ ਨੇ ਸੁਝਾਅ ਦਿੱਤਾ ਕਿ ਮਾਮਲਾ ਸੁਪਰੀਮ ਕੋਰਟ ਵਿਚ ਲਿਜਾਇਆ ਜਾਵੇ, ਪਰ ਜਦੋਂ ਵੈਦਿਆ ਨੇ ਇਹ ਗੱਲ ਇੰਦਰਾ ਗਾਂਧੀ ਨੂੰ ਦੱਸੀ, ਤਾਂ ਉਨ੍ਹਾਂ ਨੇ ਪੱਛਮੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੇ. ਸੁੰਦਰਜੀ ਨਾਲ ਸਿੱਧਾ ਸੰਪਰਕ ਕੀਤਾ। ਸੁੰਦਰਜੀ ਨੇ ਐਮ.ਓ. ਡਾਇਰੈਕਟੋਰੇਟ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ, "ਮੈਨੂੰ ਹੁਕਮ ਮਿਲ ਗਏ ਨੇ, ਮੈਂ ਇਹ ਕਰਾਂਗਾ।"
ਸਿੱਖ ਅਫਸਰ ਨੂੰ ਜਾਣਬੁੱਝ ਕੇ ਚੁਣਿਆ, ਸਾਕੇ ਦੀ ਜ਼ਿੰਮੇਵਾਰੀ ਸਿੱਖਾਂ 'ਤੇ ਪਾਈ
ਜਨਰਲ ਸ਼ਰਮਾ ਨੇ ਖੁਲਾਸਾ ਕੀਤਾ ਕਿ ਜਨਰਲ ਸੁੰਦਰਜੀ ਨੇ ਮੇਜਰ ਜਨਰਲ ਕੇ.ਐਸ. ਬਰਾੜ ਦੀ ਅਗਵਾਈ ਵਿਚ 9ਵੀਂ ਡਵੀਜ਼ਨ ਨੂੰ ਇਸ ਆਪ੍ਰੇਸ਼ਨ ਲਈ ਜਾਣਬੁੱਝ ਕੇ ਚੁਣਿਆ, ਤਾਂ ਜੋ ਸਾਕੇ ਦੀ ਜ਼ਮੀਨੀ ਕਾਰਵਾਈ ਵਿਚ ਸਿੱਖ ਅਫਸਰ ਮੋਹਰੀ ਹੋਵੇ। ਇਸ ਨਾਲ ਸਰਕਾਰ ਨੂੰ ਇਹ ਦਿਖਾਉਣ ਵਿਚ ਮਦਦ ਮਿਲੀ ਕਿ ਇਹ ਕਾਰਵਾਈ ਸਿੱਖਾਂ ਨੇ ਹੀ ਕੀਤੀ। ਜਨਰਲ ਸ਼ਰਮਾ ਨੇ ਦੱਸਿਆ ਕਿ ਉਸ ਵੇਲੇ ਡੀ.ਜੀ.ਐਮ.ਓ. ਲੈਫਟੀਨੈਂਟ ਜਨਰਲ ਸੀ.ਐਨ. ਸੋਮੰਨਾ ਅਤੇ ਦੂਜੇ ਏ.ਡੀ.ਜੀ.ਐਮ.ਓ. ਮੇਜਰ ਜਨਰਲ ਵੀ.ਕੇ. ਨਾਇਰ (ਦੋਵੇਂ ਹੁਣ ਸਵਰਗਵਾਸੀ) ਨੇ ਵੀ ਇਸ ਕਾਰਵਾਈ ਦਾ ਵਿਰੋਧ ਕੀਤਾ ਸੀ, ਪਰ ਸੁੰਦਰਜੀ ਦੀ ਜ਼ਿੱਦ ਅਤੇ ਸਿਆਸੀ ਦਬਾਅ ਕਾਰਨ ਸਾਕਾ ਨੀਲਾ ਤਾਰਾ ਹੋਇਆ, ਜਿਸ ਨੇ ਸਿੱਖ ਭਾਈਚਾਰੇ 'ਚ ਡੂੰਘੇ ਜ਼ਖਮ ਦਿਤੇ।। ਇਸ ਕਾਰਵਾਈ ਵਿਚ ਸੈਂਕੜੇ ਸਿੱਖ ਸ਼ਰਧਾਲੂਆਂ ਸਣੇ ਬਹੁਤ ਸਾਰੇ ਲੋਕ ਮਾਰੇ ਗਏ, ਅਤੇ ਸ੍ਰੀ ਦਰਬਾਰ ਸਾਹਿਬ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਨੁਕਸਾਨ ਪੁੱਜਾ। ਇਸ ਨੇ ਸਿੱਖ ਭਾਈਚਾਰੇ 'ਵਿਚ ਗਹਿਰਾ ਰੋਹ ਪੈਦਾ ਕੀਤਾ ਅਤੇ ਇਸ ਦੇ ਦੂਰਗਾਮੀ ਨਤੀਜੇ ਨਿਕਲੇ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਅਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਸ਼ਾਮਲ ਸਨ। ਜਨਰਲ ਸ਼ਰਮਾ ਦਾ ਖੁਲਾਸਾ ਦਰਸਾਉਂਦਾ ਹੈ ਕਿ ਇਹ ਕਾਰਵਾਈ ਸਿਆਸੀ ਮਜਬੂਰੀਆਂ ਅਤੇ ਕੁਝ ਅਫਸਰਾਂ ਦੀ ਜ਼ਿੱਦ ਕਾਰਨ ਹੋਈ, ਜਦਕਿ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਦਾ ਵਿਰੋਧ ਕੀਤਾ ਸੀ।











Comments (0)