ਫਲੋਰਿਡਾ ਵਿਚ ਜਬਰਜਨਾਹ ਤੇ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਲਾਇਆ ਫਾਹੇ

ਫਲੋਰਿਡਾ ਵਿਚ ਜਬਰਜਨਾਹ ਤੇ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਨੂੰ ਲਾਇਆ ਫਾਹੇ
ਕੈਪਸ਼ਨ ਥਾਮਸ ਲੀ ਗੁਡੀਨਸ

* ਜ਼ਹਿਰ ਦਾ ਟੀਕਾ ਲਾ ਕੇ ਦਿੱਤੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਥਾਮਸ ਲੀ ਗੁਡੀਨਸ ਨੂੰ ਹੱਤਿਆ ਤੇ ਜਬਰਜਨਾਹ ਦੇ ਮਾਮਲੇ ਵਿਚ ਫਲੋਰਿਡਾ ਦੀ ਜੇਲ ਵਿਚ ਫਾਹੇ ਲਾ ਦਿੱਤਾ ਗਿਆ। ਉਸ  ਨੂੰ ਜ਼ਹਿਰ ਦਾ ਟੀਕਾ ਲਾ ਕੇ ਮੌਤ ਦਿੱਤੀ ਗਈ। ਗੁਡੀਨਸ ਦੇ ਵਕੀਲਾਂ ਨੇ ਆਖਰੀ ਚਾਰਾਜੋਈ ਕਰਦਿਆਂ ਉਸ ਦੇ ਮਾਨਸਿਕ ਤੌਰ 'ਤੇ ਬਿਮਾਰ ਹੋਣ ਦੇ ਆਧਾਰ 'ਤੇ ਫਾਂਸੀ ਰੋਕਣ ਦੀ ਕੀਤੀ ਕੋਸ਼ਿਸ਼ ਨਾਕਾਮ ਰਹੀ। ਦੂਸਰੇ ਪਾਸੇ ਪੀੜਤ ਪਰਿਵਾਰ  ਨੇ 3 ਦਹਾਕੇ ਬਾਅਦ ਮਿਲੇ ਨਿਆਂ 'ਤੇ ਸਵਾਲ ਖੜੇ ਕੀਤੇ ਹਨ। 51ਸਾਲਾ ਗੁਡੀਨਸ ਨੂੰ 24 ਮਈ 1994 ਨੂੰ ਓਰੋਲੈਂਡੋ ਵਿਚ 27 ਸਾਲਾ ਸਾਬਕਾ ਕੁਈਨ ਮਿਸ਼ੈਲ ਮੈਕਰਥ  ਨਾਲ ਜਬਰਜਨਾਹ ਕਰਨ ਉਪਰੰਤ ਉਸ ਦੀ ਹੱਤਿਆ ਕਰ ਦੇਣ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਗਈ ਸੀ। ਗੁਡੀਨਸ 24 ਵਾਂ ਵਿਅਕਤੀ ਹੈ ਜਿਸ ਨੂੰ ਇਸ ਸਾਲ ਅਮਰੀਕਾ ਵਿਚ ਫਾਂਸੀ ਦਿੱਤੀ ਗਈ ਹੈ। ਫਲੋਰਿਡਾ ਵਿਚ ਗੁਡੀਨਸ ਸਮੇਤ ਇਸ ਸਾਲ 7 ਵਿਅਕਤੀਆਂ ਨੂੰ ਫਾਹੇ ਲਾਇਆ ਜਾ  ਚੁੱਕਾ ਹੈ। ਇਸ ਦੇ ਨਾਲ ਹੀ ਫਲੋਰਿਡਾ ਸਭ ਤੋਂ ਵਧ  ਲੋਕਾਂ ਨੂੰ ਫਾਹੇ ਲਾਉਣ ਵਾਲਾ ਰਾਜ ਬਣ ਗਿਆ ਹੈ। ਗੁਡੀਨਸ ਨੂੰ ਜ਼ਹਿਰ ਦਾ ਟੀਕਾ ਲਾਉਣ ਉਪਰੰਤ ਸ਼ਾਮ 6.13 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਦੇ ਆਖਰੀ ਖਾਣੇ ਵਿਚ ਪੀਜ਼ਾ, ਫਰਾਈਜ਼ ਤੇ ਸੋਡਾ ਸ਼ਾਮਿਲ ਸੀ। ਮੌਕੇ 'ਤੇ ਮੌਜੂਦ ਪੱਤਰਕਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਏਅਰ ਕੰਡੀਸ਼ਨ ਦੀ ਆਵਾਜ਼ ਕਾਰਨ ਉਹ ਗੁਡੀਨਸ ਦੇ  ਆਖਰੀ ਸ਼ਬਦ ਨਹੀਂ ਸੁਣ ਸਕੇ।