ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੀ ਭਰਤੀ  ਕੀਤੀ ਸ਼ੁਰੂ

ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੀ ਭਰਤੀ  ਕੀਤੀ ਸ਼ੁਰੂ

 ਅਕਾਲ ਤਖ਼ਤ ਸਾਹਿਬ 'ਤੇ  ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਕਰਕੇ ਕਰਵਾਈ  ਭਰਤੀ ਦੀ ਸ਼ੁਰੂਆਤ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਅਨੁਸਾਰ ਅਕਾਲੀ ਦਲ ਦੀ ਭਰਤੀ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਪੰਜ ਮੈਂਬਰੀ ਕਮੇਟੀ ਵੱਲੋਂ ਕਿਹਾ ਗਿਆ ਸੀ ਕਿ 18 ਮਾਰਚ ਨੂੰ ਸਵੇਰੇ ਉਹ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ  ਬੀਬੀ ਜਗੀਰ ਕੌਰ ਅਤੇ ਹੋਰ ਅਕਾਲੀ ਆਗੂਆਂ ਨੇ ਕਿਹਾ ਕਿ  ਇਹ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਏ ਹੁਕਮਨਾਮੇ ਅਨੁਸਾਰ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਅੱਜ ਦੀ ਇਸ ਭਰਤੀ ਮੁਹਿੰਮ ਵਿਚ ਸਾਰੇ ਅਕਾਲੀਆਂ ਨੂੰ ਇੱਕਜੁੱਟ ਹੋ ਕੇ ਨਵੀਂ ਭਰਤੀ ਕਰਨੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਪੂਰੇ ਪੰਜਾਬ ਵਿਚ ਲੋਕਾਂ ਦਾ ਬਹੁਤ ਸਾਰਾ ਉਤਸ਼ਾਹ ਹੈ ਅਤੇ ਇਸ ਭਰਤੀ ਨਾਲ 2027 ਵਿਚ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ।

ਇਸ ਦੌਰਾਨ  ਪੰਜ ਮੈਂਬਰੀ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਅਕਾਲੀ ਦਲ ਦੀ ਨਵੀਂ ਭਰਤੀ ਦਾ ਹੁਕਮ  ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਉਨ੍ਹਾਂ ਨੂੰ  ਮਿਲਿਆ ਸੀ ਅਤੇ ਹੁਣ ਉਨ੍ਹਾਂ ਵੱਲੋਂ  ਅਰਦਾਸ ਕਰਕੇ ਅਕਾਲੀ ਦਲ ਦੀ ਨਵੀਂ ਭਰਤੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੇ ਨਾਲ ਹੀ ਅਕਾਲੀ ਦਲ ਦੀ ਭਰਤੀ ਦੀ ਸ਼ੁਰੂਆਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਹਿਲੀ ਰਸੀਦ ਕਟਵਾ ਕੇ ਕੀਤੀ । ਉਨ੍ਹਾਂ ਕਿਹਾ ਕਿ ਇਸ ਭਰਤੀ ਲਈ ਸਾਨੂੰ ਪੰਥ ਤੇ ਸਿੱਖ ਸੰਗਠਨਾਂ ਦੇ ਸਮਰਥਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 5 ਮੈਂਬਰ ਕਮੇਟੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਕਰਨਗੇ ਤੇ ਇਹ ਮੈਂਬਰਸ਼ਿਪ ਮੈਂਬਰ ਦੇ ਆਧਾਰ ਕਾਰਡ ਰਿਕਾਰਡ ਦੇ ਨਾਲ ਸਾਫ਼-ਸੁਥਰੀ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸੰਗਠਨਾਂ ਦੇ ਹਰੇਕ ਮੈਂਬਰ ਨਾਲ ਮੁਲਾਕਾਤ ਕਰਾਂਗੇ ਅਤੇ ਇਹ ਭਰਤੀ 6 ਮਹੀਨਿਆਂ ਤੱਕ ਜਾਰੀ ਰਹੇਗੀ।

ਪੰਜ ਮੈਂਬਰੀ ਕਮੇਟੀ ਨੇ ਜਥੇਦਾਰ ਨੂੰ ਮਾਨਤਾ ਦਿੱਤੀ

 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਕਮੇਟੀ ਦੇ ਪੰਜ ਮੈਂਬਰ ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੈਦਪੁਰੀ, ਇਕਬਾਲ ਸਿੰਘ ਝੂੰਦਾ ਤੇ ਬੀਬੀ ਸਤਵੰਤ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਰਤੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਜਥੇਦਾਰ ਵੱਲੋਂ ਭੇਜੇ ਗਏ ਸੱਦੇ 'ਤੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ।  ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜ ਮੈਂਬਰੀ ਕਮੇਟੀ ਅੱਗੇ ਪੰਥਕ ਏਕਤਾ ਅਤੇ ਆਪਸ ਵਿਚ ਚੱਲ ਕੇ ਪੰਥ ਲਈ ਸੇਵਾਵਾਂ ਕਰਨ ਲਈ ਕਿਹਾ। ਜਦਕਿ ਭਰਤੀ ਮੁਹਿੰਮ ਦੀ ਅਰਦਾਸ ਕਰਨ ਉਪਰੰਤ ਹੀ ਪੰਜ ਮੈਂਬਰੀ ਕਮੇਟੀ ਨੂੰ ਜਥੇਦਾਰ ਨੇ ਚਾਹ 'ਤੇ ਚਰਚਾ ਲਈ ਸੱਦਾ ਭੇਜਿਆ।

ਜਥੇਦਾਰ ਮਿਲਣੀ ਤੋਂ ਬਾਅਦ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਜਥੇਦਾਰ ਵੱਲੋਂ ਪੰਥਕ ਏਕਤਾ ਦੀ ਗੱਲ ਕੀਤੀ ਗਈ ਹੈ ਜਿਸ ਦੇ ਅਸੀਂ ਵੀ ਹਾਮੀ ਹਾਂ ਪਾਰਟੀ ਵਿੱਚ ਡਿਕਟੇਟਰਸ਼ਿਪ ਨਹੀਂ ਹੋਣੀ ਚਾਹੀਦੀ , ਪੰਥ ਦੀ ਆਵਾਜ਼ ਅਤੇ ਸੰਸਥਾਵਾਂ ਆਜ਼ਾਦ ਹੋਣੀਆਂ ਚਾਹੀਦੀਆਂ ਹਨ। ਅਸੀਂ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਸਾਨੂੰ ਮੌਜੂਦਾ ਜਥੇਦਾਰ ਦਾ ਸੱਦਾ ਮਿਲਿਆ ਸੀ ਅਤੇ ਅਸੀਂ ਉਸ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਮੀਟਿੰਗ ਲਈ ਪਹੁੰਚੇ।

ਅਰਦਾਸ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਇਹ ਭਰਤੀ ਸ੍ਰੀ ਅਕਾਲ ਤਖਤ ਦੇ ਆਦੇਸ਼ ਅਨੁਸਾਰ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੇਠ ਹੋਣ ਵਾਲੀ ਭਰਤੀ ਵਾਸਤੇ ਮੈਂਬਰਾਂ ਕੋਲੋਂ ਕੋਈ ਫੀਸ ਨਹੀਂ ਲਈ ਜਾਵੇਗੀ। ਇਹ ਭਰਤੀ ਬਿਨਾਂ ਫੀਸ ਦੇ ਹੋਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਵੱਲੋਂ ਦਿੱਤੇ ਗਏ ਸਮੇਂ ਮੁਤਾਬਕ ਇਹ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। ਭਰਤੀ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਅਤੇ ਡੈਲੀਗੇਟ ਪ੍ਰਧਾਨ ਦੀ ਚੋਣ ਕਰਨਗੇ।

ਇਸ ਮੌਕੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਬਾਬਾ ਸਰਬਜੋਤ ਸਿੰਘ ਬੇਦੀ, ਪਰਮਿੰਦਰ ਸਿੰਘ ਢੀਡਸਾ, ਭਾਈ ਮਨਜੀਤ ਸਿੰਘ, ਬੀਬੀ ਕਿਰਨਜੋਤ ਕੌਰ, ਡਾਕਟਰ ਰਤਨ ਸਿੰਘ, ਅਜਨਾਲਾ ਕਰਨੈਲ ਸਿੰਘ ਪੰਜੋਲੀ, ਐਡਵੋਕੇਟ ਜਸਵਿੰਦਰ ਸਿੰਘ ਮੌਜੂਦ ਸਨ।

ਜ਼ਿਕਰਯੋਗ ਹੈ ਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਾਅਵੇ ਅਨੁਸਾਰ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਚੋਣ ਅਫਸਰ ਗੁਲਜ਼ਾਰ ਸਿੰਘ ਰਣੀਕੇ ਦੀ ਅਗਵਾਈ ਹੇਠ 20 ਜਨਵਰੀ ਤੋਂ 28 ਫਰਵਰੀ 2025 ਤੱਕ 25 ਲੱਖ ਤੋਂ ਵੱਧ ਮੈਂਬਰ ਭਰਤੀ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਦੂਜੇ ਪਾਸੇ  ਅਕਾਲੀ ਦਲ ਦੇ ਮੈਂਬਰਾਂ ਦੀ ਭਰਤੀ ਸ਼ੁਰੂ ਕਰਨ ਨਾਲ ਸਿੱਖ ਦੁਚਿੱਤੀ ਵਿਚ ਪੈ ਜਾਣਗੇ, ਜਿਸ ਨਾਲ ਅਕਾਲੀ ਦਲ ਵਿਚ ਇਕ ਵਾਰ ਫਿਰ ਆਪਸੀ ਵਿਵਾਦ ਹੋਰ ਡੂੰਘਾ ਹੋ ਜਾਵੇਗਾ।

ਦੱਸਣ ਯੋਗ ਹੈ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਹੋਰਨਾਂ ਵੱਲੋਂ ਇਸ ਭਰਤੀ ’ਤੇ ਇਤਰਾਜ਼ ਕੀਤਾ ਜਾ ਚੁੱਕਾ ਹੈ।

 ਬਾਦਲ ਦਲ ਵਲੋਂ ਭਰਤੀ ਦਾ ਵਿਰੋਧ

 ਸ਼ੋ੍ਮਣੀ ਅਕਾਲੀ ਦਲ ਸੰਸਦੀ ਬੋਰਡ ਅਤੇ ਭਰਤੀ ਕਮੇਟੀ ਅਬਜ਼ਰਬਰਾਂ ਦੀ ਅਹਿਮ ਮੀਟਿੰਗ ਬੀਤੇ ਦਿਨੀਂ ਪਾਰਟੀ ਮੁੱਖ ਦਫ਼ਤਰ ਵਿਖੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੰਦੇਸ਼ ਨੂੰ ਮੁੱਖ ਰੱਖਦਿਆਂ ਪਾਰਟੀ ਤੋਂ ਨਾਰਾਜ਼ ਆਗੂਆਂ ਨੂੰ ਪਾਰਟੀ ਵਿਚ ਮੁੜ ਸ਼ਾਮਿਲ ਹੋ ਕੇ ਇਕਜੁੱਟ ਹੋਣ ਦਾ ਸੱਦਾ ਦਿੱਤਾ । ਮੀਟਿੰਗ ਉਪਰੰਤ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਭਰਤੀ ਕਮੇਟੀ ਸਮੇਤ ਸਾਰੇ ਮੈਂਬਰਾਂ ਨੂੰ ਅਪੀਲ ਕਰਦੇ ਹਨ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤੇ ਪੰਥਕ ਤਾਕਤਾਂ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਮਤਭੇਦ ਭੁਲਾ ਕੇ ਪੰਥ ਦੀ ਏਕਤਾ ਵਾਸਤੇ ਕੰਮ ਕਰਨ ।ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਲੇ ਮਹੱਲੇ 'ਤੇ ਦਿੱਤੇ ਗਏ ਸੰਦੇਸ਼ ਦੀ ਗੱਲ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਸੱਚਾਈ ਹੈ ਕਿ ਸਿੱਖ ਇਤਿਹਾਸ ਵਿਚ ਅਜਿਹੇ ਅਨੇਕਾਂ ਹਵਾਲੇ ਹਨ ਕਿ ਜਦੋਂ ਕੌਮ ਇਕਜੁੱਟ ਹੋਈ ਤਾਂ ਇਸ ਨੂੰ ਅਨੇਕਾਂ ਲਾਭ ਹੋਏ ਤੇ ਸਾਨੂੰ ਇਤਿਹਾਸਕ ਤੱਥਾਂ ਤੋਂ ਸੇਧ ਲੈਣੀ ਚਾਹੀਦੀ ਹੈ ।ਉਨ੍ਹਾਂ ਦੱਸਿਆ ਕਿ ਸੰਸਦੀ ਬੋਰਡ ਤੇ ਜ਼ਿਲ੍ਹਾ ਅਬਜ਼ਰਵਰਾਂ ਨੇ ਭਰਤੀ ਮੁਹਿੰਮ ਦੀ ਸਮੀਖਿਆ ਕੀਤੀ ਅਤੇ ਮੈਂਬਰਸ਼ਿਪ ਭਰਤੀ ਫਾਰਮ ਜਮ੍ਹਾਂ ਕਰਵਾਉਣ ਦੀ ਤਰੀਕ 25 ਮਾਰਚ ਤੱਕ ਵਧਾ ਦਿੱਤੀ ਗਈ ਹੈ ।   ਡਾਕਟਰ ਦਲਜੀਤ ਚੀਮਾ ਨੇ  ਮਨਪ੍ਰੀਤ ਸਿੰਘ ਇਆਲੀ ਵੱਲੋਂ ਸਾਂਝਾ ਕੀਤਾ ਭਰਤੀ ਦਾ ਫਾਰਮ ਦਿਖਾਉਂਦਿਆਂ ਉਹਨਾਂ ਕਿਹਾ ਕੇ ਇਹ ਫਾਰਮ ਤੇ ਲੀਡਰ ਐਲਾਨ ਕਰ ਰਹੇ ਨੇ ਕੇ ਸ੍ਰੋਮਣੀ ਅਕਾਲੀ ਦਲ ਦੀ ਭਰਤੀ ਹੋ ਰਹੀ ਹੈ ਪਰ ਫਾਰਮ ਤੇ ਸ਼੍ਰੋਮਣੀ ਅਕਾਲੀ ਦਲ ਪੂਰਾ ਸ਼ਬਦ ਹੀ ਨਹੀਂ ਹੈ. ਮੈਂਬਰਸ਼ਿਪ ਅਕਾਲੀ ਦਲ ਲਿਖਿਆ ਹੋਇਆ ਹੈ ਅਤੇ ਇਹ ਪਾਰਟੀ ਕਦੋਂ ਬਣੀ, ਕਦੋਂ ਰਜਿਸਟਰ ਹੋਈ, ਕਿੱਥੇ ਬਣੀ, ਕਦੋਂ ਇਸਦਾ ਵਿਧਾਨ ਪਾਸ ਕੀਤਾ ਗਿਆ ਇਹ ਦੱਸੋ?

ਫਾਰਮ ਤੇ ਦਫਤਰ ਦਾ ਪਤਾ ਤੇ ਨੰਬਰ ਨਹੀਂ ਹੈ, ਲੋਕਾਂ ਤੋਂ ਆਧਾਰ ਕਾਰਡ ਸਮੇਤ ਸਾਰੀ ਜਾਣਕਾਰੀ ਮੰਗਦੇ ਨੇ ਪਰ ਆਪ ਕੁਝ ਨਹੀਂ ਦੱਸਿਆ, ਨਾ ਪਾਰਟੀ ਦਾ ਦਫਤਰ ਦਾ ਪਤਾ ਤੇ ਨਾ ਹੀ ਕੋਈ ਨੰਬਰ । ਉਹਨਾਂ ਪੁੱਛਿਆ ਕਿ ਜਿਹੜਾ ਪੈਸੇ ਇਕੱਠਾ ਕਰਨਾ ਹੈ ਉਹ ਕਿਸ ਖਾਤੇ ਵਿਚ ਜਾਵੇਗਾ? ਉਹਨਾਂ ਕਿਹਾ ਕੇ ਪਰਚੀ ਥੱਲੇ ਲਿਖ ਦਿੱਤਾ ਕਿ 5 ਮੈਂਬਰੀ ਭਰਤੀ ਕਮੇਟੀ, ਇਹ ਕਿਸ ਨੇ ਬਣਾਈ ਹੈ, ਇਹ ਵੀ ਦੱਸੋ?ਉਹਨਾਂ ਕਿਹਾ ਕੇ ਤੁਹਾਡੇ ਇਸੇ ਵਤੀਰੇ ਕਰਕੇ 2 ਟਾਪ ਦੇ ਮੈਂਬਰ 7 ਮੈਂਬਰੀ ਕਮੇਟੀ ਛੱਡ ਗਏ. ਉਹਨਾਂ ਕਿਹਾ ਕਿ ਅਸੀਂ ਇਕੱਠੇ ਹੋ ਕੇ ਅਕਾਲ ਤਖ਼ਤ ਸਾਹਿਬ ਸਾਰੇ ਸਬੂਤ ਅਤੇ ਦਸਤਾਵੇਜ ਲੈਕੇ ਗਏ ਸੀ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਪ੍ਰਵਾਨ ਕਰ ਲਿਆ ਪਰ ਬੇਨਤੀ ਹੈ ਕੇ ਦੇਸ਼ ਦੇ ਕਾਨੂੰਨ ਕਰਕੇ ਸਾਡੀ ਮਾਨਤਾ ਰੱਦ ਹੋ ਸਕਦੀ ਹੈ।

ਉਹਨਾਂ ਕਿਹਾ ਕੇ ਫੇਰ ਸਿੰਘ ਸਾਬ ਨੇ ਸਾਡੀ ਗੱਲ ਸਮਝ ਕੇ ਕਿਹਾ ਸੀ ਕਿ ਵਰਕਿੰਗ ਕਮੇਟੀ ਭਰਤੀ ਵਾਲਾ ਇਹ ਕੰਮ ਕਰ ਲਵੇ। ਉਹਨਾਂ ਇਯਾਲੀ ਧੜ੍ਹੇ ਨੂੰ ਕਿਹਾ ਕਿ ਅਸੀਂ ਅਕਾਲ ਤਖ਼ਤ ਤੋਂ ਨਹੀਂ ਭੱਜੇ ਸਗੋਂ ਇਹ ਤਾਂ ਜੰਮਣ ਤੋਂ ਪਹਿਲਾਂ ਹੀ ਭੱਜ ਗਏ। ਉਹਨਾਂ ਇਸ ਪਿੱਛੇ ਦਿੱਲੀ ਦੀਆਂ ਸ਼ਕਤੀਆਂ ਦੀ ਸ਼ਮੂਲੀਅਤ ਦੀ ਗੱਲ ਵੀ ਕੀਤੀ। ਅਖੀਰ ਵਿਚ ਉਹਨਾਂ ਕਿਹਾ ਕਿ ਤੁਸੀਂ ਇਹ ਤਰਾਂ ਦੀ ਜਾਅਲਸਾਜ਼ੀ ਅਤੇ 2 ਨੰਬਰ ਦਾ ਕੰਮ ਦਰਬਾਰ ਸਾਹਿਬ ਤੋਂ ਦੂਰ ਜਾ ਕੇ ਕਰੋ, ਕਿਰਪਾ ਕਰਕੇ ਇਸ ਧਰਤੀ ਤੇ ਇਹ ਸਭ ਨਾ ਕਰੋ।