ਮਸ਼ਹੂਰ ਗਾਇਕ, ਅਦਾਕਾਰ ਸਵਰਗਵਾਸੀ ਨੂਰਜਹਾਂ
ਨੂਰਜਹਾਂ ਦਾ ਜਨਮ 21 ਸਤੰਬਰ 1926 ਨੂੰ ਅੰਮੀ ਜਾਨ ਫ਼ਤਹਿ ਬੀਬੀ ਦੀ ਕੁੱਖੋਂ ਤੇ ਅੱਬਾ ਜਾਨ ਮਦਦ ਅਲੀ ਦੇ ਘਰ ਕਸੂਰ ਸ਼ਹਿਰ (ਪਾਕਿਸਤਾਨ) ਵਿਖੇ ਹੋਇਆ।

ਉਨ੍ਹਾਂ ਦਾ ਬਚਪਨ ਦਾ ਨਾਂ ਅੱਲਾਵਸਾਈ ਸੀ। ਉਹ ਛੇ ਕੁ ਸਾਲ ਦੀ ਉਮਰ ’ਚ ਹੀ ਸਟੇਜਾਂ ’ਤੇ ਗਾਉਣ ਲੱਗ ਗਈ ਸੀ। ਉਸ ਨੇ ਉਸਤਾਦ ਫ਼ਜ਼ਲਦੀਨ ਤੇ ਉਸਤਾਦ ਗੁਲਾਮ ਮੁਹੰਮਦ ਕਸੂਰੀ ਕੋਲੋਂ ਗਾਇਕੀ ਦੀ ਤਾਲੀਮ ਹਾਸਿਲ ਕੀਤੀ। 10 ਕੁ ਸਾਲ ਦੀ ਉਮਰ ਵਿਚ ਸਾਲ 1935 ਵਿੱਚ ‘ਮਿਸਰ ਕਾ ਸਿਤਾਰਾ’ ਫਿਲਮ ਵਿਚ ਉਸ ਨੇ ਪਹਿਲੀ ਵਾਰ ਕੰਮ ਕੀਤਾ। ਉਸ ਸਮੇਂ ਪਰਿਵਾਰ ਕਲਕੱਤੇ ਰਹਿੰਦਾ ਸੀ। ਬਾਅਦ ’ਚ ਸਾਰਾ ਪਰਿਵਾਰ ਲਾਹੌਰ ਆ ਗਿਆ। ਬਾਲ ਵਰੇਸ ਵਿਚ ਥੀਏਟਰ ਨਾਲ ਜੁੜੀ ਨੂਰਜਹਾਂ ਦੀ ਆਵਾਜ਼ ਵੀ ਲੋਕਮਨਾਂ ਨੂੰ ਭਾਉਂਦੀ ਗਈ। ਇਸ ਤਰ੍ਹਾਂ ਸਟੇਜਾਂ ਕਰਦਿਆਂ ਪਤਾ ਹੀ ਨਾ ਲੱਗਿਆ ਕਿ ਉਹ ਕਦੋਂ ਫਿਲਮੀ ਦੁਨੀਆ ਵਿਚ ਪ੍ਰਵੇਸ਼ ਕਰ ਗਈ ਤੇ ਸਾਰਿਆਂ ਦੀ ਹਰਮਨ ਪਿਆਰੀ ਹੋ ਗਈ।
ਸ਼ੌਕਤ ਹੁਸੈਨ ਰਿਜ਼ਵੀ ਨਾਲ ਮੇਲ
ਜਦੋਂ ਨੂਰਜਹਾਂ ਨੇ ਫਿਲਮ ‘ਖ਼ਾਨਦਾਨ’ ’ਚ ਕੰਮ ਕੀਤਾ ਤਾਂ ਉੱਥੇ ਉਸ ਦਾ ਮੇਲ ਸ਼ੌਕਤ ਹੁਸੈਨ ਰਿਜ਼ਵੀ ਨਾਲ ਹੋਇਆ। ਉਸ ਦੀ ਨਿਰਦੇਸ਼ਨਾ ’ਚ ਨੂਰਜਹਾਂ ਨੇ ਕਈ ਫਿਲਮਾਂ ਵਿਚ ਕੰਮ ਕੀਤਾ ਤੇ ਇਕੱਠਿਆਂ ਫਿਲਮਾਂ ਵਿਚ ਕੰਮ ਕਰਦਿਆਂ ਦੋਵਾਂ ਨੇ ਵਿਆਹ ਕਰਨਾ ਲਿਆ। ਵਿਆਹ ਮਗਰੋਂ ਨੂਰਜਹਾਂ ਦੀ ਰਿਹਾਇਸ਼ ਵੀ ਮੁੰਬਈ ਹੋ ਗਈ। ਇਸ ਤਰ੍ਹਾਂ ਲੰਬਾ ਅਰਸਾ (ਤਕਰੀਬਨ 50 ਸਾਲ) ਫਿਲਮਾਂ ’ਚ ਅਦਾਕਾਰੀ ਕੀਤੀ ਤੇ ਗੀਤਾਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਹੈ।
ਕਈ ਫਿਲਮਾਂ ਵਿਚ ਕੀਤਾ ਕੰਮ
ਉਸ ਨੇ ਹੀਰ ਸਿਆਲ, ਗੁਲਾਬ ਕਲੀ, ਜੁਗਨੂੰ, ਨੌਕਰ, ਦੋਸਤ, ਅਨਮੋਲ ਘੜੀ, ਦਿਲ ਹਮਜੋਲੀ, ਮਿਰਜ਼ਾ-ਸਾਹਿਬਾ, ਦੁਪੱਟਾ, ਗੁਲਜ਼ਾਰ, ਲਖਤੇ ਜਿਗਰ, ਗਾਲਿਬ, ਅਨਾਰਕਲੀ, ਪ੍ਰਦੇਸਣ, ਇੰਤਜ਼ਾਰ, ਸ਼ੀਲਾ ਉਰਫ਼ ਪਿੰਡ ਦੀ ਕੁੜੀ, ਗੁਲ ਬਕਾਉਲੀ, ਜ਼ੀਨਤ, ਚੰਨ ਵੇ, ਇੰਤਜ਼ਾਰ, ਪਾਟੇ ਖਾਂ, ਮਲੰਗੀ, ਦਿਲਾਂ ਦੇ ਸੌਦੇ, ਚੌਧਰੀ, ਯਮਲਾ ਜੱਟ, ਗਾਓਂ ਕੀ ਗੋਰੀ, ਲਾਲ ਹਵੇਲੀ, ਬੜੀ ਮਾਂ ਆਦਿ ਫ਼ਿਲਮਾਂ ਵਿਚ ਕੰਮ ਕੀਤਾ।
ਹਿੱਟ ਗੀਤ
ਉਸ ਦੇ ਹਿੱਟ ਗੀਤ ਸ਼ਾਵਾ ਜਵਾਨੀਆਂ ਮਾਣੇ, ਲੰਘ ਆ’ਜਾ ਪੱਤਣ ਝਨਾਂ ਦਾ ਓ ਯਾਰ, ਆਹੇ ਨਾ ਭਰੀ ਸ਼ਿਕਵੇ ਨਾ ਕੀਏ, ਬੁਲਬਲੋ ਮਤ ਰੋ ਯਹਾਂ ਮੇਰੇ ਬਚਪਨ ਦੇ ਸਾਥੀ ਮੁਝੇ ਭੂਲ ਨਾ ਜਾਣਾ, ਚੰਨ ਦਿਆ ਟੋਟਿਆ, ਮੋੜ ਲੈ ਮੂਹਰਾਂ ਚੰਨਾ, ਤੇਰੇ ਮੁੱਖੜੇ ’ਤੇ ਕਾਲਾ-ਕਾਲਾ ਤਿਲ ਵੇ, ’ਕੱਲੀ-’ਕੱਲੀ ਜਾਨ ਦੁੱਖ ਲੱਖ ਤੇ ਕਰੋੜ ਵੇ, ਮਾਹੀ ਵੇ ਸਾਨੂੰ ਭੁੱਲ ਨਾ ਜਾਵੀਂ, ਸੁਣ ਵੇ ਬਲੌਰੀ ਅੱਖ ਵਾਲਿਆਂ, ਲਾਲ ਮੇਰੀ ਪੱਤ ਰੱਖਿਓ, ਮਾਹੀ ਆਵੇਗਾ, ਵੇ ਸੋਨੇ ਦਿਆ ਕੰਗਣਾ ਆਦਿ ਅੱਜ ਵੀ ਸਰੋਤਿਆਂ ਦੀ ਜ਼ੁਬਾਨ ’ਤੇ ਹਨ।
ਏਜਾਜ਼ ਹੁਸੈਨ ਦੁਰਾਨੀ ਨਾਲ ਨਿਕਾਹ
ਨੂਰਜਹਾਂ ਨੂੰ ਵੱਡੇ ਸੰਗੀਤਕਾਰਾਂ, ਨਿਰਦੇਸ਼ਕਾਂ ਸੱਜਾਦ ਹੁਸੈਨ, ਗ਼ੁਲਾਮ ਹੈਦਰ, ਕੇ. ਦੱਤਾ, ਨੌਸ਼ਾਦ, ਫਿਰੋਜ਼ ਨਿਜ਼ਾਮੀ, ਸ਼ਾਮ ਸੁੰਦਰ, ਪੰਡਤ ਅਮਰਨਾਥ, ਮੀਰ ਸਾਹਿਬ, ਹਫ਼ੀਜ਼ ਖ਼ਾਨ ਆਦਿ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਸ ਦਾ ਸ਼ੌਕਤ ਹੁਸੈਨ ਰਿਜ਼ਵੀ ਨਾਲ ਕਿਸੇ ਗੱਲੋਂ ਸਾਲ 1959 ਵਿਚ ਤਲਾਕ ਹੋ ਗਿਆ। ਫਿਰ ਉਸ ਨੇ ਆਪਣੇ ਤੋਂ ਕਈ ਸਾਲ ਛੋਟੇ ਅਦਾਕਾਰ ਏਜਾਜ਼ ਹੁਸੈਨ ਦੁਰਾਨੀ ਨਾਲ ਨਿਕਾਹ ਕਰ ਲਿਆ।
ਕੁਝ ਸਾਲ ਵਧੀਆ ਲੰਘੇ ਤੇ ਅਖ਼ੀਰ ਉਸ ਨੂੰ ਦਿਲ ਦੀ ਬਿਮਾਰੀ ਨੇ ਘੇਰ ਲਿਆ। ਉਸ ਨੇ ਲਗਭਗ 45 ਫਿਲਮਾਂ ’ਚ ਕੰਮ ਕੀਤਾ ਤੇ ਤਕਰੀਬਨ 6 ਹਜ਼ਾਰ ਗੀਤ ਉਸ ਨੇ ਗਾਏ।
ਲੰਬੇ ਸਮੇਂ ਤਕ ਦਿਲ ਦੀ ਬਿਮਾਰੀ ਨਾਲ ਜੂਝਦਿਆਂ 74 ਸਾਲ ਦੀ ਉਮਰ ’ਚ 23 ਦਸੰਬਰ 2000 ਨੂੰ ਉਸ ਨੇ ਕਰਾਚੀ ਸ਼ਹਿਰ (ਪਾਕਿਸਤਾਨ) ਵਿਖੇ ਆਖ਼ਰੀ ਸਾਹ ਲਏ।
ਦਰਸ਼ਨ ਸਿੰਘ ਪ੍ਰੀਤੀਮਾਨ












Comments (0)