ਜਥੇਦਾਰ ਹਰਪ੍ਰੀਤ ਸਿੰਘ ਦੀ ਬਰਖਾਸਤੀ ਤੋਂ ਬਾਅਦ ਵੀ ਬਾਦਲ ਦਲ ਲਈ ਚੁਣੌਤੀਆਂ ਅਜੇ ਵੀ ਕਾਇਮ

ਜਥੇਦਾਰ ਹਰਪ੍ਰੀਤ ਸਿੰਘ ਦੀ ਬਰਖਾਸਤੀ ਤੋਂ ਬਾਅਦ ਵੀ ਬਾਦਲ ਦਲ ਲਈ ਚੁਣੌਤੀਆਂ ਅਜੇ ਵੀ ਕਾਇਮ

*ਬਾਦਲ ਦਲ ਦੀ ਹਾਈਕਮਾਂਡ ਬਾਗੀਆਂ ਤੇ ਵਿਰੋਧੀਆਂ ਨਾਲ ਟਕਰਾਅ ਦੇ ਮੂਡ ਵਿਚ

*ਪਰਮਜੀਤ ਸਿੰਘ ਸਰਨਾ ਨੇ ਬਾਦਲ ਦਲ ਦੀ ਧਾਰਮਿਕ ਕਮਾਂਡ ਸੰਭਾਲੀ ,ਗਿਆਨੀ ਹਰਪ੍ਰੀਤ ਸਿੰਘ ਨਿਸ਼ਾਨੇ ਉਪਰ

*ਸਿਆਸੀ ਦਬਾਅ ਹੇਠ ਕੀਤਾ ਫ਼ੈਸਲਾ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਜਲੰਧਰ: ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤੇ ਜਾਣ 'ਤੇ ਸਿੱਖ ਭਾਈਚਾਰੇ ਦੀ ਪ੍ਰਤੀਕਿਰਿਆ ਦਰਸਾਉਂਦੀ ਹੈ ਕਿ ਧਾਰਨਾ ਦੀ ਲੜਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਅਜੇ ਵੀ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਲਈ ਸਵਾਲ ਤੇ ਚੁਣੌਤੀਆਂ ਖੜੀਆਂ ਹੋ ਗਈਆਂ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਨੂੰ ਸਿੱਖ ਹਲਕਿਆਂ ਵੱਲੋਂ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਤੌਰ 'ਤੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਜੋਸ਼ੀਲੇ ਸਮਰਥਕ ਬਰਖਾਸਤਗੀ ਬਾਰੇ ਨੈਰੇਟਿਵ ਘੜ ਰਹੇ ਹਨ ਕਿ ਜੇ ਸ੍ਰੋਮਣੀ ਕਮੇਟੀ ਸਿੰਘ ਸਾਹਿਬਾਨ ਦੀ ਨਿਯੁਕਤੀ ਕਰਦੀ ਹੈ ਤਾਂ ਹਟਾਉਣ ਦਾ ਹੱਕ ਵੀ ਸ੍ਰੋਮਣੀ ਕਮੇਟੀ ਕੋਲ ਹੈ।

ਜਥੇਦਾਰ ਤੇ ਸਿੰਘ ਸਾਹਿਬਾਨ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਹੁੰਦੇ ਹਨ। ਇਸ ਲਈ ਜਥੇਦਾਰ ਤੇ ਸਿੰਘ ਸਾਹਿਬਾਨ ਸਬੰਧੀ ਮਾਮਲੇ ਦੀ ਜਾਂਚ ਅਤੇ ਕਾਰਵਾਈ ਕਰਨ ਦੇ ਅਧਿਕਾਰ ਵੀ ਪ੍ਰਬੰਧਕ ਕਮੇਟੀਆਂ ਪਾਸ ਹੀ ਹੁੰਦੇ ਹਨ। ਦਸੰਬਰ 2024 ਨੂੰ ਗਿਆਨੀ ਗੁਰਮੁੱਖ ਸਿੰਘ ਦੀ ਅੰਮ੍ਰਿਤਸਰ ਤੋਂ ਬਾਹਰ ਬਦਲੀ ਕਰਨ ਲਈ ਵੀ ਸ਼੍ਰੋਮਣੀ ਕਮੇਟੀ ਨੂੰ ਪੰਜ ਸਿੰਘ ਸਾਹਿਬਾਨ ਨੇ ਆਦੇਸ਼ ਦਿੱਤਾ ਸੀ। ਬਾਦਲ ਪਖੀ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਇਸਤਰਾਂ ਦੇ ਬਹੁਤ ਸਾਰੇ ਹਵਾਲੇ ਮਿਲਦੇ ਹਨ ਕਿ ਸਰਵਿਸ ਰੂਲ ਮੁਤਾਬਿਕ ਜਥੇਦਾਰ ਜਾਂ ਸਿੰਘ ਸਾਹਿਬਾਨ ਦੀ ਜਾਂਚ ਜਾਂ ਕਾਰਵਾਈ ਦੇ ਅਧਿਕਾਰ ਪ੍ਰਬੰਧਕ ਕਮੇਟੀਆਂ ਪਾਸ ਹੀ ਹਨ। ਜਥੇਦਾਰ ਪ੍ਰਬੰਧਕ ਕਮੇਟੀ ਨੂੰ ਜਾਂਚ ਕਰਵਾਉਂਣ ਦੇ ਆਦੇਸ਼ ਦੇ ਸਕਦੇ ਹਨ, ਪਰ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਕਰਵਾਈ ਗਈ ਜਾਂਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾਂ ਹੀ ਮਾਨਤਾ ਮਿਲਦੀ ਰਹੀ ਹੈ

ਆਈ ਪੀ ਸਿੰਘ ਨੇ ਟਾਈਮਜ ਆਫ ਇੰਡੀਆ ਵਿਚ ਲਿਖਿਆ ਹੈ ਕਿ 2 ਦਸੰਬਰ ਦੇ ਐਲਾਨ ਤੋਂ ਬਾਅਦ, ਜਿਸਦੀ ਉਮੀਦ ਕੀਤੀ ਗਈ ਸੀ ਕਿ ਸਾਰੇ ਅਕਾਲੀ ਧੜੇ ਇਕਠੇ ਹੋ ਜਾਣਗੇ ,ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਖਾਰਜ ਕਰਨ ਬਾਅਦ ਸਿੱਖ ਰਾਜਨੀਤੀ ਵਿੱਚ ਕੁੜੱਤਣ ਵਧ ਗਈ ਹੈ। ਇਸ ਸਭ ਦੇ ਬਾਵਜੂਦ, ਬਾਦਲ ਅਕਾਲੀ ਲੀਡਰਸ਼ਿਪ ਬੇਪਰਵਾਹ ਹੈ ਅਤੇ ਆਪਣੀ ਮੈਂਬਰਸ਼ਿਪ ਮੁਹਿੰਮ ਜਾਰੀ ਰਖ ਰਹੀ ਹੈ। ਸਾਬਕਾ ਅਕਾਲੀ ਸੁਧਾਰ ਲਹਿਰ ਦੇ ਆਗੂ, ਜਿਨ੍ਹਾਂ ਵਿੱਚ ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ ਅਤੇ ਹੋਰ ਸ਼ਾਮਲ ਹਨ, ਪਹਿਲਾਂ ਹੀ ਇੱਕ ਸਾਂਝਾ ਬਿਆਨ ਜਾਰੀ ਕਰਕੇ ਬਰਖਾਸਤਗੀ ਦੀ ਆਲੋਚਨਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਦੀ ਕਾਰਵਾਈ "ਇੱਕ ਵਿਅਕਤੀ ਅਤੇ ਇੱਕ ਪਰਿਵਾਰ ਦੇ ਹੰਕਾਰ" ਅੱਗੇ ਝੁਕਣ ਦੇ ਬਰਾਬਰ ਹੈ।

 

ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਮੈਦਾਨ ਵਿੱਚ ਆਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਨੇ ਸਿੱਖ ਪਰੰਪਰਾਵਾਂ ਨੂੰ ਦਾਅ 'ਤੇ ਲਗਾ ਦਿੱਤਾ, ਜਿਸ ਨਾਲ ਭਾਈਚਾਰੇ ਵਿੱਚ ਵੱਡੀ ਨਿਰਾਸ਼ਾ ਹੋਈ। ਬਾਗੀ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਦਾ ਕਹਿਣਾ ਹੈ ਕਿ ਬਾਦਲ ਦਲ ਦੀ ਹਾਈਕਮਾਂਡ ਪੰਥਕ ਮਾਮਲਿਆਂ ਨੂੰ ਕੰਟਰੋਲ ਕਰਨ ਵਾਲੇ ਤਖ਼ਤ ਜਥੇਦਾਰਾਂ ਨੂੰ ਆਪਣੀ ਪਸੰਦ ਦੇ ਫੈਸਲੇ ਲੈਣ ਲਈ ਮਜਬੂਰ ਕਰ ਰਹੇ ਸਨ ਅਤੇ ਉਨ੍ਹਾਂ ਨੇ ਅਕਾਲ ਤਖ਼ਤ ਦੀ ਮਰਿਆਦਾ ਦੀ ਪਾਲਣਾ ਕਰਨ ਵਾਲੇ ਜਥੇਦਾਰਾਂ ਨਾਲ ਗਲਤ ਤੇ ਸਿਖ ਪਰੰਪਰਾਵਾਂ ਵਿਰੋਧੀ ਵਿਵਹਾਰ ਕੀਤਾ। ਉਨ੍ਹਾਂ ਵੱਖ-ਵੱਖ ਪੰਥਕ ਸ਼ਖਸੀਅਤਾਂ ਅਤੇ ਪੰਥਕ ਜਥੇਬੰਦੀਆਂ ਨੂੰ ਇਕਮੁਠ ਹੋਣ ਦਾ ਸੱਦਾ ਵੀ ਦਿੱਤਾ।

ਐੱਸਜੀਪੀਸੀ ਦਾ ਫੇਸਬੁੱਕ ਪੇਜ, ਗਿਆਨੀ ਹਰਪ੍ਰੀਤ ਦੀ ਬਰਖਾਸਤਗੀ ਦੀ ਜਾਣਕਾਰੀ ਸਾਂਝੀ ਕਰ ਰਿਹਾ ਸੀ, ਆਲੋਚਨਾਤਮਕ ਟਿੱਪਣੀਆਂ ਨਾਲ ਭਰ ਗਿਆ ਸੀ, ਹਾਲਾਂਕਿ ਕੁਝ ਲੋਕਾਂ ਨੇ ਸ੍ਰੋਮਣੀ ਕਮੇਟੀ ਦਾ ਸਮਰਥਨ ਕੀਤਾ। ਜਿਨ੍ਹਾਂ ਨੇ ਸ਼ੋਸ਼ਲ ਮੀਡੀਆ ਉਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਰਖਾਸਤਗੀ ਦੇ ਫੈਸਲੇ ਦਾ ਸਮਰਥਨ ਕੀਤਾ ਹੈ ,ਉਹ ਗਿਆਨੀ ਹਰਪ੍ਰੀਤ 'ਤੇ ਹਮਲਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਡਿਊਟੀ ਅਕਾਲੀ ਦਲ ਨੂੰ ਖਤਮ ਕਰਨ ਉਪਰ ਲਗਾਈ ਹੈ। 

ਇਸ ਸਮੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ, ਜੋ ਕਿ ਯੂਕੇ ਦੌਰੇ 'ਤੇ ਹਨ, ਲਈ ਸਵਾਲ ਵੀ ਵਧ ਰਹੇ ਹਨ ਕਿਉਂਕਿ ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਗਿਆਨੀ ਹਰਪ੍ਰੀਤ ਵਿਰੁੱਧ ਅਜਿਹੀ ਜਾਂਚ ਕਰਨਾ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ ਅਤੇ ਕਿਸੇ ਜਥੇਦਾਰ ਵਿਰੁੱਧ ਕੋਈ ਵੀ ਸ਼ਿਕਾਇਤ ਅਕਾਲ ਤਖ਼ਤ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ। ਜਥੇਦਾਰ ਰਘਬੀਰ ਸਿੰਘ ਨੇ 6 ਜਨਵਰੀ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਦੋਸ਼ਾ ਕਰਾਰ ਦਿੰਦੇ ਜਾਂਚ ਸਬ ਕਮੇਟੀ ਨੂੰ ਰੱਦ ਕੀਤਾ ਸੀ। ਸੂਤਰਾਂ ਮੁਤਾਬਕ ਜਥੇਦਾਰ ਰਘਬੀਰ ਸਿੰਘ ਨੇ ਆਪਣੀ ਵਿਦੇਸ਼ ਯਾਤਰਾ ਇਕ ਹਫਤੇ ਲਈ ਹੋਰ ਵਧਾ ਦਿੱਤੀ ਹੈ ਪਰ ਸਿੱਖ ਪੰਥ ਦੀਆਂ ਨਜ਼ਰਾਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ’ਤੇ ਹਨ ਕਿ ਜਥੇਦਾਰ ਆਪਣੇ ਤੌਰ ’ਤੇ ਇਸ ਮਾਮਲੇ ਵਿਚ ਦਖਲ ਦੇਣਗੇ ਜਾਂ ਫਿਰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਕੇ ਮਾਮਲੇ ਨੂੰ ਵਿਚਾਰਨਗੇ।

 ਦਲ ਖ਼ਾਲਸਾ ਨੇ ਵੀ ਬਰਖਾਸਤਗੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਤੱਕ ਤਖ਼ਤ ਜਥੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਲਈ ਕੋਈ ਪ੍ਰਣਾਲੀ ਨਹੀਂ ਬਣੇਗੀ, ਅਜਿਹੇ ਘਿਣਾਉਣੇ ਅਤੇ ਅਣਸੁਖਾਵੇਂ ਹਾਲਾਤ ਦੁਬਾਰਾ ਬਣਦੇ ਰਹਿਣਗੇ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਜਥੇਦਾਰ ਨੂੰ ਬੇਰਹਿਮੀ ਨਾਲ ਹਟਾਇਆ ਗਿਆ ਹੈ। 

 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਲੀਡਰਸ਼ਿੱਪ ਵਲੋਂ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰੰਘ ਬਾਰੇ ਜੋ ਫ਼ੈਸਲਾ ਕਰਵਾਇਆ ਹੈ ਇਹ ਬਦਲਾ ਖੋਰੀ ਦੀ ਰਾਜਨੀਤੀ ਹੈ ਤੇ ਸ਼ੋ੍ਮਣੀ ਕਮੇਟੀ ਦੇ ਇਤਿਹਾਸ ਦਾ ਕਾਲਾ ਦਿਨ ਹੈ | ਉਨ੍ਹਾਂ ਕਿਹਾ ਕਿ ਅੱਜ ਸਮੁੱਚੀ ਕੌਮ ਨੂੰ ਸੁਚੇਤ ਹੋਣ ਤੇ ਜਥੇਦਾਰਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ।