ਮਹੇਸ਼ ਭੱਟ ਪਰਦੇ 'ਤੇ ਦਿਖਾਉਣਗੇ ਸਿੱਖ ਸ਼ਖ਼ਸੀਅਤਾਂ ਦੀਆਂ  ਗਾਥਾਵਾਂ

ਮਹੇਸ਼ ਭੱਟ ਪਰਦੇ 'ਤੇ ਦਿਖਾਉਣਗੇ ਸਿੱਖ ਸ਼ਖ਼ਸੀਅਤਾਂ ਦੀਆਂ  ਗਾਥਾਵਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

 ਪਟਿਆਲਾ : ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਮਹੇਸ਼ ਭੱਟ ਹੁਣ ਅਸਲ ਜ਼ਿੰਦਗੀ ਦੇ ਹੀਰੋ ਨੂੰ ਪਰਦੇ 'ਤੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਨ ਜਾ ਰਹੇ ਹਨ। ਡਾ. ਪ੍ਰਭਲੀਨ ਸਿੰਘ ਦੀ ਪੁਸਤਕ ਪੋ੍ਮੀਨੈਂਟ ਸਿੱਖਸ ਆਫ ਇੰਡੀਆ 'ਤੇ ਅਧਾਰਤ 'ਪਹਿਚਾਣ : ਦਿ ਅਨਸਕ੍ਰਿਪਟਡ ਸ਼ੋਅ' 16-ਐਪੀਸੋਡ ਦੀ ਦਸਤਾਵੇਜ਼ੀ ਲੜੀ ਤਿਆਰ ਕੀਤੀ ਗਈ ਹੈ, ਜਿਸ ਵਿਚ ਵਿਸ਼ਵ ਪ੍ਰਸਿੱਧ ਸਿੱਖ ਭਾਈਚਾਰੇ ਦੀਆਂ ਦਿਲ-ਖਿੱਚਵੀਆਂ ਹਸਤੀਆਂ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਪੇਸ਼ ਕੀਤਾ ਜਾਵੇਗਾ। ਇਸ ਨਿਵੇਕਲੇ ਸ਼ੋਅ ਵਿਚ ਡਾ. ਪ੍ਰਭਲੀਨ ਸਿੰਘ ਦੇ ਪੇ੍ਰਰਨਾਦਾਇਕ ਜੀਵਨ ਨੂੰ ਉਕਰਿਆ ਜਾਵੇਗਾ ਜਦਕਿ ਅਰਥ ਸ਼ਾਸਤਰੀ ਮੋਨਟੇਕ ਸਿੰਘ ਆਹਲੂਵਾਲੀਆ, ਸੰਤ ਸੀਚੇਵਾਲ, ਸੋਨੀ ਟੀਵੀ ਦੇ ਸੀਈਓ ਐੱਨਪੀ ਸਿੰਘ, ਸੇਵਾ ਸਿੰਘ ਓਬਰਾਏ, ਰਾਜੂ ਚੱਢਾ, ਸ਼ੰਟੀ ਸਿੰਘ ਅਤੇ ਹੋਰ ਉੱਘੀਆਂ ਸਿੱਖ ਸ਼ਖਸੀਅਤਾਂ ਦੀਆਂ ਕਹਾਣੀਆਂ ਵੀ ਸੁਣਾਈਆਂ ਜਾਣਗੀਆਂ।

ਪਟਿਆਲਾ ਵਾਸੀ ਡਾ. ਪ੍ਰਭਲੀਨ ਸਿੰਘ ਨੇ ਦੱਸਿਆ ਕਿ ਸਾਲ 2020 ਵਿਚ ਮਹੇਸ਼ ਭੱਟ ਪਟਿਆਲਾ ਪੁੱਜੇ ਸਨ। ਇਸੇ ਦੌਰਾਨ ਹੀ ਮਹੇਸ਼ ਭੱਟ ਨੂੰ ਪੋ੍ਮੀਨੈਂਟ ਸਿੱਖਸ ਆਫ ਇੰਡੀਆ ਪੁਸਤਕ ਭੇਟ ਕੀਤੀ ਗਈ ਸੀ। ਇਸ ਪੁਸਤਕ ਵਿਚ ਜ਼ਿਦਗੀ ਦੇ ਅਸਲ ਹੀਰੋ 50 ਸਿੱਖ ਸ਼ਖਸੀਅਤਾਂ ਦੀ ਜੀਵਨੀ 'ਤੇ ਚਾਨਣਾ ਪਾਇਆ ਗਿਆ ਹੈ। ਮਹੇਸ਼ ਭੱਟ ਇਨ੍ਹਾਂ ਸਿੱਖ ਸ਼ਖਸੀਅਤਾਂ ਦੀ ਜੀਵਨੀ ਤੋਂ ਪ੍ਰਭਾਵਿਤ ਹੋਏ ਤੇ ਇਨ੍ਹਾਂ ਵਿਚੋਂ 16 ਸ਼ਖਸੀਅਤਾਂ 'ਤੇ ਸੀਰੀਅਲ ਬਣਾਉਣ ਦਾ ਫੈਸਲਾ ਕੀਤਾ। ਡਾ. ਪ੍ਰਭਲੀਨ ਸਿੰਘ ਦੱਸਦੇ ਹਨ ਕਿ 'ਪਹਿਚਾਣ : ਦਿ ਅਨਸਕ੍ਰਿਪਟਡ ਸ਼ੋਅ' ਦੀਆਂ 16 ਕੜੀਆਂ ਤਿਆਰ ਹੋ ਚੁੱਕੀਆਂ ਹਨ , ਜੋ ਕਿ ਵਿਸਾਖੀ 'ਤੇ ਓਟੀਟੀ ਪਲੇਟਫਾਰਮ 'ਤੇ ਲਾਂਚ ਕੀਤਾ ਜਾਵੇਗਾ।