ਐਲਨ ਮਸਕ ਨੇ ਭਾਰਤ ਦੀ ਚੋਣ ਪ੍ਰਕਿਰਿਆ 'ਤੇ ਸਵਾਲ ਖੜ੍ਹਾ ਕੀਤਾ
ਮੋਦੀ ਸਰਕਾਰ ਤੇ ਚੋਣ ਕਮਿਸ਼ਨ ਘਿਰੇ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਹੈਕ ਮਸਲੇ ਉਪਰ
*ਈ.ਵੀ.ਐੱਮ. ਨੂੰ ਹੈਕ ਕਰਨਾ ਬਹੁਤ ਆਸਾਨ-ਮਸਕ
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਸੈਟੇਲਾਈਟ ਇੰਟਰਨੈੱਟ ਸੇਵਾ ਦੇਣ ਵਾਲੀ ਕੰਪਨੀ ਸਪੇਸਐਕਸ ਦੇ ਮਾਲਕ ਐਲਨ ਮਸਕ ਨੇ ਭਾਰਤ ਦੀ ਚੋਣ ਪ੍ਰਕਿਰਿਆ 'ਤੇ ਇਕ ਵਾਰ ਫਿਰ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਹੈ ਕਿਹਾ ਕਿ ਇਲੈੱਕਟ੍ਰਾਨਿਕ ਵੋਟਿੰਗ ਮਸ਼ੀਨ ਨੂੰ ਹੈਕ ਕਰਨਾ ਬਹੁਤ ਆਸਾਨ ਹੈ। ਅਮਰੀਕਾ 'ਚ ਇਕ ਟਾਊਨਹਾਲ ਪ੍ਰੋਗਰਾਮ ਦੌਰਾਨ ਐਲਨ ਮਸਕ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਕਾਗਜ਼ੀ ਵੋਟਾਂ ਹੀ ਸਭ ਤੋਂ ਭਰੋਸੇਮੰਦ ਹਨ। ਮੈਂ ਇਕ ਤਕਨੀਕੀ ਮਾਹਿਰ ਹਾਂ ਅਤੇ ਕੰਪਿਊਟਰ ਬਾਰੇ ਬਹੁਤ ਕੁਝ ਜਾਣਦਾ ਹਾਂ। ਇਸ ਲਈ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਈ.ਵੀ.ਐੱਮ. ਨੂੰ ਹੈਕ ਕਰਨਾ ਬਹੁਤ ਆਸਾਨ ਹੈ।' ਐਲਨ ਮਸਕ ਦੇ ਇਸ ਬਿਆਨ ਨੇ ਭਾਰਤ ਦੀ ਮੋਦੀ ਸਰਕਾਰ ਨੂੰ ਬੇਹੱਦ ਅਸਹਿਜ ਕਰ ਦਿੱਤਾ ਹੈ।
ਭਾਰਤ ਵਿਚ ਪਿਛਲੇ ਕੁਝ ਸਾਲਾਂ ਤੋਂ ਚੋਣ ਪ੍ਰਕਿਰਿਆ ਸ਼ੱਕ ਦੇ ਘੇਰੇ ਵਿਚ ਹੈ ਅਤੇ ਈ.ਵੀ.ਐੱਮ. ਦੀ ਵਿਸ਼ਵਾਸਯੋਗਤਾ 'ਤੇ ਸਵਾਲ ਉੱਠ ਰਹੇ ਹਨ ਪਰ ਮੋਦੀ ਸਰਕਾਰ ਈ.ਵੀ.ਐੱਮ. 'ਤੇ ਅੜੀਅਲ ਵਤੀਰਾ ਅਪਣਾਉਂਦੀ ਦਿਖਾਈ ਦਿੰਦੀ ਹੈ। ਚੋਣ ਕਮਿਸ਼ਨ ਅਤੇ ਨਿਆਂ ਪਾਲਿਕਾ ਵੀ ਈ.ਵੀ.ਐੱਮ. ਨੂੰ ਬੇਹੱਦ ਪਵਿੱਤਰ ਗਊ ਦੀ ਤਰ੍ਹਾਂ ਮੰਨਦੀ ਹੈ। ਫਿਲਹਾਲ ਐਲਨ ਮਸਕ ਦੇ ਬਿਆਨ ਨੂੰ ਭਾਰਤ ਵਿਚ ਹੋਣ ਵਾਲੀਆਂ ਸੈਟੇਲਾਈਟ ਬ੍ਰਾਡਬੈਂਡ ਸਪੈਕਟ੍ਰਮ ਦੀ ਨਿਲਾਮੀ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ। ਦਰਅਸਲ ਐਲਨ ਮਸਕ ਭਾਰਤ ਵਿਚ ਸੈਟੇਲਾਈਟ ਬ੍ਰਾਡਬੈਂਡ ਸੇਵਾ ਸ਼ੁਰੂ ਕਰਨਾ ਚਾਹੁੰਦੇ ਹਨ। ਮੰਨਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ 'ਤੇ ਦਬਾਅ ਬਣਾਉਣ ਦੇ ਮਕਸਦ ਨਾਲ ਹੀ ਉਨ੍ਹਾਂ ਨੇ ਈ.ਵੀ.ਐੱਮ. 'ਤੇ ਬਿਆਨ ਦਿੱਤਾ ਹੈ। ਇੱਧਰ ਭਾਰਤ 'ਚ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਵੀ ਸਪੈਕਟ੍ਰਮ ਹਾਸਿਲ ਕਰਨਾ ਚਾਹੁੰਦੇ ਹਨ ਪਰ ਲਗਦਾ ਹੈ ਕਿ ਮੋਦੀ ਸਰਕਾਰ ਆਪਣੇ ਈ.ਵੀ.ਐੱਮ. ਪ੍ਰੇਮ ਦੇ ਚਲਦਿਆਂ ਐਲਨ ਮਸਕ ਨੂੰ ਨਾਰਾਜ਼ ਕਰਨ ਦਾ ਜ਼ੋਖ਼ਮ ਨਹੀਂ ਉਠਾਏਗੀ।












Comments (0)