ਕਿਹੜੇ ਰਾਹ ਤੁਰ ਪਈ ਪੰਜਾਬ ਦੀ ਸਿਆਸਤ .?
ਦਿਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਤੂਫ਼ਾਨ ਆ ਗਿਆ ਹੈ।
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਵੱਖ- ਵੱਖ ਸਿਆਸੀ ਆਗੂ ਦਾਅਵਾ ਕਰਨ ਲੱਗ ਪਏ ਹਨ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਨੂੰ ਵੀ ਆਮ ਆਦਮੀ ਪਾਰਟੀ ਦੇ ਦਿੱਲੀ ਚੋਣਾਂ ਵਿੱਚ ਹਾਰ ਜਾਣ ਤੋਂ ਬਾਅਦ ਖਤਰਾ ਪੈਦਾ ਹੋ ਗਿਆ ਹੈ। ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇਹ ਵੀ ਦਾਅਵਾ ਕੀਤਾ ਸੀ ਕਿ ‘ਆਪ’ ਦੇ 30 ਵਿਧਾਇਕ ਉਹਨਾਂ ਦੇ ਸੰਪਰਕ ਵਿੱਚ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰਨਾਂ ‘ਆਪ’ ਆਗੂਆਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਜਵਾਬ ਦਿੰਦਿਆਂ ਕਿਹਾ ਹੈ ਕਿ ਬਾਜਵਾ ਪਹਿਲਾਂ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਤਾਂ ਕਰ ਲੈਣ। ਪਿਛਲੇ ਦਿਨੀਂ ਦਿੱਲੀ ਵਿਖੇ ਆਪ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪੰਜਾਬ ਦੇ ਵਿਧਾਇਕਾਂ ਨਾਲ ਮੀਟਿੰਗ ਕਰਨ ਸਬੰਧੀ ਵੀ ਵਿਰੋਧੀ ਆਗੂਆਂ ਵੱਲੋਂ ਕਈ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਗਈ ਅਤੇ ਇਸ ਮੀਟਿੰਗ ਤੋਂ ਪਹਿਲਾਂ ਹੀ ਦਾਅਵਾ ਕੀਤਾ ਗਿਆ ਕਿ ਇਸ ਮੀਟਿੰਗ ਵਿੱਚ ਭਗਵੰਤ ਮਾਨ ਦੀ ਮੁੱਖ ਮੰਤਰੀ ਵਾਲੀ ਕੁਰਸੀ ਚਲੀ ਜਾਵੇਗੀ। ਜਦੋਂ ਇਹ ਮੀਟਿੰਗ ਖਤਮ ਹੋਈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਪੰਜਾਬ ਨੂੰ ਮਾਡਲ ਦੇ ਤੌਰ ’ਤੇ ਪੁੂਰੇ ਦੇਸ਼ ਅੱਗੇ ਪੇਸ਼ ਕੀਤਾ ਜਾਵੇਗਾ ਤਾਂ ਭਗਵੰਤ ਮਾਨ ਦੇ ਇਸ ਬਿਆਨ ਦੇ ਵੀ ਵਿਰੋਧੀ ਸਿਆਸੀ ਆਗੂਆਂ ਵੱਲੋਂ ਕਈ ਤਰ੍ਹਾਂ ਦੇ ਅਰਥ ਕੱਢੇ ਗਏ। ਸੁਨੀਲ ਜਾਖੜ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਬਿਆਨ ਦੇਣ ਲੱਗਿਆ ਭਗਵੰਤ ਮਾਨ ਦੇ ਵਿੱਚ ਪਹਿਲਾਂ ਵਾਲੀ ਗੱਲ ਨਹੀਂ ਸੀ। ਜਦੋਂ ਕਿ ਸੁਨੀਲ ਜਾਖੜ ਦੇ ਇਸ ਬਿਆਨ ਦਾ ਵਿਰੋਧ ਕਰਦਿਆਂ ਵੱਖ- ਵੱਖ ‘ਆਪ’ ਆਗੂਆਂ ਨੇ ਕਿਹਾ ਕਿ ਸੁਨੀਲ ਜਾਖੜ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਵੇਖਣਾ ਬੰਦ ਕਰ ਦੇਣ। ‘ਆਪ’ ਆਗੂਆਂ ਅਨੁਸਾਰ ਸੁਨੀਲ ਜਾਖੜ ਦਾ ਇਹ ਸੁਪਨਾ ਨਾ ਤਾਂ ਕਾਂਗਰਸ ਵਿੱਚ ਪੂਰਾ ਹੋਇਆ ਸੀ ਤੇ ਨਾ ਹੀ ਭਾਜਪਾ ਵਿੱਚ ਪੂਰਾ ਹੋਣਾ ਹੈ।
ਆਮ ਆਦਮੀ ਪਾਰਟੀ ਦੇ ਵਿਰੋਧੀ ਆਗੂ ਪੂਰਾ ਜ਼ੋਰ ਲਗਾ ਕੇ ਦਾਅਵਾ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੀ ਕਮਜ਼ੋਰ ਹੋ ਗਈ ਹੈ, ਜਦੋਂ ਕਿ ‘ਆਪ’ ਆਗੂ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪਹਿਲਾਂ ਵਾਂਗ ਮਜ਼ਬੂਤ ਹੈ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਲੱਡੂ ਵੰਡੇ, ਜਦੋਂ ਕਿ ਦਿੱਲੀ ਵਿੱਚ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ। ਹੁਣ ਸਿਆਸੀ ਮਾਹਿਰ ਕਹਿ ਰਹੇ ਹਨ ਕਿ ਖਹਿਰਾ ਨੂੰ ਦਿੱਲੀ ਵਿੱਚ ਕਾਂਗਰਸ ਦੀ ਬੁਰੀ ਹਾਰ ਦਾ ਦੁੱਖ ਹੋਣ ਦੀ ਥਾਂ ਆਮ ਆਦਮੀ ਪਾਰਟੀ ਦੇ ਦਿੱਲੀ ਵਿੱਚ ਸਰਕਾਰ ਨਾ ਬਣਾ ਸਕਣ ਦੀ ਜ਼ਿਆਦਾ ਖੁਸ਼ੀ ਹੋ ਰਹੀ ਹੈ। ਇਸ ਤਰ੍ਹਾਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਕਾਰਨ ਪੰਜਾਬ ਦੀ ਸਿਆਸਤ ਵਿੱਚ ਵੀ ਉਬਾਲ ਆ ਗਿਆ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਸਬੰਧੀ ਅਕਾਲੀ ਦਲ ਬਾਦਲ ਦੇ ਖੇਮੇ ਵਿੱਚ ਚੁੱਪੀ ਵਰਗਾ ਮਾਹੌਲ ਹੈ, ਕਿਉਂਕਿ ਅਕਾਲੀ ਦਲ ਬਾਦਲ ਅਜੇ ਵੀ ਅੰਦਰੂਨੀ ਸੰਕਟ ਵਿਚੋਂ ਬਾਹਰ ਨਹੀਂ ਆ ਸਕਿਆ। ਜਦੋਂ ਕਿ ਅਕਾਲੀ ਦਲ ਕੋਲ ਹੁਣ ਵੱਡਾ ਮੌਕਾ ਹੈ ਕਿ ਉਹ ਸੰਭਲ ਕੇ ਮੁੜ ਮਜ਼ਬੂਤ ਹੋ ਕੇ ਪੰਜਾਬ ਵਿੱਚ ਉਭਰੇ ਅਤੇ ਪੰਜਾਬ ਦੀ ਅਗਵਾਈ ਕਰੇ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੀ ਸਿਆਸਤ ਆਖ਼ਰ ਤੁਰ ਕਿਹੜੇ ਰਾਹ ਪਈ ਹੈ। ਇਸ ਸਮੇਂ ਸਾਰੇ ਸਿਆਸੀ ਆਗੂਆਂ ਕੋਲ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹਾਰ ਹੀ ਮੁੱਖ ਮੁੱਦਾ ਬਣੀ ਹੋਈ ਹੈ, ਜਦੋਂ ਕਿ ਪੰਜਾਬ ਦੇ ਅਹਿਮ ਮੁੱਦਿਆਂ ਅਤੇ ਪੰਜਾਬ ਦੇ ਵੱਡੇ ਮਸਲਿਆਂ ਸਬੰਧੀ ਪੰਜਾਬ ਦੇ ਸਿਆਸੀ ਆਗੂ ਬਿਲਕੁਲ ਵੀ ਨਹੀਂ ਬੋਲ ਰਹੇ। ਪੰਜਾਬ ਵਿੱਚ ਇਸ ਸਮੇਂ ਨਸ਼ਾ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਖੂਨ ਪੀਣੀਆਂ ਸੜਕਾਂ, ਦਰਿਆਈ ਪਾਣੀਆਂ ਦਾ ਰੇੜਕਾ, ਧਰਤੀ ਹੇਠਲੇ ਪਾਣੀ ਦਾ ਖ਼ਤਮ ਹੁੰਦੇ ਜਾਣਾ, ਪੀਣ ਵਾਲੇ ਸ਼ੁੱਧ ਪਾਣੀ ਦੀ ਘਾਟ, ਪ੍ਰਦੂਸ਼ਣ, ਪਰਵਾਸ, ਗੈਂਗਸਟਰਵਾਦ, ਅਮਨ ਕਾਨੂੰਨ ਦੀ ਗੰਭੀਰ ਹੁੰਦੀ ਸਥਿਤੀ ਵੱਡੇ ਮਸਲੇ ਹਨ ਪਰ ਇਹਨਾਂ ਮਸਲਿਆਂ ਦਾ ਹੱਲ ਕਰਨ ਅਤੇ ਇਹਨਾਂ ਮਸਲਿਆਂ ਦੇ ਹੱਲ ਲਈ ਸਾਂਝੇ ਅਤੇ ਯੋਗ ਉਪਰਾਲੇ ਕਰਨ ਦੀ ਥਾਂ ਸਿਆਸੀ ਆਗੂ ਇੱਕ ਦੂਜੇ ਦੇ ਭੰਡੀ ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਦੇ ਸਿਆਸੀ ਆਗੂਆਂ ਨੇ ਪੰਜਾਬ ਦੇ ਮੁੱਖ ਮੁੱਦਿਆਂ ਅਤੇ ਮਸਲਿਆਂ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ ਅਤੇ ਅਗਲੀਆਂ ਚੋਣਾਂ ਮੌਕੇ ਮੁੜ ਇਹ ਮੁੱਦੇ ਅਤੇ ਮਸਲੇ ਸਿਆਸੀ ਆਗੂਆਂ ਵੱਲੋਂ ਉਭਾਰ ਦਿੱਤੇ ਜਾਣਗੇ।
ਇਸ ਗੱਲ ਨੂੰ ਹੁਣ ਪੰਜਾਬ ਦੇ ਸਿਆਸੀ ਆਗੂ ਵੀ ਚੰਗੀ ਤਰ੍ਹਾਂ ਸਮਝਦੇ ਹਨ ਕਿ ਪੰਜਾਬ ਦੇ ਸਿਆਸੀ ਆਗੂ ਪੰਜਾਬ ਦੇ ਮਸਲਿਆਂ ਅਤੇ ਮੁੱਦਿਆਂ ਦੇ ਹੱਲ ਲਈ ਸੁਹਿਰਦ ਨਹੀਂ ਕਿਉਂਕਿ ਜੇ ਪੰਜਾਬ ਦੇ ਸਿਆਸੀ ਆਗੂ ਪੰਜਾਬ ਦੇ ਮੁੱਖ ਮਸਲਿਆਂ ਦੇ ਹੱਲ ਲਈ ਸੁਹਿਰਦ ਹੁੰਦੇ ਤਾਂ ਹੁਣ ਤਕ ਇਹ ਮਸਲੇ ਹੱਲ ਹੋ ਸਕਦੇ ਸਨ। ਪੰਜਾਬ ਦੇ ਸਿਆਸੀ ਆਗੂ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਅਜੇ ਤੱਕ ਪੰਜਾਬ ਨੂੰ ਲੈ ਕੇ ਨਹੀਂ ਦੇ ਸਕੇ। ਸਿਆਸੀ ਆਗੂਆਂ ਦਾ ਹਾਲ ਇਹ ਹੈ ਕਿ ਅਜੇ ਤੱਕ ਪੰਜਾਬ ਦੇ ਸਿਆਸੀ ਆਗੂਆਂ ਨੇ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਪੂਰੇ ਸਹੀ ਤਰੀਕੇ ਨਾਲ ਨਹੀਂ ਜਤਾਇਆ ਜਿਸ ਕਰਕੇ ਚੰਡੀਗੜ੍ਹ ਅਜੇ ਤੱਕ ਪੰਜਾਬ ਨੂੰ ਨਹੀਂ ਮਿਲਿਆ ਅਤੇ ਇਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੋਣ ਦੇ ਨਾਲ ਹੀ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ।
ਜਿਹੜੇ ਰਾਹ ਪੰਜਾਬ ਦੀ ਸਿਆਸਤ ਇਸ ਸਮੇਂ ਤੁਰ ਰਹੀ ਹੈ, ਉਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਪੰਜਾਬ ਦੀ ਸਿਆਸਤ ਨੂੰ ਸਹੀ ਰਸਤੇ ’ਤੇ ਤੋਰਨਾ ਬਹੁਤ ਜ਼ਰੂਰੀ ਹੈ। ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਆਗੂਆਂ ਸਮੇਤ ਪੰਜਾਬ ਦੇ ਸਾਰੇ ਸਿਆਸੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਇੱਕ ਦੂਜੇ ਦੇ ਭੰਡੀ ਪ੍ਰਚਾਰ ਕਰਨ ਦੀ ਥਾਂ ਪੰਜਾਬ ਦੇ ਮੁੱਖ ਮਸਲਿਆਂ ਅਤੇ ਮੁੱਦਿਆਂ ਨੂੰ ਹੱਲ ਕਰਨ ਤੇ ਕਰਵਾਉਣ ਲਈ ਸਾਂਝੇ ਯਤਨ ਕਰਨ। ਪੰਜਾਬ ਵਿੱਚ ਸੱਤਾਧਾਰੀ ਹੋਣ ਕਰਕੇ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਰਹਿੰਦੇ ਕਾਰਜਕਾਲ ਦੌਰਾਨ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੇ ਪੂਰੇ ਯਤਨ ਇਮਾਨਦਾਰੀ ਨਾਲ ਕਰੇ ਤਾਂ ਕਿ ਪੰਜਾਬ ਵਿੱਚ ਉਸ ਦਾ ਹਾਲ ਦਿੱਲੀ ਵਰਗਾ ਨਾ ਹੋ ਸਕੇ।
ਸੰਪਾਦਕੀ













Comments (0)