ਕੀ ਟਰੰਪ 'ਤੇ ਹਮਲੇ ਤੋਂ ਬਾਅਦ ਰਿਪਬਲਿਕਨ ਪਾਰਟੀ ਬੰਦੂਕ ਕਲਚਰ ਬਾਰੇ ਆਪਣੀ ਨੀਤੀ ਬਦਲੇਗੀ?
ਬੀਤੀ 13 ਜੁਲਾਈ, 2024 ਨੂੰ ਪੈਨਸਿਲਵੇਨੀਆ ਦੀ ਇਕ ਚੋਣ ਰੈਲੀ ਵਿਚ ਹਾਈ-ਪਾਵਰ ਰਾਈਫਲ ਨਾਲ ਚਲਾਈ ਗਈ ਗੋਲੀ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਕੰਨ ਨੂੰ ਚੀਰਦੀ ਹੋਈ ਨਿਕਲ ਗਈ।
ਇਸ ਖ਼ੌਫ਼ਨਾਕ ਹਮਲੇ ਵਿਚ ਸਾਬਕਾ ਰਾਸ਼ਟਰਪਤੀ ਦੀ ਜਾਨ ਤਾਂ ਬਚ ਗਈ, ਪਰ ਇਸ ਗੋਲੀ ਨੇ ਅਮਰੀਕੀ ਲੋਕਤੰਤਰ ਦੀ ਨੱਕ ਵਢਾ ਦਿੱਤੀ, ਜੋ ਪਹਿਲਾਂ ਤੋਂ ਹੀ ਬੰਦੂਕ ਸੱਭਿਆਚਾਰ (ਗੰਨ ਕਲਚਰ) ਦੇ ਭਿਆਨਕ ਜ਼ਖ਼ਮਾਂ ਦੇ ਦਰਦ ਤੋਂ ਕਰਾਹ ਰਿਹਾ ਹੈ। ਹੁਣ ਸੰਸਾਰ ਇਹ ਦੇਖਣ ਅਤੇ ਸੁਣਨ ਦੀ ਉਡੀਕ ਵਿਚ ਹੈ ਕਿ ਇਸ ਘਟਨਾ ਦਾ ਰਾਸ਼ਟਰਪਤੀ ਦੀ ਚੋਣ 'ਤੇ ਕੀ ਪ੍ਰਭਾਵ ਪਵੇਗਾ ਅਤੇ ਹਥਿਆਰਾਂ 'ਤੇ ਕੰਟਰੋਲ ਦੇ ਉਲਝੇ ਹੋਏ ਮੁੱਦੇ ਦਾ ਕੋਈ ਹੱਲ ਨਿਕਲੇਗਾ ਜਾਂ ਨਹੀਂ? ਸਾਲ 2017 ਦੇ ਸਰਵੇ ਅਨੁਸਾਰ ਅਮਰੀਕਾ ਵਿਚ ਪ੍ਰਤੀ 100 ਵਿਅਕਤੀਆਂ ਪਿੱਛੇ 120 ਤੋਂ ਵਧੇਰੇ ਬੰਦੂਕਾਂ ਹਨ। ਮਤਲਬ ਕਿ ਇਥੇ ਜਨਸੰਖਿਆ ਤੋਂ ਵੱਧ ਬੰਦੂਕਾਂ ਹਨ। ਅਮਰੀਕਾ ਵਿਚ ਹਰ ਸਾਲ ਹਜ਼ਾਰਾਂ ਨਿਰਦੋਸ਼ ਵਿਅਕਤੀ ਇਸ ਬੰਦੂਕ ਸੱਭਿਆਚਾਰ ਦੀ ਭੇਟ ਚੜ੍ਹ ਜਾਂਦੇ ਹਨ। ਟਰੰਪ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਜਨੂੰਨ ਦੀ ਹੱਦ ਤਕ ਬੰਦੂਕ ਸੱਭਿਆਚਾਰ ਦੀ ਸਮਰਥਕ ਹੈ, ਜਿਸ ਨਾਲ ਇਸ ਗੱਲ ਦਾ ਵੀ ਅੰਦਾਜ਼ਾ ਹੋ ਜਾਂਦਾ ਹੈ ਕਿ ਅਮਰੀਕਾ ਵਿਚ 'ਗੰਨ ਲਾਬੀ' ਰਾਜਨੀਤਕ ਸਿੱਟਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਕਿਉਂਕਿ ਅਮਰੀਕਾ ਵਿਚ ਹਥਿਆਰਾਂ ਨਾਲ ਹਿੰਸਕ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਇਸ ਲਈ ਬੰਦੂਕ/ਹਥਿਆਰਾਂ ਤਕ ਪਹੁੰਚ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ, ਪਰ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਹੋਇਆ ਅਤੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਕਾਨੂੰਨ ਹਥਿਆਰ ਰੱਖਣ ਦੇ ਨਾਗਰਿਕਾਂ ਦੇ ਅਧਿਕਾਰ ਨੂੰ ਸੁਰੱਖਿਅਤ ਰੱਖਦਾ ਹੈ। ਇਹੀ ਕਾਰਨ ਹੈ ਕਿ ਅਮਰੀਕਾ ਵਿਚ 40 ਫ਼ੀਸਦੀ ਤੋਂ ਵਧੇਰੇ ਘਰਾਂ ਵਿਚ ਤੁਹਾਨੂੰ ਬੰਦੂਕ ਮਿਲ ਜਾਵੇਗੀ। ਬੰਦੂਕਾਂ ਦੀ ਰਜਿਸਟ੍ਰੇਸ਼ਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿੱਥੇ ਸਾਲ 2010 ਵਿਚ 8.3 ਲੱਖ ਹਥਿਆਰ ਦਰਜ ਹੋਏ ਸਨ, ਜੋ ਸਾਲ 2023 ਵਿਚ ਵਧ ਕੇ 35.7 ਲੱਖ ਹੋ ਗਏ। ਇਹ ਹਾਲ ਉਸ ਵੇਲੇ ਹੈ, ਜਦੋਂ ਜ਼ਿਆਦਾਤਰ ਅਮਰੀਕੀ ਬੰਦੂਕਾਂ ਸੰਬੰਧੀ ਸਖ਼ਤ ਕਾਨੂੰਨ ਬਣਾਉਣ ਦੇ ਪੱਖ ਵਿਚ ਹਨ। 58 ਫ਼ੀਸਦੀ ਅਮਰੀਕੀ ਚਾਹੁੰਦੇ ਹਨ ਕਿ ਸਖ਼ਤ ਬੰਦੂਕ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ, 26 ਫ਼ੀਸਦੀ ਵਰਤਮਾਨ ਨਿਯਮਾਂ ਵਿਚ ਤਬਦੀਲੀ ਨਹੀਂ ਚਾਹੁੰਦੇ ਅਤੇ 15 ਫ਼ੀਸਦੀ ਬੰਦੂਕ ਕਾਨੂੰਨ ਨੂੰ ਵਧੇਰੇ ਵਧੀਆ ਬਣਾਉਣ ਦੇ ਸਮਰਥਕ ਹਨ। ਗੰਨ ਲਾਬੀ ਦੇ ਦਬਦਬੇ ਕਾਰਨ ਬਹੁਮਤ ਦੀ ਉਚਿਤ ਗੱਲ ਵੀ ਸੁਣੀ ਨਹੀਂ ਜਾ ਰਹੀ, ਨਤੀਜਾ ਗੰਨ ਹਿੰਸਾ ਵਿਚ ਹਰ ਸਾਲ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ-ਸਾਲ 2010 ਵਿਚ ਬੰਦੂਕ ਆਧਾਰਿਤ ਹਿੰਸਕ ਘਟਨਾਵਾਂ ਵਿਚ 3,413 ਲੋਕ ਮਾਰੇ ਗਏ ਸਨ, ਜਦੋਂ ਕਿ ਸਾਲ 2023 ਵਿਚ ਮ੍ਰਿਤਕਾਂ ਦੀ ਗਿਣਤੀ 4,563 ਪਹੁੰਚ ਗਈ।
ਜਿਸ ਪੈਨਸਿਲਵੇਨੀਆ ਰਾਜ ਵਿਚ ਟਰੰਪ 'ਤੇ ਕਾਤਲਾਨਾ ਹਮਲਾ ਹੋਇਆ, ਉਸ ਵਿਚ ਉਨ੍ਹਾਂ ਨੇ ਜਨਤਕ ਤੌਰ 'ਤੇ ਸਹੁੰ ਖਾਧੀ ਸੀ ਕਿ ਰਾਸ਼ਟਰਪਤੀ ਬਣਨ 'ਤੇ ਪਹਿਲੇ ਦਿਨ ਹੀ ਉਹ ਬਾਈਡਨ ਪ੍ਰਸ਼ਾਸਨ ਵਲੋਂ ਬੰਦੂਕ ਰੱਖਣ ਸੰਬੰਧੀ ਅਧਿਕਾਰਾਂ 'ਤੇ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦੇਣਗੇ। ਟਰੰਪ ਨੇ ਕਿਹਾ ਸੀ, 'ਗੰਨ ਮਾਲਿਕਾਂ ਅਤੇ ਬਣਾਉਣ ਵਾਲਿਆਂ 'ਤੇ ਬਾਈਡਨ ਦੇ ਹਰੇਕ ਹਮਲੇ ਨੂੰ ਮੈਂ ਦਫ਼ਤਰ ਵਿਚ ਆਪਣੇ ਪਹਿਲੇ ਹਫ਼ਤੇ ਜਾਂ ਸ਼ਾਇਦ ਪਹਿਲੇ ਹੀ ਦਿਨ ਖ਼ਤਮ ਕਰ ਦੇਵਾਂਗਾ। ਮੌਤ ਨਾਲ 1/8 ਇੰਚ ਤੋਂ ਬਚਣ ਤੋਂ ਬਾਅਦ ਟਰੰਪ ਦੇ ਬੰਦੂਕ ਸੱਭਿਆਚਾਰ ਸੰਬੰਧੀ ਨਜ਼ਰੀਏ ਵਿਚ ਕੋਈ ਬਦਲਾਅ ਆਇਆ ਹੈ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ, ਪਰ ਅਨੁਮਾਨ ਇਹ ਹੀ ਹੈ ਕਿ ਕੋਈ ਬਦਲਾਅ ਨਹੀਂ ਆਵੇਗਾ, ਕਿਉਂਕਿ ਬੰਦੂਕਾਂ ਬਣਾਉਣ ਵਾਲੇ ਉਨ੍ਹਾਂ ਨੂੰ ਚੋਣ ਲਈ ਫੰਡ ਦਿੰਦੇ ਹਨ ਅਤੇ ਪਾਰਟੀ ਦੇ ਤੌਰ 'ਤੇ ਰਿਪਬਲਿਕਨ ਬੰਦੂਕ ਸੱਭਿਆਚਾਰ ਦੇ ਸਮਰਥਕ ਹਨ। ਪਿਛਲੇ ਸਾਲ ਦੀ ਪਿਊ ਰਿਸਰਚ ਸੈਂਟਰ ਦੀ ਰਿਪੋਰਟ ਅਨੁਸਾਰ 79 ਫ਼ੀਸਦੀ ਰਿਪਬਲਿਕਨ ਅਤੇ ਰਿਪਬਲਿਕਨ-ਝੁਕਾਅ ਵਾਲੇ ਸੁਤੰਤਰ ਵੋਟਰਾਂ ਨੇ ਕਿਹਾ ਸੀ ਕਿ ਹਥਿਆਰ ਰੱਖਣ ਨਾਲ ਵਿਅਕਤੀ ਦੀ ਸੁਰੱਖਿਆ ਵਿਚ ਵਾਧਾ ਹੁੰਦਾ ਹੈ। ਦੂਜੇ ਪਾਸੇ 78 ਫ਼ੀਸਦੀ ਡੈਮੋਕ੍ਰੇਟਸ ਬੰਦੂਕ ਸੱਭਿਆਚਾਰ 'ਤੇ ਲਗਾਮ ਲਗਾਉਣ ਦੇ ਇੱਛੁਕ ਸਨ, ਉਨ੍ਹਾਂ ਅਨੁਸਾਰ ਇਸ ਨਾਲ ਸੁਰੱਖਿਆ ਘਟਦੀ ਹੈ ਕਿ ਕਿਤੇ ਵੀ ਕੋਈ ਵੀ ਅੰਨ੍ਹੇਵਾਹ ਗੋਲੀਆਂ ਚਲਾ ਕੇ ਦਰਜਨਾਂ ਲੋਕਾਂ ਨੂੰ ਮਾਰ ਦਿੰਦਾ ਹੈ।
ਇਸ ਲਈ ਬਾਈਡਨ ਨੇ ਟਰੰਪ 'ਤੇ ਕਾਤਲਾਨਾ ਹਮਲੇ ਦੇ ਬਾਅਦ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ 'ਅਸੀਂ ਰਾਜਨੀਤਕ ਮਤਭੇਦਾਂ ਦਾ ਹੱਲ ਬੁਲਟ ਨਾਲ ਨਹੀਂ ਬੈਲਟ ਨਾਲ ਕਰਦੇ ਹਾਂ।' ਇਸ ਪਿਛੋਕੜ ਵਿਚ ਇਹ ਅੰਦਾਜ਼ਾ ਲਗਾਉਣਾ ਗ਼ਲਤ ਨਹੀਂ ਹੋਵੇਗਾ ਕਿ ਅਗਲੇ ਰਾਸ਼ਟਰਪਤੀ ਦੀ ਚੋਣ ਵਿਚ ਬੰਦੂਕ ਸੱਭਿਆਚਾਰ ਬਹੁਤ ਵੱਡਾ ਮੁੱਦਾ ਹੋਵੇਗਾ। ਇਹ ਗੱਲ ਹੈਰਾਨ ਕਰਦੀ ਹੈ ਕਿ ਅਮਰੀਕਾ ਦੇ 46 ਰਾਸ਼ਟਰਪਤੀਆਂ ਵਿਚੋਂ ਚਾਰ-ਲਿੰਕਨ, ਗਾਰਫੀਲਡ, ਮੈਇਨਲੇ ਅਤੇ ਕੈਨੇਡੀ ਦਫ਼ਤਰ ਵਿਚ ਰਹਿੰਦੇ ਹੋਏ ਮਾਰ ਦਿੱਤੇ ਗਏ ਅਤੇ ਰੀਗਨ, ਫੋਰਡ, ਟਰੂਮੈਨ, ਰੂਜ਼ਵੇਲਟ ਆਦਿ ਅੱਧਾ ਦਰਜਨ ਤੋਂ ਵਧੇਰੇ ਸਾਬਕਾ ਅਤੇ ਅਹੁਦੇ 'ਤੇ ਬੈਠੇ ਹੋਏ ਰਾਸ਼ਟਰਪਤੀਆਂ 'ਤੇ ਕਾਤਲਾਨਾ ਹਮਲੇ ਹੋਏ, ਜਿਵੇਂ ਕਾਤਲ ਦੀ ਗੋਲੀ ਲਈ ਅਮਰੀਕੀ ਰਾਸ਼ਟਰਪਤੀ ਚੁੰਬਕ ਹੋਣ, ਪਰ ਹੁਣ ਤਕ ਬੰਦੂਕ ਸੱਭਿਆਚਾਰ 'ਤੇ ਰੋਕ ਲਗਾਉਣ ਲਈ ਕੋਈ ਖ਼ਾਸ ਫ਼ੈਸਲਾ ਨਹੀਂ ਲਿਆ ਗਿਆ। ਇਸ ਮਾਮਲੇ ਵਿਚ ਰਾਸ਼ਟਰਪਤੀ ਉਮੀਦਵਾਰ ਚੁਣਾਵੀ ਫਾਇਦਾ ਜ਼ਰੂਰ ਲੈਂਦੇ ਹਨ, ਪਰ ਅਹੁਦਾ ਲੈਣ ਤੋਂ ਬਾਅਦ ਹੀ ਇਹ ਵਾਅਦਾ ਬੰਦੂਕ ਸੱਭਿਆਚਾਰ ਨੂੰ ਕੰਟਰੋਲ ਕਰਨ ਦੇ ਵਾਅਦੇ ਨਾਲ ਸਿਰਫ਼ ਜੁਮਲਾ ਬਣ ਕੇ ਰਹਿ ਜਾਂਦਾ ਹੈ।

ਫਿਲਹਾਲ, ਟਰੰਪ 'ਤੇ ਹਮਲੇ ਨਾਲ ਸਮੀਖਿਆ ਕਰਨ ਵਾਲਿਆਂ ਦੇ ਇਸ ਡਰ ਦੀ ਪੁਸ਼ਟੀ ਹੋ ਗਈ ਹੈ ਕਿ ਬੇਤੁਕੀ ਰਾਜਨੀਤਕ ਸ਼ਬਦਾਵਲੀ ਅਮਰੀਕੀ ਲੋਕਤੰਤਰ ਨੂੰ ਡੂੰਘੀ ਖੱਡ ਵਿਚ ਲੈ ਜਾਵੇਗੀ। ਲਗਾਤਾਰ ਜਨਤਾ ਵਿਚ ਗੁੱਸਾ ਭਰਨਾ, ਬਿਨਾਂ ਕਾਰਨ ਹੀ ਸਮਾਜ ਦਾ ਧਰੁਵੀਕਰਨ ਕਰਨਾ ਅਤੇ ਦੋ ਕਮਜ਼ੋਰ ਰਾਜਨੀਤਕ ਦਲਾਂ ਕਾਰਨ ਰਾਜਨੀਤਕ ਹਿੰਸਾ ਲਈ ਜਗ੍ਹਾ ਬਣਾ ਦਿੱਤੀ ਗਈ ਹੈ। ਅਮਰੀਕੀ ਸਮਾਜ ਵਿਚ ਵਧਦੀ ਬੇਚੈਨੀ ਦੀ ਇਕ ਮਿਸਾਲ ਇਹ ਹੈ ਕਿ 2022 ਵਿਚ ਸਪੀਕਰ ਨੈਂਸੀ ਪੇਲੋਸੀ ਦੇ ਪਤੀ 'ਤੇ ਹਥੌੜੇ ਨਾਲ ਹਮਲਾ ਕੀਤਾ ਗਿਆ, ਜਦੋਂ ਕਿ ਸਾਜਿਸ਼ ਦੀ ਥਿਉਰੀ ਦਾ ਸਮਰਥਨ ਕਰਨ ਵਾਲਿਆਂ ਨੇ 'ਉਨ੍ਹਾਂ ਦੇ ਗੋਡੇ ਤੋੜਨ' ਲਈ ਕਿਹਾ ਸੀ। ਸੰਸਾਰ ਸਾਲਾਂ ਤੋਂ ਅਮਰੀਕੀ ਰਾਜਨੀਤੀ ਅਤੇ ਸਮਾਜ ਦੇ ਹਮਲਾਵਰ ਤੇਵਰ ਦੇਖ ਰਿਹਾ ਹੈ, ਇਸ ਲਈ ਇਸ ਕਿਸਮ ਦੇ ਟਵੀਟਾਂ ਦਾ ਕੋਈ ਅਰਥ ਨਹੀਂ ਹੈ ਕਿ ਰਾਜਨੀਤਕ ਹਿੰਸਾ 'ਗ਼ੈਰ ਅਮਰੀਕੀ' ਹੈ। ਭਾਵੇਂ ਕਿ ਸਭ ਪਾਰਟੀਆਂ ਦੇ ਰਾਜਨੀਤਕ ਆਗੂ ਤਿੱਖੇ ਸ਼ਬਦਾਂ ਦੀ ਵਰਤੋਂ ਨਾ ਕਰਨ ਦੀ ਵਕਾਲਤ ਕਰਦੇ ਹਨ। ਪਰ ਇਨ੍ਹਾਂ ਨੇਤਾਵਾਂ ਦੇ ਹੀ ਹਮਲਾਵਰ ਭਾਸ਼ਨਾਂ ਨਾਲ ਰਾਜਨੀਤਕ ਹਿੰਸਾ 'ਨਿਊ ਨਾਰਮਲ' ਹੋ ਗਈ ਹੈ। ਅੱਜ ਅਮਰੀਕੀ ਰਾਜਨੀਤੀ ਦਾ ਹਾਲ ਇਹ ਹੈ ਕਿ ਟਰੰਪ 'ਤੇ ਕਾਤਲਾਨਾ ਹਮਲੇ ਦੇ ਤੁਰੰਤ ਬਾਅਦ ਗ਼ਲਤ ਸੂਚਨਾਵਾਂ ਦਾ ਵਿਸਫੋਟ ਹੋ ਗਿਆ। ਇਤਿਹਾਸਕ ਘਟਨਾਵਾਂ ਨੂੰ ਤੋੜ-ਮਰੋੜ ਕੇ ਆਨਲਾਈਨ ਫੈਲਾਉਣ ਦਾ ਆਮ ਲੋਕਾਂ 'ਤੇ ਮਾੜਾ ਅਸਰ ਪੈਂਦਾ ਹੈ। ਪਰ ਸੋਸ਼ਲ ਮੀਡੀਆ ਕੰਪਨੀਆਂ ਲਈ ਇਹ ਹਮੇਸ਼ਾ ਦੀ ਤਰ੍ਹਾਂ ਵਪਾਰ ਹੀ ਸੀ।
ਅਮਰੀਕਾ ਦੀ ਵਿਸ਼ੇਸ਼ ਰਾਜਨੀਤਕ ਵਿਵਸਥਾ ਵਿਚ ਨਸਲੀ ਵੰਡ ਆਮ ਗੱਲ ਹੈ। ਸਿਆਸਤਦਾਨ ਇਸ ਬਲਦੀ ਅੱਗ ਵਿਚ ਘਿਓ ਪਾ ਕੇ ਸਿਆਸੀ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਟਰੰਪ ਦੀ ਰਾਜਨੀਤੀ ਦੀਆਂ ਜੜ੍ਹਾਂ ਤਾਂ ਹਰ 'ਫਾਲਟ ਲਾਈਨ' ਵਿਚ ਹਨ। ਉਨ੍ਹਾਂ ਦੀ ਅੱਤਵਾਦੀ ਰਾਜਨੀਤੀ ਦੀ ਪਹੁੰਚ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਦੀਆਂ ਗ਼ਲਤ ਸੂਚਨਾਵਾਂ ਦੇ ਤੱਥ ਜਾਂਚਣ ਤੋਂ ਬਾਅਦ ਵੀ ਹਾਲਾਤ ਨੂੰ 'ਆਮ' ਨਹੀਂ ਬਣਾਇਆ ਜਾ ਸਕਿਆ। ਟਰੰਪ ਆਪਣੇ 'ਤੇ ਹੋਏ ਹਮਲੇ ਤੋਂ ਵੀ ਸਿਆਸੀ ਲਾਭ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ 'ਤੇ ਹਮਲੇ ਦੇ ਸਿਰਫ਼ ਤਿੰਨ ਘੰਟੇ ਬਾਅਦ ਆਨਲਾਈਨ ਪਲੇਟਫਾਰਮ ਤਾਓਬਾਓ 'ਤੇ ਟੀ-ਸ਼ਰਟ ਵਿਕ ਰਹੀ ਸੀ, ਜਿਸ 'ਤੇ ਦਿਖਾਇਆ ਗਿਆ ਹੈ ਕਿ ਟਰੰਪ ਦੇ ਚਿਹਰੇ 'ਤੇ ਖ਼ੂਨ ਵਗ ਰਿਹਾ ਹੈ ਅਤੇ ਫਿਰ ਵੀ ਉਨ੍ਹਾਂ ਨੇ ਆਪਣੀ ਮੁੱਠੀ ਬੰਨ੍ਹ ਕੇ ਹੱਥ ਉੱਪਰ ਚੁੱਕਿਆ ਹੋਇਆ ਹੈ। ਹਾਲਾਂਕਿ ਦੂਜੇ ਪਾਸੇ ਬਾਈਡਨ ਵੀ ਟਰੰਪ ਦੀ ਹੀ ਉਮਰ ਦੇ ਹਨ ਅਤੇ ਇਜ਼ਰਾਈਲ ਯੁੱਧ ਦੇ ਵੱਡੇ ਸਮਰਥਕ ਹਨ, ਪਰ ਉਹ ਘਰੇਲੂ ਰਾਜਨੀਤੀ ਵਿਚ ਕਮਜ਼ੋਰ ਦਿਖਾਈ ਦੇ ਰਹੇ ਹਨ।
ਅਮਰੀਕਾ ਇਕਲੌਤਾ ਅਮੀਰ ਪੱਛਮੀ ਦੇਸ਼ ਹੈ, ਜਿਥੇ ਬਾਲ ਅਤੇ ਕਿਸ਼ੋਰ ਮੌਤਾਂ ਦਾ ਮੁੱਖ ਕਾਰਨ ਬੰਦੂਕ ਦੀ ਗੋਲੀ ਹੈ। ਇਸ ਦੇ ਬਾਵਜੂਦ ਬੰਦੂਕਾਂ ਅਮਰੀਕੀ 'ਮੁੱਲਾਂ' ਦਾ ਔਜ਼ਾਰ ਤੇ ਖਿਡੌਣੇ ਦਾ ਪ੍ਰਤੀਕ ਹਨ। ਟਰੰਪ 'ਤੇ ਏ.ਆਰ.-15 ਰਾਈਫਲ ਨਾਲ ਹਮਲਾ ਕੀਤਾ ਗਿਆ, ਜੋ ਕਿ ਸੈਨਿਕ ਐਮ.-16 ਦਾ ਸੈਮੀ ਆਟੋਮੇਟਿਕ ਸਿਵਲੀਅਨ ਰੂਪ ਹੈ। ਇਸ ਰਾਈਫਲ ਨੂੰ ਤੁਸੀਂ ਕਿਸੇ ਵੀ ਹੋਰ ਦੇਸ਼ ਦੀ ਆਮ ਮਾਰਕਿਟ ਵਿਚੋਂ ਨਹੀਂ ਖਰੀਦ ਸਕਦੇ। ਕੁਝ ਮਾਹਿਰ ਕਹਿ ਰਹੇ ਹਨ ਕਿ ਟਰੰਪ 'ਤੇ ਹਮਲੇ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਆਗੂ ਬੰਦੂਕ ਸੱਭਿਆਚਾਰ ਸੰਬੰਧੀ ਆਪਣਾ ਨਜ਼ਰੀਆ ਬਦਲਣਗੇ। ਪਰ ਇਹ ਸੰਭਵ ਨਹੀਂ ਲੱਗਦਾ। ਟਰੰਪ ਤਾਂ ਹਮਲੇ ਨੂੰ ਵੀ 'ਜਿੱਤ' ਵਿਚ ਬਦਲਣ ਲਈ ਕਾਹਲੇ ਹਨ, ਉਹ ਕਿਉਂ ਆਪਣਾ ਨਜ਼ਰੀਆ ਬਦਲਣਗੇ, ਭਾਵੇਂ ਹੀ ਇਨ੍ਹਾਂ ਬੰਦੂਕਾਂ ਨਾਲ ਹੁੰਦੀਆਂ ਹਿੰਸਕ ਘਟਨਾਵਾਂ ਵਿਚ ਮਾਸੂਮ ਅਮਰੀਕੀ ਮਰਦੇ ਰਹਿਣ।
ਨੋਸ਼ਾਬਾ ਪ੍ਰਵੀਨ












Comments (0)