ਟਰੰਪ ਦੇ ਬਿਆਨਾਂ ਸਾਹਮਣੇ ਭਾਰਤ ਦੀ ਖਾਮੋਸ਼ੀ ਕਿਉਂ?

ਟਰੰਪ ਦੇ ਬਿਆਨਾਂ ਸਾਹਮਣੇ ਭਾਰਤ ਦੀ ਖਾਮੋਸ਼ੀ ਕਿਉਂ?

ਅੱਤਵਾਦੀ ਫੰਡਿੰਗ ਵਿੱਚ ਪਾਕਿਸਤਾਨ ਨੂੰ ਕਲੀਨ ਚਿੱਟ,ਅਮਰੀਕਾ ਦਾ ਪਾਕਿਸਤਾਨ ਵੱਲ ਝੁਕਾਅ

*ਵਿਰੋਧੀ ਪਾਰਟੀਆਂ ਨੇ ਮੋਦੀ ਸਰਕਾਰ ਨੂੰ ਘੇਰਿਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੇ ਵਾਰ ਵਾਰ ਦਾਅਵੇ ਨੇ ਭਾਰਤ ਦੀ ਚੁਪ  ਅਗੇ  ਸਵਾਲ ਖੜੇ ਕੀਤੇ ਹਨ। ਟਰੰਪ ਦਾ ਕਹਿਣਾ ਸੀ ਕਿ ਉਸ ਨੇ ਵਪਾਰ ਅਤੇ ਟੈਰਿਫ ਦਾ ਡਰ ਦਿਖਾ ਕੇ ਭਾਰਤ ਤੇ ਪਾਕਿਸਤਾਨ ਨੂੰ ਜੰਗ ਰੋਕਣ ਲਈ ਮਜਬੂਰ ਕੀਤਾ ਸੀ। ਪਰ ਭਾਰਤ ਦੀ ਚੁੱਪੀ ਅਤੇ ਅਸਪੱਸ਼ਟ ਜਵਾਬ ਨੇ ਕੂਟਨੀਤਕ ਹਲਕਿਆਂ ਵਿੱਚ ਹੈਰਾਨੀ ਪੈਦਾ ਕਰ ਦਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨਾਲ 35 ਮਿੰਟ  ਫੋਨ ਉਪਰ ਗੱਲਬਾਤ ਕੀਤੀ ਸੀ, ਪਰ ਇਸ ਦਾ ਵੇਰਵਾ ਨਹੀਂ ਦਿੱਤਾ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਤੋਂ ਬਾਅਦ ਜੰਗਬੰਦੀ ਕੀਤੀ ਸੀ , ਪਰ ਟਰੰਪ ਨੇ ਆਪਣਾ ਦਾਅਵਾ ਵਾਰ ਵਾਰ ਦੁਹਰਾਇਆ ਕਿ ਭਾਰਤ ਪਾਕਿ ਵਿਚਾਲੇ ਸ਼ਾਂਤੀ ਉਸ ਕਾਰਣ ਬਣੀ ਤੇ ਜੰਗ ਰੁਕੀ। ਸੁਆਲ ਇਹ ਹੈ ਕਿ ਜੇ ਟਰੰਪ ਝੂਠ ਬੋਲ ਰਿਹਾ ਹੈ, ਤਾਂ ਭਾਰਤ ਉਸ  ਦਾ ਵਿਰੋਧ ਕਿਉਂ ਨਹੀਂ ਕਰ ਰਿਹਾ? 

ਕੀ ਅਮਰੀਕਾ ਨਾਲ ਆਰਥਿਕ ਅਤੇ ਰਣਨੀਤਕ ਨਿਰਭਰਤਾ ਭਾਰਤ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਰਹੀ ਹੈ? ਇਹ ਸਵਾਲ ਭਾਰਤ ਦੀ ਕੂਟਨੀਤਕ ਸਾਖ ਉਪਰ ਪ੍ਰਸ਼ਨ ਚਿੰਨ ਹਨ। 

ਬੀਤੇ ਦਿਨੀਂ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ.) ਨੇ ਪਾਕਿਸਤਾਨ ਨੂੰ ਅੱਤਵਾਦੀ ਫੰਡਿੰਗ ਦੇ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਸੀ ।ਇਸ ਕਾਰਣ ਭਾਰਤ ਦੀਆਂ ਉਮੀਦਾਂ ਨੂੰ ਝਟਕਾ ਲਗਾ ਹੈ। ਪੁਲਵਾਮਾ ਘਟਨਾ ਤੋਂ 55 ਦਿਨ ਬਾਅਦ ਐਫ.ਏ.ਟੀ.ਐਫ. ਨੇ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਪਿੱਛੇ ਵੱਡੀ ਫੰਡਿੰਗ ਹੁੰਦੀ ਹੈ, ਜਿਸ ਨਾਲ ਭਾਰਤ ਨੂੰ ਲੱਗਿਆ ਸੀ ਕਿ ਪਾਕਿਸਤਾਨ ਉੱਤੇ ਕਾਰਵਾਈ ਹੋਵੇਗੀ। ਪਰ ਐਫ.ਏ.ਟੀ.ਐਫ. ਨੇ ਪਾਕਿਸਤਾਨ ਦੀਆਂ 2022 ਦੀਆਂ ਵਚਨਬੱਧਤਾਵਾਂ ਦੀ ਪਾਲਣਾ ਦੀ ਸਿਫਤ ਕਰਦਿਆਂ ਉਸ ਨੂੰ ਬਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਈ.ਐਮ.ਐਫ., ਵਿਸ਼ਵ ਬੈਂਕ ਅਤੇ ਏ.ਡੀ.ਬੀ. ਨੇ ਪਾਕਿਸਤਾਨ ਨੂੰ ਕਰਜ਼ੇ ਦੇਣ ਦਾ ਐਲਾਨ ਕੀਤਾ ਸੀ, ਜਿਸ ਨੂੰ ਰੋਕਣ ਦੀ ਭਾਰਤ ਦੀ ਕੋਸ਼ਿਸ਼ ਵੀ ਨਕਾਮ ਰਹੀ ਸੀ। ਅਗਸਤ ਵਿੱਚ ਹੋਣ ਵਾਲੀ ਐਫ.ਏ.ਟੀ.ਐਫ. ਦੀ ਮੀਟਿੰਗ ਵਿੱਚ ਭਾਰਤ ਪਾਕਿਸਤਾਨ ਨੂੰ ‘ਗ੍ਰੇ ਲਿਸਟ’ ਵਿੱਚ ਪਵਾਉਣ ਦੀ ਕੋਸ਼ਿਸ਼ ਕਰੇਗਾ, ਪਰ ਅਮਰੀਕਾ ਅਤੇ ਚੀਨ ਦੀ ਚੁੱਪੀ ਨੇ ਭਾਰਤ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਅਮਰੀਕਾ ਦਾ ਪਾਕਿਸਤਾਨ ਵੱਲ ਵਧਦਾ ਝੁਕਾਅ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ। ਪਾਕਿਸਤਾਨੀ ਫੌਜ ਮੁਖੀ ਜਨਰਲ ਆਸਿਮ ਮੁਨੀਰ ਦੀ ਵਾਈਟ ਹਾਊਸ ਵਿੱਚ ਟਰੰਪ ਨਾਲ ਮੁਲਾਕਾਤ ਅਤੇ ਪਾਕਿਸਤਾਨ ਵੱਲੋਂ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕਰਨ ਦੇ ਐਲਾਨ ਨੇ ਅਮਰੀਕਾ-ਪਾਕਿਸਤਾਨ ਸਬੰਧਾਂ ਦੀ ਨਵੀਂ ਗਰਮਜੋਸ਼ੀ ਦਿਖਾਈ ਹੈ। ਟਰੰਪ ਨੇ ਭਾਰਤ-ਪਾਕਿਸਤਾਨ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਲੈਂਦਿਆਂ ਪਾਕਿਸਤਾਨ ਦੀ ਤਾਰੀਫ ਕੀਤੀ ਸੀ, ਜਦ ਕਿ ਭਾਰਤ ਨੇ ਤੀਜੀ ਧਿਰ ਦੀ ਵਿਚੋਲਗੀ ਨੂੰ ਸਿਰੇ ਤੋਂ ਨਕਾਰਿਆ ਸੀ। ਅਮਰੀਕਾ ਦੀ ਇਸ ਰਣਨੀਤੀ ਪਿੱਛੇ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਪਾਕਿਸਤਾਨ ਨਾਲ ਦੋਸਤੀ ਮਜਬੂਤ ਕਰਨ ਦੀ ਸੰਭਾਵਨਾ ਹੈ। ਪਰ ਸਵਾਲ ਇਹ ਹੈ ਕਿ ਭਾਰਤ ਅਮਰੀਕਾ ਦੇ ਇਸ ਝੁਕਾਅ ਦਾ ਵਿਰੋਧ ਕਿਉਂ ਨਹੀਂ ਕਰ ਰਿਹਾ? ਕੀ ਅਮਰੀਕਾ ਨਾਲ ਵਪਾਰਕ ਅਤੇ ਰਣਨੀਤਕ ਸਬੰਧਾਂ ਦੀ ਮਜਬੂਰੀ ਭਾਰਤ ਨੂੰ ਚੁੱਪ ਕਰਵਾ ਰਹੀ ਹੈ?

ਭਾਰਤ ਦੀਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਇਸ ਕਮਜ਼ੋਰ ਕੂਟਨੀਤੀ ’ਤੇ ਸਖ਼ਤ ਸਵਾਲ ਚੁੱਕੇ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ‘ਫੇਲ’ ਹੋ ਚੁੱਕੀ ਹੈ, ਜਿਸ ਕਾਰਨ ਅਮਰੀਕਾ ਭਾਰਤ ਨੂੰ ਹਲਕੇ ਵਿੱਚ ਲੈ ਰਿਹਾ ਹੈ। ਟੀ.ਐਮ.ਸੀ. ਦੀ ਮਮਤਾ ਬੈਨਰਜੀ ਨੇ ਕਿਹਾ ਕਿ ਸਰਕਾਰ ਦੀ ਚੁੱਪ ਦੇਸ਼ ਦੀ ਸਾਖ ਨੂੰ ਨੁਕਸਾਨ ਪਹੁੰਚਾ ਰਹੀ ਹੈ। ਸਮਾਜਵਾਦੀ ਪਾਰਟੀ ਅਤੇ ਆਪ ਨੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅਮਰੀਕਾ ਦੇ ਦਬਾਅ ਅੱਗੇ ਝੁਕਣਾ ਭਾਰਤ ਦੀ ਸਵੈ-ਮਾਣ ਨੂੰ ਠੇਸ ਪਹੁੰਚਾਉਂਦਾ ਹੈ। ਵਿਰੋਧੀਆਂ ਨੇ ਮੰਗ ਕੀਤੀ ਕਿ ਸਰਕਾਰ ਟਰੰਪ ਦੇ ਬਿਆਨਾਂ ਦਾ ਸਪੱਸ਼ਟ ਜਵਾਬ ਦੇਵੇ ਅਤੇ ਪਾਕਿਸਤਾਨ ਵਿਰੁੱਧ ਕੂਟਨੀਤਕ ਮੋਰਚੇ ’ਤੇ ਸਖਤੀ ਵਿਖਾਵੇ।

ਭਾਰਤ ਦੀ ਇਸ ਕੂਟਨੀਤਕ ਹਾਰ ਦੇ ਬਾਵਜੂਦ ਕੁਝ ਰਸਤੇ ਹਨ, ਜਿਨ੍ਹਾਂ ’ਤੇ ਚੱਲ ਕੇ ਸਥਿਤੀ ਸੁਧਾਰੀ ਜਾ ਸਕਦੀ ਹੈ। ਪਹਿਲਾਂ, ਭਾਰਤ ਨੂੰ ਅਮਰੀਕਾ ਨਾਲ ਸਬੰਧਾਂ ਵਿੱਚ ਸੰਤੁਲਨ ਬਣਾਉਣ ਦੀ ਲੋੜ ਹੈ। ਅਮਰੀਕਾ ’ਤੇ ਬਹੁਤ ਜ਼ਿਆਦਾ ਨਿਰਭਰਤਾ ਦੀ ਬਜਾਏ ਰੂਸ, ਫਰਾਂਸ ਅਤੇ ਜਾਪਾਨ ਵਰਗੇ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਕੇ ਭਾਰਤ ਆਪਣੀ ਸਥਿਤੀ ਸੁਧਾਰ ਸਕਦਾ ਹੈ। ਦੂਜਾ, ਐਫ.ਏ.ਟੀ.ਐਫ. ਅਤੇ ਸੰਯੁਕਤ ਰਾਸ਼ਟਰ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਪਾਕਿਸਤਾਨ ਵਿਰੁੱਧ ਮਜ਼ਬੂਤ ਸਬੂਤ ਪੇਸ਼ ਕਰਕੇ ਦਬਾਅ ਬਣਾਇਆ ਜਾ ਸਕਦਾ ਹੈ। ਤੀਜਾ, ਭਾਰਤ ਨੂੰ ਆਪਣੀ ਵਿਦੇਸ਼ ਨੀਤੀ ਵਿੱਚ ਹਮਲਾਵਰ ਰੁਖ ਅਪਣਾਉਣ ਦੀ ਲੋੜ ਹੈ, ਜਿਸ ਨਾਲ ਅਮਰੀਕਾ ਵਰਗੇ ਦੇਸ਼ ਸਮਝਣ ਕਿ ਭਾਰਤ ਹੁਣ ਕਿਸੇ ਦੇ ਦਬਾਅ ਹੇਠ ਨਹੀਂ ਝੁਕੇਗਾ।