ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3’ ਫਿਰਕੂਵਾਦ ਦੇ ਭੇਂਟ ਚੜ੍ਹੀ

ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3’ ਫਿਰਕੂਵਾਦ ਦੇ ਭੇਂਟ ਚੜ੍ਹੀ

*ਪਾਕਿਸਤਾਨੀ ਅਦਾਕਾਰਾ ਦੇ  ਫਿਰਕੂ ਵਿਰੋਧ ਨੇ ਫਸਾਇਆ ਪੇਚ

*ਦਿਲਜੀਤ ਦਾ ਫੈਸਲਾ: ‘ਸਰਦਾਰ ਜੀ 3’ ਭਾਰਤ ਵਿਚ ਨਹੀਂ ਹੋਵੇਗੀ ਰਿਲੀਜ਼

*ਮੀਕਾ ਸਿੰਘ ਦਾ ਦਿਲਜੀਤ ’ਤੇ ਹਮਲਾ:  ਕਿਹਾ, ‘ਫੇਕ ਸਿੰਗਰ, ਦੇਸ਼ ਦੀਆਂ ਭਾਵਨਾਵਾਂ ਨਾਲ ਖਿਲਵਾੜ’

*ਪੰਜਾਬੀ ਸਿਨੇਮਾ ’ਤੇ ਸੰਕਟ: ‘ਸਰਦਾਰ ਜੀ 3’ ਸਣੇ ਕਈ ਫਿਲਮਾਂ ਪਾਕਿਸਤਾਨੀ ਕਲਾਕਾਰਾਂ ਕਾਰਨ ਅਟਕੀਆਂ

ਪੰਜਾਬੀ ਸਿਨੇਮਾ ਦੇ ਚਮਕਦੇ ਸਿਤਾਰੇ, ਦਿਲਜੀਤ ਦੋਸਾਂਝ, ਜਿਨ੍ਹਾਂ ਦੀ ਗੂੰਜ ਸਿਰਫ ਪੰਜਾਬ ਵਿਚ ਨਹੀਂ, ਸਗੋਂ ਸੱਤ ਸਮੁੰਦਰ ਪਾਰ ਵੀ ਸੁਣੀ ਜਾਂਦੀ ਹੈ, ਅੱਜ-ਕੱਲ੍ਹ ਆਪਣੀ ਫਿਲਮ ‘ਸਰਦਾਰ ਜੀ 3’ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿਚ ਹਨ। ਇਹ ਵਿਵਾਦ ਸਿਰਫ ਇੱਕ ਫਿਲਮ ਦੀ ਰਿਲੀਜ਼ ਦਾ ਨਹੀਂ, ਸਗੋਂ ਪੰਜਾਬੀ ਸੱਭਿਆਚਾਰ, ਕਲਾ ਦੀ ਆਜ਼ਾਦੀ, ਅਤੇ ਰਾਜਨੀਤਕ ਸਾਜਿਸ਼ਾਂ ਦੇ ਗੂੜ੍ਹੇ ਤਾਣੇ-ਬਾਣੇ ਨਾਲ ਜੁੜਿਆ ਹੋਇਆ ਹੈ। ਦਿਲਜੀਤ ਨੇ  ਫਿਰਕੂ ਰਾਸ਼ਟਰਵਾਦੀਆਂ ਦੇ ਵਿਰੋਧ ਕਾਰਣ ਫਿਲਮ ਨੂੰ ਭਾਰਤ ਵਿਚ ਰਿਲੀਜ਼ ਨਾ ਕਰਨ ਦਾ ਫੈਸਲਾ ਲਿਆ ਹੈ।ਇਸ ਫਿਲਮ ਵਿਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਦੀ ਮੌਜੂਦਗੀ ਕਾਰਣ ਭਾਰਤ ਵਿਚ ਅਖੌਤੀ ਰਾਸ਼ਟਰਵਾਦੀ ਵਿਰੋਧ ਕਰ ਰਹੇ ਹਨ। ਇਹ ਵਿਰੋਧ ਸਿਰਫ ਹਾਨਿਆ ਦੀ ਪਾਕਿਸਤਾਨੀ ਪਛਾਣ ਕਰਕੇ ਨਹੀਂ, ਸਗੋਂ ਭਾਰਤ-ਪਾਕਿਸਤਾਨ ਵਿਚਕਾਰ ਚੱਲ ਰਹੇ ਸਿਆਸੀ ਤਣਾਅ ਅਤੇ ਹਾਨਿਆ ਦੇ ਇੱਕ ਪੁਰਾਣੇ ਬਿਆਨ (ਆਪ੍ਰੇਸ਼ਨ ਸਿੰਦੂਰ ਨੂੰ ਲੈ ਕੇ) ਦੇ ਚੁਫੇਰੇ ਘੁੰਮਦਾ ਹੈ। 

ਦਿਲਜੀਤ ਦੀ ਮੈਨੇਜਰ ਸੋਨਾਲੀ ਸਿੰਘ ਨੇ  ਸਪੱਸ਼ਟ ਕੀਤਾ ਕਿ ਦਿਲਜੀਤ ਨੇ ਦੇਸ਼ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਹ ਫੈਸਲਾ ਲਿਆ, ਭਾਵੇਂ ਇਸ ਨਾਲ ਉਨ੍ਹਾਂ ਨੂੰ ਨਿੱਜੀ ਅਤੇ ਵਪਾਰਕ ਨੁਕਸਾਨ ਸਹਿਣਾ ਪਵੇ।ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਨੇ ਵੀ ਸਪੱਸ਼ਟ ਕੀਤਾ ਕਿ ਫਿਲਮ ਦੀ ਸ਼ੂਟਿੰਗ ਫਰਵਰੀ ਵਿਚ ਹੋਈ ਸੀ, ਜਦੋਂ

ਭਾਰਤ-ਪਾਕਿਸਤਾਨ ਵਿਚਕਾਰ ਕੋਈ ਵੱਡਾ ਸਿਆਸੀ ਤਣਾਅ ਨਹੀਂ ਸੀ। ਉਹਨਾਂ ਨੇ ਕਿਹਾ ਕਿ ਹਾਨਿਆ ਦੇ ਸੀਨ ਨੂੰ ਬਦਲਣ ਦੀ ਕੋਈ ਤਕਨੀਕੀ ਸੰਭਾਵਨਾ ਨਹੀਂ ਸੀ, ਕਿਉਂਕਿ ਸਾਰੀ ਫਿਲਮ ਵਿਚ ਉਸ ਦਾ ਕਿਰਦਾਰ ਮਹੱਤਵਪੂਰਨ ਹੈ। ਇਸ ਲਈ, ਦੇਸ਼ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ, ਉਹਨਾਂ ਨੇ ਫਿਲਮ ਨੂੰ ਭਾਰਤ ਵਿਚ ਰਿਲੀਜ਼ ਨਾ ਕਰਨ ਦਾ ਫੈਸਲਾ ਲਿਆ। ਇਸ ਦੇ ਨਾਲ ਹੀ, ਫਿਲਮ ਦਾ ਕੋਈ ਟ੍ਰੇਲਰ, ਟੀਜ਼ਰ, ਜਾਂ ਪ੍ਰੋਮੋ ਵੀ ਭਾਰਤ ਵਿਚ ਜਾਰੀ ਨਹੀਂ ਕੀਤਾ ਜਾ ਰਿਹਾ।

ਭਾਰਤੀ ਫਿਲਮ ਇੰਡਸਟਰੀ ਵਿਚ ਵਿਰੋਧ

ਸਭ ਤੋਂ ਵੱਡਾ ਵਿਰੋਧ ਫਿਲਮ ਵਰਕਰਜ਼ ਯੂਨੀਅਨ, ਮੁੰਬਈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇਮਪਲਾਈਜ਼ ਵੱਲੋਂ ਹੈ, ਜਿਨ੍ਹਾਂ ਨੇ ਫਿਲਮ ਦਾ ਪੂਰਨ ਬਾਈਕਾਟ ਕਰਨ ਦਾ ਐਲਾਨ ਕੀਤਾ। ਯੂਨੀਅਨ ਦੇ ਮੁੱਖ ਸਲਾਹਕਾਰ ਅਸ਼ੋਕ ਪੰਡਿਤ ਨੇ ਦਿਲਜੀਤ ’ਤੇ ਸਿੱਧਾ ਹਮਲਾ ਬੋਲਦਿਆਂ ਕਿਹਾ ਕਿ ਉਹ ਹਮੇਸ਼ਾ ਭਾਰਤੀ ਫਿਲਮ ਇੰਡਸਟਰੀ ਦੇ ਨਿਯਮਾਂ ਦੀ ਉਲੰਘਣਾ ਕਰਦੇ ਰਹੇ ਹਨ ਅਤੇ ਪਾਕਿਸਤਾਨੀ ਕਲਾਕਾਰਾਂ ਨੂੰ ਪ੍ਰਮੋਟ ਕਰਦੇ ਹਨ। ਉਨ੍ਹਾਂ ਨੇ ਇਸ ਨੂੰ ਰਾਸ਼ਟਰੀ ਹਿੱਤਾਂ ਦੇ ਖਿਲਾਫ ਦੱਸਿਆ।ਇਸ ਤੋਂ ਇਲਾਵਾ, ਸੋਸ਼ਲ ਮੀਡੀਆ ’ਤੇ ਵੀ ਕਈ ਫਿਰਕੂ ਰਾਸ਼ਟਰਵਾਦੀ ਗਰੁੱਪਾਂ ਅਤੇ ਵਿਅਕਤੀਆਂ ਨੇ ਦਿਲਜੀਤ ਅਤੇ ਹਾਨਿਆ ਦੇ ਖਿਲਾਫ ਨਫਰਤ ਦੀ  ਫਿਰਕੂ ਮੁਹਿੰਮ ਚਲਾਈ। ਕਈਆਂ ਨੇ ਦਿਲਜੀਤ ਨੂੰ ‘ਦੇਸ਼-ਵਿਰੋਧੀ’ ਦੱਸਿਆ, ਜਦਕਿ ਕਈਆਂ ਨੇ ਹਾਨਿਆ ਦੇ ਪੁਰਾਣੇ ਬਿਆਨ ਨੂੰ ਵਾਇਰਲ ਕਰਕੇ ਮਾਹੌਲ ਨੂੰ ਹੋਰ ਗਰਮ ਕੀਤਾ। 

ਇਸੇ ਤਰ੍ਹਾਂ, ਗਾਇਕ ਮੀਕਾ ਸਿੰਘ ਮੀਕਾ ਨੇ ਫਿਲਮ ‘ਸਰਦਾਰ ਜੀ 3’ ਦੇ ਵਿਵਾਦ ’ਤੇ ਦਿਲਜੀਤ ਦੋਸਾਂਝ ’ਤੇ ਸਖ਼ਤ ਟਿੱਪਣੀ ਕੀਤੀ। ਉਸ ਨੇ ਦਿਲਜੀਤ ਨੂੰ ‘ਫੇਕ ਸਿੰਗਰ’ ਕਹਿ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਾਰਤ-ਪਾਕਿਸਤਾਨ ਦੇ ਤਣਾਅ ਵਾਲੇ ਸਮੇਂ ਵਿਚ ਪਾਕਿਸਤਾਨੀ ਅਦਾਕਾਰਾ ਹਾਨਿਆ ਆਮਿਰ ਨੂੰ ਫਿਲਮ ਵਿਚ ਲੈਣਾ ਗੈਰ-ਜ਼ਿੰਮੇਦਾਰਾਨਾ ਹੈ। 

ਮੀਕਾ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਅਤੇ ਕਲਾਕਾਰਾਂ ਨੂੰ ਰਾਸ਼ਟਰੀ ਹਿੱਤਾਂ ਨੂੰ ਪਹਿਲ ਦੇਣੀ ਚਾਹੀਦੀ। ਉਸ ਨੇ ਦਿਲਜੀਤ ਦੇ ਫੈਸਲੇ ’ਤੇ ਸਵਾਲ ਉਠਾਏ,  ਕਿ ਅਜਿਹੇ ਸਮੇਂ ’ਵਿਚ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨਾ ਗਲਤ ਹੈ। ਮੀਕਾ ਦੀ ਇਸ ਟਿੱਪਣੀ ਨੇ ਸੋਸ਼ਲ ਮੀਡੀਆ ’ਤੇ ਵਿਵਾਦ ਨੂੰ ਹੋਰ ਭੜਕਾਇਆ, ਜਿੱਥੇ ਕੁਝ ਲੋਕਾਂ ਨੇ ਉਸ ਦੀ ਗੱਲ ਦਾ ਸਮਰਥਨ ਕੀਤਾ, ਜਦਕਿ ਕਈਆਂ ਨੇ ਦਿਲਜੀਤ ਦੇ ਸਮਰਥਨ ਵਿਚ ਆਵਾਜ਼ ਉਠਾਈ।

ਪਾਕਿਸਤਾਨੀ ਕਲਾਕਾਰਾਂ ਕਾਰਣ ਕਈ ਫਿਲਮਾਂ ਅਟਕੀਆਂ

ਪੰਜਾਬੀ ਫਿਲਮ ਲੇਖਕ ਅਤੇ ਨਿਰਦੇਸ਼ਕ ਚੰਦਰ ਕੰਬੋਜ ਨੇ ਦਾਅਵਾ ਕੀਤਾ ਕਿ ‘ਸਰਦਾਰ ਜੀ 3’ ਦੇ ਇਲਾਵਾ ਹੋਰ ਵੀ ਫਿਲਮਾਂ, ਜਿਵੇਂ ‘ਚੱਲ ਮੇਰਾ ਪੁੱਤ 4’, ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਕਾਰਨ ਅਟਕੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਲਗਪਗ 6 ਤਿਆਰ ਫਿਲਮਾਂ ਅਤੇ ਦਰਜਨ ਤੋਂ ਵੱਧ ਅਧੂਰੀਆਂ ਫਿਲਮਾਂ ਵਿਚ ਪਾਕਿਸਤਾਨੀ ਕਲਾਕਾਰ ਸਾਮਲ ਹਨ, ਜਿਨ੍ਹਾਂ ਨੂੰ ਸੈਂਸਰ ਬੋਰਡ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਫਿਲਮ ਰਿਲੀਜ਼ ਨਾ ਹੋਣ ਕਾਰਣ ਨੁਕਸਾਨ

ਫਿਲਮ ਰਿਲੀਜ਼ ਨਾ ਹੋਣ ਦਾ ਨੁਕਸਾਨ‘ਸਰਦਾਰ ਜੀ 3’ ਦੀ ਭਾਰਤ ਵਿਚ ਰਿਲੀਜ਼ ਨਾ ਹੋਣ ਨਾਲ ਵਿੱਤੀ ਅਤੇ ਸੱਭਿਆਚਾਰਕ ਨੁਕਸਾਨ ਦੋਵੇਂ ਹੋਣ ਦੀ ਸੰਭਾਵਨਾ ਹੈ। ਸੋਨਾਲੀ ਸਿੰਘ ਨੇ  ਦੱਸਿਆ ਕਿ ਇਹ ਫਿਲਮ ਕੋਈ ਵੱਡੀ ਕਾਰਪੋਰੇਟ ਫੰਡਿਡ ਪ੍ਰੋਜੈਕਟ ਨਹੀਂ, ਸਗੋਂ ਪਰਿਵਾਰਾਂ ਦੀ ਜਮ੍ਹਾਂ-ਪੂੰਜੀ ਨਾਲ ਬਣੀ ਹੈ, ਜੋ ਰੀਜਨਲ ਸਿਨੇਮਾ ਨੂੰ ਮਜ਼ਬੂਤ ਕਰਨ ਵਿਚ ਯੋਗਦਾਨ ਪਾਉਂਦੇ ਹਨ। ਨਿਰਦੇਸ਼ਕ ਰਾਕੇਸ਼ ਧਵਨ ਨੇ ਅੰਦਾਜ਼ਾ ਲਾਇਆ ਕਿ ਫਿਲਮ ’ਤੇ ਲਗਪਗ 25 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਭਾਰਤ ਵਿਚ ਰਿਲੀਜ਼ ਨਾ ਹੋਣ ਨਾਲ ਨਿਰਮਾਤਾਵਾਂ, ਕਲਾਕਾਰਾਂ, ਅਤੇ ਟੈਕਨੀਕਲ ਟੀਮ ਨੂੰ ਵੱਡਾ ਵਿੱਤੀ ਝਟਕਾ ਲੱਗੇਗਾ।ਇਸ ਦੇ ਨਾਲ ਹੀ, ਸੱਭਿਆਚਾਰਕ ਨੁਕਸਾਨ ਵੀ ਘੱਟ ਨਹੀਂ। 

ਪੰਜਾਬੀ ਸਿਨੇਮਾ, ਜੋ ਪਿਛਲੇ ਕੁਝ ਸਾਲਾਂ ਵਿਚ ਦਿਲਜੀਤ ਵਰਗੇ ਕਲਾਕਾਰਾਂ ਦੀ ਵਜ੍ਹਾ ਨਾਲ ਵਿਸ਼ਵ ਪੱਧਰ ’ਤੇ ਚਮਕਿਆ ਹੈ, ਨੂੰ ਇਸ ਵਿਰੋਧ ਨਾਲ ਝਟਕਾ ਲੱਗ ਸਕਦਾ ਹੈ। ਪੰਜਾਬੀ ਫਿਲਮਾਂ ਦੀ ਪਹੁੰਚ ਅਤੇ ਪ੍ਰਭਾਵ ਨੂੰ ਸੀਮਤ ਕਰਨ ਦੀ ਕੋਸ਼ਿਸ਼, ਇੱਕ ਤਰ੍ਹਾਂ ਨਾਲ ਪੰਜਾਬੀ ਸੱਭਿਆਚਾਰ ’ਤੇ ਹਮਲਾ ਹੈ।

ਕੀ ਦਿਲਜੀਤ ਦਾ ਵਿਰੋਧ ਜਾਇਜ਼ ਹੈ?

ਦਿਲਜੀਤ ਦੀ ਫਿਲਮ ਦਾ  ਵਿਰੋਧ ਸਿਰਫ ਹਾਨਿਆ ਆਮਿਰ ਦੀ ਮੌਜੂਦਗੀ ਨਾਲ ਜੁੜਿਆ ਨਹੀਂ, ਸਗੋਂ ਇਸ ਦੇ ਪਿੱਛੇ ਇੱਕ ਵੱਡੀ ਰਾਜਨੀਤਕ ਅਤੇ ਫਿਰਕੂ ਸੋਚ ਲੁਕੀ ਹੋਈ ਹੈ। ਕਈ ਫਿਰਕੂ ਲੋਕ ਦਿਲਜੀਤ ਨੂੰ ਨਿਸ਼ਾਨਾ ਬਣਾ ਰਹੇ ਹਨ, ਕਿਉਂਕਿ ਉਹ ਇੱਕ ਸਿੱਖ, ਪੰਜਾਬੀ, ਅਤੇ ਵਿਸ਼ਵ ਪੱਧਰ ’ਤੇ ਸਫਲ ਕਲਾਕਾਰ ਹੈ। ਉਸ ਦੀ ਸਫਲਤਾ, ਜੋ ਪੰਜਾਬੀ ਸੱਭਿਆਚਾਰ ਨੂੰ ਨਵੀਆਂ ਉਚਾਈਆਂ ’ਤੇ ਲੈ ਗਈ ਹੈ, ਕੁਝ ਲੋਕਾਂ ਦੀਆਂ ਅੱਖਾਂ ਵਿਚ ਖੁੱਭਦੀ ਹੈ।ਪੰਜਾਬੀ ਅਦਾਕਾਰਾ ਸੁਨੀਤਾ ਧੀਰ ਨੇ ਸਪੱਸ਼ਟ ਕਿਹਾ ਕਿ ਜੇ ਭਾਰਤੀ ਕਲਾਕਾਰ ਹਾਲੀਵੁੱਡ ਜਾਂ ਬਾਲੀਵੁੱਡ ਨਾਲ ਕੰਮ ਕਰ ਸਕਦੇ ਹਨ, ਤਾਂ ਪਾਕਿਸਤਾਨੀ ਕਲਾਕਾਰਾਂ ਨਾਲ ਕੰਮ ਕਰਨ ਵਿਚ ਕੀ ਹਰਜ ਹੈ? ਹਾਨਿਆ ਆਮਿਰ ਨੇ ਪੰਜਾਬੀ ਸਿਨੇਮਾ ਵਿਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ, ਅਤੇ ਦਿਲਜੀਤ ਨੇ ਉਸ ਨੂੰ ਮੌਕਾ ਦਿੱਤਾ। ਇਸ ਵਿਚ ਗਲਤ ਕੀ ਹੈ? 

ਕੁਝ ਸਿੱਖ ਵਿਦਵਾਨ ਅਤੇ ਸਮਾਜਿਕ ਆਗੂ ਮੰਨਦੇ ਹਨ ਕਿ ਦਿਲਜੀਤ ਦਾ ਵਿਰੋਧ ਇੱਕ ਸਿਆਸੀ ਸਾਜਿਸ਼ ਦਾ ਹਿੱਸਾ ਹੈ, ਜਿਸ ਦਾ ਮਕਸਦ ਪੰਜਾਬੀ ਸੱਭਿਆਚਾਰ ਅਤੇ ਸਿੱਖ ਪਛਾਣ ਨੂੰ ਨੁਕਸਾਨ ਪਹੁੰਚਾਉਣਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿਲਜੀਤ, ਜੋ ਸਿੱਖੀ ਦੀ ਪਗੜੀ ਨੂੰ ਮਾਣ ਨਾਲ ਪਹਿਨਦਾ ਹੈ ਅਤੇ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਵਿਚ ਫੈਲਾਉਂਦਾ ਹੈ, ਨੂੰ ਨਿਸ਼ਾਨਾ ਬਣਾਉਣਾ, ਸਿੱਖ ਕੌਮ ਦੀ ਸਾਂਝੀ ਸਫਲਤਾ ’ਤੇ ਹਮਲਾ ਹੈ।ਪੰਥਕ ਲੀਡਰਸ਼ਿਪ ਦਾ ਇੱਕ ਹਿੱਸਾ ਮੰਨਦਾ ਹੈ ਕਿ ਸਰਕਾਰ ਨੂੰ ਇਸ ਮਾਮਲੇ ਵਿਚ ਖੁੱਲ੍ਹੇ ਮਨ ਨਾਲ ਫੈਸਲਾ ਲੈਣਾ ਚਾਹੀਦਾ। ਉਹ ਕਹਿੰਦੇ ਹਨ ਕਿ ਫਿਲਮ ਵਿਚ ਕੁਝ ਵੀ ਦੇਸ਼-ਵਿਰੋਧੀ ਨਹੀਂ, ਅਤੇ ਸਿਰਫ ਪਾਕਿਸਤਾਨੀ ਕਲਾਕਾਰ ਦੀ ਮੌਜੂਦਗੀ ਨੂੰ ਬਹਾਨਾ ਬਣਾ ਕੇ ਪੰਜਾਬੀ ਸਿਨੇਮਾ ਨੂੰ ਰੋਕਣਾ ਗਲਤ ਹੈ। 

ਬੀਬੀ ਕਿਰਨਜੋਤ ਕੌਰ ਮੈਂਬਰ ਸ੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਮਜ਼ਾਕੀਆ ਹੈ ਕਿ ਪਾਕਿਸਤਾਨੀ ਅਤੇ ਭਾਰਤੀ ਕਲਾਕਾਰਾਂ ਨੂੰ ਇਕੱਠੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮੈਂ ਪੰਜਾਬੀ ਫਿਲਮਾਂ ਦਾ ਪ੍ਰਸ਼ੰਸਕ ਨਹੀਂ ਹਾਂ ਪਰ ਪਾਕਿਸਤਾਨੀ ਡਰਾਮਾ ਸੀਰੀਅਲਾਂ ਦੀ ਜ਼ਰੂਰ ਪ੍ਰਸ਼ੰਸਕ ਹਾਂ। ਹਾਲ ਹੀ ਵਿੱਚ ਹਾਨੀਆ ਅਮੀਰ ਦੀ ਫਿਲਮ 'ਕਭੀ ਮੈਂ ਕਭੀ ਤੁਮ' ਦੇਖੀ ਹੈ। ਬਹੁਤ ਹੀ ਸੁੰਦਰ ਡਰਾਮਾ! ਜੇਕਰ ਉਹ ਦਿਲਜੀਤ ਦੋਸਾਂਝ ਨਾਲ ਕੰਮ ਕਰਦੀ ਹੈ ਤਾਂ ਕੀ ਸਮੱਸਿਆ ਹੈ? ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਦੋਸਾਂਝ ਦੀ ਫਿਲਮ 'ਪੰਜਾਬ 95' ਨੂੰ ਵੀ ਰਿਲੀਜ਼ ਨਹੀਂ ਹੋਣ ਦਿੱਤਾ ਜਾ ਰਿਹਾ। ਤਾਂ ਕੀ ਸਮੱਸਿਆ ਇੱਕ ਸਫਲ ਪੰਜਾਬੀ ਮਨੋਰੰਜਨ ਕਰਨ ਵਾਲੀ, ਈਰਖਾ ਤੇ ਸਾੜ੍ਹਾ ਹੈ, ਅਤੇ ਉਸਨੂੰ ਬੇਲੋੜਾ ਪਰੇਸ਼ਾਨ ਕੀਤਾ ਜਾ ਰਿਹਾ ਹੈ?

ਕੈਨੇਡਾ ਦੇ ਸਿੱਖ ਚਿੰਤਕ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਦਾ ਮੰਨਣਾ ਹੈ ਕਿ  1947 ਦੀ ਵੰਡ ਨੇ ਪੰਜਾਬ ਦੀ ਮਿੱਟੀ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ, ਪਰ ਪੰਜਾਬੀਆਂ ਦੇ ਦਿਲ ਅਜੇ ਵੀ ਇੱਕ ਡੋਰ ਨਾਲ ਬੱਝੇ ਹੋਏ ਹਨ। ਇਹ ਡੋਰ ਪੰਜਾਬੀ ਬੋਲੀ, ਸੱਭਿਆਚਾਰ, ਅਤੇ ਸਾਂਝ ਦੀ ਹੈ। ਦਿਲਜੀਤ ਦੋਸਾਂਝ, ਜੋ ਇਸ ਡੋਰ ਦਾ ਮੋਹਰੀ ਹੈ, ਨੇ ਸਰਹੱਦਾਂ ਨੂੰ ਤੋੜਦਿਆਂ ਪੰਜਾਬੀਅਤ ਨੂੰ ਵਿਸ਼ਵ ਦੇ ਹਰ ਕੋਨੇ ਵਿਚ ਪਹੁੰਚਾਇਆ। ਪਰ ਅਫਸੋਸ, ਕੁਝ ਫਿਰਕੂ ਲੋਕ ਦਿਲਜੀਤ ਦੀ ਚਮਕ ਨੂੰ ਨਫਰਤ ਦੇ ਬੱਦਲਾਂ ਨਾਲ ਢਕਣ ਦੀ ਕੋਸ਼ਿਸ਼ ਕਰ ਰਹੇ ਹਨ। ਡਾਕਟਰ ਧਾਲੀਵਾਲ ਦਾ ਕਹਿਣਾ ਹੈ ਕਿ ਇਹ ਵਿਰੋਧ ਸਿਰਫ ਦਿਲਜੀਤ ਜਾਂ ਹਾਨਿਆ ਦਾ ਨਹੀਂ, ਸਗੋਂ ਉਸ ਸੋਚ ਦਾ ਹੈ, ਜੋ ਪੰਜਾਬੀ ਸੱਭਿਆਚਾਰ ਨੂੰ ਸਰਹੱਦਾਂ ਦੀਆਂ ਲਕੀਰਾਂ ਤੋਂ ਪਰ੍ਹੇ ਲੈ ਜਾਣਾ ਚਾਹੁੰਦੀ ਹੈ। ਕਲਾ ਦੀ ਕੋਈ ਸਰਹੱਦ ਨਹੀਂ, ਕੋਈ ਧਰਮ ਨਹੀਂ, ਕੋਈ ਜਾਤ ਨਹੀਂ। ਜਦੋਂ ਦਿਲਜੀਤ ਨੇ ਹਾਨਿਆ ਨੂੰ ਮੌਕਾ ਦਿੱਤਾ, ਤਾਂ ਉਹ ਸਿਰਫ ਇੱਕ ਕਲਾਕਾਰ ਨੂੰ ਮੌਕਾ ਦੇ ਰਿਹਾ ਸੀ, ਨਾ ਕਿ ਕਿਸੇ ਸਿਆਸੀ ਏਜੰਡੇ ਨੂੰ। ਪਰ ਫਿਰਕੂ ਸੋਚ ਵਾਲੇ ਲੋਕਾਂ ਨੇ ਇਸ ਨੂੰ ਰਾਸ਼ਟਰਵਾਦ ਦਾ ਮੁੱਦਾ ਬਣਾ ਦਿੱਤਾ।

ਡਾਕਟਰ ਧਾਲੀਵਾਲ ਦਾ ਕਹਿਣਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖਿਆ, “ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ,” ਸਾਨੂੰ ਸਿਖਾਉਂਦੀ ਹੈ ਕਿ ਪਿਆਰ ਅਤੇ ਸਾਂਝ ਹੀ ਸੱਚੀ ਜਿੱਤ ਹੈ। ਦਿਲਜੀਤ ਦੀ ਸੋਚ ਵੀ ਇਸੇ ਰਾਹ ’ਤੇ ਚੱਲਦੀ ਹੈ। ਉਹ ਪੰਜਾਬੀ ਸੱਭਿਆਚਾਰ ਦੀ ਚਮਕ ਨੂੰ ਦੁਨੀਆਂ ’ਚ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਪਰ ਨਫਰਤ ਦੀ ਰਾਜਨੀਤੀ ਇਸ ਨੂੰ ਰੋਕਣ ਦੀ ਕੋਸ਼ਿਸ਼ ਵਿਚ ਹੈ।ਪੰਜਾਬੀਆਂ ਦੀ ਇਹ ਆਵਾਜ਼, ਜੋ ਪਿਆਰ, ਸਾਂਝ, ਅਤੇ ਅਮਨ ਦੀ ਗੱਲ ਕਰਦੀ ਹੈ, ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ। ਕਿਉਂਕਿ ਪੰਜਾਬੀ ਤੇ ਸਿੱਖ ਬੰਦੇ ਨਹੀਂ ਵੰਡਦੇ,  ਰੋਟੀ ਵੰਡਦੇ ਹਾਂ। ਵੰਡ ਛਕਦੇ ਹਨ।ਇਹ ਸਾਡੀ ਪੰਜਾਬੀਅਤ ਦੀ ਤਾਕਤ ਹੈ, ਜੋ ਗੁਰੂ ਸਾਹਿਬਾਨ ਨੇ ਸਾਂਝੀਵਾਲਤਾ ਦਾ ਸਿਧਾਂਤ ਰਾਹੀਂ ਰੋਸ਼ਨ ਕੀਤੀ ਹੈ ਅਤੇ ਦਿਲਜੀਤ ਦੋਸਾਂਝ ਇਸ ਤਾਕਤ ਦਾ ਪ੍ਰਤੀਕ ਹੈ।