ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਥ ਦਾ ਸਰਮਾਇਆ ਜਿਸ ਨੂੰ ਦਿੱਲੀ ਕਮੇਟੀ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਤੇ ਚਲਾਉ਼ਂਦੀ ਰਹੇਗੀ: ਕਾਲਕਾ, ਕਾਹਲੋਂ
ਦਿੱਲੀ ਪਬਲਿਕ ਸਕੂਲ ਚਲਾਉਣ ਵਾਲੀ ਕਮੇਟੀ ਵੱਲੋਂ ਸਕੂਲ ਸੰਭਾਲਣ ਦੀ ਪੇਸ਼ਕਸ਼ ਕਰਨ ਦੀ ਖਬਰ ਬੇਬੁਨਿਆਦ, ਝੂਠੀ ਤੇ ਨਿਰਾਧਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 22 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਮੇਟੀ ਵੱਲੋਂ ਚਲਾਏ ਜਾ ਰਹੇ 12 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਚਲਾਉਣ ਬਾਰੇ ਦਿੱਲੀ ਪਬਲਿਕ ਸਕੂਲ ਚਲਾਉਣ ਵਾਲੀ ਕਮੇਟੀ ਵੱਲੋਂ ਸੰਭਾਲਣ ਦੀ ਪੇਸ਼ਕਸ਼ ਕਰਨ ਦੀਆਂ ਖਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਖਬਰ ਨੂੰ ਬੇਬੁਨਿਆਦ, ਝੂਠੀ ਤੇ ਨਿਰਾਧਾਰ ਕਰਾਰ ਦਿੱਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾ ਰਹੀ ਹੈ ਤੇ ਇਸ ਵਿਚ ਪਿਛਲੇ ਸਮੇਂ ਦੌਰਾਨ ਸਰਨਾ ਭਰਾਵਾਂ ਦੇ ਕਾਰਜਕਾਲ ਦੌਰਾਨ ਆਈਆਂ ਖਾਮੀਆਂ ਦੂਰ ਕਰਨ ਵਾਸਤੇ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਵੀ ਕਮੇਟੀ ਦੀ ਮੌਜੂਦਾ ਟੀਮ ਦੇ ਸਿਆਸੀ ਵਿਰੋਧੀ ਅਜਿਹੀਆਂ ਬੇਬੁਨਿਆਦ ਖਬਰਾਂ ਲਗਵਾ ਕੇ ਸੰਗਤ ਨੂੰ ਭੁਲੇਖਿਆਂ ਵਿਚ ਪਾਉਣਾ ਚਾਹੁੰਦੇ ਹਨ।
ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੰਗਤ ਦਾ ਸਰਮਾਇਆ ਹਨ ਤੇ ਇਹਨਾਂ ਨੂੰ ਸੁਚੱਜੇ ਢੰਗ ਨਾਲ ਚਲਾਉਣਾ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਪੂਰੀ ਤਨਦੇਹੀ ਨਾਲ ਇਹ ਜ਼ਿੰਮੇਵਾਰੀ ਨਿਭਾ ਰਹੇ ਹਾਂ।
ਉਹਨਾਂ ਕਿਹਾ ਕਿ ਸੰਗਤ ਨੂੰ ਵੀ ਸਿਆਸੀ ਵਿਰੋਧੀਆਂ ਦੀਆਂ ਕੋਝੀਆਂ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਹਰ ਥੋੜ੍ਹੇ ਦਿਨਾਂ ਮਗਰੋਂ ਕੋਈ ਨਾ ਕੋਈ ਹੱਥਕੰਡਾ ਵਰਤ ਕੇ ਕਮੇਟੀ ਅਤੇ ਕਮੇਟੀ ਅਧੀਨ ਚਲਦੇ ਸਕੂਲਾਂ ਤੇ ਹੋਰ ਅਦਾਰਿਆਂ ਬਾਰੇ ਗੁੰਮਰਾਹਕੁੰਨ ਪ੍ਰਚਾਰ ਕਰਦੇ ਹਨ।











Comments (0)