ਖਨੌਰੀ ਬਾਰਡਰ ਲਗੇ ਕਿਸਾਨੀ ਸੰਘਰਸ਼ ਵਿਚ ਪੁਲਿਸ ਨੇ ਚਲਦੇ ਪਾਠ ਰੁਕਵਾ ਕੇ ਮਰਿਆਦਾ ਕੀਤੀ ਭੰਗ, ਜੱਥੇਦਾਰ ਅਕਾਲ ਤਖਤ ਕਰਣ ਕਾਰਵਾਈ: ਕਿਸਾਨ ਜੱਥੇਬੰਦੀਆਂ 

ਖਨੌਰੀ ਬਾਰਡਰ ਲਗੇ ਕਿਸਾਨੀ ਸੰਘਰਸ਼ ਵਿਚ ਪੁਲਿਸ ਨੇ ਚਲਦੇ ਪਾਠ ਰੁਕਵਾ ਕੇ ਮਰਿਆਦਾ ਕੀਤੀ ਭੰਗ, ਜੱਥੇਦਾਰ ਅਕਾਲ ਤਖਤ ਕਰਣ ਕਾਰਵਾਈ: ਕਿਸਾਨ ਜੱਥੇਬੰਦੀਆਂ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 25 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਕਿਸਾਨਾਂ ਨੇ ਕਾਰਜਕਾਰੀ ਜੱਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਕਿਸਾਨੀ ਮੋਰਚੇ ਦੌਰਾਨ ਸ੍ਰੀ ਜਪੁਜੀ ਸਾਹਿਬ ਦੇ ਚੱਲ ਰਹੇ ਅਖੰਡ ਜਾਪ ਦੀ ਪੁਲਿਸ ਵੱਲੋਂ ਕੀਤੀ ਗਈ ਭੰਗ ਕੀਤੀ ਗਈ ਮਰਿਆਦਾ ਬਾਰੇ ਪੱਤਰ ਲਿਖ ਕੇ ਉਨ੍ਹਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ।

ਕਿਸਾਨ ਯੂਨੀਅਨ ਸ਼ੇਰੇ ਪੰਜਾਬ ਅਤੇ ਭਾਰਤੀ ਕਿਸਾਨ ਏਕਤਾ ਵਲੋਂ ਲਿਖੇ ਗਏ ਪੱਤਰ ਵਿਚ ਉਨ੍ਹਾਂ ਲਿਖਿਆ ਕਿ ਸਿੱਖ ਧਰਮ ਦੀ ਸਰਵਉਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਬੇਨਤੀ ਹੈ ਕਿ ਖਨੌਰੀ ਬਾਰਡਰ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਪਿੱਛਲੇ ਚਾਰ ਮਹੀਨਿਆਂ ਤੋਂ ਸ੍ਰੀ ਜਪੁਜੀ ਸਾਹਿਬ ਦੇ ਲਗਾਤਾਰ ਅਖੰਡ ਜਾਪ ਚੱਲ ਰਹੇ ਸਨ, ਜੋ ਵੱਡੇ ਆਕਾਰ ਦੀ ਜਪੁਜੀ ਸਾਹਿਬ ਦੀ ਪੋਥੀ ਸਾਹਿਬ ਜੀ ਤੋਂ ਕੀਤੇ ਜਾ ਰਹੇ ਸਨ ਜਿਹਨਾ ਦਾ ਤਕਰੀਬਨ 48 ਘੰਟਿਆਂ ਤੋਂ ਬਾਅਦ ਭੋਗ ਪਾਕੇ ਫੇਰ ਜਾਪ ਆਰੰਭ ਕਰ ਦਿੱਤੇ ਜਾਂਦੇ ਸਨ। ਇਹ ਜਾਪ ਗੁਰਮਤਿ ਮਰਿਯਾਦਾ ਅਨੁਸਾਰ ਇੱਕ ਪੱਕਾ ਸ਼ੈਡ ਬਣਾ ਕੇ ਉਸ ਦੇ ਥੱਲੇ ਟਰਾਲੀ ਵਿੱਚ ਸੁਸ਼ੋਭਿਤ ਪਾਲਕੀ ਸਾਹਿਬ ਵਿੱਚ ਕੀਤੇ ਜਾ ਰਹੇ ਸਨ, ਜਿਸ ਦਿਨ ਪੁਲਿਸ ਨੇ ਮੋਰਚੇ ਉੱਪਰ ਹਮਲਾ ਕਰ ਕਿਸਾਨਾਂ ਦੀ ਫੜੋ ਫੜੀ ਸ਼ੁਰੂ ਕੀਤੀ ਤਾਂ ਉਸ ਸਮੇਂ ਦਿਨ ਬੁੱਧਵਾਰ, 19 ਮਾਰਚ ਰਾਤ 8:30 ਵਜੇ ਦੇ ਕਰੀਬ ਬੀਬੀ ਦਲਜੀਤ ਕੌਰ, ਪਿੰਡ ਮੋਠ, ਜਿਲਾ ਹਿਸਾਰ (ਹਰਿਆਣਾ) ਪੋਥੀ ਸਾਹਿਬ ਤੋਂ ਪਾਠ ਕਰ ਰਹੇ ਸਨ, ਉਹਨਾਂ ਨੂੰ ਧੱਕੇ ਨਾਲ ਤਾਬਿਆ ਤੋਂ ਉਠਾਇਆ ਗਿਆ। ਜਪੁਜੀ ਸਾਹਿਬ ਦੇ ਅਖੰਡ ਜਾਪ ਦੇ ਵੀਰਵਾਰ, 20 ਮਾਰਚ, ਸਵੇਰੇ 10 ਵਜੇ ਸੰਪੂਰਨ ਭੋਗ ਪਾਏ ਜਾਣੇ ਸਨ ਪਰ ਅੱਧ ਵਿਚਾਲੇ ਹੀ ਗੁਰਬਾਣੀ ਨੂੰ ਰੁਕਵਾ ਦਿੱਤਾ ਗਿਆ ਅਤੇ ਸੰਗਤਾਂ ਨੂੰ ਭੋਗ ਨਹੀਂ ਪਾਉਣ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦੀ ਸ਼ਹ ਪ੍ਰਾਪਤ ਪੁਲਿਸ ਵੱਲੋਂ ਜਪੁਜੀ ਸਾਹਿਬ ਦੇ ਕੀਤੇ ਜਾ ਰਹੇ ਅਖੰਡ ਜਾਪ ਦੀ ਮਰਿਯਾਦਾ ਭੰਗ ਕੀਤੀ ਗਈ, ਪੁਲਿਸ ਪ੍ਰਸਾਸ਼ਨ ਦੀ ਇਸ ਕਾਰਵਾਈ ਨਾਲ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ। ਸੋ ਆਪ ਜੀ ਨੂੰ ਬੇਨਤੀ ਕਰਦੇ ਹਾਂ ਜਿਨਾਂ ਦੇ ਹੁਕਮਾਂ ਨਾਲ ਇਹ ਸਭ ਕੀਤਾ ਗਿਆ ਹੈ ਉਹਨਾਂ ਦੇ ਖਿਲਾਫ ਅਤੇ ਉਸ ਮੌਕੇ ਤੇ ਹਾਜ਼ਰ ਉਹਨਾਂ ਅਫਸਰਾਂ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਉੱਪਰ ਤਲਬ ਕੀਤਾ ਜਾਵੇ। ਕਿਉਂਕਿ ਉਹ ਅਫਸਰ ਸਿੱਖੀ ਸਰੂਪ ਚ ਸਨ ਅਤੇ ਉਹ ਮਰਿਯਾਦਾ ਬਾਰੇ ਚੰਗੀ ਤਰ੍ਹਾਂ ਜਾਣੂ ਸਨ ਉਹਨਾਂ ਨੇ ਜਾਣਬੁੱਝ ਕੇ ਮਰਿਯਾਦਾ ਦਾ ਖੰਡਣ ਕੀਤਾ ਹੈ, ਉਹਨਾਂ ਨੂੰ ਆਪਣੀ ਕੀਤੀ ਗਲਤੀ ਦਾ ਕੋਈ ਪਛਚਾਤਾਪ ਨਹੀਂ ਹੈ ਆਪ ਜੀ ਉਹਨਾਂ ਨੂੰ ਜਲਦੀ ਤਲਬ ਕਰਕੇ ਉਹਨਾਂ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਤਨਖਾਹ ਲਗਾਉ ਅਤੇ ਉਹਨਾ ਉੱਪਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਏ ਤਾਂਕਿ ਕੋਈ ਅੱਗੇ ਤੋਂ ਇਸ ਤਰਾਂ ਦੀ ਗਲਤੀ ਨਾਂ ਕਰੇ ਆਪ ਜੀ ਦੀ ਅਤਿ ਮੇਹਰਬਾਨੀ ਹੋਵੇਗੀ।