ਦਿੱਲੀ ’ਚ ਜਿੱਤ ਤੋਂ ਬਾਅਦ ਭਾਜਪਾ ਦਾ ਅਗਲਾ ਨਿਸ਼ਾਨਾ ਪੰਜਾਬ
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਭਾਜਪਾ ਦੀ 27 ਸਾਲਾਂ ਬਾਅਦ ਹੋਈ ਵਾਪਸੀ ਨੇ ਭਾਜਪਾਈਆਂ ਦੇ ਹੌਸਲੇ ਵਧਾ ਦਿੱਤੇ ਹਨ।
ਹੁਣ ਭਾਜਪਾ ਨੇ ਪੰਜਾਬ ਵਿੱਚ ਖੁਦ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ।ਭਾਜਪਾ ਮੰਤਰੀ ਰਵਨੀਤ ਬਿਟੂ ਦਾ ਕਹਿਣਾ ਹੈ ਕਿ ਭਾਜਪਾ ਪੰਜਾਬ ਵਿਚ ਕਿਸੇ ਨਾਲ ਗਠਜੋੜ ਨਹੀਂ ਕਰੇਗੀ।
ਪੰਜਾਬ ਵਿੱਚ ਭਾਜਪਾ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰ ਕੇ ਸਿਆਸਤ ਕਰਦੀ ਆ ਰਹੀ ਹੈ ਪਰ ਪਿਛਲੇ ਦਿਨੀਂ ਅਕਾਲੀ ਦਲ ਨੇ ਭਾਜਪਾ ਨਾਲ ਗੱਠਜੋੜ ਤੋੜ ਦਿੱਤਾ ਸੀ। ਉਪਰੰਤ ਭਾਜਪਾ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਸਾਬਕਾ ਮੁੱਖ ਮੰਤਰੀ ਕੈੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲ ਕੇ ਲੜੀਆਂ ਸਨ ਜਦੋਂ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਤੌਰ ’ਤੇ ਲੜੀਆਂ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਪੱਲੇ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਸਿਰਫ਼ ਇਕ ਸੀਟ ਪਈ ਸੀ ਅਤੇ ਭਾਜਪਾ ਨੇ 6.6 ਫ਼ੀਸਦ ਵੋਟਾਂ ਹਾਸਲ ਕੀਤੀਆਂ ਸਨ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ 13 ਵਿੱਚੋਂ ਭਾਜਪਾ ਦੇ ਪੱਲੇ ਕੋਈ ਸੀਟ ਨਹੀਂ ਪਈ ਸੀ, ਪਰ ਭਾਜਪਾ ਦਾ ਵੋਟ ਫ਼ੀਸਦ ਤਿੰਨ ਗੁਣਾ ਵਧ ਕੇ 18.56 ਫ਼ੀਸਦ ’ਤੇ ਪਹੁੰਚ ਗਿਆ ਸੀ। ਇਸ ਦੇ ਬਾਅਦ ਤੋਂ ਭਾਜਪਾ ਵੱਲੋਂ ਪੰਜਾਬ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਹਾਲਾਂਕਿ, ਭਾਜਪਾ ਲਈ ਪੰਜਾਬ ਦੀ ਸਿਆਸਤ ਵਿੱਚ ਪੈਰ ਜਮਾਉਣੇ ਸੌਖੇ ਨਹੀਂ ਹਨ। ਪੰਜਾਬ ਦਾ ਕਿਸਾਨ ਵਰਗ ਭਾਜਪਾ ਨਾਲ ਪਿਛਲੇ ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਿਹਾ ਹੈ, ਇਸ ਲਈ ਭਾਜਪਾ ਨੂੰ ਪੰਜਾਬ ਦੀ ਸਿਆਸਤ ਵਿੱਚ ਪੈਰ ਰੱਖਣ ਤੋਂ ਪਹਿਲਾਂ ਕਿਸਾਨੀ ਨੂੰ ਨਾਲ ਲਾਉਣਾ ਵਧੇਰੇ ਜ਼ਰੂਰੀ ਹੋਵੇਗਾ।
ਕੋਣ ਬਣੇਗਾ ਦਿਲੀ ਦਾ ਮੁਖ ਮੰਤਰੀ
ਦਿੱਲੀ ਵਿਧਾਨ ਸਭਾ ਵਿੱਚ ਭਾਜਪਾ ਦੀ ਹੋਈ ਇਤਿਹਾਸਕ ਜਿੱਤ ਤੋਂ ਬਾਅਦ ਹੁਣ ਸਾਰਾ ਧਿਆਨ ਇਸ ਗੱਲ ’ਤੇ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਕੌਣ ਬੈਠੇਗਾ, ਕਿਉਂਕਿ ਪਾਰਟੀ ਵਿੱਚ ਕਈ ਅਜਿਹੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਨ ਜਿਨ੍ਹਾਂ ਦਾ ਨਾਮ ਮੁੱਖ ਮੰਤਰੀ ਦੇ ਅਹੁਦੇ ਲਈ ਵਿਚਾਰਿਆ ਜਾ ਸਕਦਾ ਹੈ। ਪਾਰਟੀ ਵੱਲੋਂ ਹਾਲੇ ਕਿਸੇ ਨਾਮ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਤੋਂ ਬਾਅਦ ਵੱਡੇ ਆਗੂ ਵਜੋਂ ਉੱਭਰੇ ਪਾਰਟੀ ਉਮੀਦਵਾਰ ਪ੍ਰਵੇਸ਼ ਵਰਮਾ ਜੋ ਕਿ ਮਰਹੂਮ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਹਨ ਸਣੇ ਮਨਜਿੰਦਰ ਸਿੰਘ ਸਿਰਸਾ, ਰੋਹਿਨੀ ਤੋਂ ਵਿਧਾਇਕ ਵਿਜੇਂਦਰ ਗੁਪਤਾ ਤੇ ਹੋਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਉਪ ਰਾਜਪਾਲ ਵੱਲੋਂ ਦਿੱਲੀ ਸਕੱਤਰੇਤ ਸੀਲ
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਸੱਤਾ ਤਬਦੀਲੀ ਦਾ ਸੰਕੇਤ ਮਿਲਣ ਵਿਚਾਲੇ ਦਿੱਲੀ ਸਰਕਾਰ ਦੇ ਹੈੱਡਕੁਆਰਟਰ ਦਿੱਲੀ ਸਕੱਤਰੇਤ ਨੂੰ ਅਧਿਕਾਰਤ ਫਾਈਲਾਂ, ਦਸਤਾਵੇਜ਼ਾਂ ਅਤੇ ਇਲੈਕਟ੍ਰੌਨਿਕ ਰਿਕਾਰਡ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੀਲ ਕਰ ਦਿੱਤਾ ਗਿਆ ਹੈ। ਦਿੱਲੀ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਨੇ ਇੱਕ ਹੁਕਮ ਜਾਰੀ ਕਰਕੇ ਸਾਰੇ ਵਿਭਾਗਾਂ, ਏਜੰਸੀਆਂ ਤੇ ਮੰਤਰੀਆਂ ਦੇ ਕੈਂਪ ਦਫ਼ਤਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਵਿਭਾਗ ਦੀ ਇਜਾਜ਼ਤ ਬਿਨਾਂ ਕੋਈ ਵੀ ਰਿਕਾਰਡ ਜਾਂ ਫਾਈਲ ਨਾ ਹਟਾਉਣ।ਸਮਝਿਆ ਜਾਂਦਾ ਹੈ ਕਿ ਕੇਜਰੀਵਾਲ ਤੇ ਉਨ੍ਹਾਂ ਦੇ ਨੇੜਲਿਆਂ ਦੀ ਗਿ੍ਫਤਾਰੀ ਦੁਬਾਰਾ ਹੋ ਸਕਦੀ ਹੈ।











Comments (0)