ਸਿੱਖ ਪੰਥ ਵਿੱਚ ਦਲਿਤ ਜਾਤੀ ਦੇ ਸਿੱਖਾਂ ਨੂੰ ਪੰਥ ਵਿੱਚ ਹਮੇਸ਼ਾ ਮਿਲਿਆ ਸਤਿਕਾਰ

ਸਿੱਖ ਪੰਥ ਵਿੱਚ ਦਲਿਤ ਜਾਤੀ ਦੇ ਸਿੱਖਾਂ ਨੂੰ ਪੰਥ ਵਿੱਚ ਹਮੇਸ਼ਾ ਮਿਲਿਆ ਸਤਿਕਾਰ

ਧਾਰਮਿਕ ਅਤੇ ਸਿਆਸੀ ਅਹੁਦਿਆਂ ’ਤੇ ਦਲਿਤ ਸਿੱਖ ਆਗੂਆਂ ਦਾ ਮਾਣ ਰਖਿਆ

*ਫਿਰ ਵੀ ਭਗਵਿਆਂ ਵਲੋਂ ਸਿੱਖ ਪੰਥ ਉਪਰ ਜਾਤੀਵਾਦੀ ਹੋਣ ਦੇ ਦੋਸ਼ ਕਿਉਂ ਲਗਾਏ ਜਾਂਦੇ ਨੇ

ਸਿੱਖ ਧਰਮ ਦੀ ਨੀਂਹ ਹੀ ਜਾਤੀ ਪਾਤ ਨੂੰ ਨਕਾਰਨ ਵਾਲੀ ਹੈ। ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਨਾ ਕੋਈ ਹਿੰਦੂ ਹੈ ਤੇ ਨਾ ਮੁਸਲਮਾਨ,ਨਾ ਹੀ ਕੋਈ ਜਾਤੀ ਹੈ, ਸਭ ਇੱਕ ਅਕਾਲ ਪੁਰਖ ਦੇ ਬੰਦੇ ਹਨ। ਇਹ ਫਲਸਫਾ ਸਿੱਖ ਪੰਥ ਨੂੰ ਬਰਾਬਰੀ ਦਾ ਸੰਦੇਸ਼ ਦਿੰਦਾ ਹੈ।   ਇਸ ਨੂੰ ਅਮਲੀ ਰੂਪ ਵਿੱਚ ਗੁਰੂ ਸਾਹਿਬਾਨ ਨੇ ਲੰਗਰ,ਸਰੋਵਰ ,ਸੇਵਾ ਪ੍ਰਥਾ ਨਾਲ ਵਿਖਾਇਆ, ਜਿੱਥੇ ਅਮੀਰ ਗਰੀਬ, ਉੱਚ ਨੀਚ ਸਭ ਬਰਾਬਰ ਹਨ। ਭਾਰਤੀ ਰਾਜਨੀਤੀ ਵਿੱਚ ਵੀ ਜਾਤੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ,ਪਰ ਦਲਿਤਾਂ ਨੂੰ ਕਦੇ ਮਾਣ ਨਹੀਂ ਮਿਲਿਆ ਜੋ ਸਿੱਖ ਧਰਮ ਤੇ ਰਾਜਨੀਤੀ ਵਿਚ ਮਿਲਿਆ ਹੈ।  2011 ਦੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਦੀ ਸਿੱਖ ਆਬਾਦੀ ਦਾ ਇੱਕ ਤਿਹਾਈ ਹਿੱਸਾ ਅਨੁਸੂਚਿਤ ਜਾਤੀਆਂ ਵਿੱਚੋਂ ਹੈ, ਪਰ ਉਹਨਾਂ ਨੂੰ ਸਿਆਸੀ ਨੁਮਾਇੰਦਗੀ ਤੇ ਸਤਿਕਾਰ ਅਕਾਲੀ  ਰਾਜਨੀਤੀ ਵਿਚ ਬਾਕੀ ਸਿਆਸੀ ਧਿਰਾਂ ਨਾਲੋਂ ਵਧ ਮਿਲਦਾ ਹੈ। ਸ੍ਰੋਮਣੀ ਕਮੇਟੀ ਵਿਚ ਦਲਿਤ ਜਾਤਾਂ ਵਾਲੇ ਆਗੂ ਮੁੱਖ ਅਹੁਦਿਆਂ ਉਪਰ ਹਨ।  ਗਿਆਨੀ ਹਰਪ੍ਰੀਤ ਸਿੰਘ, ਜੋ ਅਕਾਲ ਤਖਤ ਦੇ ਜਥੇਦਾਰ ਨੇ, ਅਨੁਸੂਚਿਤ ਜਾਤੀ ਵਿੱਚੋਂ ਨੇ ਅਤੇ ਉਹਨਾਂ ਨੂੰ ਕਦੇ ਜਾਤੀ ਨੂੰ ਲੈ ਕੇ ਵਿਤਕਰਾ ਨਹੀਂ ਸਹਿਣਾ ਪਿਆ। ਉਹਨਾਂ ਨੇ ਖੁਦ ਕਿਹਾ ਕਿ ਸਿੱਖ ਪੰਥ ਵਿੱਚ ਜਾਤੀ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ, ਸਿਰਫ਼ ਗੁਰੂ ਦੇ ਫਲਸਫੇ ਪ੍ਰਤੀ ਸਮਰਪਣ ਤੇ ਗੁਣਾਂ ਨੂੰ ਵੇਖਿਆ ਜਾਂਦਾ ਹੈ। ਉਹਨਾਂ ਦੇ ਪਿਤਾ ਵੀ ਗ੍ਰੰਥੀ ਸਨ ਅਤੇ ਉਹਨਾਂ ਨੇ ਆਪਣੀ ਮਿਹਨਤ ਨਾਲ ਉੱਚ ਅਹੁਦੇ ਹਾਸਲ ਕੀਤੇ ਹਨ। ਸਿੱਖ ਧਰਮ ਨੇ ਉਹਨਾਂ ਨੂੰ ਬਹੁਤ ਮਾਣ ਬਖਸ਼ਿਆ ਹੈ।

ਇਸੇ ਤਰ੍ਹਾਂ ਬੀਬੀ ਜਗੀਰ ਕੌਰ, ਜੋ ਐਸਜੀਪੀਸੀ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ, ਬੀਸੀ ਪਿਛੋਕੜ ਵਿੱਚੋਂ ਨੇ ਅਤੇ ਉਹਨਾਂ ਨੇ ਕਿਹਾ ਕਿ ਪੰਥ ਵਿੱਚ ਜਾਤੀ ਨੂੰ ਕਦੇ ਵਿਚਾਰ ਨਹੀਂ ਕੀਤਾ ਜਾਂਦਾ। ਭਾਈ ਰਣਜੀਤ ਸਿੰਘ, ਸਾਬਕਾ ਅਕਾਲ ਤਖਤ ਜਥੇਦਾਰ, ਰਾਮਗੜ੍ਹੀਆ ਪਿਛੋਕੜ ਵਿੱਚੋਂ ਨੇ ਅਤੇ ਬੀਸੀ ਵਿੱਚ ਸ਼ਾਮਲ ਨੇ। ਗਿਆਨੀ ਭਗਵਾਨ ਸਿੰਘ, ਅਕਾਲ ਤਖਤ ਦੇ ਮੁੱਖ ਗ੍ਰੰਥੀ, ਦਲਿਤ ਜਾਤੀ ਵਿੱਚੋਂ ਨੇ। ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਐਸਜੀਪੀਸੀ ਪ੍ਰਧਾਨ, ਬੀਸੀ ਨੇ। 

ਗ੍ਰੰਥੀਆਂ, ਰਾਗੀਆਂ ਅਤੇ ਪ੍ਰਚਾਰਕਾਂ ਵਿੱਚ ਵੱਡੀ ਗਿਣਤੀ ਐਸਸੀ ਅਤੇ ਬੀਸੀ ਵਿੱਚੋਂ ਨੇ। ਭਾਈ ਨਿਰਮਲ ਸਿੰਘ, ਜੋ ਪਦਮ ਸ਼੍ਰੀ ਅਵਾਰਡੀ ਰਾਗੀ ਸਨ, ਮਜ਼ਹਬੀ ਸਿੱਖ ਨੇ ਅਤੇ ਉਹਨਾਂ ਨੂੰ ਪੂਰੇ ਪੰਥ ਵਿੱਚ ਸਤਿਕਾਰ ਮਿਲਿਆ। ਸਰੂਪ ਸਿੰਘ ਕਡਿਆਣਾ, ਢਾਡੀ ਜਥੇ ਦੇ ਆਗੂ ਹਨ।  ਉਹਨਾਂ ਨੇ ਕਿਹਾ ਕਿ ਪੰਥ ਵਿੱਚ ਉਹਨਾਂ ਨੂੰ ਕਦੇ ਜਾਤੀ ਨੂੰ ਲੈ ਕੇ ਵਿਤਕਰਾ ਨਹੀਂ ਸਹਿਣਾ ਪਿਆ। 

ਇਹਨਾਂ ਉਦਾਹਰਣਾਂ ਨਾਲ ਪਤਾ ਲੱਗਦਾ ਹੈ ਕਿ ਸਿੱਖ ਪੰਥ ਵਿੱਚ ਮਿਹਨਤ ਅਤੇ ਸਮਰਪਣ ਨਾਲ ਨੀਵੀਆਂ ਜਾਤਾਂ ਵਾਲੇ ਆਗੂ ਵੀ ਉੱਚ ਅਹੁਦੇ ਹਾਸਲ ਕਰ ਸਕਦੇ ਨੇ ਅਤੇ ਮਾਣ ਮਾਣ ਸਕਦੇ ਨੇ।

ਗੁਰਤੇਜ ਸਿੰਘ ਆਈਏਐਸ ਦਾ ਕਹਿਣਾ ਹੈ ਕਿ  ਸਿੱਖ ਪੰਥ ਨੇ ਦਲਿਤ ਸਿੱਖ ਜਾਤੀਆਂ ਨੂੰ ਆਰਥਿਕ ਅਤੇ ਸਮਾਜੀ ਤੌਰ ਤੇ ਉਭਾਰਨ ਲਈ ਰਾਖਵਾਂਕਰਨ ਵੀ ਮੰਗਿਆ ਸੀ। ਮਾਸਟਰ ਤਾਰਾ ਸਿੰਘ ਨੇ 1953 ਵਿੱਚ ਅੰਦੋਲਨ ਕਰਕੇ ਮਜ਼ਹਬੀ, ਰਾਮਦਾਸੀਆ ਆਦਿ ਜਾਤਾਂ ਨੂੰ ਐਸਸੀ ਸੂਚੀ ਵਿੱਚ ਸ਼ਾਮਲ ਕਰਵਾਇਆ ਸੀ। ਇਹ ਕੰਮ ਸਿੱਖ ਆਗੂਆਂ ਨੇ ਕੀਤਾ ਸੀ, ਤਾਂ ਜੋ ਉਹ ਹਿੰਦੂ ਦਲਿਤ ਜਾਤੀਆਂ ਤੋਂ ਪਛੜ ਨਾ ਜਾਣ।  ਅੱਜ ਵੀ ਪੰਜਾਬ ਵਿੱਚ ਦਲਿਤ ਸਿੱਖ ਗ੍ਰੰਥੀ ਅਤੇ ਰਾਗੀ ਵਜੋਂ ਸੇਵਾ ਨਿਭਾਅ ਰਹੇ ਨੇ ਅਤੇ ਉਹਨਾਂ ਨੂੰ ਸਤਿਕਾਰ ਮਿਲ ਰਿਹਾ ਹੈ।  

ਸਿੱਖ ਧਰਮ ਦਾ ਬਾਕੀ ਧਰਮਾਂ ਨਾਲ ਵੱਡਾ ਫਰਕ ਇਹ ਹੈ ਕਿ ਇਹ ਜਾਤੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ, ਜਦਕਿ ਹਿੰਦੂ ਧਰਮ ਵਿੱਚ ਜਾਤੀ ਵਰਣ ਵਿਵਸਥਾ ਹੈ ਜੋ ਉੱਚ ਨੀਚ ਵੰਡ ਕਰਦੀ ਹੈ। ਇਸਲਾਮ ਵਿੱਚ ਵੀ ਕੁਝ ਵੰਡਾਂ ਨੇ ਪਰ ਸਿੱਖ ਧਰਮ ਵਿੱਚ ਬਰਾਬਰੀ ਦਾ ਅਸੂਲ ਹੈ। ਭਾਰਤੀ ਸਿਆਸਤ ਵਿੱਚ ਜਾਤੀ ਵੋਟ ਬੈਂਕ ਵਜੋਂ ਵਰਤੀ ਜਾਂਦੀ ਹੈ, ਪਾਰਟੀਆਂ ਜਾਤਾਂ ਨੂੰ ਲੁਭਾਉਂਦੀਆਂ ਨੇ ਪਰ ਅਸਲ ਬਰਾਬਰੀ ਨਹੀਂ ਦਿੰਦੀਆਂ। ਸਿੱਖ ਪੰਥ ਵਿੱਚ ਤਾਂ ਧਾਰਮਿਕ ਸੰਸਥਾਵਾਂ ਵਿੱਚ ਨੀਵੀਆਂ ਜਾਤਾਂ ਵਾਲੇ ਆਗੂ ਨੇ, ਪਰ ਸਿਆਸਤ ਵਿੱਚ ਜੱਟ ਪ੍ਰਭਾਵ ਵੱਡਾ ਹੈ। ਫਰਕ ਇਹ ਹੈ ਕਿ ਸਿੱਖ ਧਰਮ ਨੇ ਦਲਿਤਾਂ ਨੂੰ ਬਰਾਬਰੀ ਦਿੱਤੀ ਅਤੇ ਰਾਖਵਾਂਕਰਨ ਲਈ ਲੜਾਈ ਲੜੀ, ਜਦਕਿ ਹਿੰਦੂ ਧਰਮ ਵਿੱਚ ਦਲਿਤਾਂ ਨੂੰ ਅਨੇਕਾਂ ਸਦੀਆਂ ਵਿਤਕਰਾ ਸਹਿਣਾ ਪਿਆ। ਡਾ. ਅੰਬੇਡਕਰ ਨੇ ਵੀ ਜਾਤੀ ਵਿਰੋਧੀ ਲੜਾਈ ਲੜੀ ਪਰ ਸਿੱਖ ਗੁਰੂ ਸਾਹਿਬਾਨਾਂ ਤੇ ਉਹਨਾਂ ਦੇ ਸਿਰਜੇ ਪੰਥ ਨੇ ਇਹ ਸੱਤ ਸਦੀਆਂ ਪਹਿਲਾਂ ਕੀਤਾ। ਫਿਰ ਵੀ ਸਿੱਖਾਂ ਤੇ ਗਲਤ ਦੋਸ਼ ਲੱਗਦੇ ਨੇ ਕਿ ਉਹ ਜਾਤੀ ਵਿਤਕਰਾ ਕਰਦੇ ਨੇ। ਇਸ ਦੇ ਕਾਰਨ ਹਨ ਮੀਡੀਆ ਅਤੇ ਭਗਵਾਂ ਸਿਆਸੀ ਨੈਰੇਟਿਵ ਹੈ।   ਇਹ ਦੋਸ਼ ਗਲਤ ਨੇ ਕਿਉਂਕਿ ਪੰਥ ਨੇ ਦਲਿਤਾਂ ਨੂੰ ਬਰਾਬਰੀ ਦਿੱਤੀ ਅਤੇ ਅਜੇ ਵੀ ਦਿੰਦਾ ਹੈ। ਸਿੱਖ ਵਿਰੋਧੀ ਭਗਵੇਂ ਨੈਰੇਟਿਵ ਨੂੰ ਰੋਕਣ ਲਈ ਪੰਥ ਨੂੰ ਏਕਤਾ ਨੂੰ ਮਜ਼ਬੂਤ ਕਰਨੀ ਪਵੇਗੀ ਅਤੇ ਸਮਾਜੀ ਬੁਰਾਈਆਂ ਨੂੰ ਖਤਮ ਕਰਨਾ ਪਵੇਗਾ।