ਛੱਬੀ ਜਨਵਰੀ ਨੂੰ ਕਾਲੇ ਦਿਨ ਵਜੋ ਮਨਾਉਦਿਆਂ ਕਾਲੇ ਝੰਡੇ ਲੈ ਕੇ ਖੇਤੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਾਂਗੇ: ਦਲ ਖਾਲਸਾ
ਭਾਰਤੀ ਗਣਤੰਤਰ ਦਿਵਸ, ਪੰਜਾਬ ਲਈ ਕਾਲਾ ਦਿਨ: ਛੱਬੀ ਨੂੰ ਕਾਲੇ ਝੰਡੇ ਲੈ ਕੇ ਖੇਤੀ ਕਾਲੇ ਕਾਨੂੰਨਾਂ ਵਿਰੁੱਧ ਟਰੈਕਟਰ ਮਾਰਚ ਵਿਚ ਹਿੱਸਾ ਲਵਾਂਗੇ : ਦਲ ਖਾਲਸਾ
ਯੂ.ਕੇ. ਪ੍ਰਧਾਨ ਮੰਤਰੀ ਵਲੋ ਛੱਬੀ ਨੂੰ ਭਾਰਤ ਆਉਣ ਤੋ ਇਨਕਾਰ ਕਰਨਾ ਕਿਸਾਨ ਅੰਦੋਲਨ ਦੀ ਨੈਤਿਕ ਜਿੱਤ : ਦਲ ਖਾਲਸਾ
ਕਿਸਾਨ ਅੰਦੋਲਨ ਕੇਵਲ ਫਸਲਾਂ ਲਈ ਨਹੀਂ, ਆਉਣ ਵਾਲ਼ੀਆਂ ਨਸਲਾਂ ਲਈ ਵੀ ਹੈ : ਦਲ ਖਾਲਸਾ
ਪੰਜਾਬ ਦੇ ਹਰ ਘਰ ਵਿੱਚੋਂ ਇਕ ਜੀਅ ਛੱਬੀ ਦੇ ਟਰੈਕਟਰ ਮਾਰਚ ਸ਼ਾਮਿਲ ਹੋਵੇ: ਕੰਵਰਪਾਲ ਸਿੰਘ
ਅੰਮ੍ਰਿਤਸਰ: ਦਲ ਖਾਲਸਾ ਨੇ ਕਿਸਾਨ ਸੰਗਠਨਾਂ ਵੱਲੋਂ ਲੋਹੜੀ ਅਤੇ ਛੱਬੀ ਜਨਵਰੀ ਮੌਕੇ ਦਿੱਤੇ ਪ੍ਰੋਟੈਸਟ ਪ੍ਰੋਗਰਾਮਾਂ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਕਿ ਉਹਨਾਂ ਦੇ ਕਾਰਜ-ਕਰਤਾ ਲੋਹੜੀ ਵਾਲੇ ਦਿਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਣਗੇ ਅਤੇ ਛੱਬੀ ਨੂੰ ਦਿੱਲੀ ਵਿਖੇ ਹੋਣ ਵਾਲੀ ਟਰੈਕਟਰ ਮਾਰਚ ਵਿੱਚ ਹਿੱਸਾ ਲੈਣਗੇ।
ਇਸ ਸੰਬੰਧੀ ਐਲਾਨ ਅੱਜ ਪਾਰਟੀ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਬੁਲਾਰੇ ਕੰਵਰਪਾਲ ਸਿੰਘ, ਰਣਬੀਰ ਸਿੰਘ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕੀਤਾ। ਉਹਨਾਂ ਕਿਹਾ ਕਿ ਭਾਰਤ ਦਾ ਗਣਤੰਤਰ ਦਿਵਸ ਘੱਟ-ਗਿਣਤੀ ਕੌਮਾਂ ਲਈ ਕਾਲਾ ਦਿਨ ਹੈ। ਉਹਨਾਂ ਕਿਹਾ ਕਿ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਉਹ ਕਾਲੇ ਝੰਡੇ ਲੈ ਕੇ ਖੇਤੀ ਕਾਲੇ ਕਾਨੂੰਨਾਂ ਦਾ ਮਾਤਮ ਕਰਨਗੇ। ਉਹਨਾਂ ਪੰਜਾਬ ਵਾਸੀਆਂ ਨੂੰ ਪੁਰ-ਜ਼ੋਰ ਅਪੀਲ ਕੀਤੀ ਕਿ ਉਹ ਕਿਸਾਨੀ ਨੂੰ ਬਚਾਉਣ ਲਈ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਵਿੱਚ ਵਧ ਚੜ ਕੇ ਯੋਗਦਾਨ ਪਾਉਣ। ਉਹਨਾਂ ਕਿਹਾ ਕਿ ਕਿਸਾਨਾਂ ਦਾ ਦਿੱਲੀ ਦਰਬਾਰ ਵਿਰੁੱਧ ਅੰਦੋਲਨ ਕੇਵਲ ਫਸਲਾਂ ਲਈ ਨਹੀਂ ਸਗੋਂ ਆਉਣ ਵਾਲ਼ੀਆਂ ਨਸਲਾਂ ਨੂੰ ਸੁਰੱਖਿਅਤ ਕਰਨ ਲਈ ਹੈ। ਉਹਨਾਂ ਪੰਜਾਬ ਦੇ ਹਰ ਘਰ ਵਿੱਚੋਂ ਇਕ ਜੀਅ ਨੂੰ ੨੬ ਦੇ ਟਰੈਕਟਰ ਮਾਰਚ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ੨੬ ਜਨਵਰੀ ਨੂੰ ਪੰਜਾਬ ਅੰਦਰ ਵੀ ਪ੍ਰੋਟੈਸਟ ਕੀਤੇ ਜਾਣਗੇ ਜਿਸ ਦਾ ਐਲਾਨ ਲੋਹੜੀ ਤੋ ਬਾਅਦ ਕੀਤਾ ਜਾਵੇਗਾ।
ਉਹਨਾਂ ਮੁੜ ਦੁਹਰਾਇਆ ਕਿ ਤਿੰਨੇ ਕਾਲੇ ਕਾਨੂੰਨ ਰੱਦ ਹੋਣ ਤਕ ਸੰਘਰਸ਼ ਜਾਰੀ ਰਹੇਗਾ ਅਤੇ ਜੇਕਰ ਭਾਜਪਾ ਸਰਕਾਰ ਨੇ ਦਿੱਲੀ ਸਰਹੱਦਾਂ 'ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਵਿਰੁੱਧ ਕਿਸੇ ਪ੍ਰਕਾਰ ਦਾ ਫ਼ੌਜੀ ਬਲ ਪ੍ਰਯੋਗ ਕੀਤਾ ਜਾਂ ਜਬਰ-ਜ਼ੁਲਮ ਢਾਹਿਆ ਤਾਂ ਪੂਰੇ ਦੇਸ਼ ਲਈ ਇਸ ਦੇ ਨਤੀਜੇ ਭਿਅੰਕਰ ਹੋਣਗੇ ਅਤੇ ਭਾਜਪਾ ਲਈ ਖ਼ੁਦਕੁਸ਼ੀ ਹੋਵੇਗੀ।
ਯੂ.ਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਵੱਲੋਂ ੨੬ ਦੇ ਜਸ਼ਨਾਂ ਵਿੱਚ ਮੁੱਖ ਮਹਿਮਾਨ ਵਜੋ ਭਾਰਤ ਆਉਣ ਦੇ ਆਪਣੇ ਪ੍ਰੋਗਰਾਮ ਨੂੰ ਰੱਦ ਕਰਨ ਉਤੇ ਟਿਪਣੀ ਕਰਦਿਆਂ ਉਹਨਾਂ ਕਿਹਾ ਕਿ ਇਹ ਕਿਸਾਨ ਅੰਦੋਲਨ ਦੇ ਪ੍ਰਭਾਵ ਕਰਕੇ ਹੋਇਆ ਹੈ ਭਾਵੇਂ ਕਿ ਇਸਦੇ ਕਾਰਨ ਯੂ.ਕੇ. ਵਿੱਚ ਕੋਰੋਨਾ ਦਾ ਕਰੋਪ ਵਧਣਾ ਦਸਿਆ ਜਾ ਰਿਹਾ ਹੈ। ਉਹਨਾਂ ਦਸਿਆ ਕਿ ਕਿਸਾਨ ਸੰਗਠਨਾਂ ਦੇ ਆਗੂਆਂ ਅਤੇ ਸਿੱਖ ਜਥੇਬੰਦੀਆਂ ਜਿਨਾ ਵਿੱਚ ਦਲ ਖਾਲਸਾ ਵੀ ਸ਼ਾਮਿਲ ਹੈ, ਨੇ ਬੌਰਿਸ ਜੌਨਸਨ ਨੂੰ ਅਪੀਲ ਕੀਤੀ ਸੀ ਕਿ ਉਹ ਭਾਰਤ ਸਰਕਾਰ ਦੇ ਸੱਦੇ ਨੂੰ ਰੱਦ ਕਰਨ ਜਦ ਤੱਕ ਨਰਿੰਦਰ ਮੋਦੀ ਦੀ ਸਰਕਾਰ ਖੇਤੀ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਅਤੇ ਕਿਸਾਨਾਂ ਦੇ ਮਸਲੇ ਦਾ ਸਨਮਾਨਯੋਗ ਹੱਲ ਨਹੀਂ ਹੁੰਦਾ।
ਕੰਵਰਪਾਲ ਸਿੰਘ ਨੇ ਦਸਿਆ ਕਿ ਉਹਨਾਂ ਨੇ ਬਕਾਇਦਾ ਖਤ ਲਿਖ ਕੇ ਯੂ.ਕੇ. ਦੇ ਪ੍ਰਧਾਨ ਮੰਤਰੀ ਨੂੰ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਅਤੇ ਤਾਨਾਸ਼ਾਹੀ ਫ਼ੈਸਲਿਆਂ ਬਾਰੇ ਜਾਣਕਾਰੀ ਦਿੱਤੀ ਸੀ। ਉਹਨਾਂ ਵਿਅੰਗ ਕੱਸਦਿਆਂ ਕਿਹਾ ਕਿ ਜਦ ਘਰ ਵਿੱਚ ਅੱਗ ਲੱਗੀ ਹੋਵੇ ਤਾਂ ਮਹਿਮਾਨ ਨਹੀਂ ਸੱਦੇ ਜਾਂਦੇ ।
ਪਿਛਲੇ ਦਿਨੀਂ ਹੁਸ਼ਿਆਰਪੁਰ ਵਿੱਚ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਘਰ ਜਾ ਕੇ ਗੋਹੇ ਦੀ ਟ੍ਰਾਲੀ ਸੁੱਟਣ ਵਾਲੇ ਦਲ ਖਾਲਸਾ ਦੇ ਯੂਥ ਆਗੂ ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ ਵੀ ਪ੍ਰੈਸ ਕਾਨਫਰੰਸ ਵਿੱਚ ਹਾਜਿਰ ਸਨ। ਇਕ ਸਵਾਲ ਦੇ ਜੁਆਬ ਵਿਚ ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਜਿਸ ਔਕਾਤ ਦਾ ਮਾਲਿਕ ਹੁੰਦਾ ਹੈ ਉਸਨੂੰ ਉਸੇ ਤਰਾਂ ਦਾ ਤੋਹਫ਼ਾ ਦਿੱਤਾ ਜਾਂਦਾ ਹੈ।











Comments (0)