ਅਜੋਕੀ ਪੀੜ੍ਹੀ ਬਨਾਮ ਸੋਸ਼ਲ ਮੀਡੀਆ
ਵਿਗਿਆਨੀਆਂ ਦੁਆਰਾ ਸੋਸ਼ਲ ਮੀਡਿਆ ਸੰਚਾਰ ਦੇ ਹਾਰਡਵੇਅਰ ਯੰਤਰ ਜਿਵੇਂ ਕਿ ਟੈਲੀਫੋਨ, ਮੋਬਾਈਲ ਫੋਨ, ਕੰਪਿਊਟਰ, ਲੈਪਟਾਪ ਆਦਿ ਦੀ ਖੋਜ ਅਤੇ ਇਨ੍ਹਾਂ 'ਚ ਚੱਲਣ ਵਾਲੇ ਸਾਫ਼ਟਵੇਅਰ ਪ੍ਰੋਗਰਾਮ ਅਤੇ ਐਪਲੀਕੇਸ਼ਨਾਂ (ਐਪਸ) ਜਿਵੇਂ ਕਿ ਈਮੇਲ, ਫੇਸਬੁੱਕ, ਵੱਟਸਐਪ, ਵੀਚੈਟ, ਮੈਸੇਂਜਰ, ਟੈਲੀਗ੍ਰਾਮ, ਇੰਸਟਾਗ੍ਰਾਮ ਤੇ ਹੋਰ ਕਈ ਪ੍ਰਕਾਰ ਦੀਆਂ ਐਪਸ ਦੀ ਖੋਜ ਤਾਂ ਦੁਨੀਆ ਭਰ ਦੀ ਜਾਣਕਾਰੀ ਇਕੱਠੀ ਕਰਨ ਤੇ ਵਿੱਦਿਆ ਅਤੇ ਕਿੱਤੇ ਦੇ ਖੇਤਰ ਵਿਚ ਵਿਕਾਸ ਨੂੰ ਮੁੱਖ ਰੱਖ ਕੇ ਕੀਤੀ।
ਜਨਤਾ ਦੀ ਸਹੂਲਤ ਲਈ ਅਤੇ ਜਾਣਕਾਰੀ ਵਿਚ ਵਾਧਾ ਕਰਨ ਲਈ ਕੀਤੀ ਤਾਂ ਕਿ ਸਮੇਂ ਦੀ ਬਰਬਾਦੀ ਕੀਤੇ ਬਿਨਾਂ ਦਿਨਾਂ, ਹਫ਼ਤਿਆਂ, ਮਹੀਨਿਆ, ਸਾਲਾਂ ਵਿਚ ਹੋਣ ਵਾਲੇ ਕੰਮ ਅਸੀਂ ਮਿੱਟਾਂ, ਸਕਿੰਟਾਂ, ਅਤੇ ਘੰਟਿਆਂ ਵਿਚ ਕਰ ਸਕੀਏ ਅਤੇ ਮੁਲਕ 'ਤਰੱਕੀ ਦੀ ਰਾਹ' ਉੱਤੇ ਚੱਲ ਸਕੇ।
ਪਰ ਅੱਜ ਦੀ ਨੌਜਵਾਨ ਪੀੜ੍ਹੀ ਦੀ ਅੱਧੀ ਨਾਲੋਂ ਵੱਧ ਆਬਾਦੀ ਇਨ੍ਹਾਂ ਅਰਥਾਂ ਨੂੰ ਨਜ਼ਰਅੰਦਾਜ਼ ਕਰ ਕੇ ਪਤਾ ਨਹੀਂ ਕਿਹੜੇ ਰਾਹ 'ਤੇ ਤੁਰ ਰਹੀ ਹੈ, ਸ਼ਾਇਦ ਉਹ ਰਾਹ ਹੈ 'ਫ਼ੁਕਰਬਾਜ਼ੀਆਂ ਦੀ ਰਾਹ'।
ਜ਼ਰੂਰੀ ਸੂਚਨਾ ਅੱਪਲੋਡ ਹੋਵੇ ਜਾਂ ਨਾ ਹੋਵੇ ਪਰ ਅਸੀਂ- 'ਕਿੱਥੇ ਜਾਂਦੇ ਹਾਂ', 'ਕੀ ਕਰਦੇ ਹਾਂ', 'ਕੀ ਖਰੀਦਦੇ ਹਾਂ', 'ਕੀ ਖਾਂਦੇ-ਪੀਂਦੇ ਹਾਂ' ਅਤੇ ਹੋਰ ਕਈ ਗੱਲਾਂ ਬਾਰੇ ਜਾਣਕਾਰੀ ਸਮੇਂ-ਸਮੇਂ 'ਤੇ ਅੱਪਡੇਟ ਰੱਖਦੇ ਹਾਂ। ਇੱਥੋਂ ਤੱਕ ਕਿ ਸਾਡੇ ਮਨਾਂ 'ਚ ਕੀ ਹੈ? ਦਿਲ-ਦਿਮਾਗ਼ ਵਿਚ ਕੀ ਹੈ? ਭਾਵਨਾਵਾਂ ਕਿਸ ਤਰ੍ਹਾਂ ਦੀਆਂ ਹਨ? ਸਭ ਕੁਝ ਅੱਪਡੇਟ ਰੱਖਦੇ ਹਾਂ।
ਵੰਨ-ਸੁਵੰਨੀਆਂ ਸੈਲਫ਼ੀਆਂ ਦੀ ਆੜ ਵਿਚ ਲੋਕ ਕਈ ਵਾਰ ਮੌਤ ਨੂੰ ਵੀ ਸੱਦਾ ਦੇ ਬੈਠਦੇ ਹਨ। ਆਪਣੀ ਨਿੱਜੀ ਜ਼ਿੰਦਗੀ ਦਾ, ਦੋਸਤਾਂ ਮਿੱਤਰਾਂ ਨਾਲ ਗਿਲੇ-ਸ਼ਿਕਵਿਆਂ ਦਾ, ਆਪਣੇ ਪਿਆਰ ਮੁਹੱਬਤ ਤੇ ਰੁਮਾਂਸ ਦਾ ਵੀ ਵੱਟਸਐਪ ਅਤੇ ਫੇਸਬੁੱਕ 'ਤੇ ਖੁਲ੍ਹੇਆਮ ਪ੍ਰਚਾਰ ਹੈ।
ਅਸਲ ਵਿਚ ਆਪਣੀ ਕੋਈ ਡੀ.ਪੀ. ਜਾਂ 'ਸਟੇਟਸ' ਜਾਂ ਕੋਈ 'ਪ੍ਰੋਫ਼ਾਇਲ ਫੋਟੋ' ਤਾਂ ਆਪਣੀ ਪਹਿਚਾਣ ਵਾਸਤੇ ਹੁੰਦੀ ਹੈ ਕਿ ਅਸੀਂ ਕੌਣ ਹਾਂ, ਕੀ ਅਹੁਦਾ ਜਾਂ ਕੰਮਕਾਰ ਹੈ, ਅਸੀਂ ਕੀ ਕਰ ਰਹੇ ਹਾਂ, ਵਿਹਲੇ ਹਾਂ ਜਾਂ ਬਿਜ਼ੀ ਹਾਂ ਆਦਿ ਪਰ ਹੁਣ ਤਾਂ ਇਕ ਰੁਝਾਣ ਜਿਹਾ ਬਣ ਗਿਆ ਹੈ ਕਿ ਜਦ ਵੀ ਕਿਸੇ ਦੀ ਪ੍ਰੋਫ਼ਾਈਲ ਵੱਲ ਧਿਆਨ ਮਾਰੀਦਾ ਹੈ ਤਾਂ ਇੰਝ ਜਾਪਦਾ ਹੈ ਕਿ ਜਿਵੇਂ ਕੋਈ ਕਿਸੇ ਨੂੰ ਅਪ੍ਰਤੱਖ ਰੂਪ ਵਿਚ ਕੁਝ ਨਾ ਕੁਝ ਕਹਿ ਜਾਂ ਸਮਝਾ ਰਿਹਾ ਹੋਵੇ ਜਾਂ ਕੋਈ ਤਾਅਨੇ-ਮਿਹਣੇ ਅਤੇ ਗਿਲੇ-ਸ਼ਿਕਵੇ ਪ੍ਰਗਟ ਕਰ ਰਿਹਾ ਹੋਵੇ।
ਹੁਣ ਇਹ ਸਟੇਟਸ ਤੇ ਪ੍ਰੋਫ਼ਾਈਲਜ਼ ਇਕ ਪਹਿਚਾਣ ਨਾ ਰਹਿ ਕੇ ਇਕ-ਦੂਜੇ 'ਤੇ ਅਪ੍ਰਤੱਖ ਰੂਪ ਵਿਚ ਵਾਰ ਅਤੇ ਸ਼ਬਦ-ਬਾਣ ਬਣ ਗਏ ਹਨ। ਅਸੀਂ ਤਕਨਾਲੋਜੀ ਦੀ ਸਹੀ ਵਰਤੋਂ ਭੁੱਲਦੇ ਜਾ ਰਹੇ ਹਾਂ, ਜਾਣਕਾਰੀ ਭਰਪੂਰ ਸੋਮਿਆਂ ਦੀ ਵਰਤੋਂ ਮਨੋਰੰਜਨ ਦੇ ਸਾਧਨ ਦੇ ਰੂਪ ਵਿਚ ਹੋ ਰਹੀ ਹੈ।
ਅੱਲੜ ਉਮਰ ਵਿਚ ਇਸ ਦਾ ਸਦਉਪਯੋਗ ਕਰਨ ਦੀ ਸੇਧ ਦੇਣਾ ਸਮੇਂ ਦੀ ਜ਼ਰੂਰਤ ਬਣ ਚੁੱਕੀ ਹੈ ਅਤੇ ਇਹ ਕੰਮ ਸਾਨੂੰ ਸਭ ਨੂੰ ਮਿਲ ਕੇ ਹੀ ਕਰਨਾ ਪਵੇਗਾ। ਇਹ ਮੰਨ ਕੇ ਚੱਲਣਾ ਪਵੇਗਾ ਕਿ ਇਹ ਸਾਡੀ ਸਾਰਿਆਂ ਦੀ ਨਿੱਜੀ ਅਤੇ ਸਾਂਝੀ ਜ਼ਿੰਮੇਵਾਰੀ ਹੈ।
ਦਵਿੰਦਰ ਕੌਰ












Comments (0)